ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵਲੋਂ ਅਰਦਾਸ ਬਾਅਦ ਹੋਲੇ ਮਹੱਲੇ ਦੇ ਪਹਿਲੇ ਪੜਾਅ ਸ਼ੁਰੂਆਤ

0
361

hola-mohalla
ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਅਰਦਾਸ ਕਰਦੇ ਹੋਏ ਜਥੇਦਾਰ ਗਿਆਨੀ ਰਘਬੀਰ ਸਿੰਘ।
ਕੀਰਤਪੁਰ ਸਾਹਿਬ/ਬਿਊਰੋ ਨਿਊਜ਼
ਖ਼ਾਲਸਈ ਸ਼ਾਨ ਦੇ ਪ੍ਰਤੀਕ ਹੋਲੇ ਮਹੱਲੇ ਦਾ ਪਹਿਲਾ ਪੜਾਅ ਕੀਰਤਪੁਰ ਸਾਹਿਬ ਦੇ ਗੁਰਦੁਆਰਾ ਪਤਾਲਪੁਰੀ ਸਾਹਿਬ ਵਿਖੇ ਅਖੰਡ ਪਾਠ ਦੀ ਆਰੰਭਤਾ ਨਾਲ ਸ਼ੁਰੂ ਹੋ ਗਿਆ। ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਨੇ ਅਰਦਾਸ ਕੀਤੀ। ਪਹਿਲੇ ਦਿਨ ਹਜ਼ਾਰਾਂ ਦੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਬਾਬਾ ਗੁਰਦਿੱਤਾ ਜੀ, ਦਰਗਾਹ ਬਾਬਾ ਬੁੱਢਣ ਸ਼ਾਹ, ਗੁਰਦੁਆਰਾ ਪਤਾਲਪੁਰੀ ਸਾਹਿਬ, ਡੇਰਾ ਬਾਬਾ ਸ੍ਰੀ ਚੰਦ ਜੀ, ਗੁਰਦੁਆਰਾ ਸ਼ੀਸ਼ ਮਹਿਲ ਸਾਹਿਬ, ਗੁਰਦੁਆਰਾ ਬਿਬਾਨਗੜ੍ਹ ਸਾਹਿਬ ਤੇ ਗੁਰਦੁਆਰਾ ਚਰਨ ਕੰਵਲ ਸਾਹਿਬ ਵਿਖੇ ਮੱਥਾ ਟੇਕਿਆ। ਸੰਗਤਾਂ ਰਾਤ ਨੂੰ ਹੀ ਆਪਣੇ ਵਾਹਨਾਂ ਅਤੇ ਬੱਸਾਂ ਰਾਹੀਂ ਸ੍ਰੀ ਕੀਰਤਪੁਰ ਸਾਹਿਬ ਵਿਖੇ ਪਹੁੰਚਣੀਆਂ ਸ਼ੁਰੂ ਹੋ ਗਈਆਂ ਸਨ।
ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਗਿਆਨੀ ਰਘਬੀਰ ਸਿੰਘ ਨੇ ਹੋਲਾ ਮਹੱਲਾ ਦੇ ਇਤਿਹਾਸ ਬਾਰੇ ਚਾਨਣਾ ਪਾਇਆ। ਉਨ੍ਹਾਂ ਦੱਸਿਆ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਸਿੰਘਾਂ ਵਿੱਚ ਵੀਰ ਰਸ ਪੈਦਾ ਕਰਨ ਲਈ ਹੋਲੀ ਦੇ ਤਿਉਹਾਰ ਤੋਂ ਵੱਖਰੀ ਪਛਾਣ ਦੇਣ ਲਈ 1701 ਈਸਵੀ ਵਿੱਚ ਹੋਲਾ ਮਹੱਲਾ ਮੇਲੇ ਦੀ ਸ਼ੁਰੂਆਤ ਕੀਤੀ ਸੀ ਅਤੇ ਸਿੰਘਾਂ ਨੂੰ ਯੁੱਧ ਕਲਾ ਵਿੱਚ ਨਿਪੁੰਨ ਕਰਨ ਲਈ, ਸ਼ਸਤਰਬਾਜ਼ੀ, ਘੋੜ ਸਵਾਰੀ ਅਤੇ ਨੇਜ਼ੇਬਾਜ਼ੀ ਆਦਿ ਮੁਕਾਬਲੇ ਸ਼ੁਰੂ ਕਰਵਾਏ ਸਨ। ਇਸੇ ਪਰੰਪਰਾ ਨੂੰ ਅੱਗੇ ਤੋਰਦਿਆਂ ਸਿੰਘਾਂ ਵੱਲੋਂ ਹਰ ਸਾਲ ਹੋਲਾ ਮਹੱਲਾ ਮਨਾਇਆ ਜਾਂਦਾ ਹੈ।
ਸ਼੍ਰੋਮਣੀ ਕਮੇਟੀ ਮੈਂਬਰ ਅਮਰਜੀਤ ਸਿੰਘ ਚਾਵਲਾ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਮੇਨੈਜਰ ਰਣਜੀਤ ਸਿੰਘ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ ਸੰਗਤ ਲਈ ਢੁਕਵੇਂ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੱਸਿਆ ਹੋਲਾ ਮਹੱਲਾ ਮੇਲੇ ਦਾ ਪਹਿਲਾ ਪੜਾਅ 25 ਤੋਂ 27 ਫਰਵਰੀ  ਤੱਕ ਕੀਰਤਪੁਰ ਸਾਹਿਬ ਵਿਖੇ ਚੱਲੇਗਾ। ਸੰਗਤ ਦੀ ਸਹੂਲਤ ਲਈ ਆਰਜ਼ੀ ਡਿਸਪੈਂਸਰੀਆਂ ਖੋਲ੍ਹੀਆਂ ਗਈਆਂ ਹਨ। ਮੇਲੇ ਦੀ ਸ਼ੁਰੂਆਤ ਮੌਕੇ ਦਰਗਾਹ ਬਾਬਾ ਬੁੱਢਣ ਸ਼ਾਹ ਵਿਖੇ ਮਹੰਤ ਮੋਹਤਮਿਮ ਬਾਬਾ ਦਿਲਬਾਗ ਸ਼ਾਹ ਦੀ ਅਗਵਾਈ ਹੇਠ ਸਮੂਹ ਪੁਜਾਰੀਆਂ ਨੇ ਚਾਦਰ ਚੜ੍ਹਾਈ।

ਨੱਕੀਆਂ ਟੌਲ ਪਲਾਜ਼ਾ 2 ਮਾਰਚ ਤੱਕ ਬੰਦ
ਪ੍ਰਸ਼ਾਸਨ ਦੇ ਹੁਕਮਾਂ ‘ਤੇ ਰੋਹਨ ਰਾਜਦੀਪ ਟੌਲਵੇਜ਼ ਕੰਪਨੀ ਦੇ ਨੱਕੀਆਂ ਸਥਿਤ ਟੌਲ ਪਲਾਜ਼ੇ ਨੂੰ 2 ਮਾਰਚ ਰਾਤ 12:00 ਵਜੇ ਤੱਕ ਬੰਦ ਕਰ ਦਿੱਤਾ ਗਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਟੌਲ ਪਲਾਜ਼ਾ ਮੇਨੈਜਰ ਕੈਪਟਨ ਦਰਸ਼ਨ ਲਾਲ ਨੇ ਦੱਸਿਆ ਕਿ ਟੌਲ ਬੰਦ ਕਰਨ ਬਾਰੇ ਉਨ੍ਹਾਂ ਨੂੰ ਟੈਲੀਫੋਨ ਰਾਹੀਂ ਹੀ ਸੰਦੇਸ਼ ਮਿਲਿਆ ਸੀ, ਜਿਸ ਤੋਂ ਬਾਅਦ ਉਨ੍ਹਾਂ ਅੱਜ ਸਵੇਰੇ 8 ਵਜੇ ਟੌਲ ਪਲਾਜ਼ਾ ਬੰਦ ਕਰ ਦਿੱਤਾ।