ਬੇਅਦਬੀ ਕੇਸ : ਰਾਗੀ ਸਭਾ ਨੇ ਪੁਲੀਸ ‘ਤੇ ਗ੍ਰੰਥੀ ਨਾਲ ਰੰਜ਼ਿਸ਼ ਕੱਢਣ ਦਾ ਦੋਸ਼ ਲਾਇਆ

0
622

raggi sabha
ਸੰਗਰੂਰ/ਬਿਊਰੋ ਨਿਊਜ਼ :
ਪਿੰਡ ਮੁਹੰਮਦਪੁਰ ਰਸਾਲਦਾਰ ਵਾਲਾ ਦੇ ਗੁਰਦੁਆਰੇ ਵਿੱਚ ਗੁਟਕੇ ਦੀ ਬੇਅਦਬੀ ਕਰਨ ਵਾਲੇ ਨੂੰ ਸੰਗਰੂਰ ਪੁਲੀਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਮੁਲਜ਼ਮ ਦੀ ਗੁਰਦੁਆਰੇ ਦੇ ਗ੍ਰੰਥੀ ਨਾਲ ਰੰਜਿਸ਼ ਬਾਰੇ ਪੁਲੀਸ ਦੇ ਦਾਅਵੇ ‘ਤੇ ਗੁਰਮਤਿ ਪ੍ਰਚਾਰਕ ਗ੍ਰੰਥੀ ਰਾਗੀ ਸਭਾ ਨੇ ਸਵਾਲ ਖੜ੍ਹੇ ਕੀਤੇ ਹਨ। ਸਭਾ ਨੇ ਪੁਲੀਸ ਦੇ ਦਾਅਵੇ ਨੂੰ ਮਨਘੜਤ ਕਰਾਰ ਦਿੱਤਾ ਹੈ। ਪੁਲੀਸ ਆਪਣੇ ਦਾਅਵੇ ਨੂੰ ਮੁਲਜ਼ਮ ਦਾ ਇਕਬਾਲੀਆ ਬਿਆਨ ਦੱਸ ਰਹੀ ਹੈ।
ਸਭਾ ਦੇ ਪ੍ਰਧਾਨ ਭਾਈ ਬਚਿੱਤਰ ਸਿੰਘ ਨੇ ਇਥੇ ਗ੍ਰੰਥੀ ਸਿੰਘਾਂ ਸਮੇਤ ਪ੍ਰੈੱਸ ਕਾਨਫਰੰਸ ਕੀਤੀ। ਉਨ੍ਹਾਂ ਕਿਹਾ ਕਿ ਪਿੰਡ ਮੁਹੰਮਦਪੁਰ ਰਸਾਲਦਾਰ ਵਾਲਾ ਦੇ ਗੁਰਦੁਆਰੇ ਵਿੱਚ ਗੁਟਕੇ ਦੀ ਬੇਅਦਬੀ ਕਰਨ ਵਾਲੇ ਨੂੰ ਗੁਰਦੁਆਰੇ ਦੇ ਗ੍ਰੰਥੀ ਨਾਲ ਜੋੜ ਕੇ ਪੁਲੀਸ ਵੱਲੋਂ ਕੀਤੇ ਖੁਲਾਸੇ ਤੋਂ ਉਹ ਹੈਰਾਨ ਹਨ। ਗ੍ਰੰਥੀ ਕੁਲਵਿੰਦਰ ਸਿੰਘ ਦੀ ਮੌਜੂਦਗੀ ਵਿੱਚ ਭਾਈ ਬਚਿੱਤਰ ਸਿੰਘ ਨੇ ਕਿਹਾ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮ ਦਾ ਗ੍ਰੰਥੀ ਕੁਲਵਿੰਦਰ ਸਿੰਘ ਨਾਲ ਨਾ ਤਾਂ ਕੋਈ ਪੈਸਿਆਂ ਦਾ ਕੋਈ ਰੌਲਾ ਸੀ ਅਤੇ ਨਾ ਹੀ ਉਹ ਗ੍ਰੰਥੀ ਨਾਲ ਕਦੇ ਕੀਰਤਨ ਕਰਦਾ ਸੀ ਅਤੇ ਨਾ ਹੀ ਕਦੇ ਮੁਲਜ਼ਮ ਤਬਲਾ ਵਜਾਉਂਦਾ ਸੀ। ਉਨ੍ਹਾਂ ਕਿਹਾ ਕਿ ਮੁਲਜ਼ਮ ਦਾ ਗ੍ਰੰਥੀ ਨਾਲ ਕੋਈ ਲੈਣਾ-ਦੇਣਾ ਨਹੀਂ। ਗ੍ਰੰਥੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਉਹ ਪੁਲੀਸ ਦੇ ਦਾਅਵੇ ਵਾਲੀਆਂ ਖ਼ਬਰਾਂ ਪੜ੍ਹ ਕੇ ਹੈਰਾਨ-ਪ੍ਰੇਸ਼ਾਨ ਹੋਇਆ ਹੈ ਕਿ ਮੁਲਜ਼ਮ ਪਹਿਲਾਂ ਉਸ ਨਾਲ ਕੀਰਤਨ ਕਰਦਾ ਸੀ ਅਤੇ ਤਬਲਾ ਵਜਾਉਂਦਾ ਸੀ।
ਦੱਸਣਯੋਗ ਹੈ ਕਿ ਪੁਲੀਸ ਨੇ ਦਾਅਵਾ ਕੀਤਾ ਸੀ ਕਿ ਮੁਲਜ਼ਮ ਦਾ ਗ੍ਰੰਥੀ ਨਾਲ ਪੈਸਿਆਂ ਦੇ ਲੈਣ-ਦੇਣ ਤੋਂ ਝਗੜਾ ਸੀ। ਇਸੇ ਰੰਜਿਸ਼ ਕਾਰਨ ਉਸ ਨੇ ਬੇਅਦਬੀ ਕੀਤੀ ਹੈ। ਗ੍ਰੰਥੀ ਕੁਲਵਿੰਦਰ ਸਿੰਘ ਨੇ ਕਿਹਾ ਕਿ ਮੁਲਜ਼ਮ ਨਾਲ ਉਸ ਦਾ ਕਦੇ ਕੋਈ ਗਿਲ੍ਹਾ ਸ਼ਿਕਵਾ ਨਹੀਂ ਹੋਇਆ ਪਰ ਪੁਲੀਸ ਦਾ ਦਾਅਵਾ ਹੈ ਕਿ ਮੁਲਜ਼ਮ ਉਸ ਨੂੰ ਕਤਲ ਕਰਨਾ ਚਾਹੁੰਦਾ ਸੀ। ਭਾਈ ਬਚਿੱਤਰ ਸਿੰਘ ਨੇ ਦੋਸ਼ ਲਾਇਆ ਕਿ ਪੁਲੀਸ ਅਜਿਹੀ ਕਹਾਣੀ ਬਣਾ ਕੇ ਗ੍ਰੰਥੀ ਭਾਈਚਾਰੇ ਨੂੰ ਬਦਨਾਮ ਕਰ ਰਹੀ ਹੈ। ਉਨ੍ਹਾਂ ਕਿਹਾ ਕਿ 16 ਅਗਸਤ ਨੂੰ ਬੇਅਦਬੀ ਦੀ ਘਟਨਾ ਵਾਪਰੀ ਸੀ ਪਰ ਦੋ ਦਿਨ ਤਕ ਪੁਲੀਸ ਬੇਅਦਬੀ     ਹੋਣ ਤੋਂ ਇਨਕਾਰੀ ਸੀ। ਉਨ੍ਹਾਂ ਦਾਅਵਾ ਕੀਤਾ ਕਿ ਮੁਲਜ਼ਮ ਵੱਲੋਂ ਗ੍ਰੰਥੀ ਨੂੰ ਕਤਲ ਕਰਨ ਦੀ ਯੋਜਨਾ ਅਤੇ ਪੈਸਿਆਂ ਦੇ ਲੈਣ-ਦੇਣ ਬਾਰੇ ਪੁਲੀਸ ਦੇ ਦਾਅਵੇ ਸਰਾਸਰ ਝੂਠੇ ਹਨ। ਇਸ ਬਾਰੇ ਗ੍ਰੰਥੀ ਸਭਾ ਦਾ ਵਫ਼ਦ ਜਲਦੀ ਜ਼ਿਲ੍ਹਾ ਪੁਲੀਸ ਮੁਖੀ ਨੂੰ ਮਿਲੇਗਾ।
ਡੀਐਸਪੀ ਗਗਨਦੀਪ ਸਿੰਘ ਭੁੱਲਰ ਨੇ ਪੁਲੀਸ ‘ਤੇ ਲਗਾਏ ਜਾ ਰਹੇ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੰਦਿਆਂ ਕਿਹਾ ਕਿ ਭਾਵੇਂ ਕੋਈ ਕੁੱਝ ਵੀ ਕਹੇ ਪਰ ਇਸ ਮਾਮਲੇ ਦੀ ਨਿਰਪੱਖ ਜਾਂਚ ਹੋਈ ਹੈ। ਮੁਲਜ਼ਮ ਵੱਲੋਂ ਇਸ ਸਬੰਧੀ ਇਕਬਾਲੀਆ ਬਿਆਨ ਦਰਜ ਕਰਾਇਆ ਹੈ, ਜਿਸ ਨੂੰ ਝੁਠਲਾਇਆ ਨਹੀਂ ਜਾ ਸਕਦਾ।