ਵਿਸਾਖੀ ਮੇਲੇ ‘ਤੇ ਸਿਆਸੀ ਕਾਨਫ਼ਰੰਸਾਂ

0
429

akali-confrence
ਦਾਅਵਿਆਂ, ਵਾਅਦਿਆਂ ਤੇ ਮੌਹਲਤ ‘ਚ ਸਿਮਟੀ ਕਾਂਗਰਸ ਦੀ ਰੈਲੀ
ਅਕਾਲੀਆਂ ਨੇ ਕਾਂਗਰਸ ‘ਤੇ ਕੂੜ ਪ੍ਰਚਾਰ ਰਾਹੀਂ ਸੱਤਾ ਹਥਿਆਉਣ ਦੇ ਦੋਸ਼ ਲਾਏ
ਤਲਵੰਡੀ ਸਾਬੋ/ਬਿਊਰੋ ਨਿਊਜ਼ :
ਰੁਜ਼ਗਾਰ, ਨਸ਼ਾ ਮੁਕਤੀ ਅਤੇ ਕਾਨ ਕਰਜ਼ਾ ਮੁਆਫ਼ੀ ਇਨ੍ਹਾਂ ਤਿੰਨ ਅਹਿਮ ਮੁੱਦਿਆਂ ‘ਤੇ ਚੋਣ ਜਿੱਤਣ ਵਾਲੀ ਕਾਂਗਰਸ ਦੀ ਚੋਣ ਮਗਰੋਂ ਪਹਿਲੀ ਸਭ ਤੋਂ ਵੱਡੀ ਰੈਲੀ ਦਾਅਵਿਆਂ, ਵਾਅਦਿਆਂ ਅਤੇ ਮੌਹਲਤ ਵਿਚ ਸਿਮਟ ਕੇ ਰਹਿ ਗਈ। ਮੁੱਖ ਮੰਤਰੀ ਕੈਪਟਨ, ਜਿਨ੍ਹਾਂ ਦੇ ਆਉਣ ‘ਤੇ ਇਸ ਸਿਆਸੀ ਰੈਲੀ ਨੂੰ ਸੂਬਾ ਪੱਧਰੀ ਸਮਾਗਮ ਐਲਾਨ ਕੀਤਾ ਗਿਆ ਸੀ, ਉਹ ਪੈਰ ਦੀ ਸੱਟ ਕਾਰਨ ਨਾ ਪਹੁੰਚੇ। ਉਨ੍ਹਾਂ ਦੀ ਥਾਂ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਸੰਚਾਲਨ ਕੀਤਾ। ਲਾਲ ਸਿੰਘ ਨਸ਼ਾ ਮੁਕਤੀ ਦੇ ਦਾਅਵੇ, ਮਨਪ੍ਰੀਤ ਰੁਜ਼ਗਾਰ ਦੇਣ ਦੇ ਵਾਅਦੇ ਤੇ ਕਿਸਾਨ ਕਰਜ਼ਾ ਮੁਆਫ਼ੀ ‘ਤੇ 3 ਮਹੀਨੇ ਦੀ ਮੌਹਲਤ ਮੰਗ ਕੇ ਚਲੇ ਗਏ। ਕਾਨਫਰੰਸ ਦੀਆਂ ਤਿਆਰੀਆਂ ਲਈ ਸਰਕਾਰੀ ਖਜ਼ਾਨੇ ਤੋਂ ਵੀ ਫੰਡ ਜਾਰੀ ਕੀਤਾ ਗਿਆ।

ਮਨਪ੍ਰੀਤ ਤੇ ਲਾਲ ਸਿੰਘ ਦੀ ਤਿੰਨ ਅਹਿਮ ਮੁੱਦਿਆਂ ‘ਤੇ ਪ੍ਰਤੀਕਿਰਿਆ :
ਜਦੋਂ ਤਕ ਘਰ ਘਰ ਨੌਕਰੀ ਨਹੀਂ, ਚੈਨ ਨਾਲ ਨਹੀਂ ਬੈਠਾਂਗੇ :
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਵਾਅਦਾ ਕੀਤਾ ਕਿ ਜਦੋਂ ਤਕ ਹਰ ਘਰ ਨੂੰ ਰੁਜ਼ਗਾਰ ਨਹੀਂ ਮਿਲਦਾ, ਉਹ ਅਤੇ ਕੈਪਟਨ ਚੈਨ ਨਾਲ ਨਹੀਂ ਬੈਠਣਗੇ। ਉਨ੍ਹਾਂ ਕਿਹਾ, ’16 ਮਾਰਚ ਨੂੰ ਸਰਕਾਰ ਬਣੀ ਤੇ ਛੁੱਟੀਆਂ ਨੂੰ ਕੱਢ ਦਿਓ ਤਾਂ ਹਾਲੇ 18 ਦਿਨ ਹੋਏ ਹਨ, ਜਿਸ ਵਿਚ ਉਹ 3 ਦਿਨ ਮੁੰਬਈ ਵਿਚ 27 ਵੱਡੇ ਉਦਯੋਗਿਕ ਘਰਾਣਿਆਂ ਨਾਲ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗਾਂ ਕਰਕੇ ਆਏ ਹਨ। ਤਾਂ ਕਿ ਪੰਜਾਬ ਵਿਚ ਇੰਡਸਟਰੀ ਆਏ। ਉਨ੍ਹਾਂ ਕਿਹਾ, ‘ਜਲਦੀ ਬਠਿੰਡਾ ਵਾਲਿਆਂ ਨੂੰ ਕੈਪਟਨ ਖ਼ੁਸ਼ਖਬਰੀ ਦੇਣਗੇ।’
ਮੁਹਿੰਮ ਦੇ ਡਰੋਂ ਨਸ਼ਾ ਤਸਕਰ ਪੰਜਾਬ ਛੱਡ ਕੇ ਭੱਜੇ :
ਸੀਨੀਅਰ ਕਾਂਗਰਸੀ ਨੇਤਾ ਤੇ ਮੰਡੀ ਬੋਰਡ ਦੇ ਚੇਅਰਮੈਨ ਲਾਲ ਸਿੰਘ ਨੇ ਕਿਹਾ, ‘ਕੈਪਟਨ ਅਮਰਿੰਦਰ ਸਿੰਘ ਨੇ ਹੱਥ ਵਿਚ ਗੁਟਕਾ ਸਾਹਿਬ ਲੈ ਕੇ ਇਕ ਮਹੀਨੇ ਵਿਚ ਪੰਜਾਬ ਨੂੰ ਨਸ਼ਾ ਮੁਕਤ ਕਰਨ ਦਾ ਵਾਅਦਾ ਕੀਤਾ ਸੀ ਤੇ ਇਹ ਚਮਤਕਾਰ ਉਨ੍ਹਾਂ ਨੇ ਕਰਕੇ ਦਿਖਾਇਆ। ਦਾਅਵਾ ਕੀਤਾ ਕਿ ਸਰਕਾਰ ਆਉਂਦਿਆਂ ਹੀ ਚਿੱਟੇ ਦੇ ਵੱਡੇ ਤਸਕਰ ਪੰਜਾਬ ਛੱਡ ਕੇ ਭੱਜ ਗਏ ਅਤੇ ਜੋ ਰਹਿ ਗਏ ਹਨ, ਉਨ੍ਹਾਂ ਨੂੰ ਫੜਨ ਲਈ ਵਿਸ਼ੇਸ਼ ਜਾਂਚ ਟੀਮ ਬਣਾ ਦਿੱਤੀ ਗਈ ਹੈ।
ਕਿਸਾਨ ਕਰਜ਼ਾ ਮੁਆਫ਼ੀ ਲਈ 3 ਮਹੀਨੇ ਦੀ ਮੌਹਲਤ :
ਮਨਪ੍ਰੀਤ ਨੇ ਕਿਹਾ, ‘ਉਤਰ ਪ੍ਰਦੇਸ਼ ਵਿਚ ਕਰਜ਼ਾ ਮੁਆਫ਼ੀ ਨੂੰ ਲੈ ਕੇ ਵਿਰੋਧੀ ਧਿਰ ਘੇਰਣ ਦੀ ਗੱਲ ਕਰ ਰਿਹਾ ਹੈ। ਪਰ ਯੂ.ਪੀ. ਵਿਚ 22 ਕਰੋੜ ਦੀ ਆਬਾਦੀ ਨੂੰ ਇਕ ਲੱਖ ਤਕ ਕਰਜ਼ਾ ਮੁਆਫ਼ ਕੀਤਾ ਗਿਆ ਹੈ ਪਰ ਅਗਲੇ 3 ਮਹੀਨਿਆਂ ਵਿਚ ਪੰਜਾਬ ਦੀ ਪੌਣੇ ਦੋ ਕਰੜੇ ਆਬਾਦੀ ਵਿਚ ਕਿਸਾਨਾਂ ਨੂੰ ਯੂ.ਪੀ. ਨਾਲੋਂ ਵੀ ਵੱਡੀ ਕਰਜ਼ਾ ਮੁਆਫ਼ੀ ਦਿਆਂਗੇ। ਸ਼੍ਰੋਮਣੀ ਅਕਾਲੀ ਦਲ ਨੇ ਪੰਜਾਬ ਲੁੱਟਿਆ ਹੈ ਤੇ ਅਗਲੇ 5 ਸਾਲ ਦੀ ਆਮਦਨ ਵੀ ਬੈਂਕਾਂ ਵਿਚ ਗਿਰਵੀ ਰੱਖ ਗਏ। 3 ਮਹੀਨਿਆਂ ਦੀ ਮੌਹਲਤ ਦੇ ਦਿਓ, ਵੱਡੀ ਕਰਜ਼ਾ ਮੁਆਫ਼ੀ ਕਰਕੇ ਦਿਖਾਵਾਂਗੇ।

ਧਰਮ ਦੀ ਓਟ ‘ਚ ਸਿਆਸੀ ਤੀਰਾਂ ਦੀ ਵਾਛੜ :
ਮਨਪ੍ਰੀਤ ਬੋਲੇ- ਬਾਦਲਾਂ ਨੇ ਅਬਦਾਲੀ ਨੂੰ ਮਾਤ ਪਾਈ :
ਮੁੱਖ ਮੰਤਰੀ ਦੀ ਗ਼ੈਰਹਾਜ਼ਰੀ ਵਿੱਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਨੇ ਮੋਹਰੇ ਹੋ ਸਰਕਾਰ ਦੀ ਨੁਮਾਇੰਦਗੀ ਕੀਤੀ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਵਿੱਤ ਮੰਤਰੀ ਨੇ ਕਿਹਾ ਕਿ ਪਿਛਲੀ ਬਾਦਲ ਸਰਕਾਰ ਨੇ ਪੰਜਾਬ ਦੇ ਖਜ਼ਾਨੇ ਨੂੰ ਜਿਸ ਤਰ੍ਹਾਂ ਲੁੱਟਿਆ ਉਨ੍ਹਾਂ ਅਹਿਮਦਸ਼ਾਹ ਅਬਦਾਲੀ ਜਿਹੇ ਲੁਟੇਰੇ ਅਤੇ ਅੰਗਰੇਜ਼ਾਂ ਨੂੰ ਮਾਤ ਪਾ ਦਿੱਤੀ। ਪੰਜਾਬ ਨੂੰ ਨਵੀਂ ਲੀਹਾਂ ‘ਤੇ ਲਿਆਉਣਾ ਵੱਡਾ ਕੰਮ ਹੈ, ਪਰ ਫਿਰ ਵੀ ਸਰਕਾਰ ਪੰਜਾਬ ਦੇ ਵਿਕਾਸ ਲਈ ਆਮਦਨ ਦੇ ਨਵੇਂ ਸਰੋਤ ਬਣਾ ਰਹੀ ਹੈ।
ਸੁਖਬੀਰ ਬੋਲੇ-ਕੂੜ ਪ੍ਰਚਾਰ ਕਰਕੇ ਕਾਂਗਰਸ ਨੇ ਸੱਤਾ ਹਥਿਆਈ :
ਖ਼ਾਲਸੇ ਦੇ ਜਨਮ ਦਿਹਾੜੇ ਵਿਸਾਖੀ ਮੌਕੇ ਤਖ਼ਤ ਦਮਦਮਾ ਸਾਹਿਬ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਕੀਤੀ ਸਿਆਸੀ ਕਾਨਫਰੰਸ ਵਿੱਚ ਸਿਆਸੀ ਆਗੂਆਂ ਨੇ ਧਰਮ ਦੀ ਓਟ ਵਿੱਚ ਸਿਆਸੀ ਤੀਰਾਂ ਦੀ ਰੱਜਵੀਂ ਬੁਛਾੜ ਕੀਤੀ। ਅਕਾਲੀ ਦਲ (ਬ) ਦੀ ਸਟੇਜ ਤੋਂ ਆਗੂਆਂ ਨੇ ਕਾਂਗਰਸ ‘ਤੇ ਝੂਠੇ ਵਾਅਦਿਆਂ, ਨਸ਼ਿਆਂ ਅਤੇ ਬੇਅਦਬੀਆਂ ਬਾਰੇ ਅਕਾਲੀ ਦਲ ਵਿਰੁੱਧ ਕੂੜ ਪ੍ਰਚਾਰ ਜ਼ਰੀਏ ਸੱਤਾ ਹਥਿਆਉਣ ਦੇ ਦੋਸ਼ ਲਗਾਏ। ਉਂਜ ਕਾਨਫਰੰਸ ਵਿਚ ਨੌਜਵਾਨਾਂ ਦੇ ਮੁਕਾਬਲੇ ਵੱਡੀ ਉਮਰ ਦੇ ਬਜ਼ੁਰਗਾਂ ਦੀ ਤਾਦਾਦ ਵੱਧ ਸੀ।
ਇਥੇ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਨੇੜੇ ਸਥਿਤ ਭਾਈ ਡੱਲ ਸਿੰਘ ਦੀਵਾਨ ਹਾਲ ਵਿਖੇ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁੱਖ ਮੰਤਰੀ ਅਮਰਿੰਦਰ ਸਿੰਘ ਵੱਲੋਂ ਬੇਅਦਬੀ ਦੇ ਦੋਸ਼ੀਆਂ ਨੂੰ ਇੱਕ ਮਹੀਨੇ ਵਿਚ ਫੜਨ ਲਈ ਗੁਟਕਾ ਸਾਹਿਬ ਹੱਥ ਵਿਚ ਫੜ ਚੁੱਕੀ ਸਹੁੰ ਦੇ ਪੂਰਾ ਹੋਣ ਵਿਚ ਸਿਰਫ਼ ਗਿਣਤੀ ਦੇ ਦਿਨ ਬਚੇ ਹਨ, ਪਰ ਸਰਕਾਰ ਦੋਸ਼ੀਆਂ ਨੂੰ ਫੜਨਾ ਤਾਂ ਦੂਰ ਮੁਲਜ਼ਮਾਂ ਦੇ ਨੇੜੇ-ਤੇੜੇ ਵੀ ਨਹੀਂ ਪੁੱਜ ਸਕੀ। ਉਨ੍ਹਾਂ ਅਕਾਲੀ ਵਰਕਰਾਂ ਨੂੰ ਪਿੰਡ ਤਰਮਾਲਾ ਵਿਖੇ ਪੁਲੀਸ ਛਾਪੇਮਾਰੀ ਵਿਚ ਮਰੇ ਅਕਾਲੀ ਵਰਕਰ ਦੀ ਘਟਨਾ ਵਾਂਗ ਇਕਜੁਟ ਰਹਿਣ ਦਾ ਸੱਦਾ ਦਿੱਤਾ।
ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਨੇ ਕਿਹਾ ਕਿ ਸਿੱਖ ਕੌਮ ਨੇ ਆਪਣੀ ਜੁਝਾਰੂ ਸੁਭਾਅ ਕਰਕੇ ਦੁਨੀਆ ਵਿੱਚ ਨਾਂਅ ਬਣਾਇਆ ਹੈ। ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਸੰਬੋਧਨ ਵਿੱਚ ਸਮਾਜ ਵਿਚੋਂ ਭਰੂਣ ਹੱਤਿਆ ਅਤੇ ਦਾਜ ਜਿਹੀਆਂ ਕੁਰੀਤੀਆਂ ਨੂੰ ਦੂਰ ਕਰਨ ਦਾ ਸੁਨੇਹਾ ਦਿੱਤਾ। ਕਾਨਫਰੰਸ ਮੌਕੇ ਸਟੇਜ ਦਾ ਸੰਚਾਲਨ ਅਕਾਲੀ ਦਲ ਦੇ ਕੌਮੀ ਜਥੇਬੰਦਕ ਸਕੱਤਰ ਤੇਜਿੰਦਰ ਸਿੰਘ ਮਿੱਡੂਖੇੜਾ ਨੇ ਕੀਤਾ। ਕਾਨਫਰੰਸ ਵਿੱਚ ਜਗਦੀਪ ਸਿੰਘ ਨਕਈ, ਵਿਧਾਇਕ ਬਲਰਾਜ ਸਿੰਘ ਭੂੰਦੜ, ਮਨਤਾਰ ਸਿੰਘ ਬਰਾੜ, ਡਾ. ਨਿਸ਼ਾਨ ਸਿੰਘ ਬੁੱਢਲਾਡਾ ਮੌਜੂਦ ਸਨ।
ਦੋਵੇਂ ਵੱਡੇ ਨੇਤਾਵਾਂ ਦੀ ਸਿਹਤ ਨਾਸਾਜ਼ :
ਤਲਵੰਡੀ ਸਾਬੋ: ਸੂਬੇ ਦੇ ਦੋਵੇਂ ਮੁੱਖ ਸਿਆਸੀ ਨੇਤਾਵਾਂ ਦੀਆਂ ਸਰੀਰਕ ਦਿੱਕਤਾਂ ਵਿਸਾਖੀ ਕਾਨਫਰੰਸਾਂ ਦੇ ਰੰਗ ਫਿੱਕੇ ਪਾ ਗਈਆਂ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਗੈਰਮੌਜੂਦਗੀ ਸਦਕਾ ਵਿਸਾਖੀ ਦੇ  ਸਿਆਸੀ ਰੰਗ ਪਰਵਾਨ ਨਹੀਂ ਚੜ੍ਹ ਸਕੇ। ਕੈਪਟਨ ਅਮਰਿੰਦਰ ਸਿੰਘ ਪੈਰ ਦੀ ਮੋਚ ਮੁੜ ਭਖਣ ਕਰਕੇ ਕਾਨਫਰੰਸ ਵਿੱਚ ਨਾ ਪੁੱਜੇ। ਜਦੋਂਕਿ ਪ੍ਰਕਾਸ਼ ਸਿੰਘ ਬਾਦਲ ਵੀ ਪਿਛਲੇ ਦਿਨ੍ਹੀਂ ਪੱਸਲੀ ‘ਤੇ ਵੱਜੀ ਸੱਟ ਦੇ ਦਰਦ ਕਾਰਨ ਵਿਸਾਖੀ ਕਾਨਫਰੰਸ ਤੋਂ ਟਾਲਾ ਵੱਟ ਗਏ।
ਅਕਾਲੀ ਦਲ (ਅ) ਵੱਲੋਂ ਪੂਰਨ ਆਜ਼ਾਦੀ ਲਈ ਸੰਘਰਸ਼ ਜਾਰੀ ਰੱਖਣ ਦਾ ਐਲਾਨ :
ਸ਼੍ਰੋਮਣੀ ਅਕਾਲੀ ਦਲ (ਅ) ਵੱਲੋਂ ਕੀਤੀ ਸਿਆਸੀ ਕਾਨਫਰੰਸ ਵਿੱਚ ਪਾਰਟੀ ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਨੇ ਜਿੱਥੇ ਸਿੱਖਾਂ ਦੀ ਪੂਰਨ ਆਜ਼ਾਦੀ ਤੱਕ ਸੰਘਰਸ਼ ਜਾਰੀ ਰੱਖਣ ਦਾ ਐਲਾਨ ਕੀਤਾ, ਉਥੇ ਕਈ ਮਤੇ ਵੀ ਪਾਸ ਕੀਤੇ ਗਏ। ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕੌਮੀ ਪ੍ਰਧਾਨ ਨੇ ਕਿਹਾ ਕਿ ਸਿੱਖ ਕੌਮ ਦੀ ਬਦਕਿਸਮਤੀ ਇਹ ਹੈ ਕਿ ਸਿੱਖ ਹੀ ਸਿੱਖਾਂ ਦੇ ਵੈਰੀ ਬਣੇ ਹੋਏ ਹਨ। ਇਸ ਕਰਕੇ ਕੌਮ ਦੇ ਭਲੇ ਦੀ ਥਾਂ ਵੱਡਾ ਨੁਕਸਾਨ ਹੋ ਰਿਹਾ ਹੈ।  ਉਨ੍ਹਾਂ ਕਿਹਾ ਕਿ ਅਕਾਲੀ ਦਲ ਬਾਦਲ ਅਤੇ ਕਾਂਗਰਸੀ ਇੱਕ ਵਾੜੀ ਦੇ ਵੱਛੇ ਹਨ। ਇਸ ਲਈ ਹੁਣ ਕਾਂਗਰਸ ਸਰਕਾਰ ਤੋਂ ਵੀ ਭਲੇ ਦੀ ਆਸ ਨਹੀਂ ਰੱਖੀ ਜਾ ਸਕਦੀ। ਪੰਜਾਬ ਅੰਦਰ ਕਿਸਾਨ ਤੇ ਖੇਤ ਮਜ਼ਦੂਰ ਕਰਜ਼ੇ ਕਾਰਨ ਖੁਦਕੁਸ਼ੀਆਂ ਕਰ ਰਹੇ ਹਨ।