ਨਿਡਰਤਾ ਮੇਰੇ ਖ਼ੂਨ ਵਿਚ ਹੈ : ਗੁਰਮਿਹਰ ਕੌਰ

0
430

gurmehar-kaur
ਹੁਣ ਸੁਸਾਇਟੀ ਚਲਾ ਰਹੀ ਹੈ ਮੇਰੀ ਮੁਹਿੰਮ
ਦਿੱਲੀ ਯੂਨੀਵਰਸਿਟੀ ਦੇ ਰਾਮਜਸ ਕਾਲਜ ਵਿਚ ਵਿਵਾਦ ਮਗਰੋਂ ਸੋਸ਼ਲ ਮੀਡੀਆ ‘ਤੇ ਮੁਹਿੰਮ ਚਲਾਉਣ ਵਾਲੀ ਬੀ.ਏ. ਆਨਰਜ਼ ਦੀ ਵਿਦਿਆਰਥਣ ਗੁਰਮਿਹਰ ਕੌਰ ਇਨ੍ਹੀਂ ਦਿਨੀਂ ਆਪਣੇ ਸ਼ਹਿਰ ਜਲੰਧਰ ਵਿਚ ਹੈ। ਗੁਰਮਿਹਰ ਦਾ ਕਹਿਣਾ ਹੈ ਕਿ ਅੱਧੀ ਜਾਣਕਾਰੀ ਹਮੇਸ਼ਾ ਖ਼ਤਰਨਾਕ ਹੁੰਦੀ ਹੈ, ਉਸ ਦੇ ਪਹਿਲੇ ਵੀਡੀਓ ਵਿਚ ਦਿਖਾਈ ਗਈ…ਸਲਾਈਡ ਵਿਚੋਂ ਇਕ ਨੂੰ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤਾ ਗਿਆ। ਮੇਰੀ ਗੱਲ ਦੀ ਡੂੰਘਾਈ ਵਿਚ ਨਹੀਂ ਗਏ ਉਹ ਲੋਕ। ਗੁਰਮਿਹਰ ਨੇ ਕਿਹਾ, ”ਨਿਡਰਤਾ ਮੇਰੇ ਖ਼ੂਨ ਵਿਚ ਹੈ। ਮੈਂ ਡਰੀ ਨਹੀਂ।” ਪੱਤਰਕਾਰ ਪ੍ਰਵੀਣ ਪਰਵ ਨਾਲ ਗੁਰਮਿਹਰ ਕੌਰ ਨੇ ਖੁੱਲ੍ਹ ਕੇ ਗੱਲਾਂ ਕੀਤੀਆਂ।
ਸਵਾਲ- ਤੁਸੀਂ ਕੁੜੀਆਂ ਨੂੰ ਕੀ ਨਾ ਕਰਨ ਦੀ ਸਲਾਹ ਦਿਓਗੇ?
ਗੁਰਮਿਹਰ- ਜੋ ਕੁਝ ਕਰਨਾ ਚਾਹੁੰਦੀਆਂ ਹੋ, ਖੁੱਲ੍ਹ ਕੇ ਕਰੋ। ਡਰੋ ਨਾ। ਇਹ ਤੁਹਾਡੇ ‘ਤੇ ਨਿਰਭਰ ਕਰਦਾ ਹੈ ਕਿ ਘਰ ਵਿਚ ਬੈਠਣਾ ਹੈ ਜਾਂ ਬਾਹਰ ਨਿਕਲ ਕੇ ਕੁਝ ਖ਼ਾਸ ਕਰਨਾ ਹੈ। ਮਾਪਿਆਂ ਨੂੰ ਵੀ ਚਾਹੀਦਾ ਹੈ ਕਿ ਧੀਆਂ ਦੀ ਭਾਵਨਾ ਨੂੰ ਸਮਝਣ। ਪੁਰਸ਼ਾਂ ਨੂੰ ਵੀ ਇਹ ਚੀਜ਼ ਸਮਝਣੀ ਚਾਹੀਦੀ ਹੈ। ਸਾਰਿਆਂ ਨੂੰ ਪੁਰਾਣੀਆਂ ਸੋਚਾਂ ਨੂੰ ਤੋੜਨੀਆਂ ਪੈਣਗੀਆਂ।

ਸਵਾਲ- ਤੁਸੀਂ ਦਿੱਲੀ ਵਿਚ ਹੋ ਤੇ ਮਾਂ ਰਾਜਵਿੰਦਰ ਕੌਰ ਚੰਡੀਗੜ੍ਹ ਵਿਚ ਤਾਇਨਾਤ ਹਨ, ਕੀ ਤੁਸੀਂ ਦਿੱਲੀ ਵਿਚ ਮੁਸ਼ਕਲ ਮਹਿਸੂਸ ਕਰਦੇ ਹੋ?
ਗੁਰਮਿਹਰ- ਦਿੱਲੀ ਵਿਚ ਕਾਲਜ ਦੇ ਆਲੇ-ਦੁਆਲੇ ਮਾਹੌਲ ਹੀ ਅਜਿਹਾ ਹੈ ਕਿ ਵੱਖ ਵੱਖ ਸ਼ਹਿਰਾਂ ਦੀਆਂ ਕੁੜੀਆਂ ਰਹਿੰਦੀਆਂ ਹਨ। ਸਾਰੀਆਂ ਇਕ-ਦੂਸਰੇ ਦਾ ਖ਼ਿਆਲ ਰੱਖਦੀਆਂ ਹਨ। ਸੁਭਾਵਕ ਹੈ ਕਿ ਭੈਣਾਂ ਵਾਂਗ ਰਹਿੰਦੀਆਂ ਹਾਂ। ਮੰਮੀ ਨੇ ਮੈਨੂੰ ਇਕੱਲਿਆਂ ਪਾਲਿਆ ਹੈ। ਉਨ੍ਹਾਂ ਕੋਲੋਂ ਹੀ ਮੈਂ ਜਿਉਣਾ ਸਿੱਖਿਆ ਹੈ।

ਸਵਾਲ- ਤੁਹਾਡੇ ਪਾਪਾ ਮਨਦੀਪ ਸਿੰਘ ਦੇਸ਼ ਲਈ ਸ਼ਹੀਦ ਹੋਏ। ਤੁਹਾਨੂੰ ਜੇਕਰ ਫ਼ੌਜ, ਸਿਆਸਤ ਜਾਂ ਸਰਕਾਰੀ ਨੌਕਰੀ ਵਿਚ ਇਕ ਨੂੰ ਚੁਣਨਾ ਹੋਵੇ ਤਾਂ ਕੀ ਚੁਣੋਗੇ?
ਗੁਰਮਿਹਰ- ਤਿੰਨਾਂ ਵਿਚੋਂ ਮੇਰੀ ਤਰਜੀਹ ਫ਼ੌਜ ਹੈ। ਮੇਰਾ ਸੁਪਨਾ ਹੈ-ਲੇਖਕ ਬਣਾ। ਮੇਰੀ ਆਪਣਾ ਰਸਾਲਾ ਹੋਵੇ।

ਸਵਾਲ- ਸੋਸ਼ਲ ਮੀਡੀਆ ‘ਤੇ ਮੁਹਿੰਮ ਕਿਉਂ ਸ਼ੁਰੂ ਕੀਤੀ?
ਗੁਰਮਿਹਰ- ਮੇਰੀਆਂ ਕੁਝ ਦੋਸਤਾਂ ਨੂੰ ਧਮਕੀਆਂ ਮਿਲੀਆਂ ਸਨ। ਇਕ ਦਿਨ ਪਹਿਲਾਂ ਦੀਆਂ ਘਟਨਾਵਾਂ ਲਈ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ।

ਸਵਾਲ- ਤੁਹਾਡੇ ਮੁਤਾਬਕ ਤੁਸੀਂ ਕਿਸੇ ਸੰਗਠਨ ਵਿਸ਼ੇਸ਼ ਨਾਲ ਨਹੀਂ ਬਲਕਿ ਦਿੱਲੀ ਯੂਨੀਵਰਸਿਟੀ ਵਿਚ ਗੁੰਡਾਗਰਦੀ ਖ਼ਿਲਾਫ਼ ਹੋ। ਕੀ ਖੱਬੇ ਪੱਖੀ ਵਿਚਾਰਧਾਰਾ ਦਾ ਸਮਰਥਨ ਕਰਦੇ ਹੋ?
ਗੁਰਮਿਹਰ- ਮੈਂ ਵਿਦਿਆਰਥੀ ਹਾਂ। ਮੈਂ ਸ਼ਾਂਤੀਵਾਦੀ ਹਾਂ। ਮੈਂ ਨਾ ਖੱਬੇਪੱਖੀ ਹਾਂ ਤੇ ਨਾ ਕਿਸੇ ਸਿਆਸੀ ਵਿਚਾਰਧਾਰਾ ਨਾਲ ਸਬੰਧ ਹੈ।

ਸਵਾਲ- ਦਿੱਲੀ ਯੂਨੀਵਰਸਿਟੀ ਦੀ ਮੁਹਿੰਮ ਤੋਂ ਖ਼ੁਦ ਨੂੰ ਵੱਖ ਕਿਉਂ ਕੀਤਾ। ਕਿਤੇ ਤੁਸੀਂ ਡਰ ਤਾਂ ਨਹੀਂ ਗਏ?
ਗੁਰਮਿਹਰ- ਨਿਡਰਤਾ ਮੇਰੇ ਖ਼ੂਨ ਵਿਚ ਹੈ। ਮੈਂ ਡਰੀ ਨਹੀਂ। ਮੇਰੀ ਮੁਹਿੰਮ ਅੱਜ ਸੁਸਾਇਟੀ ਚਲਾ ਰਹੀ ਹੈ। ਮੈਂ ਕਿਸੇ ਸੰਗਠਨ ਖ਼ਿਲਾਫ਼ ਨਹੀਂ। ਮੇਰਾ ਕੰਮ ਸ਼ਾਂਤੀ ਲਈ ਹੈ। ਮੈਂ ਹਿੰਸਾ ਦੇ ਖ਼ਿਲਾਫ਼ ਹਾਂ। ਭਾਵੇਂ ਕੋਈ ਵੀ ਸੰਗਠਨ ਹੋਵੇ। ਸ਼ਾਂਤੀ ਲਈ ਮੇਰੀ ਆਵਾਜ਼ ਹਮੇਸ਼ਾ ਬੁਲੰਦ ਰਹੇਗੀ।

ਸਵਾਲ- ਤੁਹਾਡੇ ਪਹਿਲੇ ਵੀਡੀਓ ਦੇ ਡਾਇਰੈਕਟਰ ਸੁਬਰਾਮਨੀਅਮ ਆਮ ਆਦਮੀ ਪਾਰਟੀ ਦੇ ਨੇੜੇ ਹਨ। ਤੁਹਾਨੂੰ ਵੀ ਇਸ ਪਾਰਟੀ ਨਾਲ ਸਮਝਿਆ ਜਾ ਰਿਹਾ ਹੈ?
ਗੁਰਮਿਹਰ- ਨਹੀਂ। ਮੇਰਾ ਆਮ ਆਦਮੀ ਪਾਰਟੀ ਨਾਲ ਸਬੰਧ ਨਹੀਂ। ਮੈਂ ਪਹਿਲਾਂ ਹੀ ਕਿਹਾ, ਮੈਂ ਵਿਦਿਆਰਥਣ ਹਾਂ। ਜੋ ਉਨ੍ਹਾਂ ਨੂੰ ਪਸੰਦ ਹੈ, ਉਹ ਉਨ੍ਹਾਂ ਦਾ ਹੀ ਹੱਕ ਹੈ।

ਸਵਾਲ- ਤੁਹਾਡੀ ਵੀਡੀਓ ਨੂੰ ਲੈ ਕੇ ਜੋ ਭਾਰਤ ਵਿਚ ਬਹਿਸ ਛਿੜੀ, ਤੁਸੀਂ ਉਸ ਬਾਰੇ ਕੀ ਕਹਿਣਾ ਚਾਹੋਗੇ?
ਗੁਰਮਿਹਰ- ਅੱਧੀ ਜਾਣਕਾਰੀ ਹਮੇਸ਼ਾ ਖ਼ਤਰਨਾਕ ਹੁੰਦੀ ਹੈ। ਪਹਿਲਾਂ ਪੂਰੀ ਗੱਲ ਜਾਣਨੀ ਚਾਹੀਦੀ ਹੈ। ਮੇਰੇ ਵੀਡੀਓ ਦੀ ਇਕ ਸਲਾਈਡ ਸੋਸ਼ਲ ਮੀਡੀਆ ‘ਤੇ ਵਾਇਰਲ ਕੀਤੀ ਗਈ। ਮੈਂ ਜੋ ਪੂਰੀ ਗੱਲ ਕੀਤੀ, ਉਸ ‘ਤੇ ਧਿਆਨ ਨਹੀਂ ਦਿੱਤਾ ਗਿਆ। ਪਿਤਾ ਦੀ ਸ਼ਹਾਦਤ ਮਗਰੋਂ ਮੈਂ 18 ਸਾਲ ਜੋ ਝਲਿਆ, ਮੈਂ ਨਹੀਂ ਚਾਹੁੰਦੀ ਕਿ ਦੂਸਰੇ ਕਿਸੇ ਬੱਚੇ ਨਾਲ ਅਜਿਹਾ ਹੋਵੇ। ਮੈਂ ਪਹਿਲਾਂ ਵੀਡੀਓ ਵਿਚ ਦੋਹਾਂ ਮੁਲਕਾਂ ਵਿਚਾਲੇ ਸ਼ਾਂਤੀ ਦੀ ਗੱਲ ਕੀਤੀ ਸੀ। ਨਾ ਜੰਗ ਹੋਵੇ ਤੇ ਨਾ ਹੀ ਕਿਸੇ ਤੋਂ ਉਸ ਦਾ ਪਿਤਾ ਵਿਛੜੇ। ਸਭ ਸ਼ਾਂਤ ਹੋ ਜਾਵੇਗਾ।

ਸਵਾਲ- ਦੇਸ਼ ਵਿਚ ਭਾਜਪਾ ਦੀ ਸਰਕਾਰ ਹੈ, ਜਿਸ ਦਾ ਸੰਗਠਨ ਹੈ ਏ.ਬੀ.ਵੀ.ਪੀ.। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਕੁਝ ਕਹਿਣਾ ਚਾਹੋਗੇ?
ਗੁਰਮਿਹਰ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਔਨਲਾਈਨ ਟਰੋਲਿੰਗ ‘ਤੇ ਸਖ਼ਤ ਕਾਰਵਾਈ ਕਰਨ। ਔਰਤਾਂ ਨੂੰ ਸੁਰੱਖਿਆ ਮਿਲੇ। ਡਿਜੀਟਲ ਇੰਡੀਆ ਦੀ ਗੱਲ ਹੋ ਰਹੀ ਹੈ। ਔਰਤਾਂ ਸਮਾਜ ਵਿਚ ਅਸੁਰੱਖਿਅਤਤਾ ਦਾ ਬੋਝ ਸਹਿ ਰਹੀਆਂ ਹਨ। ਦੂਸਰਾ ਇੰਟਰਨੈੱਟ ‘ਤੇ ਦਿੱਤਾ ਜਾਣ ਵਾਲਾ ਸਟਰੈੱਸ ਹੁੰਦਾ ਹੈ। ਸਰਕਾਰ ਦੀ ਸਖ਼ਤੀ ਹੀ ਇਸ ਨੂੰ ਰੋਕ ਸਕਦੀ ਹੈ।
1996 ਵਿਚ ਜਨਮੀ ਗੁਰਮਿਹਰ ਕੌਰ ਦੀ ਸਕੂਲਿੰਗ ਜਲੰਧਰ ਤੇ ਲੁਧਿਆਣਾ ਵਿਚ ਹੋਈ ਹੈ। 2010-12 ਵਿਚ ਨੈਸ਼ਨਲ ਟੈਨਿਸ ਦੌਰਾਨ ਪੰਜਾਬ ਦੀ ਅਗਵਾਈ ਕੀਤੀ ਸੀ। ਛੋਟੀ ਭੈਣ ਬਾਨੀ ਬੋਰਡਿੰਗ ਸਕੂਲ ਵਿਚ ਹੈ। ਮਾਂ ਰਾਜਵਿੰਦਰ ਕੌਰ ਚੰਡੀਗੜ੍ਹ ਵਿਚ ਏ.ਈ.ਟੀ.ਸੀ. ਹੈ। ਉਸ ਦਾ ਪ੍ਰੇਰਣਾ ਸਰੋਤ ਪਾਪਾ ਕੈਪਟਨ ਮਨਦੀਪ ਸਿੰਘ ਹੈ, ਜੋ 1996 ਵਿਚ ਜੰਮੂ-ਕਸ਼ਮੀਰ ਵਿਚ ਦੇਸ਼ ਲਈ ਸ਼ਹੀਦ ਹੋਏ।

ਗੁਰਮਿਹਰ ਨੇ ਸਹਿਵਾਗ ਤੇ ਹੂਡਾ ਨੂੰ ਬਣਾਇਆ ਨਿਸ਼ਾਨਾ,
ਕਿਹਾ-ਇਹ ਟਵੀਟ ਮੈਂ ਨਹੀਂ, ਮੇਰੇ ਹੱਥਾਂ ਨੇ ਕੀਤਾ ਹੈ
ਜਲੰਧਰ : ਕੁਝ ਦਿਨ ਚੁੱਪ ਰਹਿਣ ਤੋਂ ਬਾਅਦ ਦਿੱਲੀ ਯੂਨੀਵਰਸਿਟੀ ਦੀ ਵਿਦਿਆਰਥਣ ਗੁਰਮਿਹਰ ਕੌਰ ਸੋਸ਼ਲ ਮੀਡੀਆ ‘ਤੇ ਮੁੜ ਸਰਗਰਮ ਹੋ ਗਈ ਹੈ। ਉਸ ਨੇ ਆਪਣੇ ਤਾਜ਼ਾ ਕੀਤੇ ਟਵੀਟ ਨਾਲ ਦੋ ਜਣਿਆਂ ਰਣਦੀਪ ਹੂਡਾ ਤੇ ਵਰਿੰਦਰ ਸਹਿਵਾਗ ਨੂੰ ਨਿਸ਼ਾਨਾ ਬਣਾਇਆ ਹੈ। ਖ਼ਬਰ ਲਿਖੇ ਜਾਣ ਤੱਕ ਉਸ ਦੇ ਟਵੀਟ ਨੂੰ 1600 ਲੋਕਾਂ ਨੇ ਮੁੜ ਟਵੀਟ ਕੀਤਾ ਹੈ। ਜ਼ਿਕਰਯੋਗ ਹੈ ਕਿ ਫ਼ਿਲਮ ਅਦਾਕਾਰ ਰਣਦੀਪ ਹੂਡਾ ਨੇ ਟਵੀਟ ਕਰ ਕੇ ਮੁਆਫੀ ਮੰਗੀ ਤੇ ਆਪਣੇ ਟਵੀਟ ਵਿੱਚ ਲਿਖਿਆ ਕਿ ਉਸ ਨੂੰ ਗੁਰਮਿਹਰ ਕੌਰ ਦਾ ਪਤਾ ਨਹੀਂ ਸੀ ਅਤੇ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀਆਂ ਬਾਰੇ ਉਸ ਨੂੰ ਧਿਆਨ ਨਾਲ ਟਵੀਟ ਕਰਨਾ ਚਾਹੀਦਾ ਸੀ।
ਇਸ ਟਵੀਟ ਨੂੰ ਆਪਣੇ ਟਵਿੱਟਰ ‘ਤੇ ਪਾਉਂਦਿਆਂ ਗੁਰਮਿਹਰ ਕੌਰ ਨੇ ਲਿਖਿਆ, ‘ਇਹ ਟਵੀਟ ਮੈਂ ਨਹੀਂ ਮੇਰੇ ਹੱਥਾਂ ਨੇ ਕੀਤਾ ਸੀ।’ ਵੱਡੀ ਗਿਣਤੀ ਲੋਕ ਉਸ ਦੀ ਸੋਸ਼ਲ ਮੀਡੀਆ ‘ਤੇ ਵਾਪਸੀ ਦਾ ਸਵਾਗਤ ਕਰ ਰਹੇ ਹਨ, ਪਰ ਉਸ ਦਾ ਵਿਰੋਧ ਕਰਨ ਵਾਲੇ ਵੀ ਪਿੱਛੇ ਨਹੀਂ ਹਟੇ ਤੇ ਉਹ ਵੀ ਤਿੱਖੀਆਂ ਟਿੱਪਣੀਆਂ ਕਰ ਰਹੇ ਹਨ।