ਗੁਰਦੁਆਰਾ ਬਹਾਦਰਗੜ੍ਹ ਦੇ ਲਾਂਘੇ ਲਈ ਕੇਂਦਰ ਕੋਲ ਕੀਤੀ ਫਰਿਆਦ

0
198

gurudwara-bahadurgarh-patiala
ਪਟਿਆਲਾ/ਬਿਊਰੋ ਨਿਊਜ਼ :
ਰਾਜਪੁਰਾ ਰੋਡ ‘ਤੇ ਹਲਕਾ ਸਨੌਰ ਅਧੀਨ ਪੈਂਦੇ ਗੁਰਦੁਆਰਾ ਪਾਤਸ਼ਾਹੀ ਨੌਵੀਂ, ਬਹਾਦਰਗੜ੍ਹ ਲਈ ਓਵਰਬ੍ਰਿਜ ਹੇਠੋਂ ਲਾਂਘਾ ਛੁਡਵਾਉਣ ਦਾ ਮਾਮਲਾ ਕੇਂਦਰ ਸਰਕਾਰ ਕੋਲ ਪੁੱਜ ਗਿਆ ਹੈ। ਇਲਾਕਾ ਵਾਸੀਆਂ ਵੱਲੋਂ ਲੋਕ ਸਭਾ ਮੈਂਬਰ ਪ੍ਰੋ. ਪ੍ਰੇਮ ਸਿੰਘ ਚੰਦੂਮਾਜਰਾ ਰਾਹੀਂ ਕੇਂਦਰੀ ਟਰਾਂਸਪੋਰਟ ਮੰਤਰੀ ਨਿਤਿਨ ਗਡਕਰੀ ਨੂੰ ਭੇਜੇ ਮੰਗ ਪੱਤਰ ਤਹਿਤ 13 ਜੁਲਾਈ ਨੂੰ ਮੀਟਿੰਗ ਦਾ ਸਮਾਂ ਮਿਲਿਆ ਹੈ। ਹਲਕਾ ਸਨੌਰ ਦੇ ਵਿਧਾਇਕ ਹਰਿੰਦਰਪਾਲ ਸਿੰਘ ਚੰਦੂਮਾਜਰਾ ਦੀ ਅਗਵਾਈ ਹੇਠ ਵਫ਼ਦ ਕੇਂਦਰੀ ਮੰਤਰੀ ਨਾਲ ਮੁਲਾਕਾਤ ਕਰੇਗਾ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਧੀਨ ਗੁਰਦੁਆਰਾ ਪਾਤਸ਼ਾਹੀ ਨੌਵੀਂ ਵਿੱਚ ਸੰਗਤ ਦੀ ਕਾਫ਼ੀ ਆਮਦ ਰਹਿੰਦੀ ਹੈ ਪਰ ਰਾਜਪੁਰਾ ਰੋਡ ਸਥਿਤ ਇਸ ਗੁਰਦੁਆਰੇ ਅੱਗੇ ਬਣ ਰਹੇ ਓਵਰਬ੍ਰਿਜ ਹੇਠੋਂ ਲਾਂਘਾ ਨਾ ਰੱਖੇ ਜਾਣ ਕਾਰਨ ਸੰਗਤ ਵਿੱਚ ਰੋਸ ਹੈ। ਇਸ ਕਰ ਕੇ ਇਲਾਕਾ ਵਾਸੀਆਂ ਵੱਲੋਂ ਗੁਰਦੁਆਰੇ ਅੱਗੇ ਲਾਂਘਾ ਰਖਵਾਉਣ ਲਈ ਜ਼ੋਰ-ਅਜ਼ਮਾਈ ਕੀਤੀ ਜਾ ਰਹੀ ਹੈ। ਪਿਛਲੇ ਦਿਨੀਂ ਸਨੌਰ ਤੋਂ ਸ਼੍ਰੋਮਣੀ ਕਮੇਟੀ ਮੈਂਬਰ ਜਰਨੈਲ ਸਿੰਘ ਕਰਤਾਰਪੁਰ ਤੇ ਗੁਰਦੁਆਰੇ ਦੇ ਮੈਨੇਜਰ ਰਣਜੀਤ ਸਿੰਘ ਗਾਜੀਪੁਰ ਸਮੇਤ ਹੋਰਾਂ ਨੇ ਸੰਸਦ ਮੈਂਬਰ ਚੰਦੂਮਾਜਰਾ ਨੂੰ ਕੇਂਦਰੀ ਮੰਤਰੀ ਨਿਤਿਨ ਗਡਕਰੀ ਦੇ ਨਾਮ ਮੰਗ ਪੱਤਰ ਦਿੱਤਾ ਸੀ। ਵਿਧਾਇਕ ਹਰਿੰਦਰਪਾਲ ਚੰਦੂਮਾਜਰਾ ਨੇ ਦੱਸਿਆ ਕਿ ਉਨ੍ਹਾਂ ਨੂੰ 13 ਜੁਲਾਈ ਨੂੰ ਮੀਟਿੰਗ ਦਾ ਸਮਾਂ ਮਿਲ ਗਿਆ ਹੈ। ਇਲਾਕੇ ਦੇ ਵਫ਼ਦ ਵੱਲੋਂ ਸ੍ਰੀ ਗਡਕਰੀ ਤੋਂ ਗੁਰਦੁਆਰੇ ਲਈ ਲਾਂਘਾ ਰਖਵਾਉਣ ਦੀ ਮੰਗ ਕੀਤੀ ਜਾਵੇਗੀ।