ਮੁੱਖ ਮੰਤਰੀ ਦੇ ਭਰੋਸੇ ਮਗਰੋਂ ਸੁਰੇਸ਼ ਕੁਮਾਰ ਮੁੜ ਕੰਮ ‘ਤੇ ਪਰਤੇ

0
249

ias-afsar-suresh-kumar-ias
ਕਿਹਾ-ਮੇਰੀ ਨਿਯੁਕਤੀ ਨੂੰ ਚੁਣੌਤੀ ਦੇਣ ਦੇ ਪਿਛੇ ਅਫ਼ਸਰਸ਼ਾਹੀ ਦੀ ਸਾਜ਼ਿਸ਼
ਚੰਡੀਗੜ੍ਹ/ਬਿਊਰੋ ਨਿਊਜ਼ :
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਦਫ਼ਤਰ ਨਾਲ ਜੁੜੇ ਤਾਜ਼ਾ ਵਿਵਾਦ ਪਿੱਛੇ ਸੂਬੇ ਦੇ ਦੋ ਸੀਨੀਅਰ ਆਈਏਐਸ ਅਧਿਕਾਰੀਆਂ ਦੀ ਭੂਮਿਕਾ ਸਾਹਮਣੇ ਆਈ ਹੈ। ਸੂਤਰਾਂ ਮੁਤਾਬਕ ਇਨ੍ਹਾਂ ਦੋਹਾਂ ਅਫ਼ਸਰਾਂ ਨੇ ਹੀ ਮੁੱਖ ਮੰਤਰੀ ਦੇ ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਖ਼ਿਲਾਫ਼ ਅਦਾਲਤ ਵਿੱਚ ਜਨਹਿੱਤ ਪਟੀਸ਼ਨ ਦਾਇਰ ਕਰਨ ਦਾ ਮੁੱਢ ਬੰਨ੍ਹਿਆ। ਇਹ ਜਾਣਕਾਰੀ ਮੁੱਖ ਮੰਤਰੀ ਤਕ ਪਹੁੰਚਾ ਦਿੱਤੀ ਗਈ ਹੈ ਅਤੇ ਉਨ੍ਹਾਂ ਨੇ ਆਈਏਐਸ ਅਧਿਕਾਰੀਆਂ ਦੀ ਹਰਕਤ ਨੂੰ ਗੰਭੀਰਤਾ ਨਾਲ ਲਿਆ ਹੈ।
ਸਰਕਾਰ ‘ਚ ਛਿੜੇ ਤਾਜ਼ਾ ਰੱਫੜ ਨੂੰ ਹੱਲ ਕਰਨ ਲਈ ਅੱਜ ਮੁੱਖ ਮੰਤਰੀ ਨੇ ਖੁਦ ਕਮਾਨ ਸੰਭਾਲੀ ਅਤੇ ਸੁਰੇਸ਼ ਕੁਮਾਰ ਨਾਲ ਮੀਟਿੰਗ ਕੀਤੀ। ਸੂਤਰਾਂ ਅਨੁਸਾਰ ਮੁੱਖ ਮੰਤਰੀ ਨੇ ਆਪਣੇ ਦਫ਼ਤਰ ਨਾਲ ਜੁੜੇ ਵਿਵਾਦ ਨੂੰ ਸ਼ਹਿ ਦੇਣ ਵਾਲੇ ਅਫ਼ਸਰਾਂ ਤੇ ਹੋਰ ਵਿਅਕਤੀਆਂ ਖ਼ਿਲਾਫ਼ ਕਾਰਵਾਈ ਕਰਨ ਅਤੇ ਵਰਜਣ ਦਾ ਭਰੋਸਾ ਦੇਣ ਬਾਅਦ ਮੁੱਖ ਪ੍ਰਮੁੱਖ ਸਕੱਤਰ ਨੇ ਕੰਮ ਸੰਭਾਲ ਲਿਆ ਤੇ ਉਨ੍ਹਾਂ ਮੰਤਰੀ ਮੰਡਲ ਦੀ ਮੀਟਿੰਗ ਵਿਚ ਵੀ ਸ਼ਮੂਲੀਅਤ ਕੀਤੀ। ਕੁਝ ਅਫ਼ਸਰਾਂ ਖ਼ਿਲਾਫ਼ ਕਾਰਵਾਈ ਦੇ ਵੀ ਆਸਾਰ ਹਨ। ਮੁੱਖ ਮੰਤਰੀ ਨੇ ਐਡਵੋਕੇਟ ਜਨਰਲ ਨੂੰ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿਚ ਦਾਇਰ ਪਟੀਸ਼ਨ ‘ਤੇ ਠੋਸ ਤਰੀਕੇ ਨਾਲ ਕਾਨੂੰਨੀ ਲੜਾਈ ਲੜਨ ਦੀ ਹਦਾਇਤ ਕੀਤੀ ਹੈ। ਇਸ ਪਟੀਸ਼ਨ ਬਾਅਦ ਪੈਦਾ ਹੋਏ ਸੰਕਟ ਨਾਲ ਸਰਕਾਰ ਦੇ ਸਿਖ਼ਰਲੇ ਦਫ਼ਤਰ ਵਿੱਚ ਧੜੇਬੰਦੀ ਜੱਗ ਜ਼ਾਹਰ ਹੋ ਗਈ ਹੈ।
ਕੈਪਟਨ ਅਮਰਿੰਦਰ ਸਿੰਘ ਨਾਲ ਸਲਾਹਕਾਰਾਂ, ਸਿਆਸੀ ਸਕੱਤਰਾਂ ਤੇ ਓਐਸਡੀਜ਼ ਦੀ ਵੱਡੀ ਫੌਜ ਤਾਇਨਾਤ ਹੈ। ਮੁੱਖ ਮੰਤਰੀ ਦਫ਼ਤਰ ਦੇ ਅਧਿਕਾਰੀਆਂ ਦਾ ਦੱਸਣਾ ਹੈ ਕਿ ਸਿਆਸੀ ਅਹੁਦੇਦਾਰਾਂ ਵੱਲੋਂ ਸਰਕਾਰੀ ਕੰਮਾਂ ਵਿਚ ਰੁਕਾਵਟਾਂ ਹੀ ਖੜ੍ਹੀਆਂ ਨਹੀਂ ਕੀਤੀਆਂ ਜਾਂਦੀਆਂ ਸਗੋਂ ਆਪੋ-ਆਪਣੇ ਏਜੰਡੇ ਨੂੰ ਅੱਗੇ ਵਧਾਉਣ ਲਈ ਵੀ ਹੱਥ ਪੈਰ ਮਾਰੇ ਜਾ ਰਹੇ ਹਨ। ਅਧਿਕਾਰੀਆਂ ਵੱਲੋਂ ਮੁੱਖ ਮੰਤਰੀ ਤਕ ਇਹ ਜਾਣਕਾਰੀ ਪਹੁੰਚਾਈ ਜਾ ਰਹੀ ਹੈ ਕਿ ਸਲਾਹਕਾਰਾਂ ਤੇ ਹੋਰ ਸਿਆਸੀ ਅਹੁਦੇਦਾਰਾਂ ਦੇ ਕੰਮ ਢੰਗ ਅਤੇ ਸੀਨੀਅਰ ਅਧਿਕਾਰੀਆਂ ਦੇ ਭ੍ਰਿਸ਼ਟਾਚਾਰ ਵਿਚ ਗਲਤਾਨ ਹੋਣ ਕਾਰਨ ਜਨਤਕ ਪੱਧਰ ‘ਤੇ ਸਰਕਾਰ ਦਾ ਅਕਸ ਵਿਗੜ ਰਿਹਾ ਹੈ। ਇਸੇ ਕਾਰਨ ਕਿ ਮੁੱਖ ਮੰਤਰੀ ਦਫ਼ਤਰ ਅੰਦਰ ਟਕਰਾਅ ਦਾ ਮਾਹੌਲ ਬਣ ਗਿਆ। ਮੁੱਖ ਮੰਤਰੀ ਦਫ਼ਤਰ ਵਿਚਲੀ ਧੜੇਬੰਦੀ ਦਾ ਹੀ ਦੋ ਸੀਨੀਅਰ ਆਈਏਐਸ ਅਧਿਕਾਰੀਆਂ ਨੇ ਲਾਹਾ ਲਿਆ। ਮਹੱਤਵਪੂਰਨ ਤੱਥ ਇਹ ਹੈ ਕਿ ਮੁੱਖ ਮੰਤਰੀ ਖ਼ੁਦ ਦਫ਼ਤਰ ਵਿੱਚ ਬਹੁਤ ਹੀ ਘੱਟ ਆਉਂਦੇ ਹਨ। ਕੈਪਟਨ ਅਮਰਿੰਦਰ ਸਿੰਘ ਆਮ ਤੌਰ ‘ਤੇ ਮੀਟਿੰਗ ਕਰਨ ਹੀ ਦਫ਼ਤਰ ਆਉਂਦੇ ਹਨ।
ਮੁੱਖ ਪ੍ਰਮੁੱਖ ਸਕੱਤਰ ਨੇ ਗਲਤ ਕੰਮ ਕਰਾਉਣ ਵਾਲੇ ਕੁੱਝ ਸਿਆਸੀ ਅਹੁਦੇਦਾਰਾਂ ਦੀ ਪਿਛਲੇ ਦਿਨੀਂ ਝਾੜ-ਝੰਬ ਵੀ ਕੀਤੀ ਸੀ। ਸਲਾਹਕਾਰਾਂ ਤੇ ਅਫ਼ਸਰਾਂ ਦਰਮਿਆਨ ਟਕਰਾਅ ਪੈਦਾ ਹੋਣ ਦਾ ਇਕ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ। ਇਨ੍ਹਾਂ ਸਲਾਹਕਾਰਾਂ ਦੀ ਸੁਰੇਸ਼ ਕੁਮਾਰ ਨਾਲ ਅਮਰਿੰਦਰ ਸਿੰਘ ਦੇ ਪਿਛਲੇ ਕਾਰਜਕਾਲ (2002 ਤੋਂ 2007) ਦੌਰਾਨ ਵੀ ਖੜਕਦੀ ਰਹੀ ਹੈ।
ਮੁੱਖ ਪ੍ਰਮੁੱਖ ਸਕੱਤਰ ਸੁਰੇਸ਼ ਕੁਮਾਰ ਵਿਰੁੱਧ ਦਾਇਰ ਪਟੀਸ਼ਨ ਦੇ ਮਾਮਲੇ ਵਿਚ ਸ਼੍ਰੋਮਣੀ ਅਕਾਲੀ ਦਲ ਦਾ ਨਾਂ ਆਉਣ ਬਾਅਦ ਅਕਾਲੀ ਦਲ ਦੇ ਸੀਨੀਅਰ ਆਗੂ ਵੀ ਹਰਕਤ ਵਿੱਚ ਆ ਗਏ ਹਨ। ਅਕਾਲੀ ਦਲ ਇਨ੍ਹਾਂ ਦੋਸ਼ਾਂ ਤੋਂ ਖਹਿੜਾ ਛੁਡਾਉਣ ਲਈ ਸਰਗਰਮ ਹੋ ਗਿਆ ਹੈ। ਸੂਤਰਾਂ ਮੁਤਾਬਕ ਅਕਾਲੀ ਦਲ ਦੇ ਇੱਕ ਸੀਨੀਅਰ ਆਗੂ ਨੇ ਹੀ ਪੜਤਾਲ ਕੀਤੀ ਹੈ ਕਿ ਸੂਬੇ ਦੇ ਦੋ ਸੀਨੀਅਰ ਆਈਏਐਸ ਅਧਿਕਾਰੀਆਂ ਨੇ ਕੇਸ ਲੜਨ ਲਈ ਪੈਸੇ ਇਕੱਤਰ ਕੀਤੇ ਅਤੇ ਪਟੀਸ਼ਨ ਦਾ ਮੁੱਢ ਬੰਨ੍ਹਿਆ। ਅਕਾਲੀ ਦਲ ਦੇ ਇਸ ਸੀਨੀਅਰ ਆਗੂ ਨੇ ਇਹ ਜਾਣਕਾਰੀ ਮੁੱਖ ਮੰਤਰੀ ਤਕ ਵੀ ਪਹੁੰਚਾ ਦਿੱਤੀ ਹੈ।