ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਪਹਿਲੀ ਅਰਦਾਸ ਮਗਰੋਂ ਖੁੱਲ੍ਹੇ

0
192

hemkunt-sahib
‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਗੂੰਜੀਆਂ ਪਹਾੜੀਆਂ
ਗੋਬਿੰਦਧਾਮ/ਬਿਊਰੋ ਨਿਊਜ਼ :
ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ ਪਹਿਲੀ ਅਰਦਾਸ ਉਪਰੰਤ ਸ਼ਰਧਾਲੂਆਂ ਦੇ ਦਰਸ਼ਨਾਂ ਲਈ ਖੋਲ੍ਹ ਦਿੱਤੇ ਗਏ, ਉਪਰੰਤ ਹਜ਼ਾਰਾਂ ਦੀ ਗਿਣਤੀ ਵਿਚ ਦੂਰ-ਦੁਰਾਡੇ ਇਲਾਕਿਆਂ ਵਿਚੋਂ ਪਹੁੰਚੀਆਂ ਸੰਗਤਾਂ ਨੇ ਸ਼ਰਧਾ, ਭਾਵਨਾ ਤੇ ਉਤਸ਼ਾਹ ਨਾਲ ਮੱਥਾ ਟੇਕਿਆ ਅਤੇ ਸੱਤ ਪਹਾੜੀਆਂ ਦੀ ਗੋਦੀ ਵਿਚ ਸਥਿਤ ਬਰਫ਼ੀਲੇ ਸਰੋਵਰ ਵਿਚ ਇਸ਼ਨਾਨ ਕੀਤਾ। ਇਸ ਤੋਂ ਪਹਿਲਾਂ ਸਵੇਰੇ ਗੁਰ-ਮਰਿਆਦਾ ਅਨੁਸਾਰ ਸੁੱਖ ਆਸਣ ਹਾਲ ਵਿਚੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ਬਦ ਗਾਇਨ ਕਰਦੀਆਂ ਸੰਗਤਾਂ ਅਤੇ ਨਰਸਿੰਙੇ ਦੀਆਂ ਮਨਮੋਹਨ ਧੁਨਾਂ ਵਿਚ ਦਰਬਾਰ ਹਾਲ ਵਿਖੇ ਸੁਸ਼ੋਭਿਤ ਸੁੰਦਰ ਪਾਲਕੀ ਸਾਹਿਬ ਵਿਚ ਪ੍ਰਕਾਸ਼ ਕੀਤਾ ਗਿਆ ਅਤੇ ਪਹਿਲੀ ਅਰਦਾਸ ਮੁੱਖ ਗ੍ਰੰਥੀ ਸ੍ਰੀ ਹੇਮਕੁੰਟ ਸਾਹਿਬ ਭਾਈ ਮਿਲਾਪ ਸਿੰਘ ਵੱਲੋਂ ਕੀਤੀ ਗਈ, ਜਿਸ ਵਿਚ ਕਰੀਬ 6 ਹਜ਼ਾਰ ਤੋਂ ਵਧੇਰੇ ਸੰਗਤਾਂ ਨੇ ਦਰਬਾਰ ਸਾਹਿਬ ਦੇ ਦਰਸ਼ਨ ਦੀਦਾਰੇ ਕਰ ਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਇਸ ਦੌਰਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਮਿਲਾਪ ਸਿੰਘ ਨੇ ਸ੍ਰੀ ਸੁਖਮਨੀ ਸਾਹਿਬ ਜੀ ਦਾ ਪਾਠ ਕਰਨ ਉਪਰੰਤ ਅਰਦਾਸ ਕੀਤੀ। ਇਸ ਮੌਕੇ ਹਜ਼ੂਰੀ ਰਾਗੀ (ਸ੍ਰੀ ਹੇਮਕੁੰਟ ਸਾਹਿਬ) ਭਾਈ ਜੋਗਾ ਦੇ ਜਥੇ ਵੱਲੋਂ ਕੀਰਤਨ ਕਰ ਕੇ ਸੰਗਤਾਂ ਨੂੰ ਨਿਹਾਲ ਕੀਤਾ। ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੁੱਲ੍ਹਣ ਦੇ ਨਾਲ ਹੀ ਸ੍ਰੀ ਹੇਮਕੁੰਟ ਸਾਹਿਬ ਵਿਖੇ ਸੰਗਤਾਂ ਤੇ ਯਾਤਰੂ ਜਥਿਆਂ ਦੀ ਆਮਦ ਸ਼ੁਰੂ ਹੋ ਗਈ। ਸ੍ਰੀ ਹੇਮਕੁੰਟ ਸਾਹਿਬ ਵਿਖੇ ਹਲਕੀ ਬਾਰਿਸ਼ ਹੋਣ ਨਾਲ ਚੱਲੀਆਂ ਬਰਫ਼ੀਲੀਆਂ ਹਵਾਵਾਂ ਦੇ ਬਾਵਜੂਦ ਸੰਗਤਾਂ ਦੇ ਉਤਸ਼ਾਹ ਵਿਚ ਕੋਈ ਕਮੀ ਨਜ਼ਰ ਨਹੀਂ ਆਈ। ਯਾਤਰਾ ‘ਤੇ ਆਉਣ ਵਾਲੀਆਂ ਸੰਗਤਾਂ ਲਈ ਇਸ ਵਾਰ 418 ਇੰਜਨੀਅਰ ਕੋਰ ਦੇ ਸੂਬੇਦਾਰ ਇਕਬਾਲ ਸਿੰਘ ਦੀ ਅਗਵਾਈ ਹੇਠ ਸੈਨਾ ਦੇ ਜਵਾਨਾਂ ਵੱਲੋਂ 3 ਤੋਂ ਲੈ ਕੇ 17 ਫੁੱਟ ਦੀ ਬਰਫ਼ ਦੀ ਮੋਟੀ ਤਹਿ ਨੂੰ ਕੱਟ ਕੇ ਪੈਦਲ ਰਸਤਾ ਬਣਾਇਆ ਗਿਆ।
ਸ੍ਰੀ ਹੇਮਕੁੰਟ ਸਾਹਿਬ ਜੀ ਦੇ ਕਿਵਾੜ ਸੰਗਤਾਂ ਲਈ ਖੋਲ੍ਹਣ ਦੌਰਾਨ ‘ਬੋਲੇ ਸੋ ਨਿਹਾਲ, ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਨਾਲ ਹਿਮਾਲਿਆ ਦੀਆਂ ਬਰਫ਼ ਨਾਲ ਢਕੀਆਂ ਹੋਈਆਂ ਪਹਾੜੀਆਂ ਗੂੰਜ ਉੱਠੀਆਂ ਅਤੇ ਪੂਰਾ ਮਾਹੌਲ ਖਾਲਸਾਈ ਰੰਗ ਵਿਚ ਰੰਗਿਆ ਗਿਆ।
ਸ੍ਰੀ ਹੇਮਕੁੰਟ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਮਿਲਾਪ ਸਿੰਘ ਨੇ ਦੱਸਿਆ ਕਿ ਪ੍ਰੰਪਰਾ ਅਨੁਸਾਰ ਦਿਨ ਵਿਚ ਤਿੰਨ ਵਾਰ ਅਰਦਾਸ ਕੀਤੀ ਜਾਂਦੀ ਹੈ, ਜਿਸ ਵਿਚ ਪਹਿਲੀ ਸੰਗਤਾਂ ਦੀ ਆਮਦ ‘ਤੇ ਸਵੇਰੇ 10 ਵਜੇ, ਉਪਰੰਤ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਅਤੇ ਕੀਰਤਨ ਤੋਂ ਬਾਅਦ 12 ਵਜੇ ਅਤੇ ਇਸੇ ਪ੍ਰਕਾਰ 2 ਵਜੇ ਅਰਦਾਸ ਕੀਤੀ ਜਾਂਦੀ ਹੈ। ਉਨ੍ਹਾਂ ਦੱਸਿਆ ਕਿ ਆਕਸੀਜਨ ਦੀ ਕਮੀ ਅਤੇ ਮੌਸਮ ਦੀ ਖ਼ਰਾਬੀ ਕਾਰਨ ਸੰਗਤਾਂ ਨੂੰ ਦਿਨ ਦੇ 2 ਵਜੇ ਦੀ ਅਰਦਾਸ ਤੋਂ ਬਾਅਦ ਵਾਪਸ ਗੁਰਦੁਆਰਾ ਗੋਬਿੰਦ ਘਾਟ ਵਿਖੇ ਭੇਜਿਆ ਜਾਂਦਾ ਹੈ। ਜਿਥੇ ਉਹ ਵਿਸ਼ਰਾਮ ਕਰ ਕੇ ਅਗਲੇ ਪੜਾਅ ਲਈ ਰਵਾਨਾ ਹੁੰਦੀਆਂ ਹਨ।
ਉੱਤਰਾਖੰਡ ਸਰਕਾਰ ਵੱਲੋਂ ਗੁਰਦੁਆਰਾ ਗੋਬਿੰਦ ਘਾਟ ਜਿਥੋਂ ਕਿ ਪਹਿਲਾਂ ਸ੍ਰੀ ਹੇਮਕੁੰਟ ਸਾਹਿਬ ਲਈ 19 ਕਿਲੋਮੀਟਰ ਪੈਦਲ ਯਾਤਰਾ ਸ਼ੁਰੂ ਹੁੰਦੀ ਸੀ, ਤੋਂ ਚਾਰ ਕਿਲੋਮੀਟਰ ਦੂਰ ਸਥਿਤ ਪਿੰਡ ਪੁਲਨਾ ਤੱਕ ਸੜਕ ਦਾ ਨਿਰਮਾਣ ਕਰਵਾਇਆ ਗਿਆ ਹੈ। ਹੁਣ ਇਥੋਂ ਤੱਕ ਵਾਹਨਾਂ ਦੀ ਆਵਾਜਾਈ ਹੋਣ ਨਾਲ ਸ੍ਰੀ ਹੇਮਕੁੰਟ ਸਾਹਿਬ ਜੀ ਦੀ 19 ਕਿਲੋਮੀਟਰ ਦੀ ਪੈਦਲ ਯਾਤਰਾ ਘਟ ਕੇ 15 ਕਿਲੋਮੀਟਰ ਹੀ ਰਹਿ ਗਈ ਹੈ।
ਸਾਲ 2013 ਦੀ ਸ੍ਰੀ ਹੇਮਕੁੰਟ ਸਾਹਿਬ ਯਾਤਰਾ ਦੌਰਾਨ ਜੁਲਾਈ ਮਹੀਨੇ ਵਿਚ ਹੋਈ ਕੁਦਰਤੀ ਤ੍ਰਾਸਦੀ ਦੇ ਅੰਸ਼ ਪੈਦਲ ਰਸਤੇ ਵਿਚ ਅਜੇ ਵੀ ਦੇਖਣ ਨੂੰ ਮਿਲਦੇ ਹਨ ਭਾਵੇਂ ਕਿ ਸੂਬਾ ਸਰਕਾਰ ਤੇ ਟਰੱਸਟ ਦੇ ਪੂਰਨ ਸਹਿਯੋਗ ਸਦਕਾ ਰਸਤੇ ਦਾ ਨਵਨਿਰਮਾਣ ਕਰ ਕੇ ਮੁੜ 21 ਸਤੰਬਰ, 2013 ਨੂੰ ਯਾਤਰਾ ਸ਼ੁਰੂ ਕਰਵਾ ਦਿੱਤੀ ਗਈ ਸੀ ਪਰ ਗੋਬਿੰਦ ਘਾਟ ਤੋਂ ਕਰੀਬ 8 ਕਿਲੋਮੀਟਰ ਦੂਰ ਅਤੇ ਗੁਰਦੁਆਰਾ ਗੋਬਿੰਦਧਾਮ ਤੋਂ 5 ਕਿਲੋਮੀਟਰ ਪਹਿਲਾਂ ਗੰਗਾ ਨਦੀ ਉੱਪਰ ਢਹਿ-ਢੇਰੀ ਹੋਇਆ ਪੁਲ ਦਾ ਮਲਬਾ ਅੱਜ ਵੀ ਆਪਣੀ ਦਾਸਤਾਨ ਬਿਆਨ ਕਰ ਰਿਹਾ ਹੈ।
ਸ੍ਰੀ ਹੇਮਕੁੰਟ ਸਾਹਿਬ ਵਿਖੇ ਦਰਸ਼ਨ ਕਰਨ ਆਉਂਦੀਆਂ ਸੰਗਤਾਂ ਲਈ ਟਰੱਸਟ ਵੱਲੋਂ ਹਲਕਾ-ਫੁਲਕਾ ਚਾਹ ਅਤੇ ਖਿਚੜੀ ਦਾ ਲੰਗਰ ਵਰਤਾਇਆ ਜਾਂਦਾ ਹੈ। ਇਸ ਤੋਂ ਇਲਾਵਾ ਸੰਗਤਾਂ ਵੱਲੋਂ ਵੀ ਬਰੈੱਡ-ਪਕੌੜੇ, ਬਰੈੱਡ-ਜੈਮ ਅਤੇ ਭੰਗੂਰ ਦਾ ਲੰਗਰ ਲਾਇਆ ਜਾਂਦਾ ਹੈ। ਇਸ ਦੌਰਾਨ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੇ ਮੈਨੇਜਰ ਗੁਰਨਾਮ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਦੀ ਬਜਾਏ ਇਸ ਵਾਰ ਬਰਫ਼ ਜ਼ਿਆਦਾ ਪਈ ਹੈ ਪਰ ਮੌਸਮ ਖੁਸ਼ਗਵਾਰ ਰਹਿਣ ਦੀ ਉਮੀਦ ਹੈ ਜਿਸ ਲਈ ਸੰਗਤਾਂ ਦੀ ਆਮਦ ਵਧੇਰੇ ਹੋਈ। ਉਨ੍ਹਾਂ ਅਪੀਲ ਕਰਦਿਆਂ ਕਿਹਾ ਕਿ ਸੰਗਤਾਂ ਯਾਤਰਾ ਸਬੰਧੀ ਕਿਸੇ ਵੀ ਪ੍ਰਕਾਰ ਦੀ ਅਫ਼ਵਾਹ ‘ਤੇ ਯਕੀਨ ਨਾ ਕਰਨ।
ਯਾਤਰਾ ਦੇ ਪਹਿਲੇ ਦਿਨ 418 ਇੰਡੀਪੈਂਡੈਟ ਫੀਲਡ ਕੰਪਨੀ ਇੰਜਨੀਅਰ ਦੇ ਮੇਜਰ ਵਿਕਰਾਂਤ ਬੋਰਾ ਅਤੇ ਸੂਬੇਦਾਰ ਮੇਜਰ ਗੁਰਨਾਮ ਸਿੰਘ ਵੱਲੋਂ ਜਿਥੇ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ। ਉਥੇ ਹੀ ਉਨ੍ਹਾਂ ਸ੍ਰੀ ਹੇਮਕੁੰਟ ਸਾਹਿਬ ਦੇ ਕਿਵਾੜ ਖੋਲ੍ਹਣ ਦੌਰਾਨ ਅਹਿਮ ਭੂਮਿਕਾ ਨਿਭਾਈ ਜਦ ਕਿ ਪਿਛਲੇ ਕਈ ਦਿਨਾਂ ਤੋਂ ਗਲੇਸ਼ੀਅਰ ਨੂੰ ਹਟਾ ਕੇ ਸੰਗਤਾਂ ਲਈ ਰਸਤਾ ਬਣਾਉਣ ਲਈ ਟੀਮ ਦੀ ਅਗਵਾਈ ਕਰਨ ਵਾਲੇ ਸੂਬੇਦਾਰ ਇਕਬਾਲ ਸਿੰਘ ਨੇ ਪੰਜ ਪਿਆਰਿਆਂ ਵਿਚ ਸੇਵਾ ਵੀ ਨਿਭਾਈ।