ਦਰਬਾਰ ਸਾਹਿਬ ਕੰਪਲੈਕਸ ਨੂੰ ਪ੍ਰਦੂਸ਼ਣ ਮੁਕਤ ਕਰਨ ਲਈ ਐਸਜੀਪੀਸੀ ਦੀ ਪਹਿਲਕਦਮੀ

0
44

A view of the passage leading to the Golden Temple which has been declared no vehicle zone in Amritsar on Thursday photo vishal kumar

ਅੰਮ੍ਰਿਤਸਰ/ਬਿਊਰੋ ਨਿਊਜ਼ :
ਸ਼੍ਰੋਮਣੀ ਕਮੇਟੀ ਦੇ ਮੁਖ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਨਵੇਂ ਸਾਲ ਦੀ ਆਮਦ ‘ਤੇ ਸ਼੍ਰੋਮਣੀ ਕਮੇਟੀ ਨੇ ਨਵੀਂ ਪਹਿਲਕਦਮੀ ਕਰਨ ਜਾ ਰਹੀ ਹੈ। 31 ਦਸੰਬਰ ਤੋਂ ਸ਼੍ਰੋਮਣੀ ਕਮੇਟੀ ਦੇ ਕਿਸੇ ਵੀ ਅਧਿਕਾਰੀ ਜਾਂ ਕਰਮਚਾਰੀ ਦੀ ਦਫ਼ਤਰੀ ਜਾਂ ਨਿੱਜੀ ਗੱਡੀ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਨਹੀਂ ਜਾਵੇਗੀ। ਖਾਸ ਕਰਕੇ ਸ੍ਰੀ ਹਰਿਮੰਦਰ ਸਾਹਿਬ ਸਮੂਹ ਦੇ ਅੰਦਰ ਦਾਖਲ ਨਹੀਂ ਹੋਵੇਗੀ। ਅਧਿਕਾਰੀਆਂ ਅਤੇ ਕਰਮਚਾਰੀਆਂ ਨੂੰ ਭਰੋਸੇ ਵਿਚ ਲੈ ਕੇ ਸਰਬਸੰਮਤੀ ਨਾਲ ਫ਼ੈਸਲਾ ਕੀਤਾ ਗਿਆ ਹੈ, ਜਿਸ ਨੂੰ ਅਮਲੀ ਰੂਪ ਵਿਚ ਲਾਗੂ ਕਰਨ ਲਈ ਪਿਛਲੇ ਦੋ ਦਿਨ ਤੋਂ ਤਜਰਬਾ ਕੀਤਾ ਜਾ ਰਿਹਾ ਸੀ, ਜੋ ਸਫਲ ਰਿਹਾ ਹੈ। ਇਸ ਸਬੰਧ ਵਿਚ ਗੁਰਦੁਆਰਾ ਰਾਮਸਰ ਨੇੜੇ ਬਣਾਈ ਗਈ ਬਹੁਮੰਜ਼ਿਲੀ ਸਰਾਂ ਵਿਚ ਚਾਰ-ਪਹੀਆ ਵਾਹਨਾਂ ਨੂੰ ਖੜ੍ਹਾ ਕੀਤਾ ਜਾਵੇਗਾ। ਸ਼੍ਰੋਮਣੀ ਕਮੇਟੀ ਦਾ ਅਮਲਾ ਇਥੋਂ ਪੈਦਲ ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਤਕ ਜਾਵੇਗਾ। ਉਨ੍ਹਾਂ ਦੱਸਿਆ ਕਿ ਸਿਰਫ ਹੰਗਾਮੀ ਸਥਿਤੀ ਵਿਚ ਹੀ ਕੋਈ ਵਾਹਨ ਅੱਗੇ ਜਾਵੇਗਾ।
ਇਸ ਤਰ੍ਹਾਂ ਕਰਕੇ ਸ਼੍ਰੋਮਣੀ ਕਮੇਟੀ ਦੇ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ 31 ਦਸੰਬਰ ਤੋਂ ਦਫ਼ਤਰੀ ਜਾਂ ਨਿੱਜੀ ਵਾਹਨ ਸ੍ਰੀ ਹਰਿਮੰਦਰ ਸਾਹਿਬ ਸਮੂਹ ਵਿਚ ਨਾ ਲੈ ਕੇ ਜਾਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਸ੍ਰੀ ਹਰਿਮੰਦਰ ਸਾਹਿਬ ਦੇ ਰਸਤੇ ਨੂੰ ਸੰਗਤ ਦੀ ਸਹੂਲਤ ਵਾਸਤੇ ਟਰੈਫਿਕ ਅਤੇ ਪ੍ਰਦੂਸ਼ਣ ਮੁਕਤ ਕੀਤਾ ਜਾ ਸਕੇ। ਸ੍ਰੀ ਹਰਿਮੰਦਰ ਸਾਹਿਬ ਸਮੂਹ ਸਥਿਤ ਸ਼੍ਰੋਮਣੀ ਕਮੇਟੀ ਦੇ ਮੁਖ ਦਫਤਰ ਅਤੇ ਸਰਾਵਾਂ ਵਿਚ ਰੋਜ਼ਾਨਾ ਸੈਂਕੜਿਆਂ ਦੀ ਗਿਣਤੀ ਵਿਚ ਚਾਰ-ਪਹੀਆ ਵਾਹਨਾਂ ਦੀ ਆਵਾਜਾਈ ਹੁੰਦੀ ਹੈ। ਖਾਸ ਕਰਕੇ ਸੁਲਤਾਨਵਿੰਡ ਗੇਟ ਰਸਤੇ ਇਹ ਆਵਾਜਾਈ ਸ੍ਰੀ ਹਰਿਮੰਦਰ ਸਾਹਿਬ ਤਕ ਚੱਲਦੀ ਹੈ ਜਿਸ ਕਾਰਨ ਹਮੇਸ਼ਾ ਜਾਮ ਲੱਗਾ ਰਹਿੰਦਾ ਹੈ। ਇਹ ਰਸਤਾ ਸ਼ਹਿਰ ਦੀ ਪੁਰਾਤਨ ਚਾਰਦੀਵਾਰੀ ਵਾਲਾ ਰਸਤਾ ਹੈ, ਜਿਥੇ ਤੰਗ ਤੇ ਭੀੜੇ ਬਾਜ਼ਾਰ ਹਨ, ਜੋ ਹੁਣ ਮੌਜੂਦਾ ਸਥਿਤੀ ਕਾਰਨ ਖੁੱਲ੍ਹੇ ਨਹੀਂ ਹੋ ਸਕਦੇ। ਇਸ ਇਲਾਕੇ ਨੂੰ ਸੰਗਤ ਦੀ ਸਹੂਲਤ ਲਈ ਖੁੱਲ੍ਹਾ ਅਤੇ ਪ੍ਰਦੂਸ਼ਣ ਮੁਕਤ ਰੱਖਣ ਵਾਸਤੇ ਵਾਹਨਾਂ ਦੀ ਆਵਾਜਾਈ ਨੂੰ ਘਟਾਉਣਾ ਹੀ ਇਸ ਦਿਸ਼ਾ ਵਿਚ ਸਹੀ ਫ਼ੈਸਲਾ ਹੈ।