ਚਾਰ ਦਿਨ ਦੀ ਦਿੱਲੀ

0
583

riots-main
ਐੱਸ. ਬਲਵੰਤ
(ਲੇਖਕ ਅਤੇ ਪ੍ਰਕਾਸ਼ਕ ਐੱਸ ਬਲਵੰਤ ਦੀ ਸਵੈ-ਜੀਵਨੀ ‘ਤੇ ਆਧਾਰਿਤ ਪੁਸਤਕ ‘ਮਹਿਫੂਜ਼ ਪਲ’ ਦੇ ਅਧਿਆਇ ‘ਦਿੱਲੀ 1984: ਇੱਕ ਇਤਿਹਾਸਿਕ ਵਿਸ਼ਵਾਸਘਾਤ’ ਦੇ ਅੰਸ਼)

ਇੰਦਰਾ ਗਾਂਧੀ ਦਾ ਕਤਲ ਇਕੱਤੀ ਅਕਤੂਬਰ ਨੂੰ ਸਵੇਰੇ ਹੀ ਉਸ ਦੇ ਜ਼ਾਤੀ ਬਾਡੀਗਾਰਡਾਂ ਵੱਲੋਂ ਹੋ ਚੁੱਕਾ ਸੀ। ਉਸ ਦਿਨ ਮੈਂ ਆਪਣੇ ਦਫ਼ਤਰ ਦੀ ਪਹਿਲੀ ਮੰਜ਼ਿਲ ‘ਤੇ ਬੈਠਾ ਕੰਮ ਕਰ ਰਿਹਾ ਸਾਂ। ਬਾਹਰਲੀ ਦੁਨੀਆਂ ਤੋਂ ਬੇਖ਼ਬਰ। ਦੁਪਹਿਰ ਬਾਅਦ, ਅਚਾਨਕ ਮੇਰਾ ਬਾਈਂਡਰ ਅਹਿਮਦ ਦੀਨ ਮੇਰੇ ਕੋਲ ਆਇਆ ਤੇ ਉਸ ਦੱਬੀ ਜ਼ੁਬਾਨ ‘ਚ ਕਿਹਾ, ”ਕੁਛ ਸੁਨਾ ਆਪ ਨੇ? ਨੀਚੇ ਜੁੰਡਲੀਆਂ ਬਨਾ ਲੋਗ ਖੁਸਰ ਫੁਸਰ ਕਰ ਰਹੇ ਹੈਂ ੩ਇੰਦਰਾ ਗਾਂਧੀ ਕੋ ਕਿਸੀ ਸਿੱਖ ਬਾਡੀਗਾਰਡ ਨੇ ਗੋਲੀ ਮਾਰ ਦੀ ਹੈ!”
ਮੈਂ ਘਬਰਾਇਆ, ਤੇ ਆਪਣੇ ਦਰਾਜ਼ ‘ਚੋਂ ਟ੍ਰਾਂਜ਼ਿਸਟਰ ਕੱਢ ਚਾਲੂ ਕੀਤਾ ਤਾਂ ਪਾਕਿਸਤਾਨ ਰੇਡੀਓ ‘ਤੇ ਖ਼ਬਰਾਂ ਦਾ ‘ਵਿਸ਼ੇਸ਼ ਬੁਲੇਟਿਨ’ ਆ ਰਿਹਾ ਸੀ। ਇਸ ਨੂੰ ਬੰਦ ਕਰਨ ਤੋਂ ਪਹਿਲਾਂ ਮੈਂ ਉਸੇ ਬੈਂਡ ‘ਤੇ ਮੈਚ ਸੁਣ ਰਿਹਾ ਸਾਂ। ਪਾਕਿਸਤਾਨ ਤੋਂ ਜੋ ਕੁਝ ਨਸ਼ਰ ਹੋ ਰਿਹਾ ਸੀ ਉਸ ਵਿੱਚ ਮੁੱਖ ਖ਼ਬਰ ਇਹੀ ਸੀ ਕਿ ਭਾਰਤ ਦੀ ਪ੍ਰਧਾਨ ਮੰਤਰੀ ਸ੍ਰੀਮਤੀ ਇੰਦਰਾ ਗਾਂਧੀ ਨੂੰ ਕਿਸੇ ਨੇ ਗੋਲੀ ਮਾਰ ਦਿੱਤੀ ਹੈ ਤੇ ਉਹ ‘ਕ੍ਰਿਟੀਕਲ’ ਹਾਲਾਤ ਵਿੱਚ ਹਸਪਤਾਲ ਲਿਜਾਏ ਗਏ ਹਨ। ਇੰਦਰਾ ਗਾਂਧੀ ਦੇ ਕਤਲ ਦੀ ਖ਼ਬਰ ਭਾਰਤ ਸਰਕਾਰ ਨੇ ਤਾਂ ਕਈ ਕਾਰਨਾਂ ਕਰਕੇ ਤਸਦੀਕ ਨਹੀਂ ਸੀ ਕੀਤੀ, ਪਰ ਬੀਬੀਸੀ ਤੋਂ ਖ਼ਬਰ ਆ ਚੁੱਕੀ ਸੀ! ੩ਆਸਟਰੇਲੀਆ ਰੇਡੀਓ ਵੀ ਦੱਸ ਚੁੱਕਾ ਸੀ! ੩ਪਾਕਿਸਤਾਨ ਨੇ ਵੀ ਮੈਚ ਕੈਂਸਲ ਕਰ ਦਿੱਤਾ ਸੀ!
ਮੈਂ ਦਫ਼ਤਰ ਬੰਦ ਕਰਕੇ ਘਰ ਨੂੰ ਭੱਜਾ। ਪਤਨੀ ਜਸਬੀਰ ਨਾਲ ਸਲਾਹ ਕਰਨ ਮਗਰੋਂ ਅਸੀਂ ਫ਼ੈਸਲਾ ਕੀਤਾ ਕਿ ਕੁਝ ਦਿਨਾਂ ਲਈ ਘਰੋਂ ਕਿਤੇ ਹੋਰ ਚਲੇ ਚੱਲੀਏ। ਪਰ ਕਿੱਥੇ? ਇਹ ਸੁਆਲ ਕਾਫ਼ੀ ਚਿਰ ਨਾ ਸੁਲਝਿਆ। ਕਈ ਕਾਰਨ ਸਨ। ਘਰ ਅਸੀਂ ਰਹਿ ਨਹੀਂ ਸੀ ਸਕਦੇ। ਕਿਸੇ ‘ਤੇ ਬੋਝ ਬਣਨ ਦਾ ਮੌਕਾ ਨਹੀਂ ਸੀ ਕਿਉਂਕਿ ਹਰੇਕ ਪੰਜਾਬੀ ਨੂੰ ਹਫੜਾ-ਦਫੜੀ ਪਈ ਹੋਈ ਸੀ। ਗੁਰਦੁਆਰੇ ਸ਼ਰਨ ਲੈਣ ‘ਚ ਸਾਨੂੰ ਗੁਰੇਜ਼ ਸੀ ਕਿਉਂਕਿ ਮੇਰੇ ਸਿਰ ‘ਤੇ ਕੇਸ ਬਚਪਨ ਤੋਂ ਹੀ ਨਹੀਂ ਸਨ ਤੇ ਮੈਨੂੰ ਦੋਹਰਾ ਖ਼ਤਰਾ ਮਹਿਸੂਸ ਹੋਇਆ। ਇੱਕ ਤਾਂ ਇਹ ਕਿ ਮੇਰੇ ਮੋਨਾ ਹੋਣ ਕਰਕੇ ਕੋਈ ਸਿੱਖ ਗੁੱਸੇ ‘ਚ ਆ ਮੇਰਾ ਘਾਣ ਨਾ ਕਰ ਦੇਵੇ। ਪਰ ਜੇ ਆਪਣੇ ਘਰ ਰਹਾਂ ਤਾਂ ਲੋਕਾਂ ਦਾ ਕੋਈ ਭਰੋਸਾ ਨਹੀਂ। ਇਸ ਕਰਕੇ ਮੈਂ ਇੱਕ ਹੋਟਲ ਚੁਣਿਆ। ਕਿਰਾਇਆ ਵੀ ਮੁਨਾਸਿਬ ਸੀ ਤੇ ਹੋਟਲ ਵੀ ਸਰਕਾਰੀ ਹੋਣ ਕਰਕੇ ਸਕਿਉਰਿਟੀ ਵੀ ਠੀਕ ਹੁੰਦੀ ਸੀ ਉੱਥੇ। ਨਾਲੇ ਸਾਡੇ ਉੱਥੇ ਰਹਿਣ ਕਰਕੇ ਕਿਸੇ ਨੂੰ ਅਜਿਹਾ ਚਿੱਤ ਚੇਤਾ ਵੀ ਨਹੀਂ ਹੋ ਸਕਦਾ ਸੀ ਕਿ ਅਸੀਂ ਉਸ ਹੋਟਲ ‘ਚ ਕਿਉਂ ਰਹਿ ਰਹੇ ਹਾਂ। ਪਰ ਜਦੋਂ ਅਸੀਂ ਤਿਆਰੀ ਕਰ ਲਈ ਤਾਂ ਸਾਡੇ ਗੁਆਂਢੀਆਂ ਨੇ ਸਾਨੂੰ ਨਾ ਜਾਣ ਦਿੱਤਾ। ਸਾਡਾ ਆਂਢ-ਗੁਆਂਢ ਬਹੁਤ ਚੰਗਾ ਸੀ ਤੇ ਸਾਡੇ ਮੁਹੱਲੇ ਦਾ ਲੋਕਾਂ ਦਾ ਆਸੇ-ਪਾਸੇ ਦਬਦਬਾ ਵੀ ਬਹੁਤ ਸੀ। ਮੈਨੂੰ ਇਸ ਗੱਲ ਦਾ ਭਰੋਸਾ ਸੀ ਕਿ ਜੇ ਇਹ ਸਾਰੇ ਸੱਚੇ ਦਿਲੋਂ ਕਹਿ ਰਹੇ ਹਨ ਤਾਂ ਸਾਡਾ ਕੋਈ  ਵਾਲ ਤਕ ਵਿੰਗਾ ਨਹੀਂ ਕਰ ਸਕਦਾ। ਸੋ ਅਸੀਂ ਉੱਥੋਂ ਜਾਣ ਦਾ ਫ਼ੈਸਲਾ ਇਸੇ ਆਧਾਰ ‘ਤੇ ਰੱਦ ਤਾਂ ਕਰ ਲਿਆ, ਪਰ ਮਨ ‘ਚ ਧੁੜਕੂ ਫਿਰ ਵੀ ਬਰਕਰਾਰ ਸੀ।
ਸਾਡੇ ਇੱਕ ਗੁਆਂਢੀ ਨੇ ਸਾਨੂੰ ਹਦਾਇਤ ਕਰਦਿਆਂ ਇਹ ਵੀ ਕਿਹਾ ਸੀ ਕਿ ਸਾਡੇ ‘ਚੋਂ ਬਾਜ਼ਾਰ ਕੋਈ ਨਾ ਜਾਵੇ। ਜੋ ਸਾਨੂੰ ਚਾਹੀਦਾ ਹੋਵੇ, ਅਸੀਂ ਉਨ੍ਹਾਂ ਨੂੰ ਦੱਸੀਏ। ਉਹ ਆਪੇ ਉਸ ਦਾ ਇੰਤਜ਼ਾਮ ਕਰ ਦੇਣਗੇ। ਉਸ ਗੁਆਂਢੀ ਦੀ ਪਤਨੀ ਵੀ ਬਹੁਤ ਦਲੇਰ ਸੀ ਤੇ ਆਸੇ-ਪਾਸੇ ਦੇ ਮਰਦ ਵੀ ਉਸ ਕੋਲੋਂ ਡਰਦੇ ਸਨ।
ਉਸ ਦਿਨ ਸਾਰੀ ਗੱਲਬਾਤ ਤੋਂ ਬਾਅਦ ਜਦੋਂ ਸਾਡਾ ਇਸੇ ਘਰ ਰਹਿਣਾ ਤੈਅ ਹੋ ਗਿਆ ਤਾਂ ਮੈਂ ਬਾਜ਼ਾਰੋਂ ਇੰਨਾ ਕੁ ਸਾਮਾਨ ਲੈ ਆਇਆ ਤਾਂ ਜੋ ਹਫ਼ਤਾ-ਦਸ ਦਿਨ ਹੋਰ ਕਿਸੇ ਚੀਜ਼ ਦੀ ਲੋੜ ਹੀ ਨਾ ਪਵੇ। ਬਾਹਰ ਸੜਕਾਂ ‘ਤੇ, ਅੰਦਰ ਮੁਹੱਲਿਆਂ ‘ਚ, ਸਾਰਾ ਦਿਨ ਭੀੜ ਮਜਮੇ ਵਾਂਗ ਢਾਣੀਆਂ ਬਣਾ ਖੁਸਰ-ਫੁਸਰ ਕਰਦੀ ਰਹੀ ਸੀ। ਹਰ ਕੋਈ ਆਪੋ-ਆਪਣੇ ਕਿਆਸ ਲਗਾ ਰਿਹਾ ਸੀ।
ਪਰ ਸਰਕਾਰ ਨੇ ਤ੍ਰਿਕਾਲਾਂ ਤੀਕ ਕੋਈ ਪੁਸ਼ਟੀ ਨਾ ਕੀਤੀ ਕਿ ਇੰਦਰਾ ਗਾਂਧੀ ਕਿਸ ਹਾਲਾਤ ਵਿੱਚ ਹਨ।
ਇਸ ਗੱਲ ‘ਤੇ ਹੈਰਾਨੀ ਹੋਈ ਕਿ ਜਿਸ ਦਿਨ ਦਰਬਾਰ ਸਾਹਿਬ ‘ਤੇ ਫ਼ੌਜੀ ਹਮਲਾ ਹੋਇਆ, ਉਸ ਦਿਨ ਵੀ ਬੁੱਧਵਾਰ ਸੀ ਤੇ ਇੰਦਰਾ ਨੂੰ ਗੋਲੀ ਲੱਗਣ ਵਾਲਾ ਦਿਨ ਵੀ। ਇਸ ਸਾਰੇ ਕਾਂਡ ਲਈ ਵਿਉਂਤੀਆਂ ਵੱਲੋਂ ਦਿਨ ਵੀ ਐਸਾ ਚੁਣਿਆ ਗਿਆ ਕਿ ਕੋਈ ਵੀ ਵੱਡਾ ਨੇਤਾ ਦਿੱਲੀ ਵਿੱਚ ਨਹੀਂ ਸੀ। ਰਾਜੀਵ ਗਾਂਧੀ ਤੇ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਵੀ ਦਿੱਲੀ ਤੋਂ ਬਾਹਰ ਹੀ ਸਨ। ਇਸ ਖ਼ਬਰ ਨੂੰ ਸੁਣ, ਉਹ ਦੋਵੇਂ ਦਿੱਲੀ ਨੂੰ ਭੱਜੇ। ਬਾਅਦ ਵਿੱਚ ਇਹ ਖ਼ਬਰ ਵੀ ਪਤਾ ਲੱਗੀ ਸੀ ਕਿ ਇਸ ਸਾਰੀ ਹਫੜਾ-ਦਫੜੀ ਕਾਰਨ ਸਕਿਓਰਿਟੀ ਇੰਨੀ ਬੌਖਲਾਈ ਹੋਈ ਸੀ ਕਿ ਉਨ੍ਹਾਂ ‘ਚੋਂ ਕਿਸੇ ਨੇ ਰਾਜੀਵ ਗਾਂਧੀ ਨੂੰ ਵੀ ਨਹੀਂ ਸੀ ਪਛਾਣਿਆ ਤੇ ਉਨ੍ਹਾਂ ਨੂੰ ਹਸਪਤਾਲ ਦੇ ਅੰਦਰ ਨਾ ਵੜਨ ਦਿੱਤਾ। ਭੀੜ ਨੇ ਗਿਆਨੀ ਜ਼ੈਲ ਸਿੰਘ ਨੂੰ ਵੀ ਇੱਕ ਆਮ ਸਿੱਖ ਸਮਝ ਉਨ੍ਹਾਂ ‘ਤੇ ਹਮਲਾ ਕਰ ਦਿੱਤਾ ਸੀ। ਮਗਰੋਂ ਮੋਹਤਬਰ ਲੋਕਾਂ ਦੀ ਦਖਲਅੰਦਾਜ਼ੀ ਨਾਲ ਉਹ ਅੰਦਰ ਗਏ।
ਬਾਅਦ ਦੀਆਂ ਖ਼ਬਰਾਂ ਇਹ ਵੀ ਕਹਿੰਦੀਆਂ ਸਨ ਕਿ ਜਦੋਂ ਇੰਦਰਾ ਗਾਂਧੀ ਨੂੰ ਗੋਲੀਆਂ ਮਾਰੀਆਂ ਜਾ ਰਹੀਆਂ ਸਨ ਤਾਂ ਐਨ ਉਸੇ ਵੇਲੇ ਨਾਲ ਦੀ ਕੋਠੀ ਵਿੱਚ ਹੌਲੀਵੁੱਡ ਦਾ ਰੂਸੀ ਮੂਲ ਦਾ ਅਦਾਕਾਰ ਤੇ ਦਸਤਾਵੇਜ਼ੀ ਫ਼ਿਲਮਸਾਜ਼ ਪੀਟਰ ਉਸਤੀਨੋਵ ਆਪਣਾ ਕੈਮਰਾ ਖੋਲ੍ਹ ਕੇ ਕਿਸੇ ਨੂੰ ਇੰਟਰਵਿਊ ਕਰ ਰਿਹਾ ਸੀ। ਮਗਰੋਂ ਉਸ ਨੇ ਇੰਦਰਾ ਗਾਂਧੀ ਨੂੰ ਵੀ ਇੰਟਰਵਿਊ ਕਰਨਾ ਸੀ। ਇਸੇ ਲਈ ਇੰਦਰਾ ਗਾਂਧੀ ਉਸ ਦਿਨ ਵਧੀਆ ਸਾੜ੍ਹੀ ਪਹਿਨ ਤੇ ਖ਼ੂਬ ਤਿਆਰ ਹੋ ਆਰ.ਕੇ. ਧਵਨ ਦੀ ਅਗਵਾਈ ਵਿੱਚ ਉਸਤੀਨੋਵ ਨੂੰ ਇੰਟਰਵਿਊ ਦੇਣ ਲਈ ਘਰੋਂ ਬਾਹਰ ਗਾਰਡਨ ਵੱਲ ਜਾ ਰਹੇ ਸਨ, ਜਦ ਉਨ੍ਹਾਂ ਨੂੰ ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ ਰੋਕਿਆ ਤੇ ਬੇਅੰਤ ਸਿੰਘ ਨੇ ਉਨ੍ਹਾਂ ਉੱਪਰ ਗੋਲੀਆਂ ਦੀ ਬਰਸਾਤ ਸ਼ੁਰੂ ਕਰ ਦਿੱਤੀ ਸੀ। ਬਾਅਦ ਵਿੱਚ ਬਹੁਤ ਲੋਕ ਇਸ ਗੱਲੋਂ ਵੀ ਹੈਰਾਨ ਹੋਏ ਕਿ ਧਵਨ, ਇੰਦਰਾ ਗਾਂਧੀ ਦੇ ਨਾਲ ਨਾਲ ਚੱਲ ਰਹੇ ਸਨ, ਪਰ ਮੈਗਜ਼ੀਨ ਦੀਆਂ ਗੋਲੀਆਂ ਸਿਰਫ਼ ਇੰਦਰਾ ਗਾਂਧੀ ਨੂੰ ਹੀ ਕਿਉਂ ਲੱਗੀਆਂ। ਅਖ਼ਬਾਰਾਂ ਨੇ ਉਸ ਵੇਲੇ ਇਹ ਵੀ ਲਿਖਿਆ ਸੀ ਕਿ ਉਸਤੀਨੋਵ ਨੇ ਜਦ ਗੁਆਂਢ ਦੀ ਕੋਠੀ ‘ਚੋਂ ਗੋਲੀਆਂ ਚੱਲਣ ਦੀ ਆਵਾਜ਼ ਸੁਣੀ ਤਾਂ ਉਸ ਆਪਣਾ ਕੈਮਰਾ ਇਧਰ ਘੁਮਾ ਕੇ ਲਾਈਵ ਰਿਕਾਰਡਿੰਗ ਵੀ ਕੀਤੀ ਸੀ। ਪਰ ਪਤਾ ਨਹੀਂ, ਬਾਅਦ ਵਿੱਚ ਇਹ ਰਿਕਾਰਡਿੰਗ ਕਿੱਥੇ ਗਾਇਬ ਹੋ ਗਈ? ਉਦੋਂ ਹੀ ਕੁਝ ਅਖ਼ਬਾਰਾਂ ਨੇ ਇਹ ਵੀ ਲਿਖਿਆ ਕਿ ਗੋਲੀ ਚੱਲਣ ਵੇਲੇ ਉੱਥੇ ਤਿੰਨ ਬੰਦੇ ਸਨ। ਇਹ ਵੀ ਲਿਖਿਆ ਕਿ ਐਨ ਉਸੇ ਵੇਲੇ ਕੋਈ ਮੁਸਲਮਾਨ ਨਾਂ  ਵਾਲਾ ਬੰਦਾ ਵੀ ਉਸ ਕੋਠੀ ਵਿੱਚ ਦਾਖਲ ਹੋਇਆ ਸੀ। ਪ੍ਰਧਾਨ ਮੰਤਰੀ ਦੇ ਵਿਜ਼ਟਿੰਗ ਰਜਿਸਟਰ ਵਿੱਚ ਉਸ ਦਾ ਨਾਂ ਵੀ ਲਿਖਿਆ ਹੋਇਆ ਸੀ, ਪਰ ਬਾਅਦ ਵਿੱਚ ਵਿਜ਼ਟਿੰਗ ਰਜਿਸਟਰ ਵਿੱਚੋਂ ਉਹ ਸਫ਼ਾ ਹੀ ਗਾਇਬ ਸੀ। ਅਖ਼ਬਾਰੀ ਚਰਚਾ ਅਨੁਸਾਰ ਬੇਅੰਤ ਸਿੰਘ ਨੇ ਤਾਂ ਇੰਡੋ-ਤਿੱਬਤਨ ਬਾਰਡਰ ਪੁਲੀਸ ਮੂਹਰੇ ਇਹ ਕਹਿੰਦਿਆਂ ਆਪਣੇ ਹਥਿਆਰ ਸੁੱਟ ਦਿੱਤੇ ਸਨ, ਕਿ ‘ਮੈਂ ਜੋ ਕਰਨਾ ਸੀ ਕਰ ਲਿਆ, ਹੁਣ ਜੋ ਤੁਸੀਂ ਕਰਨਾ ਹੈ ਕਰ ਲਓ!’ ਕਹਿੰਦੇ ਹਨ ਉਸੇ ਵੇਲੇ ਪਿੱਛਿਓਂ ਇੱਕ ਆਵਾਜ਼ ਗੂੰਜੀ, ”ਮਾਰੋ ਇਨਕੋ!” ਤੇ ਬੇਅੰਤ ਸਿੰਘ ਨੂੰ ਥਾਏਂ ਮਾਰ ਦਿੱਤਾ ਗਿਆ। ਗੋਲੀਆਂ ਸਤਵੰਤ ਸਿੰਘ ਨੂੰ ਵੀ ਲੱਗੀਆਂ, ਪਰ ਉਹ ਥਾਏਂ ਨਹੀਂ ਮਰਿਆ। ਅਸਲੀ ਗੱਲ ਤਾਂ ਬੇਅੰਤ ਸਿੰਘ ਨੂੰ ਪਤਾ ਸੀ। ਉਸ ਦੇ ਮਰਨ ਨਾਲ ਕਤਲ ਦੇ ਮਕਸਦ ਦੇ ਨਾਲ ਸਾਰੇ ਸਬੂਤ ਵੀ ਮਿਟ ਗਏ। ਰਾਜਨੀਤਕ ਕਤਲਾਂ ਦੀ ਲੜੀ ਵਿੱਚ ਅਜਿਹੀਆਂ ਮਿਸਾਲਾਂ ਪਹਿਲਾਂ ਵੀ ਸਾਡੇ ਸਾਹਮਣੇ ਹਨ। ਜਦੋਂ ਅਮਰੀਕੀ ਰਾਸ਼ਟਰਪਤੀ ਜੌਹਨ ਐੱਫ. ਕੈਨੇਡੀ ਜਾਂ ਮਾਰਟਿਨ ਲੂਥਰ ਕਿੰਗ ਦਾ ਕਤਲ ਹੋਇਆ, ਉਸੇ ਵੇਲੇ ਕਾਤਿਲਾਂ ਨੂੰ ਗੋਲੀ ਮਾਰ ਕੇ ਖ਼ਤਮ ਕਰ ਦਿੱਤਾ ਗਿਆ ਤੇ ਅਸਲੀਅਤ ‘ਤੇ ਹਮੇਸ਼ਾਂ ਲਈ ਪਰਦਾ ਪੈ ਗਿਆ।
ਅਸੀਂ ਦੁਬਕੇ ਹੋਏ ਆਪਣੇ ਘਰ ਟੀਵੀ ਮੂਹਰੇ ਬੈਠੇ ਸਾਂ। ਪਰ ਰੇਡੀਓ ਜਾਂ ਟੈਲੀਵਿਜ਼ਨ ਉਪਰ ਇੰਦਰਾ ਗਾਂਧੀ ਦੇ ਜੀਵਤ ਜਾਂ ਮ੍ਰਿਤਕ ਹੋਣ ਬਾਰੇ ਕੋਈ ਖ਼ਬਰ ਨਹੀਂ ਸੀ। ਕਰੀਬ ਸਵਾ ਕੁ ਛੇ ਵਜੇ ਜਾਂ ਉਸ ਦੇ ਆਸ-ਪਾਸ ਟੀਵੀ ਦੀ ਸਕਰੀਨ ਉਪਰ ਉਸ ਵੇਲੇ ਦੇ ਗ੍ਰਹਿ ਮੰਤਰੀ ਨਰਸਿਮਹਾ ਰਾਓ ਦਿਸੇ। ਉਨ੍ਹਾਂ ਇੰਦਰਾ ਗਾਂਧੀ ਦੇ ਚਲਾਣੇ ਦੀ ਖ਼ਬਰ ਬਹੁਤ ਦਰਦ ਭਰੇ ਲਹਿਜੇ ਵਿੱਚ ਸੁਣਾਈ ਤੇ ਨਾਲ ਹੀ ਇਹ ਵੀ ਕਿਹਾ ਕਿ ਸਰਕਾਰ ਨੇ ਪੰਜਾਬ ਦੇ ਸਾਰੇ ਬਾਰਡਰ ਸੀਲ ਕਰ ਦਿੱਤੇ ਹਨ ਤਾਂ ਕਿ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਮੈਨੂੰ ਇਸ ਖ਼ਬਰ ਨੇ ਵੀ ਕਾਫ਼ੀ  ਹੈਰਾਨ ਕੀਤਾ ਕਿ ਪੰਜਾਬ ਦੇ ਬਾਰਡਰ ਸੀਲ ਕਿਉਂ ਕੀਤੇ ਹੋਣਗੇ ਸਰਕਾਰ ਨੇ? ੩ਕੀ ਪਾਕਿਸਤਾਨ ਤੋਂ ਕੋਈ ਖ਼ਤਰਾ ਹੋਵੇਗਾ? ੩ਕੀ ਪੰਜਾਬ ਦੇ ਆਮ ਲੋਕ ‘ਟੈਂਕ’ ਲੈ ਕੇ ਬੈਠੇ ਹੋਣਗੇ ਦਿੱਲੀ ‘ਤੇ ਹਮਲਾ ਕਰਨ ਲਈ? ੩ਜੇ ਪੰਜਾਬ ਤੋਂ ਇੰਨਾ ਖ਼ਤਰਾ ਹੈ ਤਾਂ ਫਿਰ ਰਾਹ ਵਿੱਚ ਹਰਿਆਣਾ ਵੀ ਤਾਂ ਪੈਂਦਾ ਸੀ? ਹਾਲੇ ਕੁਝ ਸਮਾਂ ਪਹਿਲਾਂ ਹੀ ਉੱਥੇ ਵੀ ਭਜਨ ਲਾਲ ਦੀ ਹਕੂਮਤ ਸਮੇਂ  ਸਿੱਖਾਂ ਦੀ ਕੁੱਟ-ਕੁਟਾਈ ਹੋ ਚੁੱਕੀ ਸੀ। ੩ਫੇਰ ਬਾਰਡਰ ਕਿਉਂ ਸੀਲ ਕੀਤੇ ਹੋਣਗੇ? ਮੇਰਾ ਖਦਸ਼ਾ ਹੋਰ ਵਧਿਆ! ੩ਆਪਣੇ ਅੰਦਰ ਭਰ ਰਿਹਾ ਡਰ ਉਦੋਂ ਇੰਤਹਾ ਤੀਕ ਪਹੁੰਚ ਗਿਆ ਜਦੋਂ ਉਸੇ ਰਾਤ ਸਾਰੇ ਫੋਨ ਵੀ ਡੈੱਡ ਕਰ ਦਿੱਤੇ ਗਏ ਜਿਸ ਨਾਲ ਕਿਸੇ ਦੋਸਤ-ਮਿੱਤਰ ਨਾਲ ਕੋਈ ਸੰਪਰਕ ਕਰਨ ਦੀ ਸੰਭਾਵਨਾ ਵੀ ਖ਼ਤਮ ਹੋ ਗਈ।
ਸਾਡੇ ਚਾਰੋਂ ਪਾਸੇ ਹਾਹਾਕਾਰ ਮੱਚਣੀ ਸ਼ੁਰੂ ਹੋ ਰਹੀ ਸੀ। ਇੱਕ ਗੁਆਂਢੀ ਖ਼ਬਰ ਲਿਆਇਆ ਕਿ ਸਾਡੇ ਘਰ ਨੇੜੇ ਪੰਜਾਬ ਐਂਡ ਸਿੰਧ ਬੈਂਕ ਦੇ ਨਾਲ ਇੱਕ ਸਰਦਾਰ ਦੀ ਡਰਾਈਕਲੀਨਿੰਗ ਦੀ ਦੁਕਾਨ ਲੁੱਟੀ ਗਈ। ਸਾਰੇ ਕੱਪੜੇ ਲੋਕੀਂ ਲੁੱਟ ਕੇ ਲਿਜਾ ਰਹੇ ਹਨ। ਇਹ ਉਸ ਦਿਨ ਦੀ ਪਹਿਲੀ ਘਟਨਾ ਸੀ। ਫਿਰ ਉਸ ਇਹ ਵੀ ਦੱਸਿਆ ਕਿ ਉਹ ਹੁਣੇ ਹੁਣੇ ਦੇਖ ਕੇ ਆਇਆ ਕਿ ਦੀਨੇ ਕੇ ਤਲਾਅ ਵੱਲੋਂ ਮਲਕਾਗੰਜ ਤੋਂ ਆ ਰਹੀ ਬੱਸ ਮੂਹਰੇ ਕਾਫ਼ੀ ਸਾਰੀ ਭੀੜ ਬਣਾ ਕੇ ਲੋਕਾਂ ਇੱਕ ਬੱਸ ਨੂੰ ਰੋਕ ਲਿਆ ਤੇ ਉਸ ‘ਚੋਂ ਇੱਕ ਸਿੱਖ ਸਵਾਰੀ ਨੂੰ ਲਾਹ ਕੇ ਉਸ ਨੂੰ ਖ਼ੂਬ ਮਾਰ ਰਹੇ ਸਨ। ਇਸੇ ਤਰ੍ਹਾਂ ਇੱਕ ਹੋਰ ਸਿੱਖ ਸਵਾਰੀ ਵੀ ਉਸੇ ਬੱਸ ‘ਚ ਬੈਠੀ ਸੀ, ਪਰ ਉਸ ਦੀ ਪਤਨੀ ਨੇ ਹੁਸ਼ਿਆਰੀ ਕਰ ਸਰਦਾਰ ‘ਤੇ ਆਪਣੀ ਸਾੜ੍ਹੀ ਪਾ ਉਸ ਨੂੰ ਬੱਸ ਦੀ ਸੀਟ ਦੇ ਥੱਲੇ ਨੂੰ ਸੁੱਟ ਦਿੱਤਾ। ਉਹ ਉੱਥੋਂ ਤਾਂ ਬਚ ਗਿਆ, ਪਰ ਅੱਗੇ ਇੱਕ ਹੋਰ ਭੀੜ ਸੀ ਜਿਸ ਨੇ ਉਸ ਨੂੰ ਮੁੜ ਲਾਹ ਕੇ ਕੁੱਟਣਾ ਸ਼ਰੂ ਕਰ ਦਿੱਤਾ। ਇਸੇ ਤਰ੍ਹਾਂ ਇੱਕ ਸਿੱਖ ਬੱਚਾ ਵੀ ਉਤਾਰ ਕੇ ਕਾਫ਼ੀ ਕੁੱਟਿਆ ਗਿਆ।
ਹਾਲੇ ਇਹ ਸਭ ਕੁਝ ਹਜ਼ਮ ਨਹੀਂ ਸੀ ਹੋਇਆ ਕਿ ਉਸੇ ਸ਼ਾਮ ਮੇਰੇ ਘਰ ਉੱਪਰ ਪੱਥਰਾਂ ਦੀ ਬਾਰਿਸ਼ ਸ਼ੁਰੂ ਹੋ ਗਈ। ਪਹਿਲਾਂ ਇੱਕਾ-ਦੁੱਕਾ ਤੇ ਫਿਰ ਧੜਾਧੜ ਪੱਥਰ ਵਰ੍ਹਨੇ ਸ਼ੁਰੂ ਹੋ ਗਏ। ਕੁਝ ਸ਼ੀਸ਼ੇ ਵੀ ਟੁੱਟ ਗਏ। ਮੇਰਾ ਇੱਕ ਗੁਆਂਢੀ ਭੱਜਾ ਆਇਆ ਤੇ ਪੱਥਰ ਮਾਰਨ ਵਾਲਿਆਂ ਨੂੰ ਝਿੜਕਣ ਲੱਗਾ। ਭੀੜ ‘ਚੋਂ ਇੱਕ ਬੰਦਾ ਕਹਿੰਦਾ ਕਿ ‘ਇਹ ਸਰਦਾਰ ਹੈ੩ ਇਨ੍ਹਾਂ ਨੇ ਹੀ ਸਾਡੀ ਇੰਦਰਾ ਮਾਰੀ ਹੈ।’ ਇੰਨੇ ਚਿਰ ‘ਚ ਹੋਰ ਗੁਆਂਢੀ ਵੀ ਨਿਕਲ ਆਏ ਤੇ ਉਹ ਉਲਟਾ ਦੰਗਈਆਂ ਨੂੰ ਪੈ ਗਏ। ਇੱਕ ਨੇ ਕਿਹਾ, ”ਇਹ ਤੁਹਾਨੂੰ ਸਰਦਾਰ ਲੱਗਦੈ? ੩ਜੋ ਬੰਦਾ ਦਿਹਾੜੀ ਵਿੱਚ ਤਿੰਨ ਵਾਰੀ ਸ਼ੇਵ ਕਰਦਾ ਹੋਵੇ, ਉਹ ਸਰਦਾਰ ਕਿਸ ਗੱਲ ਤੋਂ ਹੋ ਗਿਆ?” ਫਿਰ ਭੀੜ ‘ਚੋਂ ਇੱਕ ਦੰਗਈ ਨੇ ਕਿਹਾ, ”ਇਸ ਦੇ ਘਰ ਸਰਦਾਰ ਆਉਂਦੇ ਬਹੁਤ ਹਨ੩!” ਗੁਆਂਢੀ ਨੇ ਫਿਰ ਉਨ੍ਹਾਂ ਨੂੰ ਬੋਲਣੋਂ ਬੰਦ ਕਰਾ ਦਿੱਤਾ, ਜਦੋਂ ਉਸ ਇਹ ਕਿਹਾ ਕਿ ”ਸਰਦਾਰ ਤਾਂ ਤੁਹਾਡੇ ਘਰ ਵੀ ਬਹੁਤ ਆਉਂਦੇ ਹਨ ੩ਪਰ ਇਸ ਨਾਲ ਫਿਰ ਤੂੰ ਖ਼ੁਦ ਵੀ ਸਰਦਾਰ ਨਹੀਂ ਬਣ ਜਾਵੇਂਗਾ?” ਉਸ ਨੇ ਹੋਰ ਸਖ਼ਤ ਆਵਾਜ਼ ਵਿੱਚ ਦੁਹਰਾਇਆ, ”ਖਬਰਦਾਰ! ਜੇ ਕਿਸੇ ਨੇ ਇਸ ਘਰ ਜਾਂ ਘਰ ਦੇ ਕਿਸੇ ਬੰਦੇ ਵੱਲ ਅੱਖ ਚੁੱਕ ਕੇ ਵੀ ਦੇਖਿਆ੩!” ਅਜਿਹੇ ਜੁਆਬ ਸੁਣ ਉਹ ਦੰਗਈ ਹੱਥ ਮਲਦੇ ਚਲੇ ਗਏ। ਸਾਡੇ ਸਾਹ ‘ਚ ਸਾਹ ਆਇਆ।
ਕੁਝ ਗੁਆਂਢੀ ਅੱਧੀ ਰਾਤ ਤੀਕ ਮੇਰੇ ਕੋਲ ਬੈਠੇ ਰਹੇ। ਮੇਰੀ ਪਤਨੀ ਨੇ ਬੁਝੇ ਮਨ ਨਾਲ ਖਾਣਾ ਬਣਾਇਆ। ਉਨ੍ਹਾਂ ‘ਚੋਂ ਕੁਝ ਨੇ ਜਾਂ ਕਹਿ ਲਓ ਸਾਨੂੰ ਖੁਆਉਣ ਖਾਤਿਰ ਕੁਝ ਬੁਰਕੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ। ਮਗਰੋਂ ਉਹ ਚਲੇ ਗਏ। ਪਰ ਨੀਂਦ ਕਿਵੇਂ ਆਉਣੀ ਸੀ? ਟੈਲੀਵਿਜ਼ਨ ਚਲਦਾ ਰਿਹਾ। ਕਿਸੇ ਨਾ ਕਿਸੇ ਤਰ੍ਹਾਂ ਰਾਤ ਲੰਘ ਗਈ।
ਫਿਰ ਆਈ ਪਹਿਲੀ ਨਵੰਬਰ ਦੀ ਸਵੇਰ। ਤੇ ਅਗਲੀਆਂ ਕਈ ਸਵੇਰਾਂ ਵੀ੩। ਹਰ ਸਵੇਰ ਮਗਰੋਂ ਦੁਪਹਿਰ ਤੇ ਪਿੱਛੋਂ ਤ੍ਰਿਕਾਲਾਂ ‘ਚ ਬਦਲ ਰਾਤਾਂ ਦਾ ਸੰਘਣਾ ਹਨੇਰਾ ਬਣ ਜਾਂਦੀ। ਪਰ ਇਹ ਸਵੇਰਾਂ, ਵਧੀਆ ਖਿਆਲ ਮਨ ‘ਚ ਲਿਆਉਣ ਦੀ ਥਾਂ ਖ਼ੌਫ਼ ਨਾਲ ਭਰੀਆਂ ਹੋਈਆਂ ਆਉਂਦੀਆਂ। ਇਸ ਪਹਿਲੀ ਸਵੇਰ ਬਾਹਰੋਂ ਦੇਖਿਆਂ ਥਾਂ ਥਾਂ ਧੂੰਆਂ ਨਜ਼ਰ ਆ ਰਿਹਾ ਸੀ। ਕਿਤੇ ਕਿਤੇ ਅੱਗ ਦੀਆਂ ਲਪਟਾਂ ਵੀ ਸਨ! ਕੱਲ੍ਹ ਦੀ ਤਾਂ ਹੋਸ਼ ਹੀ ਨਹੀਂ ਸੀ ਕਿਉਂਕਿ ਹਾਲਾਤ ਹੀ ਇਸ ਤਰ੍ਹਾਂ ਬਣਦੇ ਗਏ ਕਿ ਕੁਝ ਵੀ ਸੁੱਝ ਨਹੀਂ ਸੀ ਰਿਹਾ।
ਹਾਲਾਂਕਿ ਕੱਲ੍ਹ ਮੇਰੇ ਸਾਰੇ ਗੁਆਂਢੀਆਂ ਨੇ ਸਾਡੇ ‘ਚੋਂ ਕਿਸੇ ਨੂੰ ਵੀ ਬਾਹਰ ਜਾਣ ਤੋਂ ਵਰਜਿਆ ਸੀ, ਪਰ ਮੇਰੀ ਪਤਨੀ ਜਸਬੀਰ ਕਹਿਣ ਲੱਗੀ, ”ਦੁੱਧ ਤਾਂ ਚਾਹੀਦਾ ਹੀ ਹੈ, ਮੈਂ ਭੱਜ ਕੇ ਲੈ ਆਉਨੀ ਆਂ। ੩ਆਹ ਨਾਲ ਹੀ ਤਾਂ ਡੇਅਰੀ ਹੈ। ਨਾਲੇ ਔਰਤਾਂ ਨੂੰ ਤਾਂ ਨਹੀਂ ਕੁਝ ਕਹਿਣ ਲੱਗੇ?”
ਰੋਜ਼ ਵਾਂਗ ਉੱਥੇ ਲੋਕੀਂ ਦੁੱਧ ਵਾਲੇ ਵੱਲੋਂ ਧਾਰ ਕੱਢਣ ਦੀ ਉਡੀਕ ਕਰ ਰਹੇ ਸਨ। ਜਸਬੀਰ ਵੀ ਉਨ੍ਹਾਂ ਵਿੱਚ ਹੀ ਜਾ ਖੜ੍ਹੀ ਹੋਈ। ਦੁੱਧ ਲੈ ਕੇ  ਪਰਤੀ ਤਾਂ ਖ਼ੌਫ਼ ਨਾਲ ਉਸ ਦੇ ਹੋਸ਼ ਉੱਡੇ ਹੋਏ ਸਨ। ਉਸ ਦੱਸਿਆ ਕਿ ਦੁੱਧ ਲੈਣ ਆਏ ਲੋਕ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰ ਰਹੇ ਸਨ। ਕੋਈ ਕੁਝ ਕਹਿ ਰਿਹਾ ਸੀ ਤੇ ਕੋਈ ਕੁਝ। ਉੱਥੇ ਹੀ ਇੱਕ ਹੋਰ ਔਰਤ ਨੇ ਜਸਬੀਰ ਨੂੰ ਦੱਸਿਆ ਕਿ ‘ਕੱਲ੍ਹ ਰਾਤੀਂ ਭੀੜ ਨੇ ਕਿਸੇ ਸਿੱਖ ਦੇ ਘਰ ਪੱਥਰ ਮਾਰੇ ਸਨ!’ ਜਸਬੀਰ ਨੇ ਘਰ ਆ ਕੇ ਮੈਨੂੰ ਦੱਸਿਆ, ”ਮੈਂ ਉਸ ਦੀ ਹਾਂ ‘ਚ ਹਾਂ ਮਿਲਾਉਂਦੀ ਰਹੀ। ਉਸ ਨੂੰ ਕੀ ਕਹਿੰਦੀ ਕਿ ਜਿਸ ਘਰ ‘ਚ ਪੱਥਰ ਵੱਜੇ, ਉਹ ਘਰ ਮੇਰਾ ਹੀ ਸੀ?”
ਲੋਕਾਂ ‘ਚ ਅਫ਼ਵਾਹਾਂ ਦਾ ਸਿਲਸਿਲਾ ਜਾਰੀ ਸੀ। ਇਨ੍ਹਾਂ ਅਫ਼ਵਾਹਾਂ ਅਨੁਸਾਰ ਸਾਰੀ ਦਿੱਲੀ ਵਿੱਚ ਕਾਫ਼ੀ ਸਾਰੀਆਂ ਮਾਰਕੀਟਾਂ ‘ਚ ਅੱਗਾਂ ਲੱਗਣੀਆਂ ਤੇ ਦੁਕਾਨਾਂ ਲੁੱਟਣੀਆਂ ਸ਼ੁਰੂ ਹੋ ਚੁੱਕੀਆਂ ਸਨ। ਰਾਜੀਵ ਗਾਂਧੀ ਨੂੰ ਇੰਦਰਾ ਦੇ ਕਤਲ ਵਾਲੀ ਰਾਤ ਨੂੰ ਹੀ ਪ੍ਰਧਾਨ ਮੰਤਰੀ ਥਾਪ ਦਿੱਤਾ ਗਿਆ ਸੀ। ਇੰਦਰਾ ਗਾਂਧੀ ਦੀ ਮ੍ਰਿਤਕ ਦੇਹ ਤੀਨ ਮੂਰਤੀ ਹਾਊਸ ‘ਚ ਅੰਤਿਮ ਦਰਸ਼ਨ ਲਈ ਰੱਖ ਦਿੱਤੀ ਗਈ ਸੀ। ਟੈਲੀਵਿਜ਼ਨ ਦਾ ਕੈਮਰਾ ਵਾਰ ਵਾਰ ਉਸ ‘ਤੇ ਆਪਣਾ ਫੋਕਸ ਟਿਕਾ ਉਸ ਬਾਰੇ ਖ਼ਬਰਾਂ ਦੇ ਰਿਹਾ ਸੀ। ਲੋਕ ਅੰਤਿਮ ਦਰਸ਼ਨ ਕਰਨ ਆਉਣ ਲੱਗੇ ਸਨ। ਖ਼ਲਕਤ ਕਤਾਰ ਬਣ ਤੁਰੀ ਆਉਂਦੀ ਤੇ ਲੋਕ ਸ਼ਰਧਾਂਜਲੀ ਭੇਟ ਕਰ ਅੱਗੇ ਵਧਦੇ ਜਾ ਰਹੇ ਸਨ। ਗਾਂਧੀ ਪਰਿਵਾਰ ਦੇ ਨੇੜਲੇ ਵਿਅਕਤੀ  ਲੋਕਾਂ ਨੂੰ ਅਗਾਂਹ ਤੋਰ ਰਹੇ ਸਨ।
ਬੰਗਲੋ ਰੋਡ, ਕਮਲਾ ਨਗਰ ਇਲਾਕੇ ਵਿੱਚ ਸਿੱਖਾਂ ਦੀਆਂ ਦੁਕਾਨਾਂ ਦੇ ਸ਼ਟਰ ਕਿਸੇ ਵੱਲੋਂ ਉਤਾਂਹ ਚੁੱਕ ਦਿੱਤੇ ਗਏ ਸਨ। ਲੋਕਾਂ ਨੂੰ ਉਨ੍ਹਾਂ ਦੁਕਾਨਾਂ ਅੰਦਰੋਂ ਸਾਮਾਨ ਲੁੱਟਣ ਲਈ ਉਕਸਾਇਆ ਜਾ ਰਿਹਾ ਸੀ। ਸ਼ਟਰ ਖੋਲ੍ਹਣ ਤੇ ਇਨ੍ਹਾਂ ਨੂੰ ਲੁੱਟਣ ਲਈ ਉਕਸਾਉਣ ਵਾਲੇ ਕੌਣ ਸਨ, ਇਹ ਕੋਈ ਨਹੀਂ ਸੀ ਜਾਣਦਾ। ਲੁੱਟਣ ਵਾਲੀ ਭੀੜ ‘ਚ ਕਾਫ਼ੀ ਸਾਰੇ ਦਿੱਲੀ ਯੂਨੀਵਰਸਿਟੀ ਦੇ ਹੋਸਟਲਾਂ ‘ਚ ਰਹਿਣ ਵਾਲੇ ਵਿਦਿਆਰਥੀ ਵੀ ਸਨ। ਉਹੀ ਲੋਕ ਕੁਝ ਖਾਣ ਪੀਣ ਕਮਲਾ ਨਗਰ ਆਉਂਦੇ ਸਨ। ਜਦ ਭੀੜ ਲੁੱਟ ਰਹੀ ਸੀ ਤਾਂ ਇਹ ਵਿਦਿਆਰਥੀ ਵੀ ਸ਼ਾਮਲ ਹੋ ਗਏ। ਪਰ ਉਹ ਪੇਸ਼ੇਵਰ ਚੋਰ ਜਾਂ ਲੁਟੇਰੇ ਨਹੀਂ ਸਨ। ਇਸ ਲਈ ਸ਼ਾਇਦ ਆਪੋ ਆਪਣੀ ਲੋੜ ਜਾਂ ਅਣਹੋਂਦ ਦੀਆਂ ਚੀਜ਼ਾਂ ਹੀ ਲਿਜਾ ਰਹੇ ਸਨ। ਜਿਵੇਂ ਇੱਕ ਬਿਹਾਰੀ ਵਿਦਿਆਰਥੀ ਨੂੰ ਦੋ ਜੀਨਜ਼ ਦੀਆਂ ਪੈਂਟਾਂ ਲੁੱਟ ਕੇ ਹੀ ਤਸੱਲੀ ਸੀ ਤੇ ਕੁੜੀਆਂ ਨੂੰ ਮੇਕਅੱਪ ਦੇ ਸਾਮਾਨ ਦੀ। ਪਹਿਲੇ ਦਿਨ ਇੱਕ ਦੋ ਕੁੜੀਆਂ ਨੇ ਤਾਂ ਇਹੋ ਜਿਹਾ ਕਾਰਾ ਕੀਤਾ, ਪਰ ਮੁੜ ਕੇ ਅਜਿਹੀਆਂ ਵਿਦਿਆਰਥਣਾਂ ਕਿਸੇ ਨੂੰ ਨਜ਼ਰ ਨਹੀਂ ਆਈਆਂ। ਸ਼ਾਇਦ ਪਹਿਲਾਂ ਉਹ ਕਿਸੇ ਮੌਜ-ਮਸਤੀ ਦੀ ਤਵੱਕੋ ਕਰ ਕੇ ਆਈਆਂ ਹੋਣਗੀਆਂ, ਪਰ ਮਗਰੋਂ ਕਤਲੇਆਮ ਕਾਰਨ ਸਹਿਮ ਗਈਆਂ ਹੋਣ।
ਲੋਕ ਇੰਦਰਾ ਗਾਂਧੀ ਦੇ ਦਰਸ਼ਨਾਂ ਲਈ ਆ-ਜਾ ਰਹੇ ਸਨ। ਰਾਜੀਵ ਗਾਂਧੀ ਤੇ ਹੋਰ ਸਾਥੀ ਭੀੜ ਨੂੰ ਰੁਕਣ ਤੇ ਇਕੱਠ ਹੋਣ ਤੋਂ ਬਚਾਉਣ ਲਈ ਉਨ੍ਹਾਂ ਨੂੰ ਅਗਾਂਹ ਤੋਰੀ ਜਾ ਰਹੇ ਸਨ ਕਿ ਅਚਾਨਕ ਵਿੱਚੋਂ ਨੌਜੁਆਨ ਮੁੰਡਿਆਂ ਦੇ ਇੱਕ ਗਰੁੱਪ ਨੇ ਨਾਅਰਾ ਲਗਾ ਦਿੱਤਾ, ”ਖੂਨ ਕਾ ਬਦਲਾ ਖੂਨ”। ਰਾਜੀਵ ਗਾਂਧੀ ਨੇ ਉਸ ਗਰੁੱਪ ਨੂੰ ਇੱਕ ਪਾਸੇ ਕਰ ਬਹੁਤ ਠਰ੍ਹੰਮੇ ਨਾਲ ਸਮਝਾਇਆ, ”ਆਪ ਲੋਗ ਸ਼ਾਂਤ ਹੋ ਜਾਈਏ, ਹਮ ਬਦਲਾ ਲੇਂਗੇ, ਪਰ ਅਪਨੇ ਤਰੀਕੇ ਸੇ੩!” ਇੰਨੀ ਕੁ ਤਸੱਲੀ ਨਾਲ ਉਹ ਭੀੜ ਅਗਾਂਹ ਨਹੀਂ ਸੀ ਤੁਰ ਰਹੀ, ਪਰ ਅਖੀਰ ਰਾਜੀਵ ਗਾਂਧੀ ਉਨ੍ਹਾਂ ਨੂੰ ਅੱਗੇ ਤੋਰਨ ‘ਚ ਕਾਮਯਾਬ ਹੋ ਗਏ। ਲੋਕ ਮੁੜ ਰੁਟੀਨ ਵਿੱਚ ਤੁਰਨੇ ਸ਼ੁਰੂ ਹੋ ਗਏ। ਟੈਲੀਵਿਜ਼ਨ ਚਲੀ ਜਾ ਰਿਹਾ ਸੀ। ਲੋਕਾਂ ਦੇ ਸ਼ੋਕ ਸੁਨੇਹਿਆਂ ਬਾਰੇ ਵੀ ਦੱਸ ਰਿਹਾ ਸੀ। ਅਸੀਂ ਬੰਦ ਘਰ ਵਿੱਚ ਟੈਲੀਵਿਜ਼ਨ ਮੂਹਰੇ ਦੁਬਕੇ ਬੈਠੇ ਸਾਂ।
ਸ਼ਹਿਰ ਵਿੱਚ ਪਹਿਲਾਂ ਹੀ ਲਾਂਬੂ ਲੱਗਣੇ ਸ਼ੁਰੂ ਹੋ ਚੁੱਕੇ ਸਨ। ਕੁੱਟ-ਮਾਰ ਵੀ ਹੋ ਰਹੀ ਸੀ। ਲੁੱਟ-ਮਾਰ ਦੀ ਤਾਂ ਇੰਤਹਾ ਸੀ। ਸ਼ਹਿਰ ਵਿੱਚ ਅਜੀਬੋ-ਗਰੀਬ ਆਵਾਜ਼ਾਂ ਆ ਰਹੀਆਂ ਸਨ। ਕਿਤੇ ਚੀਕਾਂ। ਕਿਤੇ ਲੇਰਾਂ। ਕਿਤੇ ਵਿਲਕਣ। ਫਿਰ ਇੱਕ ਸਭ ਤੋਂ ਭਿਆਨਕ ਖ਼ਬਰ ਇਹ ਆਈ ਸੀ ਕਿ ਸਿੱਖਾਂ ਨੇ ਬਦਲੇ ਦੀ ਭਾਵਨਾ ਨਾਲ ਕਸ਼ਮੀਰੀ ਗੇਟ ਇਲਾਕੇ ‘ਚ ਪੈਂਦੇ ਕੁੜੀਆਂ ਦੇ ਕਾਲਜ ਦੇ ਹੋਸਟਲ ‘ਚ ਵੜ ਕੇ ਉਨ੍ਹਾਂ ਦੀ ਇੱਜ਼ਤ ਲੁੱਟਣੀ ਸ਼ੁਰੂ ਕਰ ਦਿੱਤੀ ਹੈ। ਇਹ ਖ਼ਬਰ ਸ਼ਾਇਦ ਦੋ ਨਵੰਬਰ ਦੀ ਸੀ ਜਾਂ ਇੱਕ ਦੀ। ਉੱਤਰੀ ਦਿੱਲੀ ਦੇ ਸਾਰੇ ਇਲਾਕਿਆਂ ਵਿੱਚ ਇਹ ਖ਼ਬਰ ਅੱਗ ਵਾਂਗ ਫੈਲ ਗਈ ਸੀ। ਇਸ ਖ਼ਬਰ ਨੇ ਤਾਂ ਮੇਰਾ ਵੀ ਤ੍ਰਾਹ ਹੀ ਕੱਢ ਦਿੱਤਾ ਸੀ।
ਉਂਜ ਤਾਂ ਹੋਰ ਵੀ ਕਈ ਅਫ਼ਵਾਹਾਂ ਖ਼ੂਬ ਗਰਮ ਸਨ।
ਪਹਿਲਾਂ ਮਠਿਆਈਆਂ ਵੰਡਣ ਦੀਆਂ ਖ਼ਬਰਾਂ। ਪੀਣ ਵਾਲੇ ਪਾਣੀ ‘ਚ ਜ਼ਹਿਰ ਮਿਲਾਉਣ ਦੀਆਂ ਖ਼ਬਰਾਂ। ‘ਨਵੀਂ ਦਿੱਲੀ ਸਟੇਸ਼ਨ ‘ਤੇ ਪੰਜਾਬ ਤੋਂ ਸਿੱਖਾਂ ਨੇ ਹਿੰਦੂਆਂ ਨੂੰ ਵੱਢ ਕੇ ਲਾਸ਼ਾਂ ਦੀ ਗੱਡੀ ਭੇਜੀ ਹੈ’ ਵਰਗੀਆਂ ਖ਼ਬਰਾਂ! ਸੁਣ ਸੁਣ ਦਿਲ ਦਹਿਲ ਰਿਹਾ ਸੀ।
ਪਰ ਉਪਰੋਕਤ ਖ਼ਬਰ ਨੇ ਤਾਂ ਮੇਰਾ ਸਾਹ ਹੀ ਸੁਕਾ ‘ਤਾ ਸੀ। ਇਸ ਅਫ਼ਵਾਹ ਨੇ ਸਿੱਖ-ਵਿਰੋਧੀ ਭਾਵਨਾ  ਭੜਕਾਉਣ ‘ਚ ਬਹੁਤ ਅਹਿਮ ਰੋਲ ਅਦਾ ਕੀਤਾ ਸੀ ਉਸ ਦਿਨ। ਇੱਥੋਂ ਤੀਕ ਕਿ ਇਹ ਸੁਣ ਮੈਂ ਖ਼ੁਦ ਪਸੀਜਿਆ ਗਿਆ ਸਾਂ। ਮੈਨੂੰ ਹਾਲੇ ਵੀ ਐਨ ਉਸੇ ਤਰ੍ਹਾਂ ਚੇਤੇ ਹੈ ਜਦੋਂ ਇੱਕ ਗੁਆਂਢੀ ਨੇ ਮੇਰੇ ਕੋਲ ਆਣ ਕੇ ਇਹ ਗੱਲ ਦੱਸੀ ਸੀ। ਉਸ ਵੇਲੇ ਮੈਨੂੰ ਲੱਗਾ ਸੀ ਜਿਵੇਂ ਸਿੱਖ ਇਤਿਹਾਸ ਦੇ ਵਰਕੇ ਉੱਡ-ਉੱਡ ਮੇਰੇ ਮੂੰਹ ‘ਤੇ ਲਫੇੜਿਆਂ ਵਾਂਗ ਵੱਜ ਰਹੇ  ਰਹੇ ਹੋਣ ੩ਜਿਨ੍ਹਾਂ ਵਰਕਿਆਂ ‘ਤੇ ਮੋਟੇ ਮੋਟੇ ਅੱਖਰਾਂ ‘ਚ ਉਕਰਿਆ ਇਸ ਦੇ ਉਲਟ ਹੋਵੇ। ਉਹ ਇਤਿਹਾਸ, ਜੋ ਅਸੀਂ ਪੜ੍ਹਦੇ ਸੁਣਦੇ ਰਹੇ ਸਾਂ। ਅਸੀਂ ਇਤਿਹਾਸ ਦੇ ਪੰਨਿਆਂ ‘ਤੇ ਇਹੀ ਲਿਖਿਆ ਪੜ੍ਹਿਆ ਸੀ ਕਿ ਜਦੋਂ ਤੋਂ ਸਿੱਖ ਹੋਂਦ ਵਿੱਚ ਆਇਆ, ਉਦੋਂ ਤੋਂ ਹੋਰ ਹਰ ਕੌਮ ਦਾ ਬੰਦਾ ਮਾਣ ਨਾਲ ਇਹ ਕਸਮ ਖਾ ਸਕਦਾ ਸੀ ਕਿ ਜੇ ਸੌ ਕੁੜੀਆਂ ਵਿੱਚ ਇੱਕ ਵੀ ਸਿੱਖ ਹੈ ਤਾਂ ਉਹ ਕੁੜੀਆਂ ਸੌ ਫ਼ੀਸਦੀ ਸੁਰੱਖਿਅਤ ਹਨ। ਤੇ ਅੱਜ?
ਪਰ ਦੂਸਰੀ ਸਵੇਰ ਹੁੰਦਿਆਂ ਹੀ ਕੁਝ ਰਾਹਤ ਦੀ ਖ਼ਬਰ ਆਈ। ਪਤਾ ਲੱਗਾ ਕਿ ਇਹ ਖ਼ਬਰ ਝੂਠੀ ਸੀ। ਇਹ ਗੱਲ ਉਸੇ ਦੋਸਤ ਨੇ ਖ਼ੁਦ ਤਸਦੀਕ ਕੀਤੀ ਜਿਸ ਨੇ ਇਹ ਖ਼ਬਰ ਸੁਣਾਈ ਸੀ। ਉਸ ਨੇ ਆਪਣੀ ਖ਼ਬਰ ‘ਤੇ ਸ਼ਰਮਸਾਰ ਹੁੰਦਿਆਂ ਦੱਸਿਆ ਕਿ ਕਸ਼ਮੀਰੀ ਗੇਟ ਵਿਖੇ ਕੁੜੀਆਂ ਦੇ ਕਾਲਜ ਉਪਰ ਸਿੱਖਾਂ ਨੇ ਜਬਰ-ਜਨਾਹ ਦੇ ਮਕਸਦ ਨਾਲ ਹਮਲਾ ਨਹੀਂ ਸੀ ਕੀਤਾ ਸਗੋਂ ਉਹ ਤਾਂ ਅੱਧੀ ਰਾਤ ਵੇਲੇ ਆਪਣੀ ਜਾਨ ਬਚਾਉਣ ਲਈ ਛੱਤ ਭਾਲਦੇ ਉਸ ਕਾਲਜ ‘ਚ ਵੜ ਰਹੇ ਸਨ। ਉਨ੍ਹਾਂ ਨੂੰ ਤਾਂ ਇਹ ਵੀ ਪਤਾ ਨਹੀਂ ਸੀ ਕਿ ਉਹ ਕੁੜੀਆਂ ਦਾ ਕਾਲਜ ਹੈ! ਲੋਕਾਂ ਵਿੱਚ ਇਹ ਚਰਚਾ ਸੀ ਕਿ ਸਰਕਾਰ ਦੇ ਕਹਿਣ ‘ਤੇ ਪੁਲੀਸ ਵਾਲੇ ਸਿੱਖ ਪਰਿਵਾਰਾਂ ਨੂੰ ਦਿੱਲੀ ਦੇ ਪਿੰਡਾਂ ‘ਚੋਂ ਕੱਢ ਕੇ ਲਿਆਏ ਸਨ ਕਿਉਂਕਿ ਦਿੱਲੀ ਦੇ ਬਹੁਤ ਸਾਰੇ ਪਿੰਡਾਂ ਵਿੱਚ ਇੱਕਾ-ਦੁੱਕਾ ਹੀ ਸਿੱਖ ਪਰਿਵਾਰ ਰਹਿੰਦੇ ਸਨ ਤੇ ਉਨ੍ਹਾਂ ਨੂੰ ਉੱਥੇ ਇਕੱਲਿਆਂ ਹੋਣ ਕਰਕੇ ਵਧੇਰੇ ਖਤਰਾ ਹੈ। ਇਸ ਲਈ ਉਨ੍ਹਾਂ ਨੂੰ ਪਿੰਡਾਂ ਦੇ ਖਤਰੇ ‘ਚੋਂ ਕੱਢ ਕੇ ਸਰਕਾਰੀ ਜਾਂ ਗੈਰ-ਸਰਕਾਰੀ  ਕੈਂਪਾਂ ‘ਚ ਪਹੁੰਚਾ ਦਿੱਤਾ ਜਾਵੇ। ਪੁਲੀਸ ਵਾਲਿਆਂ ਨੇ ਉਨ੍ਹਾਂ ਨੂੰ ਪਿੰਡਾਂ ‘ਚੋਂ ਤਾਂ ਲੈ ਆਂਦਾ, ਪਰ ਕੁਝ ਸ਼ਰਾਰਤੀ  ਪੁਲੀਸ ਵਾਲਿਆਂ ਨੇ ਉਨ੍ਹਾਂ ਲੋਕਾਂ ਨੂੰ ਲਿਆ ਕੇ ਸੜਕ ‘ਤੇ ਹੀ ਬੱਸਾਂ ‘ਚੋਂ ਉਤਾਰ ਲਾਵਾਰਿਸ ਛੱਡ ਦਿੱਤਾ। ਉਨ੍ਹਾਂ ਲਈ ਤਾਂ ਹਰ ਪਾਸੇ ਮੌਤ ਮੰਡਰਾ ਰਹੀ ਸੀ। ਉਹ ਵਿਚਾਰੇ ਤਾਂ ਅੱਧੀ ਰਾਤ ਸਿਰ ਲੁਕਾਉਣ ਲਈ ਥਾਂ ਭਾਲ ਰਹੇ ਸਨ ਤੇ ਦੂਜੇ ਪਾਸੇ ਉਨ੍ਹਾਂ ਹੀ ਪੁਲੀਸ ਵਾਲਿਆਂ ‘ਚੋਂ ਜਾਂ ਕਿਸੇ ਦੰਗਈ ਨੇ ਇਹ ਅਫ਼ਵਾਹ ਉਡਾ ਦਿੱਤੀ ਸੀ ਕਿ ”ਅਸੀਂ ਤਾਂ ਇਨ੍ਹਾਂ ਨੂੰ ਪਿੰਡਾਂ ਦੇ ਖਤਰਿਆਂ ਤੋਂ ਬਚਾ ਕੇ ਲਿਆਏ ਸਾਂ, ਪਰ ਇਹੀ ਸਿੱਖ ਹੋਸਟਲ ਦੀਆਂ ਕੁੜੀਆਂ ਦੀ ਬੇਹੁਰਮਤੀ ਕਰਨ ਤੁਰ ਪਏ ਹਨ!”  ਅਜਿਹੀ ਅਫ਼ਵਾਹ ਤਾਂ ਅੱਗ ਵਾਂਗ ਫੈਲਦੀ ਹੀ ਹੈ।
ਮੇਰਾ ਇੱਕ ਛੋਟਾ ਭਰਾ ਸਰਾਇ ਰੋਹਿਲਾ ਵੱਲ ਰਹਿੰਦਾ ਸੀ। ਮੇਰੇ ਪਿਤਾ ਪੱਗ ਬੰਨ੍ਹਦੇ ਸਨ ਤੇ ਇਸੇ ਭਰਾ ਕੋਲ ਰਹਿੰਦੇ ਸਨ। ਹੋਰ ਸਾਡੇ ਘਰ ‘ਚ ਕੋਈ ਪੱਗ ਨਹੀਂ ਸੀ ਬੰਨ੍ਹਦਾ। ਉਨ੍ਹਾਂ ਚਾਰ ਦਿਨਾਂ ਦਾ ਕਿਸੇ ਨੂੰ ਕੁਝ ਵੀ ਪਤਾ ਨਹੀਂ ਸੀ। ਕੌਣ ਜਿਊਂਦਾ ਤੇ ਕੌਣ ਮਰਿਆ। ਜਦੋਂ ਮਾੜੀ ਮੋਟੀ ਸ਼ਾਂਤੀ ਹੋਈ ਤਾਂ ਪਤਾ ਲੱਗਾ ਕਿ ਮੇਰੇ ਪਿਤਾ ਕਿਵੇਂ ਛੁਪ ਛੁਪਾ ਕੇ ਬਚੇ ਸਨ। ਮੇਰੇ ਪਿਤਾ ਨੇ ਦੱਸਿਆ ਕਿ ਇੱਕ ਨਵੰਬਰ ਨੂੰ ਉਹ ਹਮੇਸ਼ਾਂ ਵਾਂਗ ਭੋਲੇਪਣ ‘ਚ ਹੀ ਆਪਣੇ ਕੰਮ ‘ਤੇ ਚਲੇ ਗਏ। ਉਨ੍ਹਾਂ ਨੂੰ ਇਸ ਸਭ ਦੀ ਕੋਈ ਖਬਰ ਨਹੀਂ ਸੀ। ਜਦੋਂ ਉਹ ਪੁਰਾਣੀ ਦਿੱਲੀ ਰੇਲਵੇ ਸਟੇਸ਼ਨ ‘ਤੇ ਆਪਣੇ ਕੰਮ ਵਾਲੀ ਥਾਂ ਪਹੁੰਚੇ ਤਾਂ ਉਨ੍ਹਾਂ ਦੇ ਸਾਥੀ ਹੈਰਾਨ ਸਨ। ਉਨ੍ਹਾਂ ਮੇਰੇ ਪਿਤਾ ਨੂੰ ਡਾਂਟਿਆ ਕਿ ਅੱਜ ਉਹ ਘਰ ਕਿਉਂ ਨਹੀਂ ਬੈਠੇ ਬਾਹਰ ਲਾਂਬੂ ਲੱਗੇ ਹੋਏ ਹਨ? ਫਿਰ ਉਨ੍ਹਾਂ ਸਲਾਹ ਕੀਤੀ ਤੇ ਮੇਰੇ ਪਿਤਾ ਨੂੰ ਆਪਣੀ ਪੱਗ ਉਤਾਰਨ ਲਈ ਬੇਨਤੀ ਕੀਤੀ। ਮਗਰੋਂ ਉਨ੍ਹਾਂ ਮੇਰੇ ਪਿਤਾ ਦੇ ਸਿਰ ਦੇ ਵਾਲ ਖਿਲਾਰ ਦਿੱਤੇ। ਉਸ ਦਿਨ ਉਨ੍ਹਾਂ ਕੁਦਰਤੀ ਹੀ ਭਗਵਾਂ ਕੁੜਤਾ ਪਾਇਆ ਹੋਇਆ ਸੀ। ਪੱਗ ਲਾਹ ਕੇ ਵਾਲ ਖਿਲਾਰਨ ਕਰਕੇ ਉਨ੍ਹਾਂ ਦਾ ਲਗਪਗ ਸਾਧੂਆਂ ਵਰਗਾ ਭੇਸ ਬਣ ਗਿਆ। ਉਨ੍ਹਾਂ ਦੇ ਹੀ ਕੁਝ ਸਾਥੀ ਉਨ੍ਹਾਂ ਨੂੰ ਫਤਹਿਪੁਰੀ ਤੋਂ ਮਾਲ ਗੱਡੀ ਦੇ ਇੱਕ ਐਸੇ ਡੱਬੇ ਵਿੱਚ ਚੜ੍ਹਾ ਗਏ ਜੋ ਸਾਮਾਨ ਦੀਆਂ ਪੇਟੀਆਂ ਨਾਲ ਭਰਿਆ ਹੋਇਆ ਸੀ। ਇੱਕ ਬੰਦਾ ਨਾਲ ਉਨ੍ਹਾਂ ਦੀ ਹਿਫਾਜ਼ਤ ਲਈ ਭੇਜਿਆ। ਉਹ ਦੋਵੇਂ ਡੱਬੇ ਅੰਦਰ ਸਾਮਾਨ ਪਿੱਛੇ ਲੁਕ ਕੇ ਬੈਠ ਗਏ ਤੇ ਅਖੀਰ ਸਰਾਇ ਰੋਹੇਲਾ ਸਟੇਸ਼ਨ ਤੋਂ ਬਚਦੇ ਬਚਾਉਂਦੇ ਕਿਸੇ ਤਰ੍ਹਾਂ ਘਰ ਪਹੁੰਚੇ ਸਨ।
ਇੰਦਰਾ ਗਾਂਧੀ ਦੇ ਸਸਕਾਰ ਦਾ ਦਿਨ ਮਿੱਥਿਆ ਗਿਆ ਸੀ। ਬਾਹਰੋਂ ਵਿਦੇਸ਼ੀ ਮਹਿਮਾਨ ਆਉਣੇ ਸ਼ੁਰੂ ਹੋ ਗਏ ਸਨ। ਸਸਕਾਰ ਵਾਲੇ ਦਿਨ ਕਰਫਿਊ ਹਟਾ ਦਿੱਤਾ ਗਿਆ ਸੀ, ਪਰ ਸ਼ਹਿਰ ਦੇ ਹਾਲਾਤ ਵਿੱਚ ਕੋਈ ਬਹੁਤਾ ਸੁਧਾਰ ਨਹੀਂ ਸੀ ਹੋਇਆ। ਯਮਨਾ ਪਾਰ ਮੇਰਾ ਦੋਸਤ ਮੁਲਖ ਰਾਜ ਰਹਿੰਦਾ ਸੀ। ਕੱਟੜ ਜਨਸੰਘੀ। ਉਸ ਦੇ ਨੇੜੇ ਹੀ ਲੋਕ ਪ੍ਰਿੰਟਰ ਵਾਲਾ ਬਲਵੰਤ ਸਿੰਘ ਵੀ ਰਹਿੰਦਾ ਸੀ ਜਿਸ ਦੀ ਪ੍ਰੈੱਸ ਵਿੱਚ ਪੰਜਾਬੀ ਦੀਆਂ ਬਹੁਤ ਸਾਰੀਆਂ ਅਖ਼ਬਾਰਾਂ/ਮੈਗਜ਼ੀਨਾਂ ਛਪਦੀਆਂ ਹੁੰਦੀਆਂ ਸਨ। ਉਸੇ ਕੋਲ ਅੰਮ੍ਰਿਤਾ ਪ੍ਰੀਤਮ ਦਾ ਰਸਾਲਾ ‘ਨਾਗਮਣੀ’ ਵੀ ਛਪਦਾ ਸੀ। ਉਸ ਦੀ ਪ੍ਰੈੱਸ ਵਿੱਚ ਉਸ ਦੇ ਘਰ ਦੇ ਹੀ 13-14 ਲੋਕ ਕੰਮ ਕਰਦੇ ਸਨ। ਜਦੋਂ ਇੰਦਰਾ ਗਾਂਧੀ ਦਾ ਕਤਲ ਹੋਇਆ ਤੇ ਸ਼ਹਿਰ ‘ਚ ਸੰਨਾਟਾ ਜਿਹਾ ਦਿੱਸਿਆ ਤਾਂ ਮੁਲਖ ਰਾਜ, ਬਲਵੰਤ ਸਿੰਘ ਦੇ ਪੂਰੇ ਪਰਿਵਾਰ ਨੂੰ ਆਪਣੇ ਘਰ ਲੈ ਆਇਆ। ਉਸ ਮੈਨੂੰ ਵੀ ਸੁਨੇਹਾ ਭੇਜਿਆ ਸੀ ਕਿ ਮੈਂ ਪਰਿਵਾਰ ਲੈ ਕੇ ਉਸ ਦੇ ਘਰ ਆ ਜਾਵਾਂ। ਪਰ ਮੁਲਖ ਰਾਜ ਦਾ ਜੋ ਬੰਦਾ ਸਾਨੂੰ ਲੈਣ ਆਇਆ ਸੀ, ਸਾਡੇ ਸਮਝਾਉਣ ‘ਤੇ ਉਹ ਸਾਡੀ ਸੁੱਖ-ਸਾਂਦ ਦਾ ਸੁਨੇਹਾ ਲੈ ਵਾਪਸ ਚਲਾ ਗਿਆ। ਜਾਣ ਤੋਂ ਪਹਿਲਾਂ ਮੁਲਖ ਰਾਜ ਦੇ ਬੰਦੇ ਨੇ ਦਿਲ ਹਿਲਾ ਦੇਣ ਵਾਲੀਆਂ ਗੱਲਾਂ ਦੱਸੀਆਂ। ਉਸ ਦੱਸਿਆ ਕਿ ਉਸ ਰਾਹ ‘ਚ ਬਹੁਤ ਤਬਾਹੀ ਹੋਈ ਦੇਖੀ ਹੈ। ਭਜਨਪੁਰਾ, ਮੌਜਪੁਰ,  ਲੋਨੀ, ਸ਼ਾਹਦਰਾ ਤੇ ਉਧਰ ਹੋਰ ਸਾਰੇ ਇਲਾਕੇ ‘ਚ ਅਜੀਬ ਮਾਹੌਲ ਹੈ। ਲੋਕਾਂ ਦੀ ਭੀੜ ਇਧਰ ਭੱਜਦੀ ਹੈ, ਉੱਧਰ ਭੱਜਦੀ ਹੈ। ਕਿਤੇ ਕੋਈ ਸਿੱਖ ਨਜ਼ਰੀਂ ਪੈ ਜਾਵੇ। ਬੱਸ ‘ਲਾ ‘ਲਾ ਕਰਕੇ ਪਿੱਛੇ ਪੈ ਜਾਂਦੇ ਹਨ। ਲੁੱਟਣ ਵਾਲੇ ਲੁੱਟਦੇ। ਤਮਾਸ਼ਬੀਨ ਕੁੱਟਦੇ ਤੇ ਮਾਰਨ ਵਾਲੇ ਆ ਕੇ ਘੜੱਚ ਕਰ ਦਿੰਦੇ।
ਬਲਵੰਤ ਸਿੰਘ ਤੇ ਉਸ ਦੇ ਪਰਿਵਾਰ ਦੇ ਉਹ ਤੇਰਾਂ/ਚੌਦਾਂ ਜਣੇ ਇਕੱਤੀ ਅਕਤੂਬਰ ਤੋਂ ਕਰਫਿਊ ਹਟਣ ਵਾਲੇ ਦਿਨ ਤਕ ਮੁਲਖ ਰਾਜ ਦੇ ਘਰ ਹਿਫਾਜ਼ਤ ਨਾਲ ਰਹੇ। ਪਰ ਇੰਦਰਾ ਗਾਂਧੀ ਦੇ ਸਸਕਾਰ ਵਾਲੇ ਦਿਨ ਬਲਵੰਤ ਸਿੰਘ ਨੇ ਮੁਲਖ ਰਾਜ ਨਾਲ ਇਸ ਗੱਲ ‘ਤੇ ਜ਼ਿੱਦ ਕੀਤੀ, ”ਹੁਣ ਤਾਂ ਸ਼ਾਂਤੀ ਹੈ। ਕਰਫਿਊ ਵੀ ਹਟ ਗਿਆ। ਹੁਣ ਉਹ ਘਰ ਚੱਲਦੇ ਹਨ।” ਮੁਲਖ ਰਾਜ ਨੇ ਦੱਸਿਆ ਕਿ ਉਸ ਨੇ ਬਹੁਤ ਜ਼ਿੱਦ ਕੀਤੀ, ਪਰ ਬਲਵੰਤ ਹੋਰ ਰੁਕਣ ਲਈ ਨਾ ਮੰਨਿਆ। ਕਹਿੰਦਾ, ”ਆਪਣਾ ਦੇਸ਼ ਹੈ੩ ਆਪਣੇ ਦੇਸ਼ ‘ਚ ਹੀ ਕਾਹਦਾ ਡਰ?”  ਮੁਲਖ ਰਾਜ ਬਹੁਤ ਰੋਇਆ ਸੀ ਉਸ ਦਿਨ ਮੇਰੇ ਕੋਲ ਇਸ ਗੱਲ ਨੂੰ ਲੈ ਕੇ। ਕਹਿੰਦਾ ਸਾਰੇ ਦੇ ਸਾਰੇ ਜੀਅ ਬਲਵੰਤ ਦੇ ਕਹਿਣ ‘ਤੇ ਉਸ ਦੇ ਘਰ ਵੱਲ ਨੂੰ ਪੈਦਲ ਹੀ ਤੁਰ ਪਏ। ਉਹ ਹਾਲੇ ਅੱਧ ‘ਚ ਹੀ ਪਹੁੰਚੇ ਹੋਣਗੇ ਕਿ ਉਨ੍ਹਾਂ ਦੇ ਪੱਗਾਂ ਬੰਨ੍ਹੀਆਂ ਦੇਖ ਉਨ੍ਹਾਂ ਕੋਲ ਆ ਕੇ ਇੱਕ ਮਿਲਟਰੀ ਟਰੱਕ ਰੁਕਿਆ। ਉਸ ‘ਚੋਂ ਕੁਝ ਬੰਦੇ ਮਿਲਟਰੀ ਦੀ ਵਰਦੀ ਪਾਈ ਉਤਰੇ ਤੇ ਬਲਵੰਤ ਸਿੰਘ ਨੂੰ ਕਹਿੰਦੇ, ”ਸਰਦਾਰ ਜੀ, ਤੁਸੀਂ ਕਿੱਥੇ ਘੁੰਮ ਰਹੇ ਹੋ? ਹਾਲੇ ਖਤਰਾ ਹੈ। ਆਓ ਤੁਹਾਨੂੰ ਮਿਲਟਰੀ ਦੇ ਕੈਂਪ ਪਹੁੰਚਾ ਦਿੰਦੇ ਹਾਂ।”  ਬਲਵੰਤ ਪਹਿਲਾਂ ਤਾਂ ਸਹਿਮਿਆ ਤੇ ਉਸ ਨੂੰ ਇਹ ਪਛਾਣ ਨਾ ਹੋਈ ਕਿ ਇਹ ਦੰਗਈ ਹਨ ਜੋ ਅਜਿਹੇ ਕੰਮਾਂ ਨੂੰ ਅੰਜਾਮ ਦੇਣ ਲਈ ਮਿਲਟਰੀ ਵਾਲਿਆਂ ਦਾ ਭੇਸ ਵਟਾਈ ਫਿਰ ਰਹੇ ਸਨ।
ਬਲਵੰਤ ਸਿੰਘ ਅਖੀਰ ਉਨ੍ਹਾਂ ਦੀ ਗੱਲ ਮੰਨ ਗਿਆ ਤੇ ਵਿਸ਼ਵਾਸ ਕਰ ਸਰੀਰਕ ਤੌਰ ‘ਤੇ ਢਿੱਲਾ ਜਿਹਾ ਹੋ ਗਿਆ। ਉਹ ਸਾਰੇ ਟਰੱਕ ਵੱਲ ਵਧੇ ਹੀ ਸਨ ਕਿ ਉਹਦੇ ‘ਚੋਂ ਕਈ ਹੋਰ ਦੰਗਈ, ਮਿਲਟਰੀ ਦੀਆਂ ਟੁੱਟੀਆਂ-ਫੁੱਟੀਆਂ ਵਰਦੀਆਂ ਪਾਈ ਟਰੱਕ ਵਿੱਚੋਂ ਨਿਕਲ ਆਏ ਤੇ ਦੇਖਦਿਆਂ ਹੀ ਦੇਖਦਿਆਂ ਉਨ੍ਹਾਂ ਸਭ ਨੂੰ ਕਾਬੂ ਕਰ ਘੇਰਾ ਪਾ ਕੇ ਉਨ੍ਹਾਂ ਉਪਰ ਮਿੱਟੀ ਦਾ ਤੇਲ ਛਿੜਕ ਅੱਗਾਂ ਲਗਾਉਣੀਆਂ ਸ਼ੁਰੂ ਕਰ ਦਿੱਤੀਆਂ। ਉਹ ਸਾਰੇ ਦੇ ਸਾਰੇ ਜੀਅ- ਔਰਤਾਂ, ਬੱਚੇ, ਮਰਦ, ਚੀਖ-ਚਿਹਾੜਾ ਪਾਉਂਦੇ ਰਹੇ, ਪਰ ਦੰਗਈ ਆਪਣਾ ਕੰਮ ਕਰਦੇ ਰਹੇ। ਅੱਗ ਦੀ ਤੀਲ੍ਹੀ ਭਾਂਬੜ ਬਣਦੀ ਗਈ ਤੇ੩। ਉਨ੍ਹਾਂ ‘ਚੋਂ ਮੌਕਾ ਦੇਖ ਬਲਵੰਤ ਦਾ ਭਾਣਜਾ ਹਰਮੀਤ ਉੱਥੋਂ ਭੱਜ ਨਿਕਲਿਆ। ਉਹ ਉਂਜ ਵੀ ਪਤਲਾ ਤੇ ਫੁਰਤੀਲਾ ਸੀ। ਪਿਛਲੀਆਂ ਗਲੀਆਂ ‘ਚੋਂ ਹੁੰਦਾ ਹੋਇਆ, ਉਹ ਇੱਕ ਘਰ ਅੰਦਰ ਵੜ ਆਪਣੇ ਚਿੱਤੋਂ ਲੁਕ ਤਾਂ ਗਿਆ ਪਰ ਦੰਗਈ ਲੱਭਦੇ-ਲੱਭਦੇ ਉੱਥੇ ਤੀਕ ਵੀ ਪਹੁੰਚ ਗਏ ਜਿਸ ਘਰ ਵਿੱਚ ਉਹ ਲੁਕਿਆ ਹੋਇਆ ਸੀ। ਅਫ਼ਸੋਸ, ਉਸ ਘਰ ਦੇ ਬਾਹਰਲੇ ਪਾਸੇ ਖੜ੍ਹੀ ਇੱਕ ਔਰਤ ਨੇ ਉਂਗਲ ਨਾਲ ਇਸ਼ਾਰਾ ਕਰ ਕੇ ਦੰਗਈਆਂ ਨੂੰ ਦੱਸ ਦਿੱਤਾ ਕਿ ਉਹ ਇੱਥੇ ਛੁਪਿਆ ਹੋਇਆ ਹੈ। ਉਨ੍ਹਾਂ ਨੇ ਹਰਮੀਤ ਨੂੰ ਵੀ ਉੱਥੋਂ ਹੀ ਬਾਹਰ ਕੱਢ ਉਸੇ ਘਰ ਦੇ ਮੂਹਰਲੀ ਗਲੀ ਵਿੱਚ ਉਸ ਉੱਤੇ ਵੀ ਤੇਲ ਛਿੜਕ ਅੱਗ ਲਗਾ ਦਿੱਤੀ। ਹਰਮੀਤ ਦਾ ਸਰੀਰ ਵੀ ਸੜ ਰਿਹਾ ਸੀ। ਉਸ ਨੇ ਕਦੇ ਬੜੇ ਚਾਅ ਨਾਲ ਚਾਂਦਨੀ ਚੌਂਕ ‘ਤੋਂ ਆਪਣੇ ਹੱਥ ਪਿੱਛੇ ‘੧ਓ’ ਲਿਖਵਾਇਆ ਸੀ ਤੇ ਦੂਜੇ ਹੱਥ ਦੇ ਪਿੱਛੇ ‘ਓਮ’ ਕਿਉਂਕਿ ਉਹ ਮੰਦਰ ਨੂੰ ਵੀ ਓਨਾ ਹੀ ਪਿਆਰ ਕਰਦਾ ਸੀ ਜਿੰਨਾ ਗੁਰਦੁਆਰੇ ਨੂੰ। ਪਰ ਅੱਜ ਹਰਮੀਤ ਦੇ ਸਰੀਰ ਦੇ ਨਾਲ ਨਾਲ ਉਹ ਦੋਵੇਂ ਪਵਿਤੱਰ ਨਿਸ਼ਾਨ ਵੀ ਉਸ ਅੱਗ ‘ਚ ਸੜ ਰਹੇ ਸਨ।
ਬਹੁਤ ਕੁਝ ਹੋਰ ਵੀ ਹੋਇਆ। ਬਹੁਤ ਲੰਬੀ ਕਹਾਣੀ ਹੈ। ਪਰ ਇੱਥੇ ਇਹ ਗੱਲ ਕਹਿ ਕੇ ਹੀ ਖਤਮ ਕਰਦਾ ਹਾਂ ਕਿ ਸ਼ਾਇਦ ਹੀ ਦੁਨੀਆਂ ਦੇ ਕਿਸੇ ਦੇਸ਼ ਵਿੱਚ ਸ਼ਰੀਫ ਨਾਗਰਿਕਾਂ ਨਾਲ ਇਸ ਤਰ੍ਹਾਂ ਦਾ ਵਿਸ਼ਵਾਸਘਾਤ ਹੋਇਆ ਹੋਵੇ।.