ਭਗਵੰਤ ਮਾਨ ਦੀ ਪ੍ਰਧਾਨਗੀ ਤੋਂ ਨਾਰਾਜ਼ ਗੁਰਪ੍ਰੀਤ ਵੜੈਚ ਨੇ ‘ਆਪ’ ਨੂੰ ਕਿਹਾ ਅਲਵਿਦਾ

0
315

ghuggiaaa
ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (ਆਪ) ਦੇ ਕਨਵੀਨਰ ਦੇ ਅਹੁਦੇ ਤੋਂ ਹਟਾਏ ਗੁਰਪ੍ਰੀਤ ਸਿੰਘ ਵੜੈਚ ਨੇ ਭਰੇ ਮਨ ਨਾਲ ਪਾਰਟੀ ਦੀ ਮੁਢਲੀ ਮੈਂਬਰਸ਼ਿਪ ਤੋਂ ਅਸਤੀਫ਼ਾ ਦਿੰਦਿਆਂ ਕਿਹਾ ਕਿ ਉਹ ਸ਼ਰਾਬ ਨਾ ਪੀਣ ਦੀ ਸ਼ਰਤ ‘ਤੇ ਪ੍ਰਧਾਨ ਬਣਾਏ ਭਗਵੰਤ ਮਾਨ ਦੀ ਕਮਾਂਡ ਹੇਠ ਕੰਮ ਕਰਨ ਤੋਂ ਅਸਮਰੱਥ ਹਨ।
ਸ੍ਰੀ ਵੜੈਚ ਨੇ ਇੱਥੇ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਜਦੋਂ ਸੁੱਚਾ ਸਿੰਘ ਛੋਟੇਪੁਰ ਨੂੰ ਬਰਖ਼ਾਸਤ ਕਰਨ ਮੌਕੇ ਪਾਰਟੀ ਵਿੱਚ ਵੱਡਾ ਖਲਾਅ ਪੈਦਾ ਹੋਇਆ ਸੀ ਤਾਂ ਉਸ ਵੇਲੇ ‘ਆਪ’ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਨੇ ਉਨ੍ਹਾਂ (ਵੜੈਚ) ਨੂੰ ਕਨਵੀਨਰ ਬਣਾਇਆ ਸੀ, ਜਦੋਂਕਿ ਉਦੋਂ ਵੀ ਭਗਵੰਤ ਮਾਨ ਮੌਜੂਦ ਸਨ, ਫਿਰ ਉਸ ਵੇਲੇ ਮਾਨ ਨੂੰ ਕਨਵੀਨਰ ਕਿਉਂ ਨਹੀਂ ਬਣਾਇਆ ਗਿਆ? ਉਨ੍ਹਾਂ ਦੋਸ਼ ਲਾਇਆ ਕਿ ਪਿਛਲੇ ਦਿਨਾਂ ਵਿੱਚ ਭਗਵੰਤ ਮਾਨ ਨੇ ਜਿੱਥੇ ਆਪਣੇ ਘਰ ਲੱਗੇ ਪਾਰਟੀ ਦੇ ਪੋਸਟਰ ਗੁੱਸੇ ਵਿੱਚ ਪਾੜ ਦਿੱਤੇ ਸਨ, ਉਥੇ ਦਿੱਲੀ ਦੀ ਲੀਡਰਸ਼ਿਪ ਦੀ ਵੀ ਖੂਬ ਝਾੜ-ਝੰਬ ਕੀਤੀ ਸੀ ਅਤੇ ਅਮਰੀਕਾ ਉਡਾਰੀ ਮਾਰਨ ਦਾ ਦਾਬਾ ਮਾਰਿਆ ਸੀ। ਸ਼ਾਇਦ ਇਸੇ ਕਾਰਨ ਹੀ ਹਾਈ ਕਮਾਂਡ ਦੀ ਭਗਵੰਤ ਮਾਨ ਨੂੰ ਪ੍ਰਧਾਨ ਬਣਾਉਣ ਦੀ ਮਜਬੂਰੀ ਬਣ ਗਈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਇਸ ਸ਼ਰਤ ‘ਤੇ ਪ੍ਰਧਾਨ ਬਣਾਇਆ ਹੈ ਕਿ ਉਹ ਭਵਿੱਖ ਵਿੱਚ ਸ਼ਰਾਬ ਨਹੀਂ ਪੀਣਗੇ ਤੇ ਖ਼ੁਦ ਸ੍ਰੀ ਮਾਨ ਨੇ ਵੀ ਮੀਟਿੰਗ ਦੌਰਾਨ ਵਾਅਦਾ ਕੀਤਾ ਹੈ ਕਿ ਜੇ ਉਹ ਸ਼ਰਾਬ ਪੀਣ ਤਾਂ ਉਨ੍ਹਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਮੁਅੱਤਲ ਕੀਤੇ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ, ਵਿਧਾਇਕ ਸੁਖਪਾਲ ਸਿੰਘ ਖਹਿਰਾ ਜਾਂ ਐਚ.ਐਸ. ਫੂਲਕਾ ਨੂੰ ਪ੍ਰਧਾਨ ਬਣਾਉਣ ਵਿੱਚ ਪਾਰਟੀ ਦਾ ਭਲਾ ਸੀ। ਸ੍ਰੀ ਵੜੈਚ ਨੇ ਭਗਵੰਤ ਮਾਨ ਨੂੰ ਪ੍ਰਧਾਨ ਬਣਾਉਣ ਲਈ ਅਪਣਾਈ ਪ੍ਰਕਿਰਿਆ ਨੂੰ ਧੋਖਾ ਦੱਸਦਿਆਂ ਕਿਹਾ ਕਿ ਚੋਣ ਪ੍ਰਕਿਰਿਆ ਵਿੱਚ 20 ਵਿਧਾਇਕਾਂ ਤੋਂ ਬਿਨਾਂ 20 ਦੇ ਕਰੀਬ ਮਨਮਾਨੇ ਢੰਗ ਨਾਲ ਵਿੰਗਾਂ ਦੇ ਆਗੂ ਤੇ ਅਹੁਦੇਦਾਰ ਸੱਦੇ ਗਏ ਸਨ, ਜਿਸ ਤੋਂ ਸਪਸ਼ਟ ਸੀ ਕਿ ਪ੍ਰਧਾਨ ਦੀ ਮੋਹਰ ਪਹਿਲਾਂ ਹੀ ਸ੍ਰੀ ਮਾਨ ਦੇ ਨਾਂ ‘ਤੇ ਲਾਈ ਜਾ ਚੁੱਕੀ ਸੀ। ਉਨ੍ਹਾਂ ਕਿਹਾ ਕਿ ਪ੍ਰਧਾਨ ਦੀ ਚੋਣ ਘੱਟੋ-ਘੱਟ ਚੋਣ ਲੜੇ ਸਾਰੇ ਉਮੀਦਵਾਰਾਂ ਅਤੇ ਸਰਗਰਮ ਵਲੰਟੀਅਰਾਂ ਦੀ ਰਾਇ ਨਾਲ ਕਰਨੀ ਚਾਹੀਦੀ ਸੀ। ਸ੍ਰੀ ਵੜੈਚ ਨੇ ਕਿਹਾ ਕਿ ਜੇ ਸ੍ਰੀ ਕੇਜਰੀਵਾਲ ਦੀ ਭਗਵੰਤ ਮਾਨ ਨੂੰ ਪ੍ਰਧਾਨ ਬਣਾਉਣ ਦੀ ਕੋਈ ਮਜਬੂਰੀ ਸੀ ਤਾਂ ਉਨ੍ਹਾਂ ਨੂੰ ਖ਼ੁਦ ਆਪਣੇ ਕੋਲ ਸੱਦ ਕੇ ਅਸਤੀਫ਼ਾ ਲੈ ਲੈਂਦੇ। ਸ੍ਰੀ ਵੜੈਚ ਨੇ ਕਿਹਾ ਕਿ ਟਿਕਟਾਂ ਵੰਡਣ ਵੇਲੇ ਉਨ੍ਹਾਂ ਨੂੰ ਕਈ ਆਗੂਆਂ ਖ਼ਿਲਾਫ਼ ਪੈਸੇ ਲੈਣ ਸਣੇ ਹੋਰ ‘ਸੰਗੀਨ’ ਸ਼ਿਕਾਇਤਾਂ ਮਿਲੀਆਂ ਸਨ ਤੇ ਉਨ੍ਹਾਂ ਨੇ ਸ਼ਿਕਾਇਤਾਂ ‘ਤੇ ਕਾਰਵਾਈ ਕਰਨ ਲਈ ਹਾਈ ਕਮਾਂਡ ਨੂੰ ਲਿਖਿਆ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪੰਜਾਬ ਇਕਾਈ ਦੇ ਸਾਬਕਾ ਇੰਚਾਰਜ ਸੰਜੇ ਸਿੰਘ ਬਾਰੇ ਉਨ੍ਹਾਂ ਨੂੰ ਅਜਿਹੀ ਕੋਈ ਸ਼ਿਕਾਇਤ ਨਹੀਂ ਮਿਲੀ। ਉਨ੍ਹਾਂ ਖ਼ੁਲਾਸਾ ਕੀਤਾ ਕਿ ਪਾਰਟੀ ਨੇ ਸ੍ਰੀ ਛੋਟੇਪੁਰ ਵੱਲੋਂ ਪੈਸੇ ਲੈਣ ਦੀ ਵੀਡੀਓ ਵਾਰ-ਵਾਰ ਕਹਿਣ ਦੇ ਬਾਵਜੂਦ ਉਨ੍ਹਾਂ ਨੂੰ ਨਹੀਂ ਦਿਖਾਈ। ਉਨ੍ਹਾਂ ਕਿਹਾ ਕਿ ਮੌਜੂਦਾ ਲੀਡਰਸ਼ਿਪ ਸਿਧਾਂਤਾਂ ਤੋਂ ਭਟਕ ਚੁੱਕੀ ਹੈ। ਇਸ ਮੌਕੇ ਪਾਰਟੀ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਗਿੱਲ ਅਤੇ ਫੰਡ ਰੇਜਿੰਗ ਕਮੇਟੀ ਦੇ ਆਗੂ ਮਿਹਰਬਾਨ ਸਿੰਘ ਵੀ ਹਾਜ਼ਰ ਸਨ। ਸੂਤਰਾਂ ਅਨੁਸਾਰ ਸ੍ਰੀ ਵੜੈਚ ਨੇ ਇੱਕ ਸਿਆਸੀ ਪਾਰਟੀ ਦੇ ਕੁਝ ਆਗੂਆਂ ਨਾਲ ਮੁਲਾਕਾਤ ਵੀ ਕੀਤੀ ਹੈ ਪਰ ਸ੍ਰੀ ਵੜੈਚ ਨੇ ਇਸ ਨੂੰ ਅਫ਼ਵਾਹ ਦੱਸਿਆ ਹੈ।

ਭਗਵੰਤ ਮਾਨ ਬੋਲੇ- ਗੁਰਪ੍ਰੀਤ ਵੜੈਚ ਤੋਂ ਇਹ ਆਸ ਨਹੀਂ ਸੀ:
ਭਗਵੰਤ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਗੁਰਪ੍ਰੀਤ ਸਿੰਘ ਵੜੈਚ ਤੋਂ ਅਜਿਹੀ ਆਸ ਨਹੀਂ ਸੀ, ਕਿਉਂਕਿ ਉਨ੍ਹਾਂ ਨੂੰ ਵੀ ਇਸੇ ਤਰ੍ਹਾਂ ਕਨਵੀਨਰ ਚੁਣਿਆ ਗਿਆ ਸੀ। ਭਗਵੰਤ ਮਾਨ ਨੇ ਕਿਹਾ ਕਿ ਸ੍ਰੀ ਵੜੈਚ ਹੁਣ ਕਹਿ ਰਹੇ ਹਨ ਕਿ ਉਨ੍ਹਾਂ ਨੂੰ ਕਈ ਲੀਡਰਾਂ ਵਿਰੁੱਧ ‘ਸੰਗੀਨ’ ਸ਼ਿਕਾਇਤਾਂ ਮਿਲੀਆਂ ਸਨ ਪਰ ਉਸ ਵੇਲੇ ਉਹ ਚੁੱਪ ਕਿਉਂ ਰਹੇ?

ਮਾਨ ਨੂੰ ਸ਼ਰਾਬੀ ਕਹਿਣ ਵਾਲੇ ਉਪਕਾਰ ਸੰਧੂ ਦੀ ਪਾਰਟੀ ‘ਚੋਂ ਛੁੱਟੀ
ਅੰਮ੍ਰਿਤਸਰ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਦੇ ਨਵੇਂ ਬਣੇ ਸੂਬਾਈ ਪ੍ਰਧਾਨ ਭਗਵੰਤ ਮਾਨ ਨੇ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਜ਼ਿਮਨੀ ਚੋਣ ਲੜਨ ਵਾਲੇ ਪਾਰਟੀ ਉਮੀਦਵਾਰ ਉਪਕਾਰ ਸਿੰਘ ਸੰਧੂ ਨੂੰ ਪਾਰਟੀ ਵਿਚੋਂ ਕੱਢ ਦਿੱਤਾ ਹੈ, ਜਦੋਂ ਕਿ ਸ੍ਰੀ ਸੰਧੂ ਨੇ ਆਖਿਆ ਕਿ ਅਜਿਹੇ ਫੈਸਲਿਆਂ ਕਾਰਨ ਹੀ ਪਾਰਟੀ ਦੀ ਸਾਖ਼ ਨੂੰ ਢਾਹ ਲੱਗ ਰਹੀ ਹੈ।
ਇਸ ਸਬੰਧੀ ਭਗਵੰਤ ਮਾਨ ਨੇ ਸਪਸ਼ਟ ਕੀਤਾ ਕਿ ਸ੍ਰੀ ਸੰਧੂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਦੇ ਦੋਸ਼ ਹੇਠ ਪਾਰਟੀ ਵਿਚੋਂ ਬਾਹਰ ਕੀਤਾ ਗਿਆ ਹੈ। ਸ੍ਰੀ ਸੰਧੂ ਨੇ ਹਾਲ ਹੀ ਵਿੱਚ ਭਗਵੰਤ ਮਾਨ ਦੀ ਨਵੀਂ ਨਿਯੁਕਤੀ ‘ਤੇ ਸਖ਼ਤ ਇਤਰਾਜ਼ ਦਾ ਪ੍ਰਗਟਾਵਾ ਕਰਦਿਆਂ ਸੋਸ਼ਲ ਸਾਈਟ ‘ਤੇ ਲਿਖਿਆ ਸੀ ਕਿ ਇਸ ਨਾਲ ਪਾਰਟੀ ਦੀ ਸਾਖ਼ ਨੂੰ ਢਾਹ ਲੱਗੀ ਹੈ ਅਤੇ ਇਸ ਨਾਲ ‘ਆਪ’ ਪੀਪੀਪੀ (ਪੈਗ ਪਿਆਲਾ ਪਾਰਟੀ) ਬਣ ਕੇ ਰਹਿ ਗਈ ਹੈ।
ਦੂਜੇ ਪਾਸੇ, ਸ੍ਰੀ ਸੰਧੂ ਨੇ ਆਖਿਆ ਕਿ ਉਹ ਇਸ ਫ਼ੈਸਲੇ ਸਬੰਧੀ ਤਿਆਰ ਸਨ ਅਤੇ ਉਨ੍ਹਾਂ ਨੂੰ ਇਸ ਫ਼ੈਸਲੇ ਨਾਲ ਕੋਈ ਹੈਰਾਨੀ ਨਹੀਂ ਹੈ। ਉਨ੍ਹਾਂ ਕਿਹਾ ਕਿ ਭਗਵੰਤ ਮਾਨ ਨੂੰ ਪਾਰਟੀ ਦਾ ਸੂਬਾਈ ਮੁਖੀ ਬਣਾਉਣਾ ਵੀ ਇੱਕ ਗਲਤ ਫ਼ੈਸਲਾ ਹੈ। ਕਿਸੇ ਸਿਆਸੀ ਪਾਰਟੀ ਵਿੱਚ ਸ਼ਾਮਲ ਹੋਣ ਬਾਰੇ ਉਨ੍ਹਾਂ ਆਖਿਆ ਕਿ ਫਿਲਹਾਲ ਉਨ੍ਹਾਂ ਇਸ ਬਾਰੇ ਤੈਅ ਨਹੀਂ ਕੀਤਾ ਹੈ। ਉਹ ਜਨਮ ਤੋਂ ਅਕਾਲੀ ਹਨ ਅਤੇ ਅਕਾਲੀ ਸੋਚ ਨਾਲ ਜੁੜੇ ਹੋਏ ਹਨ। ਜੇਕਰ ਸ਼੍ਰੋਮਣੀ ਅਕਾਲੀ ਦਲ ਦੀ ਮੌਜੂਦਾ ਲੀਡਰਸ਼ਿਪ ਵਿੱਚ ਕੋਈ ਬਦਲਾਅ ਆਉਂਦਾ ਹੈ ਤਾਂ ਉਹ ਮੁੜ ਅਕਾਲੀ ਦਲ ਵਿਚ ਜਾਣ ਬਾਰੇ ਸੋਚ ਸਕਦੇ ਹਨ।

ਦੋ ਹੋਰ ਆਗੂਆਂ ਨੇ ਛੱਡਿਆ ‘ਆਪ’ ਦਾ ਸਾਥ:
ਘੁੱਗੀ ਨਾਲ ਮੌਜੂਦ ‘ਆਪ’ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਜਗਦੀਪ ਸਿੰਘ ਗਿੱਲ ਅਤੇ ਪਾਰਟੀ ਲਈ ਫੰਡ ਜੁਟਾਉਣ ਵਾਲੀ ਕਮੇਟੀ ਦੇ ਆਗੂ ਮਿਹਰਬਾਨ ਸਿੰਘ ਸੰਘਾ ਨੇ ਵੀ ਪਾਰਟੀ ਛੱਡ ਦਿੱਤੀ ਹੈ। ਜਗਦੀਪ ਸਿੰਘ ਗਿੱਲ, ਜੋ ਕਿ ਸਾਬਕਾ ਅੰਤਰਰਾਸ਼ਟਰੀ ਹਾਕੀ ਖਿਡਾਰੀ ਵੀ ਹਨ, ਨੇ ਕਿਹਾ ਕਿ ਪਾਰਟੀ ਹਾਈਕਮਾਨ ਵੱਲੋਂ ਬਣਾਇਆ ਵੋਟਿੰਗ ਸਿਸਟਮ ਠੀਕ ਨਹੀਂ, ਕਿਉਂਕਿ ਉਨ੍ਹਾਂ ਨੇ ਨੇਤਾ ਦੀ ਚੋਣ ਤਾਂ ਵੋਟਿੰਗ ਤੋਂ ਪਹਿਲਾਂ ਹੀ ਕੀਤੀ ਹੁੰਦੀ ਹੈ। ਉਨ੍ਹਾਂ ਕਿਹਾ ਕਿ ਬਿਹਤਰ ਸੀ ਕਿ ਗੁਰਪ੍ਰੀਤ ਸਿੰਘ ਘੁੱਗੀ ਨੂੰ ਬੁਲਾ ਕੇ ਅਹੁਦਾ ਛੱਡਣ ਲਈ ਕਿਹ ਦਿੱਤਾ ਜਾਂਦਾ। ਗਿੱਲ ਨੇ ਕਿਹਾ ਕਿ ਪਾਰਟੀ ਨੇ ਹਾਲੀਆ ਚੋਣਾਂ ਦੌਰਾਨ ਟਿਕਟਾਂ ਨਾਲ ਮਿਲਣ ਤੋਂ ਨਾਰਾਜ਼ ਆਗੂਆਂ ਨੂੰ ਮਨਾਉਣ ਦੀ ਕੋਸ਼ਿਸ਼ ਨਹੀਂ ਕੀਤੀ। ਉਨ੍ਹਾਂ ਕਿਹਾ ਕਿ ਮੈਂ ਜਲੰਧਰ ਕੈਂਟ ਤੋਂ ਟਿਕਟ ਦਾ ਦਾਅਵੇਦਾਰ ਸੀ, ਪ੍ਰੰਤੂ ਮੈਨੂੰ ਟਿਕਟ ਨਹੀਂ ਦਿੱਤੀ ਗਈ ਅਤੇ ਮੈਨੂੰ ਟਿਕਟ ਨਾ ਮਿਲਣ ਦਾ ਕੋਈ ਮਲਾਲ ਵੀ ਨਹੀਂ। ਗਿੱਲ ਨੇ ਕਿਹਾ ਕਿ ਉਹ ਵੀ ਘੁੱਗੀ ਨਾਲ ਪਾਰਟੀ ਵਿਚਲੀ ਆਪਣੀ ਅਹੁਦੇਦਾਰੀ ਤੋਂ ਅਸਤੀਫ਼ਾ ਦੇ ਰਹੇ ਹਨ।

4 ਵਰਕਰਾਂ ਵੱਲੋਂ ਘੁੱਗੀ ਨਾਲ ਤਕਰਾਰ :
ਪ੍ਰੈੱਸ ਕਾਨਫਰੰਸ ਤੋਂ ਬਾਅਦ ਜਦੋਂ ਗੁਰਪ੍ਰੀਤ ਸਿੰਘ ਘੁੱਗੀ ਪ੍ਰੈੱਸ ਕਲੱਬ ਦੇ ਬਾਹਰ ਆਪਣੀ ਗੱਡੀ ਵੱਲ ਜਾਣ ਦੀ ਤਿਆਰੀ ਵਿਚ ਸਨ ਤਾਂ ਉੱਥੇ ਮੌਜੂਦ 4 ਬਜ਼ੁਰਗ ਵਰਕਰਾਂ ਨੇ ਘੁੱਗੀ ਨਾਲ ਤਿੱਖੀ ਤਕਰਾਰ ਸ਼ੁਰੂ ਕਰ ਦਿੱਤੀ। ਪਹਿਲਾਂ ਘੁੱਗੀ ਉਨ੍ਹਾਂ ਦੀ ਗੱਲ ਠਰ੍ਹੰਮੇ ਨਾਲ ਸੁਣਨ ਲੱਗੇ, ਪ੍ਰੰਤੂ ਜਦੋਂ ਇਕ ਵਰਕਰ ਨੇ ਤਲਖ਼ ਲਹਿਜ਼ੇ ਨਾਲ ਕਿਹਾ ਕਿ ਜਦੋਂ ਜਹਾਜ਼ ਡੁੱਬਣ ਲੱਗਦਾ ਹੈ ਤਾਂ ਚੂਹੇ ਪਹਿਲਾਂ ਭੱਜਣ ਲੱਗਦੇ ਹਨ ਤਾਂ ਘੁੱਗੀ ਗੁੱਸੇ ਵਿਚ ਆ ਗਏ ਅਤੇ ਉੱਥੋਂ ਚਲੇ ਗਏ। ਘੁੱਗੀ ਦੇ ਜਾਣ ਮਗਰੋਂ ਵਰਕਰ ਨੇ ਕਿਹਾ ਕਿ ਪਿਛਲੇ ਸਾਲ ਇਸੇ ਜਗ੍ਹਾ ‘ਤੇ ਘੁੱਗੀ ਇਹ ਕਹਿ ਰਿਹਾ ਸੀ ਕਿ ਮੈਨੂੰ ਪਾਰਟੀ ਵਿਚ ਕਿਸੇ ਵੀ ਅਹੁਦੇ ਦੀ ਲੋੜ ਨਹੀਂ, ਪ੍ਰੰਤੂ ਹੁਣ ਜਦੋਂ ਪ੍ਰਧਾਨਗੀ ਨਹੀਂ ਮਿਲੀ ਤਾਂ ਪਾਰਟੀ ਛੱਡ ਰਿਹਾ ਹੈ। ਇਨ੍ਹਾਂ ਵਰਕਰਾਂ ਵਿਚ ਸ਼ਾਮਲ ਇਕ ਬਜ਼ੁਰਗ ਮਹਿਲਾ ਨੇ ਪ੍ਰੈੱਸ ਕਾਨਫਰੰਸ ਦੌਰਾਨ ਵੀ ਘੁੱਗੀ ‘ਤੇ ਟਿੱਪਣੀ ਕਰਨ ਦੀ ਕੋਸ਼ਿਸ਼ ਕੀਤੀ, ਪ੍ਰੰਤੂ ਪੱਤਰਕਾਰਾਂ ਨੇ ਮਹਿਲਾ ਨੂੰ ਇਹ ਕਹਿੰਦਿਆਂ ਅਜਿਹਾ ਕਰਨ ਤੋਂ ਰੋਕ ਦਿੱਤਾ ਕਿ ਇਹ ਪ੍ਰੈੱਸ ਕਾਨਫਰੰਸ ਹੈ, ਜਿੱਥੇ ਕੇਵਲ ਮੀਡੀਆ ਕਰਮੀ ਹੀ ਘੁੱਗੀ ਨੂੰ ਸਵਾਲ ਪੁੱਛ ਸਕਦੇ ਹਨ।

ਘੁੱਗੀ ਨੂੰ ਵਿਖਾਇਆ ਸੀ ਛੋਟੇਪੁਰ ਦਾ ‘ਸਟਿੰਗ ਆਪ੍ਰੇਸ਼ਨ’: ਮਾਹਲ
ਮਾਨਸਾ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ਦੇ ਲੀਗਲ ਸੈੱਲ ਬਠਿੰਡਾ ਜ਼ੋਨ ਦੇ ਸਾਬਕਾ ਕਨਵੀਨਰ ਐਡਵੋਕੇਟ ਗੁਰਲਾਭ ਸਿੰਘ ਮਾਹਲ ਨੇ ਇਹ ਦਾਅਵਾ ਕੀਤਾ ਹੈ ਕਿ ਸੁੱਚਾ ਸਿੰਘ ਛੋਟੇਪੁਰ ਦਾ ‘ਸਟਿੰਗ ਆਪ੍ਰੇਸ਼ਨ’ ਉਨ੍ਹਾਂ ਗੁਰਪ੍ਰੀਤ ਸਿੰਘ ਘੁੱਗੀ ਨੂੰ ਪਾਰਟੀ ਕਨਵੀਨਰ ਬਣਨ ਤੋਂ ਪਹਿਲਾਂ ਮੁਹਾਲੀ ਵਿਚ ਹਿੰਮਤ ਸਿੰਘ ਸ਼ੇਰਗਿੱਲ ਦੇ ਘਰ ਵਿਖਾਇਆ ਸੀ। ਉਨ੍ਹਾਂ ਦੱਸਿਆ ਕਿ ਇਹ ਵੀਡੀਓ ਵਿਖਾਉਣ ਸਮੇਂ ਸ਼ੇਰਗਿੱਲ ਤੋਂ ਇਲਾਵਾ ਪੰਜਾਬ ਮਾਮਲਿਆਂ ਦੇ ਇੰਚਾਰਜ ਸੰਜੇ ਸਿੰਘ ਤੇ ਸਹਿ ਇੰਚਾਰਜ ਦੁਰਗੇਸ਼ ਪਾਠਕ ਵੀ ਮੌਜੂਦ ਸਨ। ਜ਼ਿਕਰਯੋਗ ਹੈ ਕਿ ਪੰਜਾਬ ਦੀ ਕਨਵੀਨਰੀ ਤੋਂ ਲਾਂਭੇ ਕਰਨ ਉਪਰੰਤ ਘੁੱਗੀ ਨੇ ਚੰਡੀਗੜ੍ਹ ਵਿਚ ਪ੍ਰੈੱਸ ਕਾਨਫ਼ਰੰਸ ਮੌਕੇ ‘ਸਟਿੰਗ ਆਪ੍ਰੇਸ਼ਨ’ ਨਾ ਵੇਖਣ ਦੀ ਗੱਲ ਕਹੀ ਹੈ। ਬਾਰ ਐਸੋਸੀਏਸ਼ਨ ਮਾਨਸਾ ਦੇ ਮੈਂਬਰ ਐਡਵੋਕੇਟ ਮਾਹਲ ਨੇ ਸਪਸ਼ਟ ਦੱਸਿਆ ਕਿ ਸਟਿੰਗ ਕਰਵਾਉਣ ਵਿਚ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ, ਸੰਜੇ ਸਿੰਘ, ਹਿੰਮਤ ਸਿੰਘ ਸ਼ੇਰਗਿੱਲ ਤੋਂ ਇਲਾਵਾ ਨਵਜੋਤ ਸਿੰਘ ਬੈਂਸ ਦਾ ਹੱਥ ਸੀ। ਉਨ੍ਹਾਂ ਪਹਿਲੀ ਵਾਰ ਇਹ ਗੱਲ ਖੁੱਲ੍ਹ ਕੇ ਬਿਆਨ ਕੀਤੀ ਕਿ ਉਸ ਵਕਤ ਪਾਰਟੀ ਦੇ ਸੂਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਨੇ ਫ਼ੰਡ ਲੈਣ ਤੋਂ ਇਨਕਾਰ ਕਰ ਦਿੱਤਾ ਸੀ ਪਰ ਉਹ ਧੱਕੇ ਨਾਲ 2 ਲੱਖ ਰੁਪਏ ਖ਼ਰਚੇ-ਵਰਚੇ ਦਾ ਨਾਂਅ ਲੈ ਕੇ ਉਨ੍ਹਾਂ ਕੋਲ ਰੱਖ ਆਏ ਸਨ। ਮਾਹਲ ਨੇ ਮੰਨਿਆ ਕਿ ਸਟਿੰਗ ਕਮਜ਼ੋਰ ਸੀ, ਜਿਸ ਕਰਕੇ ਗੁਰਪ੍ਰੀਤ ਘੁੱਗੀ ਨੇ ਉਸ ਸਮੇਂ ਇਹ ਗੱਲ ਅਣਗੌਲੀ ਕਰ ਦਿੱਤੀ ਸੀ। ਐਡਵੋਕੇਟ ਮਾਹਲ ਨੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਆਪਣੇ ਆਗੂਆਂ ਦੀਆਂ ਗ਼ਲਤੀਆਂ ਕਾਰਨ ਹੋਂਦ ਗਵਾ ਰਹੀ ਹੈ।

ਫੂਲਕਾ ਨੇ 16 ਵਿਧਾਇਕਾਂ ਸਮੇਤ ਰਾਜਪਾਲ ਨਾਲ ਕੀਤੀ ਮੁਲਾਕਾਤ, ਖਹਿਰਾ ਰਹੇ ਗ਼ੈਰਹਾਜ਼ਰ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਨੇਤਾ ਤੇ ਆਮ ਆਦਮੀ ਪਾਰਟੀ ਦੇ ਆਗੂ ਐਡਵੋਕੇਟ ਐਚ.ਐਸ ਫੂਲਕਾ ਨੇ 16 ਪਾਰਟੀ ਵਿਧਾਇਕਾਂ ਸਮੇਤ ਰਾਜਪਾਲ ਅਤੇ ਚੰਡੀਗੜ੍ਹ ਦੇ ਪ੍ਰਸ਼ਾਸਕ ਵੀ.ਪੀ. ਸਿੰਘ ਬਦਨੌਰ ਨੂੰ ਰਾਜ ਭਵਨ ਵਿੱਚ ਮਿਲ ਕੇ ਅਸਿੱਧੇ ਢੰਗ ਨਾਲ ਸ਼ਕਤੀ ਪ੍ਰਦਰਸ਼ਨ ਕੀਤਾ। ਉਂਜ ਇਸ ਮੁਲਾਕਾਤ ਦੌਰਾਨ ਪਾਰਟੀ ਦੇ ਬੁਲਾਰੇ ਤੇ ਪੰਜਾਬ ਅਸੈਂਬਲੀ ਵਿੱਚ ਪਾਰਟੀ ਦੇ ਵ੍ਹਿਪ ਗੈਰਹਾਜ਼ਰ ਰਹੇ।
‘ਆਪ’ ਆਗੂ ਦੀ ਰਾਜਪਾਲ ਨਾਲ ਇਹ ਮੁਲਾਕਾਤ ਕਾਫ਼ੀ ਅਹਿਮ ਹੈ ਕਿਉਂਕਿ ਪਿਛਲੇ ਦਿਨੀਂ ਭਾਰਤੀ ਜਨਤਾ ਪਾਰਟੀ ਪੰਜਾਬ ਦੇ ਸਕੱਤਰ ਵਿਨੀਤ ਜੋਸ਼ੀ ਨੇ ਦਾਅਵਾ ਕੀਤਾ ਸੀ ਕਿ ‘ਆਪ’ ਦੇ 11 ਵਿਧਾਇਕ ਉਨ੍ਹਾਂ ਦੀ ਪਾਰਟੀ ਵਿੱਚ ਸ਼ਾਮਲ ਹੋਣ ਦੀ ਤਿਆਰੀ ਵਿੱਚ ਹਨ। ਇਸੇ ਤਰ੍ਹਾਂ ‘ਆਪ’ ਦੀ ਪੰਜਾਬ ਇਕਾਈ ਦੇ ਸਾਬਕਾ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਵੱਲੋਂ ਪਾਰਟੀ ਛੱਡਣ ਕਾਰਨ ਵੀ ਕੁਝ ਵਿਧਾਇਕਾਂ ਦੇ ਨਾਰਾਜ਼ ਹੋਣ ਦੀ ਚਰਚਾ ਸੀ। ਸੂਤਰਾਂ ਅਨੁਸਾਰ ਪਾਰਟੀ ਨੇ ਮੁੱਖ ਤੌਰ ‘ਤੇ ਇਨ੍ਹਾਂ ਖ਼ਦਸ਼ਿਆਂ ਨੂੰ ਦੂਰ ਕਰਨ ਲਈ ਹੀ ਸਮੂਹ ਵਿਧਾਇਕਾਂ ਸਮੇਤ ਰਾਜਪਾਲ ਨੂੰ ਮਿਲਣ ਦਾ ਪ੍ਰੋਗਰਾਮ ਬਣਾਇਆ ਸੀ। ਵਫ਼ਦ ਵਿਚੋਂ ਗ਼ੈਰਹਾਜ਼ਰ ਰਹੇ ਸੁਖਪਾਲ ਖਹਿਰਾ ਇਸ ਤੋਂ ਪਹਿਲਾਂ ਫੂਲਕਾ ਵੱਲੋਂ ਵਿਧਾਇਕਾਂ ਸਮੇਤ ਸ਼ੁਰੂ ਕੀਤੀ ਪੰਜਾਬ ਯਾਤਰਾ ਤੋਂ ਵੀ ਦੂਰ ਰਹਿ ਰਹੇ ਹਨ ਅਤੇ ਆਪਣੇ ਪੱਧਰ ‘ਤੇ ਹੀ ਸਰਗਰਮ ਹਨ। ਭੁਲੱਥ ਤੋਂ ਵਿਧਾਇਕ ਖਹਿਰਾ ਵੱਲੋਂ ਗੁਰਪ੍ਰੀਤ ਵੜੈਚ ਨੂੰ ਹਟਾ ਕੇ ਭਗਵੰਤ ਮਾਨ ਨੂੰ ਪੰਜਾਬ ਇਕਾਈ ਦਾ ਪ੍ਰਧਾਨ ਬਣਾਉਣ ਦੇ ਰੋਸ ਵਜੋਂ ਪਹਿਲਾਂ ਹੀ ਚੀਫ ਵ੍ਹਿਪ ਅਤੇ ਬੁਲਾਰੇ ਦੇ ਅਹੁਦਿਆਂ ਤੋਂ ਅਸਤੀਫਾ ਦਿੱਤਾ ਜਾ ਚੁੱਕਾ ਹੈ। ਵਿਧਾਇਕ ਕੰਵਰ ਸੰਧੂ ਵੀ ਵਿਦੇਸ਼ ਗਏ ਹੋਣ ਕਰ ਕੇ ਵਫ਼ਦ ਵਿਚੋਂ ਗ਼ੈਰਹਾਜ਼ਰ ਰਹੇ। ਸ੍ਰੀ ਫੂਲਕਾ ਨੇ ਦੱਸਿਆ ਕਿ 20ਵੇਂ ਵਿਧਾਇਕ ਜਗਤਾਰ ਸਿੰਘ ਹਿੱਸੇਵਾਲ ਘਰੇਲੂ ਰੁਝੇਵਿਆਂ ਕਾਰਨ ਵਫਦ ਵਿੱਚ ਸ਼ਾਮਲ ਨਹੀਂ ਹੋ ਸਕੇ। ਉਨ੍ਹਾਂ ਦਾਅਵਾ ਕੀਤਾ ਕਿ ਪਾਰਟੀ ਦਾ ਵਿਧਾਇਕ ਦਲ ਚੱਟਾਨ ਵਾਂਗ ਇਕਜੁੱਟ  ਹੈ।
ਸ੍ਰੀ ਫੂਲਕਾ ਨੇ ਰਾਜਪਾਲ ਨੂੰ ਮੈਮੋਰੰਡਮ ਦੇਣ ਉਪਰੰਤ ਦੱਸਿਆ ਕਿ ਪ੍ਰਾਈਵੇਟ ਸਕੂਲ ਦਾਖਲਾ, ਮੁੜ ਦਾਖਲਾ, ਕਿਤਾਬਾਂ ਅਤੇ ਵਰਦੀਆਂ ਦੇ ਨਾਮ ਉਤੇ ਵਿਦਿਆਰਥੀਆਂ ਕੋਲੋਂ ਭਾਰੀ ਫੀਸਾਂ ਲਈਆਂ ਜਾ ਰਹੀਆਂ ਹਨ ਅਤੇ ਇਹ ਸਭ ਕੁਝ ਹਾਈ ਕੋਰਟ ਤੇ  ਪੰਜਾਬ ਸਰਕਾਰ ਦੁਆਰਾ ਨਿਰਧਾਰਿਤ ਮਾਪਦੰਡਾਂ ਨੂੰ ਅੱਖੋਂ ਪਰੋਖੇ ਕਰਕੇ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਕਿਸਾਨ ਇਸ ਸਮੇਂ ਮੰਦੇ ਆਰਥਿਕ ਦੌਰ ਵਿਚੋਂ ਗੁਜ਼ਰ ਰਹੇ ਹਨ, ਜਿਸ ਕਾਰਨ ਹਰ ਰੋਜ਼ ਕਿਸਾਨ ਖ਼ੁਦਕੁਸ਼ੀਆਂ ਕਰਨ ਲਈ ਮਜਬੂਰ ਹਨ। ਕਾਂਗਰਸ ਨੇ ਆਪਣੇ ਚੋਣ ਮਨੋਰਥ ਪੱਤਰ ਵਿੱਚ ਸਰਕਾਰ ਬਣਨ ਤੋਂ ਬਾਅਦ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਦੀ ਗੱਲ ਕਹੀ ਸੀ, ਪਰ ਅਜੇ ਤੱਕ ਇਸ ਸਬੰਧੀ ਕੋਈ ਕਦਮ ਨਹੀਂ ਚੁੱਕਿਆ। ਸ੍ਰੀ ਫੂਲਕਾ ਨੇ ਕਿਹਾ ਕਿ ਪੰਜਾਬ ਦੀ ਵਿਗੜਦੀ ਕਾਨੂੰਨ ਵਿਵਸਥਾ ਦਾ ਮੁੱਖ ਕਾਰਨ ਕਾਂਗਰਸੀ ਆਗੂਆਂ ਵੱਲੋਂ ਨਜਾਇਜ਼ ਧੰਦੇ ਅਤੇ ਗੁੰਡਾ ਟੈਕਸ ਨੂੰ ਹਥਿਆ ਕੇ ਕਾਨੂੰਨ ਵਿਰੋਧੀ ਕਾਰਜ ਕਰਨਾ ਹੈ।

ਮੈਨੂੰ ‘ਆਪ’ ਦੇ ਵਰਕਰਾਂ ਤੋਂ ਜਾਨ ਦਾ ਖ਼ਤਰਾ : ਹਰਿੰਦਰ ਸਿੰਘ ਖ਼ਾਲਸਾ
ਲੁਧਿਆਣਾ/ਬਿਊਰੋ ਨਿਊਜ਼ :
ਸੰਸਦ ਮੈਂਬਰ ਭਗਵੰਤ ਮਾਨ ਨੂੰ ਸ਼ਰਾਬ ਦਾ ਆਦੀ ਕਹਿ ਕੇ ਚਰਚਾ ਵਿੱਚ ਆਏ ਫ਼ਤਹਿਗੜ੍ਹ ਸਾਹਿਬ ਤੋਂ ਲੋਕ ਸਭਾ ਮੈਂਬਰ ਹਰਿੰਦਰ ਸਿੰਘ ਖ਼ਾਲਸਾ ਨੇ ਆਮ ਆਦਮੀ ਦੇ ਕੁਝ ਵਰਕਰਾਂ ਤੋਂ ਆਪਣੀ ਜਾਨ ਨੂੰ ਖ਼ਤਰਾ ਦੱਸਿਆ ਹੈ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਉਨ੍ਹਾਂ ਦੀ ਸੁਰੱਖਿਆ ਦੇ ਪੁਖ਼ਤਾ ਪ੍ਰਬੰਧ ਕੀਤੇ ਜਾਣ। ਉਹ ਲੁਧਿਆਣਾ ਸਥਿਤ ਰਿਹਾਇਸ਼ ‘ਤੇ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਦੋਸ਼ ਲਾਇਆ ਕਿ ਕਈ ਨਸ਼ੇੜੀ ਕਿਸਮ ਦੇ ਨੌਜਵਾਨ, ਜੋ ਹਰ ਸਮੇਂ ਫਿਰੋਜ਼ਪੁਰ ਰੋਡ ‘ਤੇ ਕੋਹਿਨੂਰ ਪਾਰਕ ਇਲਾਕੇ ਵਿੱਚ ਸਥਿਤ ਉਨ੍ਹਾਂ ਦੇ ਘਰ ਨੇੜੇ ‘ਇਨਕਲਾਬ ਜ਼ਿੰਦਾਬਾਦ’ ਦੇ ਨਾਅਰੇ ਲਾਉਂਦੇ ਰਹਿੰਦੇ ਹਨ ਤੇ ਕੇਜਰੀਵਾਲ ਦੇ ਭਗਤ ਹਨ, ਉਨ੍ਹਾਂ ਦੀ ਜਾਨ ਦੇ ਪਿੱਛੇ ਪਏ ਹਨ। ਉਨ੍ਹਾਂ ਖੁਲਾਸਾ ਕੀਤਾ ਕਿ ਇਹੀ ਕਾਰਨ ਹੈ ਕਿ ਉਹ ਹੁਣ ਸੈਰ ਕਰਨ ਲਈ ਵੀ ਨਹੀਂ ਜਾ ਰਹੇ ਤਾਂ ਕਿ ਕੋਈ ਅਣਹੋਣੀ ਨਾ ਹੋ ਜਾਵੇ। ਉਨ੍ਹਾਂ ਇਸ ਸਬੰਧੀ ਗ੍ਰਹਿ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਜਾਣੂ ਕਰਵਾ ਦਿੱਤਾ ਹੈ।

ਮੌਜੂਦਾ ਸਮੇਂ ਪੰਜਾਬ ‘ਚ ‘ਆਪ’ ਨੇ ਕੋਈ ਵੀ ਚੋਣ ਲੜੀ ਤਾਂ ਬੁਰੀ ਤਰ੍ਹਾਂ ਹਾਰੇਗੀ : ਖਹਿਰਾ
ਜਲੰਧਰ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ ‘ਚ ਮਚੇ ਘਮਸਾਣ ਦੇ ਚੱਲਦਿਆਂ ਦੋ ਅਹੁਦਿਆਂ ਤੋਂ ਅਸਤੀਫ਼ਾ ਦੇ ਚੁੱਕੇ ਹਲਕਾ ਭੁਲੱਥ ਦੇ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਹੈ ਕਿ ਮੌਜੂਦਾ ਸਮੇਂ ਜੇਕਰ ‘ਆਪ’ ਗੁਰਦਾਸਪੁਰ ਲੋਕ ਸਭਾ ਹਲਕੇ ਦੀ ਉਪ ਚੋਣ, ਨਗਰ ਨਿਗਮ ਅਤੇ ਪੰਚਾਇਤੀ ਚੋਣਾਂ ਲੜਦੀ ਹੈ ਤਾਂ ਪਾਰਟੀ ਬੁਰੀ ਤਰ੍ਹਾਂ ਹਾਰ ਜਾਵੇਗੀ। ਉਨ੍ਹਾਂ ਇੱਥੇ ਕਿਹਾ ਕਿ ‘ਆਪ’ ਉਦੋਂ ਹੀ ਮਜ਼ਬੂਤ ਹੋਵੇਗੀ, ਜਦੋਂ ਇਹ ਆਪਣੇ ਸਿਧਾਂਤਾਂ ਵੱਲ ਪਰਤ ਆਵੇਗੀ। ਉਨ੍ਹਾਂ ਦਾਅਵਾ ਕੀਤਾ ਕਿ ‘ਆਪ’ ਸਾਲ 2019 ਦੀਆਂ ਲੋਕ ਸਭਾ ਚੋਣਾਂ ਵਿਚ ਜ਼ਬਰਦਸਤ ਵਾਪਸੀ ਕਰੇਗੀ ਤੇ 8 ਤੋਂ 10 ਸੀਟਾਂ ‘ਤੇ ਜਿੱਤ ਹਾਸਲ ਕਰੇਗੀ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਅਜੇ ਵੀ ਸ਼੍ਰੋਮਣੀ ਅਕਾਲੀ ਦਲ ਨੂੰ ਨਫ਼ਰਤ ਕਰਦੇ ਹਨ ਅਤੇ ਕਾਂਗਰਸ ਸਰਕਾਰ ਦਾ ਗਰਾਫ ਤੇਜ਼ੀ ਨਾਲ ਹੇਠਾਂ ਡਿੱਗ ਰਿਹਾ ਹੈ।
ਸ੍ਰੀ ਖਹਿਰਾ ਨੇ ਗੁਰਪ੍ਰੀਤ ਸਿੰਘ ਘੁੱਗੀ ਵੱਲੋਂ ਪਾਰਟੀ ਛੱਡੇ ਜਾਣ ਨੂੰ ਮੰਦਭਾਗਾ ਦੱਸਦਿਆਂ ਕਿਹਾ ਕਿ ਘੁੱਗੀ ਦੇ ‘ਆਪ’ ਵਿਚੋਂ ਬਾਹਰ ਜਾਣ ਨਾਲ ਪਾਰਟੀ ਕਮਜ਼ੋਰ ਹੋਈ ਹੈ। ਪਾਰਟੀ ਦੇ ਕੌਮੀ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨਾਲ ਹੋਈ ਮੁਲਾਕਾਤ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਪਾਰਟੀ ਵਿਚ ਆਈ ਗਿਰਾਵਟ ਅਤੇ ਉਸ ਨੂੰ ਸੁਧਾਰਨ ਦੀਆਂ ਗੱਲਾਂ ਖੁੱਲ੍ਹ ਕੇ ਕੀਤੀਆਂ ਗਈਆਂ ਸਨ।
ਉਨ੍ਹਾਂ ਨੇ ਭਾਜਪਾ ਵਿਚ ਜਾਣ ਦੀਆਂ ਅਫ਼ਵਾਹਾਂ ਦਾ ਖੰਡਨ ਕਰਦਿਆਂ ਕਿਹਾ ਕਿ ਭਾਜਪਾ ਨਾਲ ਉਨ੍ਹਾਂ ਦੀ ਵਿਚਾਰਧਾਰਾ ਕਦੇ ਮੇਲ ਨਹੀਂ ਖਾ ਸਕਦੀ। ਉਨ੍ਹਾਂ ਨੂੰ ਕਾਂਗਰਸ ਦੇ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਵੀ ਮਨਾਉਣ ਲਈ ਆਏ ਸਨ, ਜਿਨ੍ਹਾਂ ਮੁਲਾਕਾਤ ਦੌਰਾਨ ਉਨ੍ਹਾਂ ਨੂੰ ਕੈਬਨਿਟ ਮੰਤਰੀ ਦੇ ਅਹੁਦੇ ਦੀ ਪੇਸ਼ਕਸ਼ ਵੀ ਕੀਤੀ ਸੀ ਪਰ ਉਨ੍ਹਾਂ ਦਾ ਇਹੋ ਜਵਾਬ ਸੀ ਕਿ ਉਹ ‘ਆਪ’ ਵਿੱਚ ਜਿੱਤਣ ਭਾਵੇਂ ਹਾਰਨ, ਪਰ ਪਾਰਟੀ ਦਾ ਸਾਥ ਨਹੀਂ ਛੱਡਣਗੇ।