ਡੇਰਾ ਮੁਖੀ ਨੇ ਚੋਣਾਂ ਵਿਚ ਹਮਾਇਤ ਦਾ ਫ਼ੈਸਲਾ ਸੰਗਤ ‘ਤੇ ਛੱਡਿਆ

0
452

dera-vote
ਕੈਪਸ਼ਨ-ਵੀਡੀਓ ਕਾਨਫ਼ਰੰਸਿੰਗ ਜ਼ਰੀਏ ਮੀਡੀਆ ਤੇ ਸੰਗਤ ਨਾਲ ਗੱਲਬਾਤ ਕਰਦਾ ਹੋਏ ਡੇਰਾ ਮੁਖੀ।
ਸੰਗਰੂਰ/ਬਿਊਰੋ ਨਿਊਜ਼ :
ਡੇਰਾ ਸਿਰਸਾ ਦੇ ਮੁਖੀ ਗੁਰਮੀਤ ਰਾਮ ਰਹੀਮ ਇੰਸਾਂ ਨੇ ਕਿਹਾ ਕਿ ਪੰਜਾਬ ਵਿਧਾਨ ਸਭਾ ਚੋਣਾਂ ਵਿੱਚ ਹਮਾਇਤ ਦਾ ਫ਼ੈਸਲਾ ਡੇਰੇ ਨਾਲ ਸਬੰਧਤ ਸੰਗਤ ਨੇ ਲੈਣਾ ਹੈ। ਸੰਗਤ ਹੀ ਫ਼ੈਸਲਾ ਕਰੇਗੀ ਕਿ ਉਨ੍ਹਾਂ ਨੇ ਕਿਸ ਪਾਰਟੀ ਨੂੰ ਵੋਟ ਪਾਉਣੀ ਹੈ। ਉਨ੍ਹਾਂ ਨੇ ਸੰਗਤ ਨੂੰ ਕਿਹਾ ਹੈ ਕਿ ਉਹ ਇੱਕਜੁੱਟ ਹੋ ਕੇ ਰਹਿਣ ਅਤੇ ਇੱਕ ਬਣ ਕੇ ਚੱਲਣ।
ਡੇਰਾ ਮੁਖੀ ਨੇ ਇਥੇ ਨਾਮ ਚਰਚਾ ਘਰ ਵਿੱਚ ਵੀਡੀਓ ਕਾਨਫਰੰਸਿੰਗ ਰਾਹੀਂ ਮੀਡੀਆ ਨਾਲ ਗੱਲਬਾਤ ਕੀਤੀ। ਉਨ੍ਹਾਂ ਨੇ ਵੀਡੀਓ ਕਾਨਫਰੰਸਿੰਗ ਦਾ ਪ੍ਰਬੰਧ 10 ਫਰਵਰੀ ਨੂੰ ਰਿਲੀਜ਼ ਹੋ ਰਹੀ ਆਪਣੀ ਫ਼ਿਲਮ ਦੇ ਪ੍ਰਚਾਰ ਲਈ ਕੀਤਾ ਸੀ। ਉਨ੍ਹਾਂ ਕਿਹਾ ਕਿ ਸਾਰੀਆਂ ਪਾਰਟੀਆਂ ਦੇ ਉਮੀਦਵਾਰ ਡੇਰੇ ਵਿੱਚ ਆਏ ਸਨ ਤੇ ਸਾਰਿਆਂ ਨੂੰ ਆਸ਼ੀਰਵਾਦ ਦੇ ਦਿੱਤਾ ਹੈ, ਪਰ ਅਜੇ ਤੱਕ ਚੋਣਾਂ ਸਬੰਧੀ ਕੋਈ ਫ਼ੈਸਲਾ ਨਹੀਂ ਲਿਆ ਗਿਆ।
ਵੀਡੀਓ ਕਾਨਫਰੰਸਿੰਗ ‘ਚ ਤਕਨੀਕੀ ਖ਼ਰਾਬੀ ਕਾਰਨ ਬਹੁਤ ਸਮਾਂ ਸੰਪਰਕ ਨਹੀਂ ਬਣਿਆ। ਡੇਰੇ ਨਾਲ ਸਬੰਧਤ ਹਰਿੰਦਰ ਇੰਸਾਂ ਮੰਗਵਾਲ ਨੇ ਦੱਸਿਆ ਕਿ ਫ਼ਿਲਮ ਦਾ ਪ੍ਰਚਾਰ ਹਰਿਆਣਾ, ਪੰਜਾਬ, ਰਾਜਸਥਾਨ, ਚੰਡੀਗੜ੍ਹ, ਦਿੱਲੀ, ਉਤਰ ਪ੍ਰਦੇਸ਼ ਅਤੇ ਉਤਰਾਖੰਡ ਸਮੇਤ ਸੱਤ ਰਾਜਾਂ ਵਿੱਚ ਔਨ ਲਾਈਨ ਹੋਇਆ ਹੈ ਜੋ ਕਿ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰਚਾਰ ਹੈ। ਡੇਰਾ ਮੁਖੀ ਦੀ ਨਵੀਂ ਫ਼ਿਲਮ ਵਿੱਚ ਉਸ ਦੀ ਧੀ ਹਨੀਪ੍ਰੀਤ ਇੰਸਾਂ ਨੇ ਵੀ ਭੂਮਿਕਾ ਨਿਭਾਈ ਹੈ।
ਬਾਗ਼ੀ ਰੌਂਅ ਵਿੱਚ ਹਨ ਡੇਰਾ ਪੈਰੋਕਾਰ
ਬਠਿੰਡਾ : ਡੇਰਾ ਸਿਰਸਾ ਦੇ ਪੈਰੋਕਾਰ ਐਤਕੀਂ ਸਿਆਸੀ ਹਮਾਇਤ ਦੇ ਮਾਮਲੇ ਵਿਚ ਬਾਗ਼ੀ ਰੌਂਅ ਵਿੱਚ ਹਨ ਤੇ ਸਿਆਸੀ ਵਿੰਗ ਨੂੰ ਪੈਰੋਕਾਰਾਂ ਨੂੰ ਏਕਾ ਰੱਖਣ ਦੀ ਅਪੀਲ ਕਰਨੀ ਪੈ ਰਹੀ ਹੈ। ਸੂਤਰਾਂ ਦੱਸਦੇ ਹਨ ਕਿ ਭਾਜਪਾ ਤਰਫੋਂ ਡੇਰਾ ਸਿਰਸਾ ‘ਤੇ ਅਕਾਲੀ-ਭਾਜਪਾ ਗਠਜੋੜ ਨੂੰ ਹਮਾਇਤ ਦੇਣ ਦਾ ਕਾਫ਼ੀ ਦਬਾਅ ਹੈ, ਪਰ ਸਥਾਪਤੀ ਵਿਰੋਧੀ ਲਹਿਰ ਕਾਰਨ ਕਰ ਕੇ ਡੇਰਾ ਪੈਰੋਕਾਰ ਬਾਗ਼ੀ ਰੌਂਅ ਵਿੱਚ ਜਾਪਦੇ ਹਨ। ਸੂਤਰ ਦੱਸਦੇ ਹਨ ਕਿ ਡੇਰਾ ਪੈਰੋਕਾਰ ਅੰਦਰੋਂ-ਅੰਦਰ ਅਕਾਲੀ ਭਾਜਪਾ ਗਠਜੋੜ ਨੂੰ ਹਮਾਇਤ ਦੇਣ ਦੇ ਮਾਮਲੇ ‘ਤੇ ਖਫ਼ਾ ਹਨ।