ਕਾਂਗਰਸੀ ਸਰਕਾਰ ਨੂੰ ਮੁੜ ਜਾਗਿਆ ਸਿਰਸੇ ਵਾਲੇ ਦਾ ਹੇਜ

0
211

gurmeet-ram-rahim
ਅਕਾਲ ਤਖ਼ਤ ਤੋਂ ਛੇਕੇ ਬਦਨਾਮ ਸਾਧ ਨੂੰ ਪੰਜਾਬ ਲਿਆਉਣ ਦੀ ਮੁਹਿੰਮ ਅੰਦਰਖਾਤੇ ਸ਼ੁਰੂ
ਚੰਡੀਗੜ/ਸਿੱਖ ਸਿਆਸਤ ਬਿਊਰੋ:
ਪੰਜਾਬ ਵਿਚਲੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਵਾਲੀ ਕਾਂਗਰਸੀ ਸਰਕਾਰ ਡੇਰਾ ਸਿਰਸਾ ਨਾਲ ਨੇੜਤਾ ਬਣਾਉਂਦੀ ਨਜ਼ਰ ਆ ਰਹੀ ਹੈ। ਮੀਡੀਏ ਤੋਂ ਪ੍ਰਾਪਤ ਰਿਪੋਰਟਾਂ ਅਨੁਸਾਰ ਡੇਰਾ ਸਿਰਸਾ ਵੱਲੋਂ ਬੀਤੇ ਦਿਨੀਂ ਡੇਰਾ ਮੁਖੀ ਗੁਰਮੀਤ ਰਾਮ ਰਹੀਮ ਦੇ ਜਨਮ ਦਿਨ ਨੂੰ ਸਮਰਪਿਤ ‘ਪੌਦੇ ਲਾਓ ਮੁਹਿੰਮ’ ਤਹਿਤ ਪੂਰੇ ਪੰਜਾਬ ਵਿਚ ਪੌਦੇ ਲਾਏ ਗਏ ਹਨ। ਬਠਿੰਡਾ ਦੇ ਡਿਪਟੀ ਕਮਿਸ਼ਨਰ ਦੀਪਰਵਾ ਲਾਕਰਾ ਡੇਰਾ ਸਿਰਸਾ ਦੇ ਬਠਿੰਡਾ ਪ੍ਰੋਗਰਾਮਾਂ ਵਿੱਚ ਪੁੱਜੇ, ਜਿੱਥੇ ਉਨ੍ਹਾਂ ਨੇ ਪੌਦਾ ਲਾ ਕੇ ਮੁਹਿੰਮ ਦਾ ਆਗਾਜ਼ ਕੀਤਾ।
ਅਕਾਲ ਤਖ਼ਤ ਸਾਹਿਬ ਵਲੋਂ ਜਾਰੀ 2007 ਦੇ ਹੁਕਮਨਾਮੇ ਦੀ ਸ਼ਰੇਆਮ ਉਲੰਘਣਾ ਕਰਦੇ ਹੋਏ ਸੱਤਾਧਾਰੀ ਕੈਪਟਨ ਸਰਕਾਰ ਨੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੇ ਪ੍ਰੋਗਰਾਮ ਪੰਜਾਬ ਵਿਚ ਕਰਵਾਏ ਜਾਣ ਦੀ ਮੁਹਿੰਮ ਅੰਦਰਖਾਤੇ ਸ਼ੁਰੂ ਕੀਤੀ ਗਈ ਹੈ। ਸੂਤਰ ਦੱਸਦੇ ਹਨ ਕਿ ਸੰਗਰੂਰ ਜ਼ਿਲ੍ਹੇ ਵਿਚ ਸਥਾਨਕ ਨੁਮਾਇੰਦਿਆਂ ਤੋਂ ਸਤਿਸੰਗ ਕਰਾਉਣ ਸਬੰਧੀ ਲਿਖਤੀ ਸਹਿਮਤੀ ਲਈ ਜਾ ਰਹੀ ਹੈ। ਡੇਰਾ ਸਲਾਬਤਪੁਰਾ ਨੂੰ ਰੰਗ-ਰੋਗਨ ਕਰਾਉਣ ਦੀ ਤਿਆਰੀ ਵੀ ਵਿੱਢ ਦਿੱਤੀ ਗਈ ਹੈ।
ਡੇਰਾ ਸਿਰਸਾ ਵਾਲਿਆਂ ਨੇ ਅਪਣੇ ਪ੍ਰੋਗਰਾਮਾਂ ਵਿੱਚ ਅਫ਼ਸਰ ਬੁਲਾ ਕੇ ਸਥਿਤੀ ਭਾਂਪੀ ਹੈ। ਉਧਰ, ਕਾਂਗਰਸ ਸਰਕਾਰ ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਹੁਣ ਤੋਂ ਹੀ ਰਣਨੀਤੀ ਉਲੀਕਣ ਲੱਗੀ ਹੈ। ਕੈਪਟਨ ਸਰਕਾਰ ਵੱਲੋਂ ਡੇਰਾ ਆਗੂਆਂ ਨੂੰ ਹਰ ਜ਼ਿਲ੍ਹੇ ਵਿਚ ਜੰਗਲਾਤ ਵਿਭਾਗ ਤੋਂ ਪੌਦੇ ਮੁਹੱਈਆ ਕਰਾਏ ਗਏ ਹਨ।
ਬਠਿੰਡਾ ਜ਼ਿਲ੍ਹਾ ਪ੍ਰਸ਼ਾਸਨ ਨੇ ਡੇਰਾ ਸਿਰਸਾ ਨਾਲ ਕਾਫ਼ੀ ਤਾਲਮੇਲ ਵਧਾਇਆ ਹੈ ਤੇ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਨੇ ਤਾਂ ਡੇਰਾ ਸਿਰਸਾ ਦੇ ਸਹਿਯੋਗ ਨਾਲ ਜਲ ਘਰਾਂ ‘ਤੇ ਪੌਦੇ ਲਾਉਣ ਦੀ ਮੁਹਿੰਮ ਵਿੱਢ ਦਿੱਤੀ ਹੈ। ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵੱਲੋਂ ਮੁੱਖ ਸਮਾਗਮ ਪਿੰਡ ਨੇਹੀਆਂ ਵਾਲਾ ਵਿੱਚ ਕੀਤਾ ਗਿਆ, ਜਿੱਥੇ ਮੁੱਖ ਮਹਿਮਾਨ ਵਜੋਂ ਐਸਡੀਐਮ ਬਠਿੰਡਾ ਸਾਕਸ਼ੀ ਸਾਹਨੀ ਪੁੱਜੇ ਤੇ ਪੌਦਾ ਲਾਉਣ ਮਗਰੋਂ ਡੇਰਾ ਸਿਰਸਾ ਦੇ ਵਾਲੰਟੀਅਰਾਂ ਦਾ ਸਨਮਾਨ ਕੀਤਾ। ਜ਼ਿਲ੍ਹਾ ਸੈਨੀਟੇਸ਼ਨ ਅਫ਼ਸਰ ਐਕਸੀਅਨ ਜਸਵਿੰਦਰ ਸਿੰਘ ਦਾ ਕਹਿਣਾ ਹੈ ਕਿ ਜਲ ਘਰਾਂ ‘ਤੇ 5200 ਪੌਦੇ ਲਾਏ ਜਾਣੇ ਹਨ, ਜਿਨ੍ਹਾਂ ਵਾਸਤੇ ਡੇਰਾ ਸਿਰਸਾ ਸਮੇਤ ਹੋਰ ਐਨਜੀਓਜ਼ ਨੇ ਆਪਣੇ ਤੌਰ ‘ਤੇ ਸਹਿਯੋਗ ਦਿੱਤਾ ਹੈ।
ਵੇਰਵਿਆਂ ਅਨੁਸਾਰ ਮਾਨਸਾ ਵਿੱਚ ਡੇਰਾ ਸਿਰਸਾ ਦੀ ‘ਪੌਦਾ ਲਾਓ ਮੁਹਿੰਮ’ ਦਾ ਉਦਘਾਟਨ ਜ਼ਿਲ੍ਹਾ ਖੇਤੀਬਾੜੀ ਅਫ਼ਸਰ ਗੁਰਦਿੱਤਾ ਸਿੰਘ ਨੇ ਕੀਤਾ ਹੈ। ਬਰਨਾਲਾ ਤੇ ਧਨੌਲਾ ਵਿਚ ਡੀਐਸਪੀਜ਼ ਅਤੇ ਤਪਾ ਵਿੱਚ ਐਸਐਚਓ ਨੇ ਮੁਹਿੰਮ ਦਾ ਉਦਘਾਟਨ ਕੀਤਾ। ਬਠਿੰਡਾ ਪ੍ਰੋਗਰਾਮਾਂ ਵਿਚ ਗਿੱਦੜਬਾਹਾ ਤੋਂ ਤਹਿਸੀਲਦਾਰ ਪੁੱਜੇ ਹੋਏ ਸਨ। ਡੇਰਾ ਸਿਰਸਾ ਦੀ 45 ਮੈਂਬਰੀ ਕਮੇਟੀ ਦੇ ਮੈਂਬਰ ਗੁਰਮੇਲ ਸਿੰਘ ਨੇ ਕਿਹਾ ਬੀਤੇ ਦਿਨੀਂ ਕਿਹਾ ਕਿ ਕਿ ਪੰਜਾਬ ਭਰ ਵਿਚ ਪੌਦੇ ਲਾਏ ਗਏ ਹਨ ਤੇ ਜ਼ਿਲ੍ਹਾ ਬਠਿੰਡਾ ਵਿੱਚ 61 ਹਜ਼ਾਰ ਪੌਦੇ ਲਾਏ ਗਏ ਹਨ।
ਜ਼ਿਕਰਯੋਗ ਹੈ ਕਿ ਵਿਵਾਦਤ ਡੇਰਾ ਮੁਖੀ ਸੀਬੀਆਈ ਅਦਾਲਤ ਵਿਚ ਬਲਾਤਕਾਰ ਅਤੇ ਕਤਲ ਵਰਗੇ ਕੇਸਾਂ ਦਾ ਸਾਹਮਣਾ ਕਰ ਰਿਹਾ ਹੈ। 2007 ਵਿਚ ਡੇਰਾ ਮੁਖੀ ਨੇ ਆਪਣੇ ਆਪ ਨੂੰ ਗੁਰੂ ਗੋਬਿੰਦ ਸਿੰਘ ਵਾਂਗ ਪੇਸ਼ ਕਰਦੇ ਬਠਿੰਡਾ ਜ਼ਿਲ੍ਹੇ ਦੇ ਸਲਾਬਤਪੁਰਾ ਡੇਰੇ ਵਿਚ ਪ੍ਰੋਗਰਾਮ ਕੀਤਾ ਸੀ। ਇਸ ਵਿਵਾਦਤ ਪ੍ਰੋਗਰਾਮ ਤੋਂ ਬਾਅਦ ਅਕਾਲ ਤਖ਼ਤ ਸਾਹਿਬ ਵਲੋਂ ਡੇਰਾ ਸਿਰਸਾ ਮੁਖੀ ਖਿਲਾਫ ‘ਹੁਕਮਨਾਮਾ’ ਵੀ ਜਾਰੀ ਕੀਤਾ ਗਿਆ ਸੀ। ਉਸ ਵੇਲੇ ਤੋਂ ਹੀ ਡੇਰਾ ਸਿਰਸਾ ਮੁਖੀ ਦਾ ਕੋਈ ਵੀ ਪ੍ਰੋਗਰਾਮ ਪੰਜਾਬ ਵਿਚ ਨਹੀਂ ਹੋਇਆ ਹੈ।