ਮਾਈਨਿੰਗ ਮਾਫ਼ੀਆ ਨੇ ਤੋੜ ਸੁੱਟੇ ਕਾਜ਼ਵੇਅ ਦੇ ਬੈਰੀਕੇਡ

0
426

ਦਿਨ-ਰਾਤ ਰੇਤਾ-ਬੱਜਰੀ ਦੀ ਲੁੱਟ ਸ਼ਰੇਆਮ ਜਾਰੀ

gunda-tax-derabassi-kajway
ਘੱਗਰ ਨਦੀ ‘ਤੇ ਕਾਜ਼ਵੇਅ ਦੇ ਬੈਰੀਕੇਡ ਤੋੜੇ ਜਾਣ ਮਗਰੋਂ ਭਾਰੀ ਵਾਹਨ ਲੰਘਦੇ ਹੋਏ।
ਡੇਰਾਬਸੀ/ਬਿਊਰੋ ਨਿਊਜ਼:
ਮਾਲਵਾ ਖੇਤਰ ਨਾਲ ਸਬੰਧਤ ਦੋ ਵਿਧਾਇਕਾਂ ਦੀ ਕਥਿਤ ਸ਼ਹਿ ‘ਤੇ ਕਰੱਸ਼ਰਾਂ ਲਈ ਕੱਚਾ ਮਾਲ ਲਿਆਉਣ ਵਾਲੇ ਵਾਹਨਾਂ ਤੋਂ ਗੁੰਡਾ ਟੈਕਸ ਵਸੂਲਣ ਅਤੇ ਖੁੱਲ੍ਹੇਆਮ ਨਾਜਾਇਜ਼ ਮਾਈਨਿੰਗ ਕਰਨ ਵਾਲੇ ਮਾਫੀਆ ਦੇ ਹੌਸਲੇ ਦਿਨੋ-ਦਿਨ ਵਧਦੇ ਜਾ ਰਹੇ ਹਨ। ਉਨ੍ਹਾਂ ਨੂੰ ਕਾਨੂੰਨ ਦਾ ਕੋਈ ਡਰ ਨਜ਼ਰ ਨਹੀਂ ਆ ਰਿਹਾ ਹੈ, ਜਿਸ ਕਾਰਨ ਵਧੀਕੀਆਂ ਰੋਜ਼ਾਨਾ ਵਧਦੀਆਂ ਜਾ ਰਹੀਆਂ ਹਨ। ਮਾਈਨਿੰਗ ਮਾਫੀਆ ਵੱਲੋਂ ਮੁਬਾਰਕਪੁਰ ਘੱਗਰ ਨਦੀ ‘ਤੇ ਹਲਕੇ ਵਾਹਨਾਂ ਦੀ ਆਮਦ ਲਈ ਉਸਾਰੇ ਗਏ ਕਾਜ਼ਵੇਅ ਦੇ ਦੋਵੇਂ ਪਾਸੇ ਭਾਰੀ ਵਾਹਨਾਂ ਨੂੰ ਰੋਕਣ ਲਈ ਲਾਏ ਗਏ ਬੈਰੀਕੇਡ ਨਾਜਾਇਜ਼ ਮਾਈਨਿੰਗ ਦੀਆਂ ਗੱਡੀਆਂ ਲੰਘਾਉਣ ਲਈ ਤੋੜ ਦਿੱਤੇ ਗਏ ਹਨ। ਹੁਣ ਕਾਜ਼ਵੇਅ ‘ਤੇ ਹਰ ਵੇਲੇ ਨਜਾਇਜ਼ ਮਾਈਨਿੰਗ ਕਰਨ ਵਾਲੇ ਭਾਰੀ ਵਾਹਨ ਦੌੜ ਰਹੇ ਹਨ, ਜਿਸ ਨਾਲ ਕਾਜ਼ਵੇਅ ਨੂੰ ਨੁਕਸਾਨ ਪਹੁੰਚ ਰਿਹਾ ਹੈ। ਇਸ ਕਾਰਨ ਸਥਾਨਕ ਲੋਕਾਂ ਵਿੱਚ ਰੋਸ ਪਾਇਆ ਜਾ ਰਿਹਾ ਹੈ।
ਇਕੱਤਰ ਜਾਣਕਾਰੀ ਅਨੁਸਾਰ ਜ਼ੀਰਕਪੁਰ ਅਤੇ ਡੇਰਾਬੱਸੀ ਨੂੰ ਆਪਸ ਵਿੱਚ ਜੋੜਨ ਲਈ ਇਲਾਕਾ ਵਾਸੀਆਂ ਦੀ ਮੰਗ ‘ਤੇ ਲੰਘੇ ਸਾਲ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁਬਾਰਕਪੁਰ ਘੱਗਰ ਨਦੀ ‘ਤੇ ਚਾਰ ਕਰੋੜ ਰੁਪਏ ਦੀ ਲਾਗਤ ਨਾਲ ਕਾਜ਼ਵੇਅ ਦੀ ਉਸਾਰੀ ਕੀਤੀ ਗਈ ਸੀ। ਇਸ ਦੇ ਚਾਲੂ ਹੋਣ ਨਾਲ ਡੇਰਾਬੱਸੀ ਅਤੇ ਜ਼ੀਰਕਪੁਰ ਦੇ ਦਰਜਨਾਂ ਪਿੰਡਾਂ ਨੂੰ ਵੱਡੀ ਰਾਹਤ ਮਿਲੀ ਸੀ। ਕਾਜ਼ਵੇਅ ਨੂੰ ਸਿਰਫ਼ ਛੋਟੇ ਵਾਹਨਾਂ ਲਈ ਹੀ ਡਿਜ਼ਾਈਨ ਕੀਤਾ ਗਿਆ ਸੀ। ਭਾਰੀ ਵਾਹਨਾਂ ਨੂੰ ਰੋਕਣ ਲਈ ਇਸਦੇ ਦੋਵੇਂ ਪਾਸੇ ਲੋਹੇ ਦੇ ਬੈਰੀਕੇਡ ਲਾਏ ਗਏ ਸਨ। ਪਿਛਲੇ ਦਿਨੀਂ ਅੰਬਾਲਾ-ਕਾਲਕਾ ਰੇਲਵੇ ਲਾਈਨ ‘ਤੇ ਪੈਂਦੇ ਮੁਬਾਰਕਪੁਰ ਫਾਟਕਾਂ ਉੱਤੇ ਅੰਡਰਪਾਥ ਦੀ ਉਸਾਰੀ ਕਰਨ ਲਈ ਮੁਬਾਰਕਪਰ-ਭਾਂਖਰਪੁਰ ਲਿੰਕ ਰੋਡ ਨੂੰ ਬੰਦ ਕਰ ਦਿੱਤਾ ਗਿਆ ਸੀ। ਇਸ ਦੇ ਬੰਦ ਹੋਣ ਨਾਲ ਖੇਤਰ ਵਿੱਚ ਨਾਜਾਇਜ਼ ਮਾਈਨਿੰਗ ਕਰਨ ਵਾਲੇ ਮਾਫੀਆ ਨੂੰ ਵਾਹਨ ਲੰਘਾਉਣ ਵਿੱਚ ਦਿੱਕਤ ਆ ਰਹੀ ਸੀ। ਇਸ ਕਾਰਨ ਉਨ੍ਹਾਂ ਨੇ ਆਪਣੀ ਸਹੂਲਤ ਲਈ ਕਾਜ਼ਵੇਅ ਦੇ ਦੋਵੇਂ ਪਾਸੇ ਲੱਗੇ ਬੈਰੀਕੇਡ ਰਾਤ ਵੇਲੇ ਤੋੜ ਦਿੱਤੇ ਹਨ।
ਸੜਕ ਕੰਢੇ ਖੜ੍ਹਿਆ ਮਾਫੀਆ
ਮਾਈਨਿੰਗ ਮਾਫੀਆ ਵੱਲੋਂ ਕਰੱਸ਼ਰਾਂ ਲਈ ਕੱਚਾ ਮਾਲ ਲੈ ਕੇ ਆਉਣ ਵਾਲੇ ਵਾਹਨਾਂ ਤੋਂ ਗੁੰਡਾ ਟੈਕਸ ਵਸੂਲਣ ਲਈ ਸੜਕ ਕੰਢੇ ਲਾਏ ਗਏ ਟੈਂਟ ਨੂੰ ਤਾਂ ਵੀਰਵਾਰ ਨੂੰ ਪੁੱਟ ਦਿੱਤਾ ਗਿਆ ਸੀ ਪਰ ਹੁਣ ਬਿਨਾਂ ਟੈਂਟ ਤੋਂ ਹੀ ਸੜਕ ਕੰਢੇ ਮੌਕੇ ‘ਤੇ ਕੁਝ ਅਣਪਛਾਤੇ ਲੋਕ ਖੜ੍ਹੇ ਹੋ ਕੇ ਨਾਕੇ ਲਾ ਕੇ ਵਾਹਨਾਂ ਦੀ ਜਾਂਚ ਕਰਕੇ ਵਸੂਲੀ ਕਰ ਰਹੇ ਹਨ।
ਦੋ ਸਕਰੀਨਿੰਗ ਪਲਾਂਟ ਸੀਲ
ਜ਼ਿਲ੍ਹਾ ਮਾਈਨਿੰਗ ਅਫਸਰ ਸਿਮਰਪ੍ਰੀਤ ਕੌਰ ਢਿੱਲੋਂ ਨੇ ਕਿਹਾ ਕਿ ਕਾਜ਼ਵੇਅ ‘ਤੇ ਬੈਰੀਕੇਡ ਲਾਏ ਜਾਣ ਬਾਰੇ ਸਬੰਧਤ ਮਹਿਕਮੇ ਨੂੰ ਹਦਾਇਤ ਕੀਤੀ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਵੀਰਵਾਰ ਨੂੰ ਜਾਂਚ ਦੌਰਾਨ ਦੋ ਸਕਰੀਨਿੰਗ ਪਲਾਂਟ ਨਾਜਾਇਜ਼ ਤੌਰ ‘ਤੇ ਚੱਲਦੇ ਪਾਏ ਗਏ, ਜਿਨ੍ਹਾਂ ਨੂੰ ਸੀਲ ਕਰ ਦਿੱਤਾ ਗਿਆ ਹੈ। ਸੜਕ ਕੰਢੇ ਖੜ੍ਹੇ ਅਣਪਛਾਤੇ ਲੋਕਾਂ ਬਾਰੇ ਉਨ੍ਹਾਂ ਕਿਹਾ ਕਿ ਕਾਰਵਾਈ ਕਰਨ ਲਈ ਜ਼ਿਲ੍ਹਾ ਪੁਲੀਸ ਮੁਖੀ ਨੂੰ ਲਿਖਿਆ ਗਿਆ ਹੈ।

 

ਸਾਬਕਾ ਅਕਾਲੀ ਵਿਧਾਇਕ ਨੇ ‘ਆਪ’ ਦੀ ਵਿਧਾਇਕਾ
ਉੱਤੇ ਲਾਏ ਗੁੰਡਾ ਟੈਕਸ ‘ਚੋਂ ਹਿੱਸਾ ਲੈਣ ਦੇ ਦੋਸ਼
ਤਲਵੰਡੀ ਸਾਬੋ/ਬਿਊਰੋ ਨਿਊਜ਼:
ਉਪ ਮੰਡਲ ਤਲਵੰਡੀ ਸਾਬੋ ਦੇ ਪਿੰਡ ਫੁੱਲੋ ਖਾਰੀ ਵਿੱਚ ਲੱਗੇ ਗੁਰੂ ਗੋਬਿੰਦ ਸਿੰਘ ਤੇਲ ਸੋਧਕ ਕਾਰਖਾਨੇ ਦੇ ਗੁੰਡਾ ਟੈਕਸ ਮਾਮਲੇ ਬਾਰੇ ਹਲਕੇ ਦੇ ਸਾਬਕਾ ਵਿਧਾਇਕ ਤੇ ਸ਼੍ਰੋਮਣੀ ਅਕਾਲੀ ਦਲ ਦੇ ਜਨਰਲ ਸਕੱਤਰ ਜੀਤ ਮਹਿੰਦਰ ਸਿੰਘ ਸਿੱਧੂ ਨੇ ਇੱਕ ਵਾਰ ਫਿਰ ਹਲਕੇ ਦੀ ‘ਆਪ’ ਵਿਧਾਇਕਾ ਖ਼ਿਲਾਫ਼ ਮੋਰਚਾ ਖੋਲ੍ਹ ਦਿੱਤਾ ਹੈ। ਪ੍ਰੈੱਸ ਨੂੰ ਜਾਰੀ ਬਿਆਨ ਵਿੱਚ ਸਾਬਕਾ ਵਿਧਾਇਕ ਜੀਤ ਮੁਹਿੰਦਰ ਸਿੰਘ ਸਿੱਧੂ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਰਿਫ਼ਾਈਨਰੀ ਕੋਲੋਂ ਗੁੰਡਾ ਟੈਕਸ ਦੀ ਵਸੂਲੀ ਦਾ ਸੱਚ ਜਾਣਨ ਲਈ ਆਰਗੇਨਾਈਜ਼ਡ ਕ੍ਰਾਈਮ ਕੰਟਰੋਲ ਯੂਨਿਟ (ਓਕੂ) ਦੀ ਇੱਕ ਟੀਮ ਦੀ ਡਿਊਟੀ ਲਾਈ ਗਈ ਸੀ। ਟੀਮ ਨੇ ਆਪਣੀ ਰਿਪੋਰਟ ਸਰਕਾਰ ਨੂੰ ਭੇਜਦਿਆਂ ਕਾਂਗਰਸ ਦੇ ਤਿੰਨ ਵਿਧਾਇਕਾਂ, ‘ਆਪ’ ਦਾ ਇੱਕ ਵਿਧਾਇਕ ਅਤੇ ਇੱਕ ਹਾਰੇ ਹੋਏ ਕਾਂਗਰਸੀ ਆਗੂ ਨੂੰ ਉਕਤ ਟੈਕਸ ਵਸੂਲਣ ਵਾਲਿਆਂ ਵਿੱਚ ਸ਼ਾਮਲ ਕੀਤਾ ਹੈ। ਉਨ੍ਹਾਂ ਕਿਹਾ ਕਿ ਇਸ ਰਿਪੋਰਟ ਵਿੱਚ ਜਿਸ ‘ਆਪ’ ਵਿਧਾਇਕ ਦਾ ਜ਼ਿਕਰ ਕੀਤਾ ਗਿਆ ਹੈ, ਉਹ ਤਲਵੰਡੀ ਸਾਬੋ ਦੀ ਵਿਧਾਇਕਾ ਹੀ ਹੈ। ਉਨ੍ਹਾਂ ਦੋਸ਼ ਲਾਇਆ ਕਿ ਇਨਕਲਾਬ ਦਾ ਹੋਕਾ ਦੇ ਕੇ ਵਿਧਾਇਕ ਬਣਨ ਵਾਲੀ ਆਗੂ ਦੇ ਹੱਥ ਵੀ ਗੁੰਡਾ ਟੈਕਸ ਵਿੱਚ ਰੰਗੇ ਹੋਏ ਹਨ। ਸਾਬਕਾ ਵਿਧਾਇਕ ਨੇ ਕਿਹਾ ਕਿ ਇਸ ਰਿਪੋਰਟ ਨੇ ਹਲਕੇ ਅੰਦਰ ਕਾਂਗਰਸ ਤੇ ‘ਆਪ’ ਦੇ ਲੁਕਵੇਂ ਗੱਠਜੋੜ ਨੂੰ ਵੀ ਬੇਪਰਦ ਕਰ ਦਿੱਤਾ ਹੈ। ਇਸ ਲਈ ਵਿਧਾਇਕਾ ਨੂੰ ਹੁਣ ਤੁਰੰਤ ਅਸਤੀਫ਼ਾ ਦੇ ਦੇਣਾ ਚਾਹੀਦਾ ਹੈ।