ਅਕਾਲ ਤਖ਼ਤ ਦੇ ਜਥੇਦਾਰ ਨੇ ਵੀ ਫਿਲਮ ‘ਨਾਨਕਸ਼ਾਹ ਫਕੀਰ’ ਉੱਤੇ ਲਈ ਰੋਕ

0
453
Akal Takht Jathedar Giani Gurbachan Singh  addresses mediapersons in Amritsar on Monday. Photo: Sunil kumar
ਮੀਡੀਆ ਨਾਲ ਗੱਲਬਾਤ ਕਰਦੇ ਜੱਥੇਦਾਰ ਹੋਏ ਗਿਆਨੀ ਗੁਰਬਚਨ ਸਿੰਘ। 

ਅੰਮ੍ਰਿਤਸਰ/ਬਿਊਰੋ ਨਿਊਜ਼:
ਵਿਵਾਦਿਤ ਫਿਲਮ ‘ਨਾਨਕਸ਼ਾਹ ਫਕੀਰ’ ਦੀ ਪਹਿਲਾਂ ਸ਼ਲਾਘਾ ਕਰ ਚੁੱਕੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਨੇ ‘ਯੂ-ਟਰਨ’ ਲੈਂਦਿਆਂ ਹੁਣ ਇਸ ਫਿਲਮ ‘ਤੇ ਪੂਰਨ ਤੌਰ ਉੱਤੇ ਰੋਕ ਲਾਉਣ ਦੇ ਆਦੇਸ਼ ਜਾਰੀ ਕੀਤੇ ਹਨ।
ਇਸ ਸਬੰਧ ਵਿੱਚ ਅਕਾਲ ਤਖ਼ਤ ਦੇ ਸਕੱਤਰੇਤ ਵਿਖੇ ਸੋਮਵਾਰ ਨੂੰ ਕਾਹਲੀ ਨਾਲ ਸੱਦੇ ਪੱਤਰਕਾਰ ਸੰਮੇਲਨ ਵਿੱਚ ਮੀਡੀਆ ਨਾਲ ਗੱਲ ਕਰਦਿਆਂ ਗਿਆਨੀ ਗੁਰਬਚਨ ਸਿੰਘ ਨੇ ਇਸ ਵਿਵਾਦਿਤ ਫਿਲਮ ਉੱਤੇ ਪੂਰੀ ਤਰ੍ਹਾਂ ਰੋਕ ਲਾਉਣ ਦੇ ਆਦੇਸ਼ ਦਿੱਤੇ ਹਨ। ਉਨ੍ਹਾਂ ਕਿਹਾ ਕਿ ਇਹ ਫਿਲਮ ਕਦਾਚਿਤ ਰਿਲੀਜ਼ ਨਹੀਂ ਹੋ ਸਕਦੀ। ਉਨ੍ਹਾਂ ਨੇ ਸਿੱਖ ਸੰਗਤ ਨੂੰ ਵੀ ਆਖਿਆ ਕਿ ਉਹ ਇਹ ਫਿਲਮ ਨਾ ਦੇਖਣ ਤੇ ਸ਼ਾਂਤਮਈ ਢੰਗ ਨਾਲ ਇਸ ਦਾ ਵਿਰੋਧ ਕਰਨ।
ਫਿਲਮ ਬਾਰੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੀਤੀ ਗਈ ਕਾਰਵਾਈ ਦਾ ਸਮਰਥਨ ਕਰਦਿਆਂ ਉਨ੍ਹਾਂ ਕਿਹਾ ਕਿ ਇਸ ਫਿਲਮ ਸਬੰਧੀ ਪਹਿਲਾਂ ਜਾਰੀ ਕੀਤੇ ਸਾਰੇ ਪੱਤਰ ਰੱਦ ਕਰ ਦਿੱਤੇ ਗਏ ਹਨ, ਜਿਸ ਤੋਂ ਸਪੱਸ਼ਟ ਹੈ ਕਿ ਫਿਲਮ ਨੂੰ ਸਿੱਖ ਸੰਸਥਾ ਵੱਲੋਂ ਕੋਈ ਪ੍ਰਵਾਨਗੀ ਨਹੀਂ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਵੱਲੋਂ ਇਸ ਫਿਲਮ ‘ਤੇ ਰੋਕ ਲਾਉਣ ਲਈ ਦੇਸ਼ ਦੇ ਪ੍ਰਧਾਨ ਮੰਤਰੀ, ਕੇਂਦਰੀ ਗ੍ਰਹਿ ਮੰਤਰੀ, ਕੇਂਦਰੀ ਸੂਚਨਾ ਤੇ ਪ੍ਰਸਾਰਨ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਨੂੰ ਪੱਤਰ ਭੇਜ ਕੇ ਅਪੀਲ ਕੀਤੀ ਗਈ ਹੈ। ਉਨ੍ਹਾਂ ਆਖਿਆ ਕਿ ਸਰਕਾਰਾਂ ਨੂੰ ਸਿੱਖ ਭਾਈਚਾਰੇ ਦੀਆਂ ਧਾਰਮਿਕ ਭਾਵਨਾਵਾਂ ਨੂੰ ਧਿਆਨ ਵਿੱਚ ਰੱਖਦਿਆਂ ਇਸ ਫਿਲਮ ‘ਤੇ ਤੁਰੰਤ ਰੋਕ ਲਾਉਣੀ ਚਾਹੀਦੀ ਹੈ।
ਉਨ੍ਹਾਂ ਖੁਲਾਸਾ ਕੀਤਾ ਕਿ ਅਕਾਲ ਤਖ਼ਤ ਵੱਲੋਂ ਜਲਦੀ ਹੀ ਸਿੱਖ ਸੈਂਸਰ ਬੋਰਡ ਸਥਾਪਤ ਕੀਤਾ ਜਾਵੇਗਾ, ਜਿਸ ਵਿੱਚ ਸ਼੍ਰੋਮਣੀ ਕਮੇਟੀ, ਦਿੱਲੀ ਕਮੇਟੀ, ਸਿੱਖ ਇਤਿਹਾਸਕਾਰ, ਬੁੱਧੀਜੀਵੀ, ਧਾਰਮਿਕ ਸ਼ਖ਼ਸੀਅਤਾਂ, ਸਿੱਖ ਸੰਸਥਾਵਾਂ ਤੇ ਸੰਪਰਦਾਵਾਂ, ਸੰਤ ਸਮਾਜ ਅਤੇ ਫਿਲਮਾਂ ਬਣਾਉਣ ਵਾਲਿਆਂ ਵਿੱਚੋਂ ਨੁਮਾਇੰਦੇ ਲਏ ਜਾਣਗੇ ਤਾਂ ਜੋ ਸਿੱਖ ਧਰਮ ਨਾਲ ਸਬੰਧਤ ਫਿਲਮ ਬਣਾਉਣ ਤੋਂ ਪਹਿਲਾਂ ਫਿਲਮ ਦੀ ਸਕਰਪਿਟ ਸਬੰਧੀ ਪ੍ਰਵਾਨਗੀ ਲਈ ਜਾਵੇ। ਫਿਲਮ ਬਣਾਉਣ ਮਗਰੋਂ ਸਿੱਖ ਸੈਂਸਰ ਬੋਰਡ ਦੀ ਸਿਫਾਰਸ਼ ਉਪਰੰਤ ਹੀ ਅਕਾਲ ਤਖ਼ਤ ਵੱਲੋਂ ਅਜਿਹੀ ਫਿਲਮ ਨੂੰ ਪ੍ਰਵਾਨਗੀ ਦਿੱਤੀ ਜਾਵੇਗੀ।
ਦੱਸਣਯੋਗ ਹੈ ਕਿ 2015 ਵਿੱਚ ਅਕਾਲ ਤਖ਼ਤ ਵੱਲੋਂ ਇਸ ਫਿਲਮ ਲਈ ਪ੍ਰਸ਼ੰਸਾ ਪੱਤਰ ਜਾਰੀ ਕੀਤਾ ਗਿਆ ਸੀ। ਇਸੇ ਤਰ੍ਹਾਂ ਸ਼੍ਰੋਮਣੀ ਕਮੇਟੀ ਵੱਲੋਂ 2016 ਵਿੱਚ ਇਸ ਫਿਲਮ ਨੂੰ ਪ੍ਰਵਾਨਗੀ ਪੱਤਰ ਦਿੱਤਾ ਗਿਆ ਸੀ। ਹੁਣ ਫਿਲਮ ਦੇ ਰਿਲੀਜ਼ ਸਮੇਂ ਪੈਦਾ ਹੋਏ ਸਿੱਖ ਰੋਹ ਨੂੰ ਦੇਖਦਿਆਂ ਇਹ ਸਾਰੇ ਪੱਤਰ ਵਾਪਸ ਲੈ ਲਏ ਗਏ ਹਨ।
ਇੱਥੇ ਜ਼ਿਕਰਯੋਗ ਹੈ ਕਿ ਬੀਤੇ ਦਿਨ ਮੁਤਵਾਜ਼ੀ ਜਥੇਦਾਰਾਂ ਨੇ ਪਹਿਲਕਦਮੀ ਕਰਦਿਆਂ ਇਸ ਫਿਲਮ ‘ਤੇ ਰੋਕ ਲਾਉਣ ਦੇ ਆਦੇਸ਼ ਜਾਰੀ ਕੀਤੇ ਸਨ। ਇੱਕ ਦਿਨ ਬਾਅਦ ਹੀ ਅਕਾਲ ਤਖ਼ਤ ਦੇ ਜਥੇਦਾਰ ਨੇ ਵੀ ਫਿਲਮ ‘ਤੇ ਪੂਰੀ ਤਰ੍ਹਾਂ ਰੋਕ ਲਾਉਣ ਦੇ ਆਦੇਸ਼ ਜਾਰੀ ਕਰ ਦਿੱਤੇ ਹਨ।

ਨਿਰਦੇਸ਼ਕ ਹਰਿੰਦਰ ਸਿੱਕੇ ਦੇ ਬਦਲੇ ਤੇਵਰਾਂ
ਤੋਂ ਅਕਾਲ ਤਖ਼ਤ ਤੇ ਸ਼੍ਰੋਮਣੀ ਕਮੇਟੀ ਹੈਰਾਨ
ਫਿਲਮ ‘ਨਾਨਕਸ਼ਾਹ ਫਕੀਰ’ ਦੇ ਨਿਰਮਾਤਾ ਨਿਰਦੇਸ਼ਕ ਹਰਿੰਦਰ ਸਿੰਘ ਸਿੱਕਾ ਨੇ ਅਕਾਲ ਤਖ਼ਤ ਅਤੇ ਸ਼੍ਰੋਮਣੀ ਕਮੇਟੀ ਵੱਲੋਂ ਫਿਲਮ ਦੇ ਰਿਲੀਜ਼ ਕਰਨ ‘ਤੇ ਰੋਕ ਲਾਉਣ ਦੀ ਕਾਰਵਾਈ ਉੱਤੇ ਹੈਰਾਨੀ ਪ੍ਰਗਟ ਕਰਦਿਆਂ ਆਖਿਆ ਕਿ ਉਹ ਹੈਰਾਨ ਹਨ ਕਿ ਹੁਣ ਕਿਸ ਮਜਬੂਰੀ ਹੇਠ ਸਿੱਖ ਸੰਸਥਾਵਾਂ ਵੱਲੋਂ ਆਪਣਾ ਫ਼ੈਸਲਾ ਬਦਲਿਆ ਗਿਆ ਹੈ। ਉਨ੍ਹਾਂ ਆਖਿਆ ਕਿ ਇਹ ਫਿਲਮ ਕਿਸੇ ਲਾਭ ਵਾਸਤੇ ਨਹੀਂ ਬਣਾਈ ਗਈ ਸਗੋਂ ਉਨ੍ਹਾਂ ਨੇ ਆਪਣੇ ਜੀਵਨ ਦੀ ਸਾਰੀ ਪੂੰਜੀ ਫਿਲਮ ਵਾਸਤੇ ਖਰਚ ਕੀਤੀ ਹੈ। ਫਿਲਮ ਬਣਾਉਣ ਤੋਂ ਪਹਿਲਾਂ ਹੀ ਤੈਅ ਹੋ ਗਿਆ ਸੀ ਕਿ ਇਸ ਫਿਲਮ ਤੋਂ ਇਕੱਠੀ ਹੋਣ ਵਾਲੀ ਮਾਇਆ ਨੂੰ ਭਲਾਈ ਦੇ ਕੰਮਾਂ ਲਈ ਖਰਚ ਕੀਤਾ ਜਾਵੇਗਾ। ਉਨ੍ਹਾਂ ਆਖਿਆ ਕਿ ਉਹ ਕਿੱਤੇ ਵਜੋਂ ਫਿਲਮਾਂ ਬਣਾਉਣ ਵਾਲੇ ਨਹੀਂ ਹਨ ਸਗੋਂ ਆਮ ਆਦਮੀ ਹਨ, ਜਿਸ ਨੇ ਭਾਰਤੀ ਫੌਜ ਵਿੱਚ ਨੌਕਰੀ ਕੀਤੀ ਹੈ। ਉਨ੍ਹਾਂ ਆਖਿਆ ਕਿ ਸ਼੍ਰੋਮਣੀ ਕਮੇਟੀ ਅਤੇ ਅਕਾਲੀ ਤਖ਼ਤ ਦੇ ਕਦੇ ਹਾਂ ਤੇ ਕਦੇ ਨਾਂਹ ਵਾਲੇ ਫੈਸਲੇ ਨਾਲ ਇੱਕ ਆਮ ਆਦਮੀ ਪ੍ਰਭਾਵਿਤ ਹੋ ਰਿਹਾ ਹੈ।