ਪੰਜਾਬ ‘ਚ ਅਸਲੇ ਦੇ ਸ਼ੌਕੀਨਾਂ ਨੂੰ ਡੋਪ ਦਾ ਡੰਗ

0
33

dope-test
ਬਠਿੰਡਾ ਦੇ ਸਿਵਲ ਹਸਪਤਾਲ ਵਿਚ ਡੋਪ ਟੈਸਟ ਲਈ ਕਤਾਰ ਵਿਚ ਲੱਗੇ ਲੋਕ।
ਬਠਿੰਡਾ/ਬਿਊਰੋ ਨਿਊਜ਼ :
ਸਿਹਤ ਮਹਿਕਮੇ ਨੂੰ ਪੰਜਾਬ ਸਰਕਾਰ ਦਾ ਹਰ ਹਥਿਆਰ ਦਾ ਲਾਇਸੰਸ ਲੈਣ ਜਾਂ ਪੁਰਾਣਾ ਲਾਇਸੰਸ ਨਵਿਆਉਣ ਵੇਲੇ ਲਾਇਸੰਸਧਾਰੀ ਦਾ ਡੋਪ ਟੈਸਟ ਲਾਜ਼ਮੀ ਕਰਨ ਦਾ ਫ਼ੈਸਲਾ ਰਾਸ ਆ ਗਿਆ ਹੈ। ਇਸ ਦੇ ਖ਼ਜ਼ਾਨੇ ਨੂੰ ਡੋਪ ਟੈਸਟਾਂ ਨੇ ਭਰਨਾ ਸ਼ੁਰੂ ਕਰ ਦਿੱਤਾ ਹੈ। ਉਧਰ ਪੰਜਾਬ ਵਿਚ ਡੋਪ ਟੈਸਟ ਕਿੱਟਾਂ ਦੀ ਖ਼ਰੀਦ ਵਿਚ ਵੀ ਘਾਲਾ ਮਾਲਾ ਹੋਣ ਲੱਗਾ ਹੈ। ਦਰਅਸਲ ਕੇਂਦਰੀ ਗ੍ਰਹਿ ਮੰਤਰਾਲੇ ਨੇ ਲਾਇਸੈਂਸੀ ਹਥਿਆਰ ਲੈਣ ਲਈ ਡੋਪ ਟੈਸਟ ਲਾਜ਼ਮੀ ਕਰਾਰ ਦਿੱਤਾ ਹੈ। ਡੋਪ ਟੈਸਟ ਅਸਲਾ ਸ਼ੌਕੀਨਾਂ ਦੀ ਜੇਬ ਨੂੰ ਡੰਗ ਮਾਰ ਰਹੇ ਹਨ। ਸਰਕਾਰੀ ਹਸਪਤਾਲਾਂ ਵੱਲੋਂ ਖ਼ਰੀਦ ਕੀਤੀ ਡੋਪ ਟੈਸਟ ਕਿੱਟ ਦਾ ਰੇਟ ਹਰ ਸ਼ਹਿਰ ਵਿੱਚ ਵੱਖੋ-ਵੱਖਰਾ ਹੈ, ਜਿਸ ਤੋਂ ਮਾਮਲਾ ਸ਼ੱਕੀ ਜਾਪਦਾ ਹੈ। ਸਿਹਤ ਵਿਭਾਗ ਨੇ 17 ਅਪਰੈਲ 2018 ਤੋਂ ਡੋਪ ਟੈਸਟ ਅਤੇ ਮੈਡੀਕਲ ਟੈਸਟਾਂ ਦੀ ਫ਼ੀਸ 1500 ਰੁਪਏ ਕਰ ਦਿੱਤੀ ਸੀ, ਜੋ ਪਹਿਲਾਂ 750 ਰੁਪਏ ਪ੍ਰਤੀ ਟੈਸਟ ਸੀ।
ਆਰਟੀਆਈ ਵੇਰਵਿਆਂ ਅਨੁਸਾਰ ਸਿਵਲ ਹਸਪਤਾਲ ਮੁਕਤਸਰ ਨੇ ਅਸਲਾ ਲਾਇਸੈਂਸ ਲੈਣ ਦੇ ਸ਼ੌਕੀਨਾਂ ਤੋਂ ਇਕੱਲੇ ਡੋਪ ਟੈਸਟਾਂ ਦੇ ਰੂਪ ਵਿਚ 13.02 ਲੱਖ ਰੁਪਏ ਦੀ ਕਮਾਈ ਕੀਤੀ ਹੈ। ਮੁਕਤਸਰ ਹਸਪਤਾਲ ਨੇ ਜੂਨ ਮਹੀਨੇ ਤੱਕ 1012 ਡੋਪ ਟੈਸਟ ਕੀਤੇ ਸਨ, ਜਿਨ੍ਹਾਂ ਵਿੱਚੋਂ 138 ਕੇਸ ਪਾਜ਼ੇਟਿਵ ਪਾਏ ਗਏ ਸਨ। ਇਨ੍ਹਾਂ ਕੇਸਾਂ ਦੇ ਮੁੜ ਫ਼ੀਸ ਭਰਾ ਕੇ ਜਦੋਂ ਡੋਪ ਟੈਸਟ ਕਰਾਏ ਗਏ ਤਾਂ ਇਨ੍ਹਾਂ ਵਿੱਚੋਂ ਸਿਰਫ਼ ਪੰਜ ਕੇਸ ਹੀ ਪਾਜ਼ੇਟਿਵ ਰਹਿ ਗਏ। ਸੂਤਰ ਆਖਦੇ ਹਨ ਕਿ ਜਦੋਂ ਮੁੜ ਫ਼ੀਸ ਭਰ ਕੇ ਟੈਸਟ ਕਰਾਉਣ ਦੀ ਸੁਵਿਧਾ ਹੈ ਤਾਂ ਡੋਪ ਟੈਸਟ ਦਾ ਕੀ ਅਰਥ ਰਹਿ ਜਾਂਦਾ ਹੈ। ਸਿਵਲ ਹਸਪਤਾਲ ਮੋਗਾ ਨੇ ਚਾਰ ਮਹੀਨਿਆਂ ਵਿੱਚ ਡੋਪ ਟੈਸਟਾਂ ਤੋਂ 15.71 ਲੱਖ ਰੁਪਏ ਕਮਾਏ ਹਨ। ਮੋਗਾ ਹਸਪਤਾਲ ਵਿੱਚ 1470 ਡੋਪ ਟੈਸਟ ਹੋਏ, ਜਿਨ੍ਹਾਂ ਵਿੱਚੋਂ 124 ਕੇਸ ਪਾਜ਼ੇਟਿਵ ਪਾਏ ਗਏ। ਦਿਲਚਸਪ ਤੱਥ ਇਹ ਹੈ ਕਿ ਇਨ੍ਹਾਂ ਟੈਸਟਾਂ ‘ਤੇ ਮਹਿਕਮੇ ਨੇ ਸਿਰਫ਼ 2.76 ਲੱਖ ਰੁਪਏ ਖ਼ਰਚ ਕੀਤੇ ਜਦੋਂਕਿ ਕਮਾਈ 15.71 ਲੱਖ ਰੁਪਏ ਦੀ ਕੀਤੀ। ਬਰਨਾਲਾ ਹਸਪਤਾਲ ਨੇ ਡੋਪ ਟੈਸਟ ਕਿੱਟ 200 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਨਾਲ ਖ਼ਰੀਦ ਕੀਤੀ ਜਦੋਂਕਿ ਟੈਸਟਾਂ ਤੋਂ ਕਮਾਈ ਕਈ ਗੁਣਾ ਜ਼ਿਆਦਾ ਹੋਈ। ਸਰਕਾਰੀ ਹਸਪਤਾਲ ਲੁਧਿਆਣਾ ਨੇ ਡੋਪ ਟੈਸਟ ਕਿੱਟ 79.08 ਰੁਪਏ ਪ੍ਰਤੀ ਕਿੱਟ ਦੇ ਹਿਸਾਬ ਨਾਲ ਖਰੀਦ ਕੀਤੀ ਹੈ। ਹਸਪਤਾਲ ਨੇ ਬਾਜ਼ਾਰ ‘ਚੋਂ 4580 ਕਿੱਟਾਂ ਖ਼ਰੀਦੀਆਂ ਜਦੋਂਕਿ 9250 ਕਿੱਟਾਂ ਸਰਕਾਰ ਨੇ ਦਿੱਤੀਆਂ। ਹਸਪਤਾਲ ਹੁਣ ਤੱਕ ਡੋਪ ਟੈਸਟਾਂ ਤੋਂ 17.89 ਲੱਖ ਰੁਪਏ ਦੀ ਕਮਾਈ ਕਰ ਚੁੱਕਾ ਹੈ। ਇਸੇ ਤਰ੍ਹਾਂ ਸਿਵਲ ਹਸਪਤਾਲ ਫ਼ਾਜ਼ਿਲਕਾ ਨੇ 49,600 ਰੁਪਏ ਦੀਆਂ ਡੋਪ ਟੈਸਟ ਕਿੱਟਾਂ ਖਰੀਦ ਕੇ ਟੈਸਟਾਂ ਤੋਂ 7.36 ਲੱਖ ਰੁਪਏ ਕਮਾਏ। ਇਥੇ ਕੀਤੇ ਕੁੱਲ 521 ਟੈਸਟਾਂ ‘ਚੋਂ 22 ਕੇਸ ਪਾਜ਼ੇਟਿਵ ਆਏ ਹਨ। ਮਾਨਸਾ ਤੇ ਗੁਰਦਾਸਪੁਰ ਦੇ ਸਿਵਲ ਹਸਪਤਾਲਾਂ ਨੂੰ ਟੈਸਟਾਂ ਤੋਂ ਕ੍ਰਮਵਾਰ 9.52 ਲੱਖ ਤੇ 12.19 ਲੱਖ ਰੁਪਏ ਦੀ ਆਮਦਨ ਹੋਈ। ਫ਼ਤਿਹਗੜ੍ਹ ਸਾਹਿਬ, ਅਬੋਹਰ ਤੇ ਮਾਛੀਵਾੜਾ ਹਸਪਤਾਲਾਂ ਨੇ ਵੀ ਡੋਪ ਟੈਸਟਾਂ ਤੋਂ ਚੰਗੀ ਕਮਾਈ ਕੀਤੀ ਹੈ।
ਨਾਗਰਿਕ ਚੇਤਨਾ ਮੰਚ ਦੇ ਪ੍ਰਿੰਸੀਪਲ ਬੱਗਾ ਸਿੰਘ ਨੇ ਕਿਹਾ ਕਿ ਇੱਕੋ ਤਰ੍ਹਾਂ ਦੇ ਡੋਪ ਟੈਸਟ ਕਿੱਟ ਦੀ ਕੀਮਤ ਹਰ ਹਸਪਤਾਲ ਵਿੱਚ ਵੱਖੋ ਵੱਖਰੀ ਹੈ, ਜਿਸ ਤੋਂ ਇਸ ਖ਼ਰੀਦ ਵਿਚ ਘਪਲਾ ਜਾਪਦਾ ਹੈ ਜਿਸ ਦੀ ਉੱਚ ਪੱਧਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ ਡੋਪ ਟੈਸਟ ਨੂੰ ਕਮਾਈ ਦਾ ਸਾਧਨ ਬਣਾ ਲਿਆ ਹੈ। ਪੱਖ ਜਾਣਨ ਲਈ ਸਿਹਤ ਵਿਭਾਗ ਦੀ ਡਾਇਰੈਕਟਰ ਨੂੰ ਕਈ ਫ਼ੋਨ ਕੀਤੇ, ਪਰ ਉਨ੍ਹਾਂ ਚੁੱਕਿਆ ਨਹੀਂ। ਉਂਜ ਸਰਕਾਰੀ ਅਧਿਕਾਰੀ ਆਖਦੇ ਹਨ ਕਿ 1500 ਰੁਪਏ ਵਿਚ ਇਕੱਲਾ ਡੋਪ ਟੈਸਟ ਨਹੀਂ ਬਲਕਿ ਹੋਰ ਮੈਡੀਕਲ ਟੈਸਟ ਵੀ ਕੀਤੇ ਜਾਂਦੇ ਹਨ।