ਡੇਰਾ ਪ੍ਰੇਮੀ ਪਿਓ-ਪੁੱਤ ਦੀ ਹੱਤਿਆ ਮਗਰੋਂ ਡੇਰਿਆਂ ਦੀ ਸੁਰੱਖਿਆ ਲਈ ਅਲਰਟ ਜਾਰੀ

0
380

dera-premi-killed-iin-khanna
ਬਠਿੰਡਾ/ਬਿਊਰੋ ਨਿਊਜ਼ :
ਅਹਿਮਦਗੜ੍ਹ ਵਿੱਚ ਡੇਰਾ ਪ੍ਰੇਮੀ ਪਿਉ-ਪੁੱਤ ਦੀ ਮੌਤ ਮਗਰੋਂ ਪੁਲੀਸ ਨੇ ਡੇਰਾ ਸਿਰਸਾ ਦੇ ਪੰਜਾਬ ਵਿਚਲੇ ਡੇਰਿਆਂ ਦੀ ਸੁਰੱਖਿਆ ਲਈ ਅਲਰਟ ਜਾਰੀ ਕਰ ਦਿੱਤਾ ਹੈ। ਅੱਧੀ ਰਾਤ ਨੂੰ ਹੀ ਡੀਐਸਪੀਜ਼ ਅਤੇ ਮੁੱਖ ਥਾਣਾ ਅਫ਼ਸਰਾਂ ਨੂੰ ਡੇਰਿਆਂ ਦੀ ਸੁਰੱਖਿਆ ਦੇ ਮਾਮਲੇ ‘ਤੇ ਚੌਕਸ ਰਹਿਣ ਦੇ ਹੁਕਮ ਜਾਰੀ ਹੋ ਗਏ ਸਨ। ਡੇਰਾ ਸਿਰਸਾ ਦਾ ਪੰਜਾਬ ਵਿਚਲਾ ਮੁੱਖ ਡੇਰਾ ਸਲਾਬਤਪੁਰਾ ਵਿਖੇ ਹੈ, ਜਿੱਥੇ ਪੁਲੀਸ ਦੀਆਂ ਦੋ ਜਿਪਸੀਆਂ ਦਾ ਪਹਿਰਾ ਰਿਹਾ। ਉਂਜ 2007 ਵਿੱਚ ਨਾਮ ਚਰਚਾ ਘਰਾਂ ‘ਤੇ ਪੁਲੀਸ ਗਾਰਦ ਲਾਈ ਸੀ ਤੇ ਮਾਹੌਲ ਠੀਕ ਹੋਣ ਮਗਰੋਂ ਸੁਰੱਖਿਆ ਵਿੱਚ ਲੱਗੀ ਨਫਰੀ ਘਟਾ ਦਿੱਤੀ ਸੀ। ਜ਼ਿਕਰਯੋਗ ਹੈ ਕਿ ਲੁਧਿਆਣਾ-ਮਾਲੇਰਕੋਟਲਾ ਸੜਕ ਉਤੇ ਅਹਿਮਦਗੜ੍ਹ ਦੇ ਹੱਦ ਨਾਲ ਲੱਗਦੇ ਇਕ ‘ਨਾਮ ਚਰਚਾ ਘਰ’ ਵਿੱਚ ਡੇਰਾ ਪ੍ਰੇਮੀ ਸਤਪਾਲ ਸ਼ਰਮਾ (72) ਤੇ ਉਨ੍ਹਾਂ ਦੇ ਪੁੱਤਰ ਰਮੇਸ਼ ਕੁਮਾਰ ਸ਼ਰਮਾ (40) ਦੀ ਅਣਪਛਾਤੇ ਹਮਲਾਵਰਾਂ ਨੇ ਬੀਤੇ ਦਿਨੀਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਜਾਣਕਾਰੀ ਮੁਤਾਬਕ ਇਹ ਪਿਉ-ਪੁੱਤਰ ਨਾਮ ਚਰਚਾ ਘਰ ਵਿੱਚ ਕੰਟੀਨ ਚਲਾਉਂਦੇ ਸਨ। ਇਨ੍ਹਾਂ ਨੂੰ ਸ਼ਾਮ 7.30 ਵਜੇ ਦੇ ਕਰੀਬ ਹਮਲਾਵਰਾਂ ਗੋਲੀਆਂ ਮਾਰ ਕੇ ਹਲਾਕ ਕਰ ਦਿੱਤਾ। ਦੋਵਾਂ ਦੇ ਸਿਰਾਂ ਵਿੱਚ ਗੋਲੀਆਂ ਮਾਰੀਆਂ ਗਈਆਂ।
ਬਠਿੰਡਾ ਜ਼ਿਲ੍ਹੇ ਵਿੱਚ ਡੇਰਾ ਸਿਰਸਾ ਦੇ ਕਰੀਬ ਅੱਠ ਨਾਮ ਚਰਚਾ ਘਰ ਹਨ। ਡੇਰਾ ਸਿਰਸਾ ਦੇ ਮੁਖੀ ਆਪਣੀ ਫਿਲਮ ਦੇ ਪ੍ਰਮੋਸ਼ਨ ਸਬੰਧੀ ਤਿੰਨ ਮੁਲਕਾਂ ਦੀ ਯਾਤਰਾ ‘ਤੇ  ਗਏ ਹੋਏ ਸਨ, ਪਰਤ ਆਏ ਹਨ। ਡੇਰਾ ਮੁਖੀ ਨੇ ਸੀਬੀਆਈ ਦੀ ਅਦਾਲਤ ਤੋਂ 10 ਤੋਂ 28 ਫਰਵਰੀ ਤੱਕ ਦੀ ਵਿਦੇਸ਼ ਜਾਣ ਦੀ ਪ੍ਰਵਾਨਗੀ ਲਈ ਹੋਈ ਸੀ। ਉਧਰ ਡੇਰਾ ਸਿਰਸਾ ਦੇ ਸਿਆਸੀ ਵਿੰਗ ਦੇ ਚੇਅਰਮੈਨ ਰਾਮ ਸਿੰਘ ਨੇ ਪੰਜਾਬ ਵਿਚਲੇ ਡੇਰਿਆਂ ਦੀ ਸੁਰੱਖਿਆ ਵਿੱਚ ਵਾਧੇ ਦੀ ਮੰਗ ਕੀਤੀ ਹੈ। ਬਠਿੰਡਾ ਵਿੱਚ ਮਈ 2007 ਵਿਚ ਡੇਰਾ ਪ੍ਰੇਮੀਆਂ ਤੇ ਸਿੱਖਾਂ ਵਿਚਾਲੇ ਵਿਵਾਦ ਛਿੜਿਆ ਸੀ। ਉਦੋਂ ਤੋਂ ਹੁਣ ਤੱਕ ਚਾਰ ਡੇਰਾ ਪ੍ਰੇਮੀਆਂ ਦੇ ਕਤਲ ਹੋ ਚੁੱਕੇ ਹਨ, ਜਦੋਂਕਿ ਤਿੰਨ ਪੈਰੋਕਾਰਾਂ ਨੇ ਰੋਸ ਵਜੋਂ ਖ਼ੁਦਕੁਸ਼ੀ ਕੀਤੀ ਸੀ। ਅਹਿਮਦਗੜ੍ਹ ਘਟਨਾ ਤੋਂ ਪਹਿਲਾਂ ਫ਼ਰੀਦਕੋਟ ਦੇ ਪਿੰਡ ਬੁਰਜ ਜਵਾਹਰ ਵਾਲਾ ਵਿੱਚ 2016 ਵਿੱਚ ਡੇਰਾ ਪ੍ਰੇਮੀ ਗੁਰਦੇਵ ਸਿੰਘ ਦਾ ਕਤਲ ਹੋ ਗਿਆ ਸੀ, ਜਿਸ ਦਾ ਅੱਜ ਤੱਕ ਸੁਰਾਗ ਨਹੀਂ ਮਿਲਿਆ ਹੈ। ਮਈ 2007 ਦੇ ਡੇਰਾ-ਸਿੱਖ ਵਿਵਾਦ ਮਗਰੋਂ ਹੀ ਮਾਨਸਾ ਵਿੱਚ ਡੇਰਾ ਪੈਰੋਕਾਰ ਲਿੱਲੀ ਕੁਮਾਰ ਦਾ ਕਤਲ ਹੋਇਆ ਸੀ। ਉਸ ਤੋਂ ਪਹਿਲਾਂ ਬਠਿੰਡਾ ਦੇ ਪਿੰਡ ਚੱਕ ਅਤਰ ਸਿੰਘ ਵਾਲਾ ਦੇ ਡੇਰਾ ਪੈਰੋਕਾਰ ਨੇ ਸਿਰਸਾ ਦੇ ਡੀਸੀ ਦਫ਼ਤਰ ਅੱਗੇ ਧਰਨੇ ਦੌਰਾਨ ਅੱਗ ਲਾ ਕੇ ਖ਼ੁਦਕੁਸ਼ੀ ਕਰ ਲਈ ਸੀ। ਉਦੋਂ ਹੀ ਬਠਿੰਡਾ ਦੇ ਪ੍ਰਤਾਪ ਨਗਰ ਵਿੱਚ ਪੈਰੋਕਾਰ ਸ਼ਾਮ ਸੁੰਦਰ ਨੇ ਗੁੱਸੇ ਵਿੱਚ ਅੱਗ ਲਾ ਕੇ ਖ਼ੁਦਕੁਸ਼ੀ ਕਰ ਲਈ ਸੀ। ਪਿੰਡ ਬੰਗੀ ਨਿਹਾਲ ਸਿੰਘ ਵਾਲਾ ਦੇ ਗੁਰਜੀਤ ਸਿੰਘ ਨੇ ਵੀ ਅੱਗ ਲਾ ਕੇ ਆਪਣੀ ਜਾਨ ਦੇ ਦਿੱਤੀ ਸੀ।

ਡੇਰਿਆਂ ਪ੍ਰੇਮੀਆਂ ਅੰਦਰ ਮੁੜ ਦਹਿਸ਼ਤ : ਜੋਰਾ ਸਿੰਘ
ਡੇਰਾ ਸਲਾਬਤਪੁਰਾ ਦੇ ਮੁੱਖ ਪ੍ਰਬੰਧਕ ਜੋਰਾ ਸਿੰਘ ਨੇ ਕਿਹਾ ਕਿ ਅਹਿਮਦਗੜ੍ਹ ਘਟਨਾ ਅਫ਼ਸੋਸਜਨਕ ਹੈ, ਜਿਸ ਨੇ ਡੇਰਾ ਪ੍ਰੇਮੀਆਂ ਦੇ ਮਨਾਂ ਵਿੱਚ ਮੁੜ ਦਹਿਸ਼ਤ ਪੈਦਾ ਕਰ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੂੰ ਡੇਰਿਆਂ ਦੀ ਸੁਰੱਖਿਆ ਵਿੱਚ ਵਾਧਾ ਕਰਨਾ ਚਾਹੀਦਾ ਹੈ। ਉਨ੍ਹਾਂ ਦੱਸਿਆ ਕਿ ਸਲਾਬਤਪੁਰਾ ਡੇਰੇ ‘ਤੇ ਪੁਲੀਸ ਦਾ ਸਖ਼ਤ ਪਹਿਰਾ ਰਿਹਾ।

ਜੱਸੀ ਨੇ ਜ਼ੈੱਡ ਪਲੱਸ ਸੁਰੱਖਿਆ ਮੰਗੀ :
ਡੇਰਾ ਸਿਰਸਾ ਮੁਖੀ ਦੇ ਰਿਸ਼ਤੇਦਾਰ ਤੇ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਜੱਸੀ ਨੇ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਪੱਤਰ ਲਿਖ ਕੇ ਜ਼ੈੱਡ ਪਲੱਸ ਸੁਰੱਖਿਆ ਦੀ ਮੰਗ ਕੀਤੀ ਹੈ। ਜੱਸੀ ਕੋਲ ਹੁਣ ਜ਼ੈੱਡ ਸੁਰੱਖਿਆ ਹੈ। ਹਰਮਿੰਦਰ ਸਿੰਘ ਜੱਸੀ ਨੂੰ 31 ਜਨਵਰੀ ਨੂੰ ਮੌੜ ਧਮਾਕੇ ਦੌਰਾਨ ਨਿਸ਼ਾਨਾ ਬਣਾਇਆ ਗਿਆ ਸੀ, ਪਰ ਉਹ ਵਾਲ ਵਾਲ ਬਚ ਗਏ ਸਨ। ਪੰਜਾਬ ਪੁਲੀਸ ਨੇ ਆਪਣੀ ਤਰਫ਼ੋਂ ਜ਼ੈੱਡ ਪਲੱਸ ਸੁਰੱਖਿਆ ਦੇਣ ਦਾ ਸੰਕੇਤ ਦੇ ਦਿੱਤਾ ਹੈ ਪਰ ਕੇਂਦਰ ਦੀ ਕਾਰਵਾਈ ਪ੍ਰਕਿਰਿਆ ਅਧੀਨ ਹੈ।