ਮਹਾਰਾਜਾ ਦਲੀਪ ਸਿੰਘ ਦੀ ਧੀ ਬੰਬਾ ਸਦਰਲੈਂਡ ਦੀ ਗੁੰਮਨਾਮ ਕਬਰ ਦੀ ਸਾਂਭ-ਸੰਭਾਲ ਦਾ ਬੀੜਾ ਡਾ. ਅਬਦੁਲ ਮਜੀਦ ਚੌਧਰੀ ਨੇ ਚੁੱਕਿਆ

0
1184

dr-abdul-1
ਕੈਪਸ਼ਨ-1 ਬੰਬਾ ਸਦਰਲੈਂਡ ਦੀ ਕਬਰ।

dr-abdul-2
ਕੈਪਸ਼ਨ-2 ਡਾ. ਅਬਦੁਲ ਮਜੀਦ ਚੌਧਰੀ
ਜਲੰਧਰ/ਬਿਊਰੋ ਨਿਊਜ਼ :
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਪੋਤੀ ਅਤੇ ਸਿੱਖ ਰਾਜ ਦੇ ਆਖ਼ਰੀ ਚਿਰਾਗ਼ ਮਹਾਰਾਜਾ ਦਲੀਪ ਸਿੰਘ ਦੀ ਧੀ ਬੰਬਾ ਸਦਰਲੈਂਡ ਦੀ ਗੁੰਮਨਾਮ ਕਬਰ ਦੀ ਸਾਂਭ-ਸੰਭਾਲ ਦਾ ਬੀੜਾ ਡਾ. ਅਬਦੁਲ ਮਜੀਦ ਚੌਧਰੀ ਨੇ ਚੁੱਕਿਆ ਹੈ। ਡਾ. ਅਬਦੁਲ ਮਜੀਦ ਚੌਧਰੀ ਲਾਹੌਰ ਦੇ ਮੈਡੀਕਲ ਅਤੇ ਡੈਂਟਲ ਕਾਲਜ ਦੇ ਪ੍ਰਿੰਸੀਪਲ ਹਨ। ਡਾ. ਚੌਧਰੀ ਨੇ ਕਿਹਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਬਰਸੀ ‘ਤੇ ਸਿੱਖ ਸ਼ਰਧਾਲੂਆਂ ਦੇ ਜਥੇ ਦੇ ਨਾ ਪਹੁੰਚਣ ਦਾ ਉਧਰਲੇ ਲੋਕਾਂ ਨੇ ਬਹੁਤ ਬੁਰਾ ਮਨਾਇਆ ਹੈ। ਉਨ੍ਹਾਂ ਦੱਸਿਆ ਕਿ ਗੁਰੂ ਨਾਨਕ ਦੇਵ ਜੀ ਦੀ ਯਾਦ ਵਿੱਚ ਨਨਕਾਣਾ ਸਾਹਿਬ ਵਿਚ ਪਾਕਿਸਤਾਨ ਸਰਕਾਰ ਵੱਲੋਂ ਬਣਾਈ ‘ਬਾਬਾ ਨਾਨਕ ਯੂਨੀਵਰਸਿਟੀ’ ਵੀ ਇਸ ਸਾਲ ਸ਼ੁਰੂ ਹੋ ਚੁੱਕੀ ਹੈ।
‘ਪੰਜਾਬੀ ਟ੍ਰਿਬਿਊਨ’ ਦੇ ਪੱਤਰਕਾਰ ਮਨਦੀਪ ਟੁੱਟ ਨਾਲ ਫ਼ੋਨ ਰਾਹੀਂ ਗੱਲਬਾਤ ਕਰਦਿਆਂ ਡਾ. ਚੌਧਰੀ ਨੇ ਦੱਸਿਆ ਕਿ ਉਹ ਕਾਫ਼ੀ ਸਮੇਂ ਤੋਂ ਲਾਹੌਰ ਵਿੱਚ ਮੈਡੀਕਲ ਕਾਲਜ ਵਿਚ ਪ੍ਰਿੰਸੀਪਲ ਵਜੋਂ ਸੇਵਾਵਾਂ ਦੇ ਰਹੇ ਹਨ। ਸਿੰਗਾਪੁਰ ਦੇ ਇੱਕ ਸਿੱਖ ਵੱਲੋਂ ਲਿਖੀ ਕਿਤਾਬ ਤੋਂ ਉਨ੍ਹਾਂ ਨੂੰ ਪਤਾ ਲੱਗਾ ਕਿ ਮਹਾਰਾਜਾ ਦਲੀਪ ਸਿੰਘ ਦੀ ਧੀ ਬੰਬਾ ਦਲੀਪ ਸਿੰਘ ਦਾ ਵਿਆਹ ਅੰਗਰੇਜ਼ ਕਰਨਲ ਸਦਰਲੈਂਡ ਨਾਲ ਹੋਇਆ ਸੀ, ਜਿਸ ਤੋਂ ਬਾਅਦ ਉਨ੍ਹਾਂ ਦਾ ਨਾਂਅ ਬੰਬਾ ਸਦਰਲੈਂਡ ਹੋ ਗਿਆ ਸੀ। ਕਰਨਲ ਸਦਰਲੈਂਡ ਦੇਸ਼ ਦੀ ਵੰਡ ਤੋਂ ਪਹਿਲਾਂ ਲਾਹੌਰ ਵਿੱਚ ‘ਕਿੰਗ ਐਡਵਰਡ’ ਕਾਲਜ ਦੇ ਪ੍ਰਿੰਸੀਪਲ ਸਨ। ਡਾ. ਚੌਧਰੀ ਨੇ ਦੱਸਿਆ ਕਿ ਕਿਤਾਬ ਵਿੱਚ ਲਾਹੌਰ ਦੀ ਹੀ ‘ਗੋਰਾ’ ਨਾਮੀ ਕਬਰਿਸਤਾਨ ਦਾ ਜ਼ਿਕਰ ਸੀ, ਜਿੱਥੇ ਜਾ ਕੇ ਉਨ੍ਹਾਂ ਨੇ ਬੰਬਾ ਸਦਰਲੈਂਡ ਦੀ ਕਬਰ ਲੱਭੀ। ਉਨ੍ਹਾਂ ਕਿਹਾ ਕਿ ਕਬਰ ਲੱਭਣ ਤੋਂ ਬਾਅਦ ਉਨ੍ਹਾਂ ਨੇ ਉਸ ਦੀ ਹਾਲਤ ਸੁਧਾਰੀ ਅਤੇ ਮੁਰੰਮਤ ਕਰਵਾਈ ਤੇ ਹੁਣ ਵੀ ਉਸ ਦੀ ਦੇਖ-ਰੇਖ ਕਰ ਰਹੇ ਹਨ। ਉਨ੍ਹਾਂ ਦੱਸਿਆ ਕਿ ਬੰਬਾ ਸਦਰਲੈਂਡ ਦੀ ਮੌਤ ਸਿੱਖ ਰਾਜ ਦੀ ਤਾਂਘ ਰੱਖਦਿਆਂ ਲਾਹੌਰ ਵਿੱਚ ਹੀ 1957 ਵਿੱਚ ਹੋ ਗਈ ਸੀ ਤੇ ਉਥੇ ਹੀ ਉਨ੍ਹਾਂ ਦੀ ਕਬਰ ਬਣਾ ਦਿੱਤੀ ਗਈ।
ਡਾ. ਚੌਧਰੀ ਨੇ ਕਿਹਾ ਕਿ ਪਾਕਿਸਤਾਨ ਦੇ ਲੋਕ ਸਿੱਖਾਂ ਅਤੇ ਸਿੱਖ ਇਤਿਹਾਸ ਦਾ ਬਹੁਤ ਸਤਿਕਾਰ ਕਰਦੇ ਹਨ। ਉਨ੍ਹਾਂ ਕਿਹਾ ਕਿ ਪਾਕਿਸਤਾਨ ਵਿੱਚ ਸਿੱਖ ਗੁਰਧਾਮਾਂ ਦੀ ਸੰਭਾਲ ਬਿਹਤਰ ਤਰੀਕੇ ਨਾਲ ਹੋ ਰਹੀ ਹੈ। ਪਾਕਿਸਤਾਨ ਸਰਕਾਰ ਵੱਲੋਂ ਗੁਰਦੁਆਰਿਆਂ ਦੀ ਸਾਂਭ-ਸੰਭਾਲ ਲਈ ਪੈਸੇ ਦੀ ਕੋਈ ਕਮੀ ਨਹੀਂ ਆਉਣ ਦਿੱਤੀ ਜਾ ਰਹੀ।