‘ਗੁਜਰਾਤ ਤੇ ਹਿਮਾਚਲ ਪ੍ਰਦੇਸ਼ ‘ਚ ਭਾਜਪਾ ਦੀ ਜਿੱਤ ਯਕੀਨੀ’

0
334

election-survey
ਕਾਂਗਰਸ ਦੀਆਂ ਆਸਾਂ ਉੱਤੇ ‘ਪਾਣੀ ਫੇਰ ਰਹੇ ਨੇ’ ਵੱਖ-ਵੱਖ ਚੋਣ ਸਰਵੇਖਣ
ਨਵੀਂ ਦਿੱਲੀ/ਬਿਊਰੋ ਨਿਊਜ਼:
ਵੱਖ ਵੱਖ ਟੀਵੀ ਚੈਨਲਾਂ ਵੱਲੋਂ ਕੀਤੇ ਚੋਣ ਸਰਵੇਖਣਾਂ ਦੀ ਮੰਨੀਏ ਤਾਂ ਗੁਜਰਾਤ ਤੇ ਹਿਮਾਚਲ ਵਿੱਚ ਭਾਜਪਾ ਦਾ ਕਮਲ ਖਿੜਨਾ ਲਗਪਗ ਤੈਅ ਹੈ। ਸਾਰੇ ਚੋਣ ਸਰਵੇਖਣਾਂ ਵਿੱਚ ਭਾਜਪਾ ਨੂੰ ਬਹੁਮਤ ਮਿਲਦਾ ਦਿਖਾਇਆ ਗਿਆ ਹੈ। ਭਾਜਪਾ ਨੂੰ ਗੁਜਰਾਤ ਵਿੱਚ 100 ਤੋਂ ਵੱਧ ਸੀਟਾਂ ਮਿਲਣ ਦੀ ਪੇਸ਼ੀਨਗੋਈ ਕੀਤੀ ਹੈ, ਜਿੱਥੇ ਉਹ ਲਗਪਗ ਦੋ ਦਹਾਕਿਆਂ ਤੋਂ ਸੱਤਾ ‘ਤੇ ਕਾਬਜ਼ ਹੈ। ਹਿਮਾਚਲ ਪ੍ਰਦੇਸ਼ ਜਿੱਥੇ ਵੋਟਰ ਹਰ ਵਾਰੀ ਸੱਤਾਧਾਰੀ ਸਰਕਾਰ ਨੂੰ ਲਾਂਭੇ ਕਰਦੇ ਹਨ, ਵਿੱਚ ਵੀ ਕਾਂਗਰਸ ਨੂੰ ਸ਼ਿਕਸਤ ਅਤੇ ਭਾਜਪਾ ਨੂੰ ਬਹੁਮਤ ਮਿਲ ਰਿਹਾ ਹੈ।
ਟੂਡੇਜ਼ ਪੰਚਾਰੀ ਨੇ ਗੁਜਰਾਤ ਵਿੱਚ ਭਾਜਪਾ  ਨੂੰ 135 ਅਤੇ ਕਾਂਗਰਸ ਨੂੰ 47 ਸੀਟਾਂ ਦਿੱਤੀਆਂ ਹਨ। 182 ਮੈਂਬਰੀ ਗੁਜਰਾਤ ਵਿਧਾਨ ਸਭਾ ਵਿੱਚ ਸਰਕਾਰ ਬਣਾਉਣ ਲਈ 92 ਸੀਟਾਂ ਲੋੜੀਂਦੀਆਂ ਹਨ। 2012 ਦੀਆਂ ਵਿਧਾਨ ਸਭਾ ਚੋਣਾਂ ਵਿੱਚ ਭਾਜਪਾ ਨੇ 115 ਸੀਟਾਂ ‘ਤੇ ਜਿੱਤ ਪ੍ਰਾਪਤ ਕੀਤੀ ਸੀ ਜਦੋਂ ਕਿ ਕਾਂਗਰਸ ਨੂੰ 61 ਅਤੇ ਹੋਰਨਾਂ ਨੂੰ ਛੇ ਸੀਟਾਂ ਮਿਲੀਆਂ ਸੀ। ਟਾਈਮਜ਼ ਨਾਓ-ਵੀਐਮਆਰ ਨੇ ਭਾਜਪਾ ਨੂੰ 115, ਕਾਂਗਰਸ ਨੂੰ 64 ਸੀਟਾਂ ਅਤੇ ਬਾਕੀ ਰਹਿੰਦੀਆਂ ਹੋਰਨਾਂ ਨੂੰ ਦਿੱਤੀਆਂ ਹਨ। ਦਿ ਰਿਪਬਲਿਕ-ਸੀ ਵੋਟਰ ਨੇ ਭਾਜਪਾ ਨੂੰ 108 ਅਤੇ ਕਾਂਗਰਸ ਨੂੰ 74 ਸੀਟਾਂ ਦਿੱਤੀਆਂ ਹਨ। ਏਬੀਪੀ-ਸੀਐਸਡੀਐਸ ਨੇ ਭਾਜਪਾ ਨੂੰ 117 ਸੀਟਾਂ ਨਾਲ ਸਪਸ਼ਟ ਬਹੁਮਤ ਮਿਲਦਾ ਦਿਖਾਇਆ ਹੈ ਅਤੇ ਕਾਂਗਰਸ ਨੂੰ 64 ਸੀਟਾਂ ਦਿੱਤੀਆਂ ਹਨ। ਐਨਡੀਟੀਵੀ ਨੇ ਭਾਜਪਾ ਨੂੰ 112 ਅਤੇ ਕਾਂਗਰਸ ਨੂੰ 70 ਸੀਟਾਂ ਦਿੱਤੀਆਂ ਹਨ।
ਇੰਡੀਆ ਟੂਡੇ ਦੇ ਆਜ ਤਕ ਨਿਊਜ਼ ਚੈਨਲ ਨੇ ਭਾਜਪਾ ਨੂੰ 99-113 ਵਿਚਾਲੇ ਸੀਟਾਂ ਦਿੱਤੀਆਂ। ਇਕੱਲੇ ਆਜ ਤਕ ਦੇ ਸਰਵੇ ਵਿੱਚ ਹੀ ਭਾਜਪਾ ਨੂੰ 100 ਤੋਂ ਘੱਟ ਸੀਟਾਂ ਮਿਲਣ ਦੀ ਪੇਸ਼ੀਨਗੋਈ ਕੀਤੀ ਗਈ ਹੈ। ਇਸ ਨੇ ਕਾਂਗਰਸ ਨੂੰ 62-82 ਦਰਮਿਆਨ ਸੀਟਾਂ ਦਿੱਤੀਆਂ ਹਨ। ਇੰਡੀਆ ਟੀਵੀ-ਵੀਐਮਆਰ ਨੇ ਵੀ ਭਾਜਪਾ ਨੂੰ ਹੀ ਜੇਤੂ ਦੱਸਿਆ ਹੈ ਤੇ 108 ਤੇ 118 ਵਿਚਾਲੇ ਸੀਟਾਂ ਦਿੱਤੀਆਂ ਹਨ ਤੇ ਕਾਂਗਰਸ  ਨੂੰ 61 ਤੋਂ 71 ਸੀਟਾਂ ਦਿੱਤੀਆਂ ਹਨ। ਦੂਜੇ ਪਾਸੇ ਹਿਮਾਚਲ ਵਿੱਚ ਵੀ ਭਾਜਪਾ ਨੂੰ ਬਹੁਮਤ ਮਿਲਦਾ ਦਰਸਾਇਆ ਗਿਆ ਹੈ। ਟਾਈਮਜ਼ ਨਾਓ-ਵੀਐਮਰ ਅਤੇ ਜ਼ੀ ਨਿਊਜ਼-ਐਕਸਿਸ ਨੇ 68 ਮੈਂਬਰੀ ਵਿਧਾਨ ਸਭਾ ਵਿੱਚ ਭਾਜਪਾ ਨੂੰ 51 ਸੀਟਾਂ ਮਿਲਣ ਦੀ ਪੇਸ਼ੀਨਗੋਈ ਕੀਤੀ ਹੈ । ਇਥੇ ਸਰਕਾਰ ਬਣਾਉਣ ਲਈ ਪਾਰਟੀ ਨੂੰ 35 ਸੀਟਾਂ ਚਾਹੀਦੀਆਂ ਹਨ। ਟਾਈਮਜ਼ ਨਾਓ-ਵੀਐਮ ਨੇ ਕਾਂਗਰਸ ਨੂੰ 16 ਅਤੇ ਇਕ ਸੀਟ ਹੋਰਨਾਂ ਨੂੰ ਦਿੱਤੀ ਹੈ, ਜਦੋਂ ਕਿ ਜ਼ੀਨਿਊਜ਼’ਐਕਸਿਸ ਨੇ ਸੱਤਾਧਾਰੀ ਕਾਂਗਰਸ ਨੂੰ 17 ਸੀਟਾਂ ਦਿੱਤੀਆਂ ਹਨ। ਆਜ ਤਕ-ਐਕਸਿਸ ਨੇ ਭਾਜਪਾ ਨੂੰ 47-55, ਕਾਂਗਰਸ ਨੂੰ 13-20 ਅਤੇ ਹੋਰਨਾਂ ਨੂੰ 0-2 ਸੀਟਾਂ ਦਿੱਤੀਆਂ ਹਨ। ਨਿਊਜ਼ ਐਕਸ ਨੇ ਆਪਣੇ ਸਰਵੇਖਣ ਵਿੱਚ ਭਾਜਪਾ ਨੂੰ 42-50 ਅਤੇ ਕਾਂਗਰਸ ਨੂੰ 18-24 ਸੀਟਾਂ ਦਿੱਤੀਆਂ ਹਨ।

ਗੁਜਰਾਤ ‘ਚ ਦੂਜੇ ਪੜਾਅ ਦੌਰਾਨ 68.70 ਫੀਸਦੀ ਵੋਟਾਂ ਪਈਆਂ
ਨਵੀਂ ਦਿੱਲੀ/ਬਿਊਰੋ ਨਿਊਜ਼:
ਗੁਜਰਾਤ ਵਿੱਚ ਦੂਜੇ ਪੜਾਅ ਦਾ ਚੋਣ ਅਮਲ ਮੁਕੰਮਲ ਹੋ ਗਿਆ। ਇਸ ਦੌਰਾਨ 93 ਵਿਧਾਨ ਸਭਾ ਸੀਟਾਂ ਲਈ ਵੋਟਾਂ ਪਈਆਂ। ਪੋਲਿੰਗ ਦੌਰਾਨ ਕੁਝ ਥਾਵਾਂ ‘ਤੇ ਹਿੰਸਕ ਝੜਪਾਂ ਵੀ ਹੋਈਆਂ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਬਰਮਤੀ ਹਲਕੇ ਦੇ ਰਾਨਿਪ ਇਲਾਕੇ ਵਿੱਚ ਕਤਾਰ ਵਿੱਚ ਖੜ੍ਹ ਕੇ ਵੋਟ ਪਾਈ।
ਮੁੱਖ ਵਿਰੋਧੀ ਪਾਰਟੀ ਕਾਂਗਰਸ ਨੇ ਮੋਦੀ ਦੇ ਵੋਟ ਪਾਉਣ ਬਾਅਦ ਰੋਡ ਸ਼ੋਅ ਕਰਨ ਦਾ ਵਿਰੋਧ ਕਰਦਿਆਂ ਗੁਜਰਾਤ ਚੋਣ ਕਮਿਸ਼ਨ ਨੂੰ ਸ਼ਿਕਾਇਤ ਹੈ। ਜ਼ਿਕਰਯੋਗ ਹੈ ਕਿ ਸਾਬਰਮਤੀ ਹਲਕੇ ਦੇ ਰਾਨਿਪ ਇਲਾਕੇ ਦੇ ਨਿਸ਼ਾਨ ਹਾਈ ਸਕੂਲ ਵਿਚਲੇ ਪੋਲਿੰਗ ਬੂਥ ‘ਤੇ ਪੁੱਜਣ ‘ਤੇ ਸ੍ਰੀ ਮੋਦੀ ਨੇ ਪਹਿਲਾਂ ਆਪਣੇ ਵੱਡੇ ਭਰਾ ਸੋਮਾਭਾਈ ਮੋਦੀ ਨਾਲ ਮੁਲਾਕਾਤ ਕੀਤੀ, ਜੋ ਉਥੇ ਮੌਜੂਦ ਸੀ। ਇਸ ਤੋਂ ਬਾਅਦ ਉਹ ਵੋਟ ਪਾਉਣ ਲਈ ਕਤਾਰ ਵਿੱਚ ਖੜ੍ਹ ਗਏ। ਆਪਣੀ ਵਾਰੀ ਦੀ ਉਡੀਕ ਦੌਰਾਨ ਉਹ ਹੋਰਨਾਂ ਵੋਟਰਾਂ ਨਾਲ ਗੱਲਬਾਤ ਕਰਦੇ ਰਹੇ। ਵੋਟ ਪਾਉਣ ਬਾਅਦ ਉਨ੍ਹਾਂ ਨੇ ਪੋਲਿੰਗ ਬੂਥ ਦੇ ਬਾਹਰ ਖੜੇ ਆਪਣੇ ਸਮਰਥਕਾਂ ਨੂੰ ਸਿਆਹੀ ਲਗੀ ਉਂਗਲ ਦਿਖਾਈ। ਮੋਦੀ ਸੜਕ ਦੇ ਦੋਵਾਂ ਪਾਸੇ ਖੜ੍ਹੇ ਲੋਕਾਂ ਨੂੰ ਮਿਲਣ ਲਈ ਕੁਝ ਦੂਰ ਤਕ ਪੈਦਲ ਵੀ ਗਏ। ਇਸ ਤੋਂ ਬਾਅਦ ਉਹ ਕਾਰ ‘ਤੇ ਚੜ੍ਹ ਗਏ ਤੇ ਲੋਕਾਂ ਵੱਲ ਹੱਥ ਹਿਲਾਉਂਦੇ ਹੋਏ ਉਥੋਂ ਲੰਘ ਗਏ। ਕਾਂਗਰਸ ਨੇ ਮੋਦੀ ਦੇ ਰੋਡ ਸ਼ੋਅ ਦੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਦੇਣ ਦੇ ਨਾਲ ਹੀ ਰਾਨਿਪ ਪੁਲੀਸ ਨੂੰ ਵੀ ਸ਼ਿਕਾਇਤ ਦਿੱਤੀ ਹੈ। ਕਾਂਗਰਸ ਦੀ ਸ਼ਿਕਾਇਤ ਬਾਰੇ ਪੁੱਛੇ ਜਾਣ ‘ਤੇ ਗੁਜਰਾਤ ਦੇ ਮੁੱਖ ਚੋਣ ਅਫਸਰ ਬੀ ਬੀ ਸਵੈਨ ਨੇ ਕਿਹਾ ਕਿ ਚੋਣ ਜ਼ਾਬਤੇ ਦੀ ਉਲੰਘਣਾ ਦੀ ਜਾਂਚ ਕੀਤੀ ਜਾ ਰਹੀ ਹੈ।