ਐਸ.ਵਾਈ. ਐਲ. ਨਿਰਮਾਣ ਨੂੰ ਲੈ ਕੇ ਇਨੈਲੋ ਨੇ ਪੰਜਾਬ ਦੇ ਵਾਹਨ ਹਰਿਆਣਾ ‘ਚ ਦਾਖ਼ਲ ਨਾ ਹੋਣ ਦਿੱਤੇ

0
329

ਇਨੈਲੋ ਵੱਲੋਂ ਸੰਘਰਸ਼ ਦੇ ਅਗਲੇ ਪੜਾਅ ਦਾ ਐਲਾਨ ਛੇਤੀ
ਕਾਂਗਰਸ ਨੇ ਅੰਦੋਲਨ ਨੂੰ ਭਾਜਪਾ-ਇਨੈਲੋ ਦਾ ਫਿਕਸਡ ਮੈਚ ਦੱਸਿਆ

INLD leader Abhay Singh Chautala addressing to party workers, who blocked the national highway near Shambhu Barrier for SYL issue on Monday. Tribune Photo Pradeep Tewari
ਕੈਪਸ਼ਨ-ਇਨੈਲੋ ਦਲ ਦੇ ਆਗੂ ਅਭੈ ਸਿੰਘ ਚੌਟਾਲਾ ਸ਼ੰਭੂ ਬੈਰੀਅਰ ਨੇੜੇ ਪਾਰਟੀ ਕਾਰਕੁਨਾਂ ਨੂੰ ਸੰਬੋਧਨ ਕਰਦੇ ਹੋਏ। 

ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਦੇ ਵਾਹਨਾਂ ਨੂੰ ਹਰਿਆਣਾ ਵਿੱਚ ਦਾਖ਼ਲ ਹੋਣ ਤੋਂ ਰੋਕਣ ਲਈ ਇੰਡੀਅਨ ਨੈਸ਼ਨਲ ਲੋਕ ਦਲ (ਇਨੈਲੋ) ਦਾ ਅੰਦੋਲਨ ਸ਼ਾਂਤਮਈ ਢੰਗ ਨਾਲ ਨਿੱਬੜ ਗਿਆ। ਪੰਜਾਬ ਅਤੇ ਹਰਿਆਣਾ ਪੁਲੀਸ ਨੇ ਕਿਸੇ ਅਣਸੁਖਾਵੀਂ ਘਟਨਾ ਦੇ ਮੱਦੇਨਜ਼ਰ ਤਕੜੇ ਸੁਰੱਖਿਆ ਪ੍ਰਬੰਧ ਕੀਤੇ ਸਨ। ਹਰਿਆਣਾ ਵਿੱਚ ਨੀਮ ਫੌਜੀ ਬਲਾਂ ਦੀਆਂ ਚਾਰ ਕੰਪਨੀਆਂ ਤਾਇਨਾਤ ਕੀਤੀਆਂ ਹੋਈਆਂ ਸਨ।
ਹਰਿਆਣਾ ਪੁਲੀਸ ਅੰਦੋਲਨਕਾਰੀਆਂ ਦੇ ਨੇੜੇ ਨਹੀਂ ਗਈ ਅਤੇ ਅੰਦੋਲਨਕਾਰੀ ਸੜਕਾਂ ‘ਤੇ ਟਰੈਕਟਰ-ਟਰਾਲੀਆਂ ਖੜ੍ਹੀਆਂ ਕਰ ਕੇ ਕੇਂਦਰ ਸਰਕਾਰ ਵਿਰੁੱਧ ਨਾਅਰੇਬਾਜ਼ੀ ਕਰਦੇ ਰਹੇ। ਪੰਜਾਬ ਸਰਕਾਰ ਨੇ ਹਰਿਆਣਾ ਵੱਲ ਸਵੇਰੇ ਸਾਢੇ ਛੇ-ਸੱਤ ਵਜੇ ਤੋਂ ਬਾਅਦ ਸਰਕਾਰੀ ਬੱਸਾਂ ਚਲਾਉਣੀਆਂ ਬੰਦ ਕਰ ਦਿੱਤੀਆਂ ਸਨ। ਇਸ ਕਰ ਕੇ ਅੰਦੋਲਨਕਾਰੀਆਂ ਨੇ ਨਿੱਜੀ ਵਾਹਨਾਂ ਨੂੰ ਹੀ ਰੋਕਿਆ। ਅੰਦੋਲਨ ਖ਼ਤਮ ਹੋਣ ਵੇਲੇ ਤੱਕ ਸੀਨੀਅਰ ਅਧਿਕਾਰੀ ਸਥਿਤੀ ਦਾ ਜਾਇਜ਼ਾ ਲੈਂਦੇ ਰਹੇ। ਅੰਦੋਲਨਕਾਰੀਆਂ ਨੇ ਤਿੰਨ ਵਜੇ ਧਰਨੇ ਖ਼ਤਮ ਕਰ ਦਿੱਤੇ, ਜਿਸ ਤੋਂ ਅੱਧੇ ਘੰਟੇ ਬਾਅਦ ਪੰਜਾਬ ਰੋਡਵੇਜ਼ ਅਤੇ ਪੀਆਰਟੀਸੀ ਦੀਆਂ ਬੱਸਾਂ ਚੱਲਣੀਆਂ ਸ਼ੁਰੂ ਹੋ ਗਈਆਂ।
ਇਨੈਲੋ ਆਗੂਆਂ ਅਭੈ ਚੌਟਾਲਾ, ਅਸ਼ੋਕ ਅਰੋੜਾ, ਦੁਸ਼ਿਅੰਤ ਚੌਟਾਲਾ ਨੇ ਸ਼ੰਭੂ ਅਤੇ ਲਾਲੜੂ ਨੇੜੇ ਵਰਕਰਾਂ ਨੂੰ ਸੰਬੋਧਨ ਕਰਦਿਆਂ ਅੰਦੋਲਨ ਨੂੰ ਸਫ਼ਲ ਦੱਸਿਆ। ਉਨ੍ਹਾਂ ਦਾਅਵਾ ਕੀਤਾ ਕਿ ਇਨੈਲੋ ਦਰਿਆਈ ਪਾਣੀ ਵਿੱਚੋਂ ਸੂਬੇ ਦਾ ਹਿੱਸਾ ਲੈ ਕੇ ਰਹੇਗੀ। ਉਨ੍ਹਾਂ ਕਿਹਾ ਕਿ ਇਨੈਲੋ ਕਾਰਜਕਾਰਨੀ ਦੀ ਜਲਦੀ ਮੀਟਿੰਗ ਕਰ ਕੇ ਅੰਦੋਲਨ ਦੇ ਅਗਲੇ ਪੜਾਅ ਦਾ ਐਲਾਨ ਕੀਤਾ ਜਾਵੇਗਾ। ਆਗੂਆਂ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਲਿੰਕ ਨਹਿਰ ਦੀ ਉਸਾਰੀ ਕਰਵਾ ਕੇ ਹਰਿਆਣਾ ਨੂੰ ਪਾਣੀ ਦੇਣ ਦਾ ਪ੍ਰਬੰਧ ਕਰੇ। ਅੰਬਾਲਾ ਵਿੱਚ ਦੋ ਥਾਵਾਂ, ਕੈਥਲ ਅਤੇ ਨਰਵਾਣਾ ਹਲਕੇ ਵਿੱਚ ਅਤੇ ਸਿਰਸਾ ਜ਼ਿਲ੍ਹੇ ਦੇ ਡੱਬਵਾਲੀ ਵਿੱਚ ਸੜਕਾਂ ‘ਤੇ ਸਾਢੇ ਨੌਂ ਤੋਂ ਦਸ ਵਜੇ ਤੱਕ ਸਵੇਰੇ ਧਰਨੇ ਲਾਏ ਗਏ ਸਨ। ਹਰੇਕ ਧਰਨੇ ਵਿੱਚ ਲਗਪਗ ਸੱਤ, ਅੱਠ ਸੌ ਵਰਕਰ ਸ਼ਾਮਲ ਸਨ। ਅੰਦੋਲਨ ਬਾਰੇ ਕਾਂਗਰਸ ਦਾ ਕਹਿਣਾ ਹੈ ਕਿ ਇਹ ਭਾਜਪਾ ਸਰਕਾਰ ਤੇ ਇਨੈਲੋ ਦਾ ਫਿਕਸਡ ਮੈਚ ਸੀ। ਇਸ ਕਰ ਕੇ ਪੰਜਾਬ ਦੇ ਵਾਹਨਾਂ ਨੂੰ ਹਰਿਆਣਾ ਵਿੱਚ ਆਉਣ ਤੋਂ ਰੋਕਣ ਵਾਲੇ ਇਨੈਲੋ ਵਰਕਰਾਂ ਨੂੰ ਕਿਸੇ ਨੇ ਕੁਝ ਨਹੀਂ ਕਿਹਾ। ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਨੇ ਕਿਹਾ ਕਿ ਸੂਬੇ ਦੀਆਂ ਸਾਰੀਆਂ ਪਾਰਟੀਆਂ ਇਕਜੁੱਟ ਹੋ ਕੇ ਕੇਂਦਰ ਸਰਕਾਰ ਉਤੇ ਨਹਿਰ ਨੂੰ ਚਾਲੂ ਕਰਨ ਲਈ ਦਬਾਅ ਪਾਉਣ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸਰਬ ਪਾਰਟੀ ਮੀਟਿੰਗ ਵਿੱਚ ਵਾਅਦਾ ਕੀਤਾ ਸੀ ਕਿ ਸਾਰੀਆਂ ਪਾਰਟੀਆਂ ਉਤੇ ਆਧਾਰਤ ਵਫ਼ਦ ਪ੍ਰਧਾਨ ਮੰਤਰੀ ਨੂੰ ਮਿਲੇਗਾ ਤੇ ਨਹਿਰ ਦੀ ਉਸਾਰੀ ‘ਤੇ ਜ਼ੋਰ ਦੇਵੇਗਾ ਪਰ ਕਈ ਮਹੀਨੇ ਬੀਤਣ ‘ਤੇ ਵੀ ਪ੍ਰਧਾਨ ਮੰਤਰੀ ਨਾਲ ਮੀਟਿੰਗ ਨਹੀਂ ਹੋ ਸਕੀ। ਕਾਂਗਰਸ ਵਿਧਾਇਕ ਦਲ ਦੀ ਨੇਤਾ ਕਿਰਨ ਚੌਧਰੀ ਨੇ ਕਿਹਾ ਹੈ ਕਿ ਇਨੈਲੋ ਤੇ ਭਾਜਪਾ ਆਪਸ ਵਿੱਚ ਮਿਲੇ ਹੋਏ ਹਨ। ਇਸ ਦਾ ਸਪਸ਼ਟ ਸਬੂਤ ਇਨੈਲੋ ਵੱਲੋਂ ਰਾਸ਼ਟਰਪਤੀ ਦੀ ਚੋਣ ਵਿੱਚ ਭਾਜਪਾ ਉਮੀਦਵਾਰ ਦੀ ਹਮਾਇਤ ਕਰਨਾ ਹੈ। ਚੰਡੀਗੜ੍ਹ ਤੋਂ ਅੰਬਾਲਾ ਮਾਰਗ ‘ਤੇ ਚਾਰ-ਪੰਜ ਥਾਵਾਂ ‘ਤੇ ਟਰੈਫਿਕ ਨੂੰ ਹੋਰ ਰਸਤਿਆਂ ਤੋਂ ਭੇਜਿਆ ਗਿਆ। ਚੰਡੀਗੜ੍ਹ ਬੱਸ ਅੱਡੇ ਤੋਂ ਬੱਸਾਂ ਵਾਇਆ ਪੰਚਕੂਲਾ ਅੰਬਾਲਾ ਗਈਆਂ। ਇਸ ਤਰ੍ਹਾਂ ਡੇਰਾਬਸੀ ਤੋਂ ਦੋ ਥਾਵਾਂ ਤੋਂ, ਦੱਪਰ ਪਿੰਡ ਤੋਂ ਅਤੇ ਲਾਲੜੂ ਤੋਂ ਵੀ ਟਰੈਫਿਕ ਨੂੰ ਹੋਰ ਰਸਤਿਓਂ ਭੇਜਿਆ ਗਿਆ। ਇਸ ਕਰ ਕੇ ਨਿੱਜੀ ਵਾਹਨਾਂ ਵਾਲਿਆਂ ਨੂੰ ਬਹੁਤੀ ਦਿੱਕਤ ਨਹੀਂ ਆਈ।