ਪੰਜਾਬ ਦੇ ਜੰਮਿਆਂ ਨੂੰ ”ਆਈਲੈਟਸ” ਦੀਆਂ ਮੁਹਿੰਮਾਂ

0
170

ilets_anand_karaj
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਚ ਆਈਲੈਟਸ ਪਾਸ ਕੁੜੀਆਂ ਦੇ ਵਿਆਹ ਵਾਸਤੇ ਚੰਗੇ ਰਿਸ਼ਤਿਆਂ ਦੀਆਂ ਕਤਾਰਾਂ ਲੱਗੀਆਂ ਹਨ। ਇਸ ਪਿੱਛੇ ਵੱਡਾ ਕਾਰਨ ਪੰਜਾਬੀਆਂ ਵਿਚ ਕਿਸੇ ਵੀ ਹੀਲੇ ਵਿਦੇਸ਼ ਜਾਣ ਦਾ ਰੁਝਾਨ ਹੈ। ਪਛਿਲੇ ਸਮੇਂ ਵਿਚ ਇਹ ਰੁਝਾਨ ਹੋਰ ਤੇਜ਼ੀ ਨਾਲ ਵਧਿਆ ਹੈ। ਖ਼ਾਸ ਕਰਕੇ ਨੌਜਵਾਨ ਮੁੰਡੇ-ਕੁੜੀਆਂ ਵੱਡੀ ਗਿਣਤੀ ਵਿਚ ਵਿਦੇਸ਼ਾਂ ਵੱਲ ਵਹੀਰਾਂ ਘੱਤ ਰਹੇ ਹਨ। ਬਾਹਰਲੇ ਦੇਸ਼ਾਂ ‘ਚ ਵਸਣ ਦੀ ਇੱਛਾ ਨੇ ਵਿਆਹਾਂ ਦਾ ਅਰਥ ਹੀ ਬਦਲ ਦਿੱਤਾ ਹੈ। ਇਸ ਵਿਚ ਆਈਲੈਟਸ ਦਾ ਵੱਡਾ ਹੱਥ ਹੈ। ਪੁੱਤਾਂ ਨੂੰ ਬਾਹਰਲੇ ਦੇਸ਼ਾਂ ‘ਚ ਭੇਜਣ ਲਈ ਉਤਾਵਲੇ ਮਾਪੇ ‘ਆਈਲੈਟਸ’ ਵਾਲੀ ਨੂੰਹ ਲੱਭਦੇ ਹਨ। ਹੁਣ ਤਾਂ ਰਿਸ਼ਤਾ ਲੱਭਣ ਵੇਲੇ ਪਹਿਲੀ ਸ਼ਰਤ ਹੀ ਆਈਲੈਸਟ ਦੀ ਰੱਖੀ ਜਾਂਦੀ ਹੈ।
ਜੇਕਰ ਵੱਖ ਵੱਖ ਅਖ਼ਬਾਰਾਂ ਵਿਚ ਵਿਆਹਾਂ ਲਈ ਦਿੱਤੇ ਜਾਂਦੇ ਇਸ਼ਤਿਹਾਰਾਂ ‘ਤੇ ਨਜ਼ਰ ਮਾਰੀਏ ਤਾਂ ਬਹੁਤੇ ਕੇਸ ਅਜਿਹੇ ਹੁੰਦੇ ਹਨ, ਜਿਨ੍ਹਾਂ ਵਿਚ ਇਹ ਸ਼ਰਤ ਹੁੰਦੀ ਹੈ ਕਿ ਕੁੜੀ ਨੇ ਆਈਲੈਟਸ ਵਿਚੋਂ ਲੋੜੀਂਦੇ ਬੈਂਡ ਪ੍ਰਾਪਤ ਕੀਤੇ ਹੋਣ ਤੇ ਖ਼ਰਚਾ ਮੁੰਡੇ ਵਾਲੇ ਕਰਨਗੇ। ਮਹਿਜ਼ ਇੱਕਾ-ਦੁੱਕਾ ਇਸ਼ਤਿਹਾਰ ਦਿਸਦੇ ਹਨ, ਜਿਨ੍ਹਾਂ ਵਿਚ ਕੁੜੀ ਵਾਲੇ ਆਈਲੈਟਸ ਵਾਲਾ ਮੁੰਡਾ ਭਾਲਦੇ ਹੋਣ। ਮੁੰਡੇ ਦੇ ਆਈਲੈਟਸ ‘ਚੋਂ ਲੋੜੀਂਦੇ ਬੈਂਡ ਪ੍ਰਾਪਤ ਕਰਨ ਦੇ ਅਸਮਰੱਥ ਹੋਣ ਕਾਰਨ ਆਈਲੈਟਸ ਦੀ ਸ਼ਰਤ ਰੱਖ ਕੇ ਕੁੜੀ ਲੱਭੀ ਜਾਂਦੀ ਹੈ। ਕੁਝ ਅਜਿਹੇ ਕੇਸ ਵੀ ਹਨ, ਜਿਨ੍ਹਾਂ ਵਿਚ ਆਈਲੈਟਸ ਦੀ ਕੋਚਿੰਗ ਲੈਣ ਵਾਲੀ ਜਾਂ ਪੜ੍ਹੀ-ਲਿਖੀ ਨੂੰਹ ਲਿਆਂਦੀ ਜਾਂਦੀ ਹੈ ਤੇ ਵਿਆਹ ਤੋਂ ਬਾਅਦ ਉਹ ਟੈਸਟ ‘ਚੋਂ ਪੂਰੇ ਬੈਂਡ ਨਹੀਂ ਲੈ ਪਾਉਂਦੀ ਜਾਂ ਕੁਝ ਤਕਨੀਕੀ ਕਾਰਨਾਂ ਕਰਕੇ ਵੀਜ਼ਾ ਨਹੀਂ ਲੱਗਦਾ ਤਾਂ ਘਰਾਂ ‘ਚ ਝਗੜੇ ਸ਼ੁਰੂ ਹੋ ਜਾਂਦੇ ਹਨ ਤੇ ਅਜਿਹੇ ਮਾਮਲਿਆਂ ‘ਚ ਘਰੇਲੂ ਹਿੰਸਾ ਦੇ ਕੇਸ ਵੀ ਦਰਜ ਹੋਏ ਹਨ।
ਅੰਕੜਿਆਂ ਅਨੁਸਾਰ ਪੰਜਾਬੀ ਨੌਜਵਾਨ ਤੇ ਮੁਟਿਆਰਾਂ ਮੌਜੂਦਾ ਸਮੇਂ ਵਿਚ ਸਭ ਤੋਂ ਵੱਧ ਕੈਨੇਡਾ ਨੂੰ ਤਰਜੀਹ ਦੇ ਰਹੇ ਹਨ, ਜਿਸ ਪਿੱਛੇ ਉਥੋਂ ਜਾਣ ਲਈ ਨਰਮ ਸ਼ਰਤਾਂ ਤੇ ਸਾਜ਼ਗਾਰ ਮਾਹੌਲ ਅਹਿਮ ਹਨ। ਸਾਲ 2017 ਵਿਚ ਪੰਜਾਬ ਦੇ ਕਰੀਬ ਡੇਢ ਲੱਖ ਨੌਜਵਾਨ ਸਟੱਡੀ ਵੀਜ਼ਾ ‘ਤੇ ਬਾਹਰਲੇ ਦੇਸ਼ਾਂ ਵਿਚ ਗਏ ਹਨ। ਇਨ੍ਹਾਂ ਵਿਚੋਂ ਸਵਾ ਲੱਖ ਨੌਜਵਾਨ ਕੈਨੇਡਾ ਗਏ ਹਨ ਤੇ 25 ਹਜ਼ਾਰ ਆਸਟਰੇਲੀਆ, ਅਮਰੀਕਾ, ਇੰਗਲੈਂਡ ਤੇ ਨਿਊਜ਼ੀਲੈਂਡ ‘ਚ ਹਨ। ‘ਵਰਕ ਪਰਮਿਟ’ ਜਾਂ ਕੰਮ ਦੇ ਤਜਰਬੇ ਦੇ ਆਧਾਰ ‘ਤੇ ਪੀਆਰ (ਪੱਕੀ ਰਿਹਾਇਸ਼) ਜਾਂ ਬਾਹਰਲੇ ਪੱਕੇ ਮੁੰਡੇ-ਕੁੜੀ ਨਾਲ ਵਿਆਹ ਕਰਵਾ ਕੇ ਜਾਣ ਵਾਲਿਆਂ ਦੀ ਗਿਣਤੀ ਵੱਖਰੀ ਹੈ। ਸਟੱਡੀ ਵੀਜ਼ਾ, ਵਰਕ ਪਰਮਿਟ, ਪੀਆਰ ਆਦਿ ਲਈ ਉਂਜ ਤਾਂ ਅੰਗਰੇਜ਼ੀ ਭਾਸ਼ਾ ਦੇ ਹੋਰ ਵੀ ਟੈਸਟ ਹਨ, ਪਰ ਸਭ ਤੋਂ ਵੱਧ ਦਿੱਤਾ ਜਾਣ ਵਾਲਾ ਟੈਸਟ ਆਈਲੈਟਸ ਹੈ। ਜੇਕਰ ਪੰਜ-ਛੇ ਸਾਲ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਪੁੱਤ-ਧੀ ਨੂੰ ਬਾਹਰ ਭੇਜਣ ਲਈ ਬਾਹਰਲਾ ਰਿਸ਼ਤਾ ਲੱਭਿਆ ਜਾਂਦਾ ਸੀ ਤੇ ਐੱਨਆਰਆਈ ਮੁੰਡੇ-ਕੁੜੀਆਂ (ਜ਼ਿਆਦਾ ਮੁੰਡੇ) ਬਾਹਰੋਂ ਆਉਂਦੇ ਸਨ ਤੇ ਵਿਆਹ ਕਰਵਾ ਕੇ ਚਲੇ ਜਾਂਦੇ ਸਨ। ਹਲਾਂਕਿ ਹੁਣ ਵੀ ਅਜਿਹਾ ਹੁੰਦਾ ਹੈ, ਪਰ ਬਹੁਤੇ ਮੁੰਡੇ ਵਾਲੇ ਆਈਲੈਟਸ ਵਾਲੀਆਂ ਕੁੜੀਆਂ ਲੱਭਦੇ ਹਨ।
ਪੰਜਾਬ ਰਾਜ ਮਹਿਲਾ ਕਮਿਸ਼ਨ ਦਾ ਕਹਿਣਾ ਹੈ ਕਿ ਆਈਲੈਟਸ ਕਰਕੇ ਵਿਆਹਾਂ ਦੇ ਰੁਝਾਨ ਵਿਚ ਆਈ ਤਬਦੀਲੀ ਆਈ ਹੈ। ਉਨ੍ਹਾਂ ਇਕ ਕੇਸ ਦਾ ਹਵਾਲਾ ਦਿੱਤਾ, ਜਿਸ ਵਿਚ ਆਈਲੈਟਸ ਦੀ ਸ਼ਰਤ ‘ਤੇ ਵਿਆਹ ਹੋਇਆ ਸੀ। ਲੜਕੀ ਦੇ ਆਈਲੈਟਸ ਵਿਚੋਂ 5.5 ਬੈਂਡ ਸਨ, ਪਰ ਉਸ ਦਾ ਸਟੂਡੈਂਟ ਵੀਜ਼ਾ ਨਹੀਂ ਲੱਗ ਸਕਿਆ, ਜਿਸ ਕਾਰਨ ਉਸ ਨੂੰ ਸਹੁਰਾ ਪਰਿਵਾਰ ਵੱਲੋਂ ਤੰਗ-ਪ੍ਰੇਸ਼ਾਨ ਕੀਤਾ ਜਾਣ ਲੱਗਿਆ। ਉਸ ਨੇ ਮਹਿਲਾ ਕਮਿਸ਼ਨ ਕੋਲ ਪਹੁੰਚ ਕੀਤੀ ਤੇ ਸਹੁਰਾ ਪਰਿਵਾਰ ‘ਤੇ ਘਰੇਲੂ ਹਿੰਸਾ ਦੇ ਦੋਸ਼ ਲਾਉਂਦਿਆਂ ਸ਼ਿਕਾਇਤ ਵੀ ਦਰਜ ਕਰਵਾਈ ਸੀ। ਉਨ੍ਹਾਂ ਦੱਸਿਆ ਕਿ ਲੜਕੇ ਵਾਲਿਆਂ ਵੱਲੋਂ ਵਿਆਹ ‘ਤੇ ਲਾਏ ਪੈਸੇ ਵਾਪਸ ਕਰਵਾਉਣ ਦਾ ਵੀ ਦਬਾਅ ਪਾਇਆ ਗਿਆ ਸੀ। ਲੜਕੇ ਵਾਲੇ ਪਹਿਲਾਂ ਦਾਜ ਦਾ ਲਾਲਚ ਕਰਦੇ ਸਨ ਤੇ ਹੁਣ ਆਈਲੈਟਸ ਦਾ ਲਾਲਚ ਕਰਦੇ ਹਨ। ਅਜਿਹੇ ਰਿਸ਼ਤਿਆਂ ‘ਚ ਮੁੰਡੇ-ਕੁੜੀ ਦੀ ਸੋਚ ਨਾ ਮਿਲਣ ਕਾਰਨ ਅਣਬਣ ਸ਼ੁਰੂ ਹੋ ਜਾਂਦੀ ਹੈ, ਜਿਸ ਕਾਰਨ ਬਹੁਤੇ ਵਿਆਹ ਸਫ਼ਲ ਨਹੀਂ ਹੁੰਦੇ।