ਬਾਦਲ ਨੂੰ ਮਿਲੇਗੀ ਹਰ ਮਹੀਨੇ ਸਵਾ ਪੰਜ ਲੱਖ ਤੋਂ ਵੱਧ ਪੈਨਸ਼ਨ

0
129

ex_mlas
ਬਠਿੰਡਾ/ਬਿਊਰੋ ਨਿਊਜ਼ :
ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪਰਕਾਸ਼ ਸਿੰਘ ਬਾਦਲ ਦਸ ਵਾਰੀ ਵਿਧਾਇਕ ਰਹਿ ਚੁੱਕੇ ਹਨ ਅਤੇ ਮੌਜੂਦਾ ਵਿਧਾਇਕ ਵੀ ਹਨ। ਸਿਆਸਤ ਤੋਂ ਸੇਵਾਮੁਕਤ ਹੋਣ ਦੀ ਸੂਰਤ ਵਿਚ ਪ੍ਰਕਾਸ਼ ਸਿੰਘ ਬਾਦਲ ਨੂੰ ਪ੍ਰਤੀ ਮਹੀਨਾ 5.26 ਲੱਖ ਰੁਪਏ ਪੈਨਸ਼ਨ ਮਿਲੇਗੀ, ਜੋ ਆਪਣੇ ਆਪ ਵਿਚ ਰਿਕਾਰਡ ਹੋਵੇਗੀ।
ਇਸ ਤਰ੍ਹਾਂ ਪ੍ਰਕਾਸ਼ ਸਿੰਘ ਬਾਦਲ ਦਾ ਸਿਆਸਤ ਤੋਂ ਸੇਵਾਮੁਕਤ ਹੋਣਾ ਜਾਂ ਸਿਆਸੀ ਸੰਨਿਆਸ ਵੀ ਪੰਜਾਬ ਦੇ ਖ਼ਜ਼ਾਨੇ ਨੂੰ ਬਹੁਤ ਮਹਿੰਗਾ ਪਵੇਗਾ।
ਸਿਆਸਤਦਾਨਾਂ ਨੇ ਸਰਕਾਰੀ ਖਜ਼ਾਨਿਆਂ ਦੇ ਮੁੰਹ ਆਪਣੇ ਲਈ ਕੁਝ ਜ਼ਿਆਦਾ ਹੀ ਖੁੱਲ੍ਹੇ ਰੱਖੇ ਹੋਏ ਹਨ। ਪੰਜਾਬ ਦੇ ਸਾਬਕਾ ਵਿਧਾਇਕਾਂ ਵੱਲੋਂ ਸਰਕਾਰੀ ਖ਼ਜ਼ਾਨੇ ਨੂੰ ਪੈਨਸ਼ਨਾਂ ਤੇ ਹੋਰ ਭੱਤਿਆਂ ਦੇ ਰੂਪ ਵਿਚ ਖੂਬ ਮਾਂਜਿਆਂ ਜਾ ਰਿਹਾ ਹੈ। ਹੈ। ਉਨ੍ਹਾਂ ਦੇ ਘਰਾਂ ਵਿੱਚ ਪੈਨਸ਼ਨ ਦੇ ਰੂਪ ‘ਚ ਨੋਟਾਂ ਦਾ ਮੀਂਹ ਵਰ੍ਹਦਾ ਹੈ। ਦੂਸਰੀ ਤਰਫ਼ ਪੰਜਾਬ ਦੇ ਬਜ਼ੁਰਗਾਂ ਦਾ ਮਾਮੂਲੀ ਪੰਜ ਸੌ ਰੁਪਏ ਦੀ ਬੁਢਾਪਾ ਪੈਨਸ਼ਨ ਨੇ ਬੁਢਾਪਾ ਰੋਲ ਰੱਖਿਆ ਹੈ। ਇਧਰ ਸਾਬਕਾ ਵਿਧਾਇਕਾਂ ਦੇ ਪੈਨਸ਼ਨ ਨੇ ਹੀ ਵਾਰੇ ਨਿਆਰੇ ਕਰ ਰੱਖੇ ਹਨ। ਪੰਜਾਬ ਦੇ ਕਰੀਬ ਸਵਾ ਦੋ ਸੌ ਸਾਬਕਾ ਵਿਧਾਇਕ ਪੈਨਸ਼ਨ ਲੈ ਰਹੇ ਹਨ। ਹੁਣ ਪੈਨਸ਼ਨ ਰਾਸ਼ੀ ਏਨੀ ਹੈ ਕਿ ਇੱਕ ਵਾਰੀ ਵਿਧਾਇਕ ਬਣਨ ਵਾਲੇ ਨੇਤਾ ਦੀ ਉਮਰ ਭਰ ਲਈ ਲਾਟਰੀ ਲੱਗ ਜਾਂਦੀ ਹੈ। ਸਿਰਫ਼ ਇੱਕ ਦਫ਼ਾ ਜੋ ਵਿਧਾਇਕ ਰਹੇ ਹਨ, ਉਨ੍ਹਾਂ ਨੂੰ ਬਤੌਰ ਸਾਬਕਾ ਵਿਧਾਇਕ ਹੁਣ ਸਭ ਭੱਤਿਆਂ ਸਮੇਤ 75,150 ਰੁਪਏ ਪੈਨਸ਼ਨ ਮਿਲਦੀ ਹੈ, ਜੋ ਬਾਕੀ ਸਹੂਲਤਾਂ ਹਨ, ਉਹ ਵੱਖਰੀਆਂ ਹਨ। ਸਰਕਾਰੀ ਵੇਰਵਿਆਂ ਅਨੁਸਾਰ ਸਾਬਕਾ ਮੁੱਖ ਮੰਤਰੀ ਬੀਬੀ ਰਜਿੰਦਰ ਕੌਰ ਭੱਠਲ ਨੂੰ ਬਤੌਰ ਸਾਬਕਾ ਵਿਧਾਇਕਾ ਇਸ ਵੇਲੇ 3.25 ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ, ਜਦੋਂਕਿ ਹੁਣ ਪਲੈਨਿੰਗ ਬੋਰਡ ਦੀ ਵਾਈਸ ਚੇਅਰਮੈਨ ਵਜੋਂ ਵੱਖਰੀ ਤਨਖ਼ਾਹ ਤੇ ਭੱਤੇ ਮਿਲਣਗੇ। ਬੀਬੀ ਭੱਠਲ ਛੇ ਵਾਰ ਵਿਧਾਇਕ ਬਣੇ ਹਨ। ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਵੀ ਛੇ ਵਾਰ ਵਿਧਾਇਕ ਰਹੇ ਹਨ ਅਤੇ ਉਨ੍ਹਾਂ ਨੂੰ ਵੀ ਸਵਾ ਤਿੰਨ ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਮਿਲਦੀ ਹੈ। ਸਾਬਕਾ ਮੰਤਰੀ ਸਰਵਨ ਸਿੰਘ ਫਿਲੌਰ ਵੀ 3.25 ਲੱਖ ਰੁਪਏ ਪੈਨਸ਼ਨ ਲੈ ਰਹੇ ਹਨ ਜਦੋਂ ਕਿ ਬਲਵਿੰਦਰ ਸਿੰਘ ਭੂੰਦੜ ਪੰਜ ਵਾਰ ਵਿਧਾਇਕ ਰਹਿਣ ਕਰਕੇ ਇਸ ਵੇਲੇ 2.75 ਲੱਖ ਰੁਪਏ ਪ੍ਰਤੀ ਮਹੀਨਾ ਲੈ ਰਹੇ ਹਨ। ਰਾਜ ਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਪੰਜਾਬ ਦੇ ਖ਼ਜ਼ਾਨੇ ‘ਚੋਂ 2.25 ਲੱਖ ਰੁਪਏ ਪੈਨਸ਼ਨ ਲੈ ਰਹੇ ਹਨ। ਭੂੰਦੜ ਤੇ ਢੀਂਡਸਾ ਨੂੰ ਬਤੌਰ ਰਾਜ ਸਭਾ ਮੈਂਬਰ ਵੱਖਰੀ ਤਨਖ਼ਾਹ ਤੇ ਭੱਤੇ ਮਿਲ ਰਹੇ ਹਨ। ਸਾਬਕਾ ਵਿਧਾਇਕ ਹਰੀ ਸਿੰਘ ਜ਼ੀਰਾ, ਗੁਲਜ਼ਾਰ ਸਿੰਘ ਰਣੀਕੇ ਅਤੇ ਰਣਜੀਤ ਸਿੰਘ ਬ੍ਰਹਮਪੁਰਾ ਵੀ ਪ੍ਰਤੀ ਮਹੀਨਾ 2.25 ਲੱਖ ਰੁਪਏ ਪੈਨਸ਼ਨ ਲੈ ਰਹੇ ਹਨ। ਕਾਂਗਰਸ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਤਿੰਨ ਵਾਰ ਵਿਧਾਇਕ ਰਹੇ ਹਨ ਜਿਸ ਕਰਕੇ ਉਨ੍ਹਾਂ ਨੂੰ ਪ੍ਰਤੀ ਮਹੀਨਾ 1.75 ਲੱਖ ਰੁਪਏ ਪੈਨਸ਼ਨ ਮਿਲਦੀ ਹੈ ਜਦੋਂ ਕਿ ਐੱਮਪੀ ਵਜੋਂ ਤਨਖ਼ਾਹ ਤੇ ਭੱਤੇ ਵੱਖਰੇ ਮਿਲਦੇ ਹਨ। ਜੋ ਵਿਧਾਇਕ ਇੱਕ ਵਾਰ ਐਮਪੀ ਵੀ ਰਹਿ ਜਾਂਦੇ ਹਨ, ਉਨ੍ਹਾਂ ਨੂੰ ਡਬਲ ਗੱਫਾ ਮਿਲਦਾ ਹੈ। ਪੰਜਾਬ ਦੇ ਨੌਂ ਸਾਬਕਾ ਵਿਧਾਇਕ ਅਜਿਹੇ ਹਨ, ਜੋ ਲੋਕ ਸਭਾ ਅਤੇ ਰਾਜ ਸਭਾ ਤੋਂ ਵੀ ਪੈਨਸ਼ਨ ਲੈ ਰਹੇ ਹਨ ਤੇ ਸਾਬਕਾ ਵਿਧਾਇਕ ਵਾਲੀ ਪੈਨਸ਼ਨ ਵੀ ਲੈ ਰਹੇ ਹਨ। ਸਰਕਾਰੀ ਸੂਚਨਾ ਅਨੁਸਾਰ ਵਿਧਾਨ ਸਭਾ ਵੱਲੋਂ ਹਰ ਸਾਬਕਾ ਵਿਧਾਇਕ ਦੀ ਪੈਨਸ਼ਨ ਫਿਕਸ ਕੀਤੀ ਗਈ ਹੈ ਅਤੇ ਉਹ ਖ਼ਜ਼ਾਨੇ ਜਾਂ ਬੈਂਕ ‘ਚੋਂ ਪ੍ਰਾਪਤ ਕਰਦੇ ਹਨ। ਪੰਜਾਬ ਰਾਜ ਵਿਧਾਨ ਮੰਡਲ ਮੈਂਬਰਜ਼ (ਪੈਨਸ਼ਨ ਅਤੇ ਡਾਕਟਰੀ ਸਹੂਲਤਾਂ ਵਿਨਿਯਮ) ਐਕਟ 1977 ਅਤੇ ਪੰਜਾਬ ਰਾਜ ਵਿਧਾਨ ਮੰਡਲ ਮੈਂਬਰਜ਼ (ਪੈਨਸ਼ਨ ਅਤੇ ਡਾਕਟਰੀ ਸਹੂਲਤਾਂ ਵਿਨਿਯਮ) ਨਿਯਮ, 1984 ਦੀ ਧਾਰਾ 3(1 ਅਧੀਨ ) ਪੈਨਸ਼ਨ ਨਿਸ਼ਚਿਤ ਕੀਤੀ ਜਾਂਦੀ ਹੈ। ਪੰਜਾਬ ਸਰਕਾਰ ਨੇ 26 ਅਕਤੂਬਰ 2016 ਨੂੰ ਪੈਨਸ਼ਨ ਵਿੱਚ ਵਾਧਾ ਕਰਕੇ ਹਰ ਸਾਬਕਾ ਵਿਧਾਇਕ ਨੂੰ ਪਹਿਲੀ ਟਰਮ ਲਈ 15 ਹਜ਼ਾਰ ਰੁਪਏ ਮੁੱਢਲੀ ਤਨਖ਼ਾਹ, 50 ਫ਼ੀਸਦੀ ਮਰਜ਼ੀ ਡੀ.ਏ ਅਤੇ 234 ਫ਼ੀਸਦੀ (ਮੌਜੂਦਾ) ਮਹਿੰਗਾਈ ਭੱਤੇ ਮੁਤਾਬਕ ਬਣਦੀ ਪੈਨਸ਼ਨ ਦਿੱਤੀ ਜਾ ਰਹੀ ਹੈ। ਇੱਕ ਤੋਂ ਜ਼ਿਆਦਾ ਦਫ਼ਾ ਵਿਧਾਇਕ ਬਣਨ ਵਾਲਿਆਂ ਨੂੰ ਪ੍ਰਤੀ ਟਰਮ 10 ਹਜ਼ਾਰ ਰੁਪਏ ਪ੍ਰਤੀ ਮਹੀਨਾ ਮੁੱਢਲੀ ਪੈਨਸ਼ਨ ਸਮੇਤ ਭੱਤੇ ਵੱਖਰੀ ਦਿੱਤੀ ਜਾਂਦੀ ਹੈ।
ਇਸ ਲਿਹਾਜ਼ ਨਾਲ ਦੋ ਵਾਰ ਵਿਧਾਇਕ ਬਣਨ ਵਾਲਾ ਵਿਅਕਤੀ ਸਵਾ ਲੱਖ ਰੁਪਏ ਅਤੇ ਤਿੰਨ ਵਾਰ ਵਿਧਾਇਕ ਬਣਨ ਵਾਲਾ ਪੌਣੇ ਦੋ ਲੱਖ ਰੁਪਏ ਪ੍ਰਤੀ ਮਹੀਨਾ ਪੈਨਸ਼ਨ ਦਾ ਹੱਕਦਾਰ ਬਣਦਾ ਹੈ। ਚਾਰ ਵਾਰ ਵਿਧਾਇਕ ਬਣਨ ਵਾਲਿਆਂ ਨੂੰ ਸਵਾ ਦੋ ਲੱਖ, ਪੰਜ ਵਾਰੀ ਦੇ ਸਾਬਕਾ ਵਿਧਾਇਕ ਨੂੰ ਪੌਣੇ ਤਿੰਨ ਲੱਖ, ਛੇ ਵਾਰੀ ਦੇ ਨੂੰ 3.25 ਲੱਖ, ਸੱਤ ਵਾਰੀ ਦੇ ਨੂੰ 3.75 ਲੱਖ, ਅੱਠ ਵਾਰੀ ਦੇ ਨੂੰ 4.25 ਲੱਖ ਅਤੇ ਨੌਂ ਵਾਰੀ ਵਿਧਾਇਕ ਬਣਨ ਵਾਲੇ ਨੇਤਾ ਨੂੰ 4.75 ਲੱਖ ਰੁਪਏ ਪੈਨਸ਼ਨ ਮਿਲਦੀ ਹੈ। ਜਦੋਂ ਕਿਤੇ ਪੈਨਸ਼ਨ ਵਿੱਚ ਵਾਧਾ ਹੋਵੇਗਾ ਤਾਂ ਇਹ ਪੈਨਸ਼ਨ ਹੋਰ ਵਧੇਗੀ। ਪੰਜਾਬ ਦੇ ਦਰਜਨਾਂ ਸਾਬਕਾ ਵਿਧਾਇਕ ਤਿੰਨ ਤਿੰਨ ਵਾਰੀ ਐੱਮਐੱਲਏ ਰਹੇ ਹਨ। ਦੋ ਦੋ ਵਾਰ ਵਿਧਾਇਕ ਰਹਿਣ ਵਾਲੇ ਨੇਤਾ ਤਾਂ ਕਾਫ਼ੀ ਗਿਣਤੀ ਵਿੱਚ ਹਨ। ਸਾਬਕਾ ਵਿਧਾਇਕਾਂ ਅਤੇ ਉਨ੍ਹਾਂ ਦੇ ਪਰਿਵਾਰਕ ਜੀਆਂ ਨੂੰ ਜੀਵਨ ਭਰ ਲਈ ਸਿਹਤ ਸਹੂਲਤ ਦਿੱਤੀ ਜਾਂਦੀ ਹੈ ਜੋ ਅਨਲਿਮਟਿਡ ਹੈ। ਪੰਜਾਬ ਸਰਕਾਰ ਹਰ ਵਰ੍ਹੇ ਔਸਤਨ ਕਰੀਬ ਇੱਕ ਕਰੋੜ ਰੁਪਏ ਸਾਬਕਾ ਵਿਧਾਇਕਾਂ ਦੇ ਇਲਾਜ ‘ਤੇ ਖ਼ਰਚ ਕਰਦੀ ਹੈ। ਸਾਬਕਾ ਵਿਧਾਇਕਾਂ ਦਾ ਤਰਕ ਹੈ ਕਿ ਉਹ ਨਿਯਮਾਂ ਅਨੁਸਾਰ ਹੀ ਪੈਨਸ਼ਨ ਲੈ ਰਹੇ ਹਨ ਅਤੇ ਸਿਆਸੀ ਜੀਵਨ ਵਿਚ ਨਿੱਤ ਦੇ ਖ਼ਰਚਿਆਂ ਦੇ ਸਾਹਮਣੇ ਇਹ ਪੈਨਸ਼ਨ ਵੱਡੀ ਨਹੀਂ ਹੈ।