ਪੰਜਾਬ ਦੇ ਜਥੇਦਾਰਾਂ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਨਹੀਂ ਲੈ ਸਕਦੇ : ਗਿਆਨੀ ਇਕਬਾਲ ਸਿੰਘ

0
985

giani-iqbal-singh
ਤਿੰਨ ਤਖ਼ਤਾਂ ਦੇ ਜਥੇਦਾਰਾਂ ਨੂੰ ਪਟਨਾ ਸਾਹਿਬ ਨਾ ਆਉਣ ਦੀ ਅਪੀਲ
ਪਟਨਾ ਸਾਹਿਬ/ਬਿਊਰੋ ਨਿਊਜ਼ :
ਸਿੱਖ ਪੰਥ ਜਦੋਂ ਗੁਰੂ ਗੋਬਿੰਦ ਸਿੰਘ ਦਾ 350ਵਾਂ ਪ੍ਰਕਾਸ਼ ਪੁਰਬ ਨੂੰ ਸ਼ਰਧਾਪੂਰਵਕ ਮਨਾ ਰਿਹਾ ਹੈ ਤਾਂ ਐਨ ਉਸੇ ਵੇਲੇ ਸਿੱਖ ਕੌਮ ਨੂੰ ਸੇਧ ਦੇਣ ਵਾਲੇ ਸਿੰਘ ਸਾਹਿਬਾਨ ਵਿੱਚ ਨਵਾਂ ਵਿਵਾਦ ਖੜ੍ਹਾ ਹੋ ਗਿਆ ਹੈ। ਪੰਜਾਬ ਸਥਿਤ ਤਿੰਨ ਤਖ਼ਤਾਂ ਦੇ ਜਥੇਦਾਰਾਂ ਨੂੰ ਪਟਨਾ ਸਾਹਿਬ ਵਿਚ ਕੀਤੇ ਜਾ ਰਹੇ  ਪ੍ਰਕਾਸ਼ ਪੁਰਬ ਸਮਾਗਮਾਂ ਵਿੱਚ ਸ਼ਾਮਲ ਨਾ ਹੋਣ ਦੇ ਭੇਜੇ ਪੱਤਰ ਦੀ ਪੁਸ਼ਟੀ ਕਰਦਿਆਂ ਸਿੰਘ ਸਾਹਿਬ ਗਿਆਨੀ ਇਕਬਾਲ ਸਿੰਘ ਨੇ ਸਪਸ਼ਟ ਕੀਤਾ ਹੈ ਕਿ ਉਹ ਪੰਜਾਬ ਦੇ ਜਥੇਦਾਰਾਂ ਦੀ ਸੁਰੱਖਿਆ ਬਾਰੇ ਕੋਈ ਜ਼ਿੰਮੇਵਾਰੀ ਨਹੀਂ ਲੈ ਸਕਦੇ। ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਫ਼ਤਹਿਗੜ੍ਹ ਸਾਹਿਬ ਵਿਚ ਸਿੰਘ ਸਾਹਿਬਾਨਾਂ ਦੀ ਸੁਰੱਖਿਆ ਨਹੀਂ ਕਰ ਸਕੀ ਤਾਂ ਉਹ ਇੱਥੇ ਕਿਵੇਂ ਕਰਨਗੇ? ਇਹ ਪੱਤਰ ਪਟਨਾ ਸਾਹਿਬ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਭੇਜਿਆ ਗਿਆ ਹੈ ਜਿਸ ‘ਤੇ ਸਿੰਘ ਸਾਹਿਬ ਅਤੇ ਜਨਰਲ ਸਕੱਤਰ ਦੇ ਦਸਤਖ਼ਤ ਹਨ। ਜਥੇਦਾਰ ਇਕਬਾਲ ਸਿੰਘ ਨੇ ਆਪਣੀ ਰਿਹਾਇਸ਼ ‘ਤੇ ਚੋਣਵੇਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉਨ੍ਹਾਂ ਸ੍ਰੀ ਅਕਾਲ ਤਖ਼ਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੂੰ ਟੈਲੀਫੋਨ ਰਾਹੀਂ ਪਟਨਾ ਸਾਹਿਬ ਦੇ ਸਮਾਗਮਾਂ ਵਿੱਚ ਸ਼ਾਮਲ ਨਾ ਹੋਣ ਦੀ ਬੇਨਤੀ ਕੀਤੀ ਸੀ ਪਰ ਉਨ੍ਹਾਂ ਕਿਹਾ ਸੀ ਕਿ ਇਸ ਬਾਰੇ ਲਿਖਤੀ ਪੱਤਰ ਭੇਜੋ, ਇਸ ਲਈ ਪੱਤਰ ਭੇਜਿਆ ਸੀ। ਇਸ ਬਾਰੇ ਫੈਸਲਾ 29 ਦਸੰਬਰ ਨੂੰ ਬਿਹਾਰ ਸਰਕਾਰ ਅਤੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਹੋਈ ਸਾਂਝੀ ਮੀਟਿੰਗ ਵਿੱਚ ਕੀਤਾ ਗਿਆ ਕਿ ਪੰਜਾਬ ਦੇ ਸਿੰਘ ਸਾਹਿਬਾਨ ਨੂੰ ਸਮਾਗਮਾਂ ਵਿੱਚ ਆਉਣ ਤੋਂ ਰੋਕਿਆ ਜਾਵੇ।
ਸਿੰਘ ਸਾਹਿਬ ਇਕਬਾਲ ਸਿੰਘ ਨੇ ਕਿਹਾ ਕਿ ਖੁਫ਼ੀਆ ਏਜੰਸੀਆਂ ਨੇ ਰਿਪੋਰਟਾਂ ਦਿੱਤੀਆਂ ਸਨ ਕਿ 26 ਦਸੰਬਰ ਨੂੰ ਫਤਹਿਗੜ੍ਹ ਸਾਹਿਬ ਵਿਚ ਸ਼ਹੀਦੀ ਜੋੜ ਮੇਲ ਦੌਰਾਨ ਗੁਰਦੁਆਰਾ ਜੋਤੀ ਸਰੂਪ ਸਾਹਿਬ ਵਿਖੇ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਨੂੰ ਨਗਰ ਕੀਰਤਨ ਦੌਰਾਨ ਪਾਲਕੀ ਸਾਹਿਬ ਵਿੱਚ ਨਹੀਂ ਬੈਠਣ ਦਿੱਤਾ ਗਿਆ ਤੇ ਹੋਰ ਵੀ ਧਾਰਮਿਕ ਰੁਹ-ਰੀਤਾਂ ਨਹੀਂ ਕਰਨ ਦਿੱਤੀਆਂ ਗਈਆਂ। ਇਸ ਘਟਨਾ ਦਾ ਅਸਰ ਇਧਰ ਦੀਆਂ ਸਿੱਖ ਸੰਗਤਾਂ ‘ਤੇ ਬਹੁਤ ਜ਼ਿਆਦਾ ਪਿਆ ਹੈ। ਸੰਗਤਾਂ ਵਿੱਚ ਰੋਸ ਸੀ ਕਿ ਜਦੋਂ ਪੰਜਾਬ ਦੀ ਅਕਾਲੀ ਸਰਕਾਰ ਅਤੇ ਸ਼੍ਰੋਮਣੀ ਕਮੇਟੀ ਸਿੰਘ ਸਾਹਿਬਾਨ ਦਾ ਮਾਣ ਸਤਿਕਾਰ ਅਤੇ ਸੁਰੱਖਿਆ ਨਹੀਂ ਕਰ ਸਕੀ ਤਾਂ ਉਹ ਇੱਥੇ ਕਿਵੇਂ ਕਰ ਸਕਦੇ ਹਨ।
ਸਿੰਘ ਸਾਹਿਬ ਨੇ ਦੱੱਸਿਆ ਕਿ 7 ਜਨਵਰੀ, 2014 ਨੂੰ  ਗੁਰੂ ਗੋਬਿੰਦ ਸਿੰਘ ਦੇ ਪ੍ਰਕਾਸ਼ ਪੁਰਬ ਸਮੇਂ ਉਨ੍ਹਾਂ ‘ਤੇ ਵੀ ਹਮਲਾ ਹੋ ਗਿਆ ਸੀ ਤਾਂ ਉਹ ਪੰਜਾਬ ਤੋਂ ਆਉਣ ਵਾਲੇ ਸਿੰਘ ਸਾਹਿਬਾਨ ਦੀ ਜ਼ਿੰਮੇਵਾਰੀ ਨਹੀਂ ਲੈ ਸਕਦੇ। ਇਸੇ ਦੌਰਾਨ ਸਮਾਗਮਾਂ ਪਟਨਾ ਸਾਹਿਬ ਦੇ ਸਮਾਗਮਾਂ ਵਿੱਚ ਸ਼ਾਮਲ ਹੋਣ ਆਏ ਇੱਥੋਂ ਦੀ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਮੱਕੜ ਨੇ ਕਿਹਾ ਕਿ ਉਨ੍ਹਾਂ ਨੂੰ ਅਜਿਹੇ ਪੱਤਰ ਬਾਰੇ ਬਹੁਤਾ ਪਤਾ ਨਹੀਂ ਪਰ ਇਸ ਪੱਤਰ ‘ਤੇ ਜਨਰਲ ਸਕੱਤਰ ਅਤੇ ਸਿੰਘ ਸਾਹਿਬ ਨੇ ਦਸਤਖ਼ਤ ਕੀਤੇ ਹੋਏ ਸਨ। ਜਥੇਦਾਰ ਮੱਕੜ ਨੇ ਕਿਹਾ ਕਿ ਸਮਾਗਮਾਂ ਵਿੱਚ ਬਾਬਾ ਸਤਨਾਮ ਸਿੰਘ ਪਿੱਪਲਾਂ ਵਾਲੀ ਨੂੰ ਵੀ ਆਉਣ ਤੋਂ ਰੋਕਿਆ ਗਿਆ ਹੈ ਕਿਉਂਕਿ ਉਨ੍ਹਾਂ ਕਥਾ ਕੀਤਰਨ ਦੌਰਾਨ ਗੁਰੂ ਗੋਬਿੰਦ ਸਿੰਘ ਦੇ ਜੀਵਨ ਬਾਰੇ ਇਤਰਾਜ਼ਯੋਗ ਟਿੱਪਣੀਆਂ ਕੀਤੀਆਂ ਸਨ।