ਖਾਲਸੇ ਦੇ ਚੇਤਿਆਂ ‘ਚ ਗੂੜ੍ਹਾ ਉਕਰਿਆ : ਚਮਕੌਰ ਦਾ ਯੁੱਧ

0
443

chamkaur-di-garhi

ਚਮਕੌਰ ਦੀ ਜੰਗ ਸਿਧਾਂਤ, ਇਤਿਹਾਸ, ਜਜ਼ਬਾਤ ਅਤੇ ਜੰਗੀ ਤਰਕੀਬ ਦਾ ਇਕ ਅਨੋਖਾ ਪਰ ਅਤਿ ਖ਼ੂਬਸੂਰਤ ਸੁਮੇਲ ਹੈ। ਸੀਨੀਅਰ ਪੱਤਰਕਾਰ ਕਰਮਜੀਤ ਸਿੰਘ ਨੇ ਇਨ੍ਹਾਂ ਸਾਰੇ ਪੱਖਾਂ ਨੂੰ ਸਵਾਲਾਂ-ਜਵਾਬਾਂ ਦੇ ਰੂਪ ਵਿਚ ਪੇਸ਼ ਕੀਤਾ ਹੈ ਤਾਂ ਜੋ ਪਾਠਕਾਂ ਨੂੰ ਇਸ ਮਹਾਨ ਜੰਗ ਦੇ ਬਾਰੇ ਭਰਪੂਰ ਜਾਣਕਾਰੀ ਮਿਲ ਸਕੇ। ਇਥੇ ਅਸੀਂ ਇਹ ਖੋਜ ਭਰਪੂਰ ਰਚਨਾ ਮੁੜ ਪਾਠਕਾਂ ਦੀ ਨਜ਼ਰ ਕਰ ਰਹੇ ਹਾਂ – ਸੰਪਾਦਕ

ਮੁਲਕਾਂ ਅਤੇ ਧਰਮਾਂ ਦੀਆਂ ਹੱਦਾਂ ਤੋਂ ਦੂਰ ਖ਼ਲਕਤ ਦੇ ਸਾਂਝੇ ਦਰਦ ਦੀ ਆਵਾਜ਼

ਕਰਮਜੀਤ ਸਿੰਘ, ਚੰਡੀਗੜ੍ਹ (ਮੋਬਾਇਲ 99150-910630)

ਪ੍ਰਸ਼ਨ : ਚਮਕੌਰ ਦੀ ਜੰਗ ਖ਼ਾਲਸੇ ਦੀਆਂ ਯਾਦਾਂ ਵਿਚ ਇੰਨੀ ਡੂੰਘੀ ਕਿਉਂ ਉਤਰ ਗਈ?
ਉੱਤਰ : ਚਮਕੌਰ ਦੀ ਜੰਗ ਇਤਿਹਾਸ ਦੀ ਉਹ ਅਜਬ ਘਟਨਾ ਹੈ, ਜੋ ਖ਼ਾਲਸੇ ਦੇ ਤਨ-ਮਨ ਨੂੰ ਸਦਾ ਤਰੋ-ਤਾਜ਼ਾ ਰੱਖੇਗੀ। ਇਸ ਵਿਚ ਅੰਮ੍ਰਿਤ ਵੇਲੇ ਦੀ ਰੂਹਾਨੀ ਤਾਜ਼ਗੀ ਤੇ ਖ਼ੁਸ਼ੀ ਹੈ ਪਰ ਨਾਲ ਹੀ ਦੁੱਖ ਵਿਚ ਸੁੱਖ ਨੂੰ ਮਨਾਉਣ ਦੀ ਰੂਹਾਨੀ ਉਦਾਸੀ ਵੀ ਸ਼ਾਮਲ ਹੈ। ਇਹ ਘਟਨਾ ਇਤਿਹਾਸ ਦੀਆਂ ਖੁਸ਼ਕ ਹੱਦਾਂ ਨੂੰ ਤੋੜਦੀ ਹੋਈ, ਕਿਸੇ ਮਹਾਨ ਅਨੁਭਵ ਨਾਲ ਜੀਵਨ ਦੇ ਧੁਰੋਂ ਆਏ ਨਿਯਮਾਂ ਨਾਲ ਜਾਂ ਇਲਾਹੀ ਪੈਂਡਿਆਂ ਨਾਲ ਗੂੜ੍ਹੀਆਂ ਸਾਂਝਾਂ ਪਾਉਂਦੀ ਜਾਪਦੀ ਹੈ। ਇਸ ਨਿਰਾਲੀ ਘਟਨਾ ਵਿਚ ਸਿੱਖੀ ਸਿਦਕ ਏਨੇ ਜ਼ੋਰ ਨਾਲ ਰੌਸ਼ਨ ਹੋਇਆ ਕਿ ਇਹ ਖ਼ਾਲਸੇ ਨੂੰ ‘ਸਦਾ-ਸਦ ਜਾਗਤ’ ਅਵਸਥਾ ਵਿਚ ਰੱਖੇਗਾ। ਹੁਣ ਵੀ ਜਦੋਂ ਖ਼ਾਲਸਾ ਗੁਰੂ-ਅਨੁਭਵ ਤੋਂ ਵਿਛੜ ਕੇ ‘ਹਮ ਰੁਲਤੇ ਫਿਰਤੇ ਕੋਈ ਬਾਤ ਨ ਪੂਛਤਾ’ ਵਾਲੇ ਬੇਰਹਿਮ ਸਮਿਆਂ ਵਿਚ ਭਟਕ ਰਿਹਾ ਹੈ ਤਾਂ ਉਸ ਦੀ ਪਿਆਸੀ ਜ਼ਮੀਰ ਲਈ ਚਮਕੌਰ ਦੀ ਜੰਗ ਅੰਮ੍ਰਿਤ ਦੀ ਵਰਖਾ ਹੈ, ਰਹਿਮਤ ਦੀ ਬਾਰਿਸ਼ ਹੈ। ਅੱਜ ਜਦੋਂ ਮੂੰਹ ਜ਼ੋਰ ਸਮਿਆਂ ਵਿਚ ਸਿੱਖ ਕੌਮ ਦੀ ਕੋਈ ਪੁੱਛ-ਪ੍ਰਤੀਤ ਨਹੀਂ ਰਹੀ ਤਾਂ ਉਸ ਸਮੇਂ ਚਮਕੌਰ ਉਸ ਲਈ ਦਸਮੇਸ਼ ਪਿਤਾ ਵਲੋਂ ਬਖ਼ਸ਼ਿਆ ਪਹਿਚਾਣ ਪੱਤਰ ਹੈ।

ਪ੍ਰਸ਼ਨ : ਸੰਸਾਰ ਦੇ ਇਤਿਹਾਸ ਵਿਚ ਤੇ ਸਿੱਖ ਇਤਿਹਾਸ ਵਿਚ ਚਮਕੌਰ ਦੀ ਜੰਗ ਦਾ ਕੀ ਸਥਾਨ ਹੋ ਸਕਦਾ ਹੈ?
ਉੱਤਰ : ਚਮਕੌਰ ਦੀ ਜੰਗ ਸਿੱਖ ਇਤਿਹਾਸ ਵਿਚ ਇਸ ਲਈ ਵਿਸ਼ੇਸ਼ ਅਰਥ ਰੱਖਦੀ ਹੈ ਕਿਉਂਕਿ ਇਸ ਜੰਗ ਵਿਚ ਗੁਰਬਾਣੀ ਦੇ ਸਾਰੇ ਰੂਹਾਨੀ ਫੁੱਲ ਇਕੋ ਸਮੇਂ ਖਿੜਦੇ ਪ੍ਰਤੀਤ ਹੁੰਦੇ ਹਨ। ਇਥੇ ਖ਼ਾਲਸੇ ਰਾਹੀਂ, ਖ਼ਾਲਸੇ ਦੇ ਕਰਮ, ਬਚਨ, ਗੁਰਬਾਣੀ ਅਤੇ ਅਮਲਾਂ ਦਾ ਇਤਿਹਾਸਕ-ਮਿਲਣ ਵੀ ਹੁੰਦਾ ਹੈ ਅਤੇ ਵਿਸਮਾਦਕ ਮਿਲਣ ਵੀ । ਮਾਣ ਕਰਨ ਵਾਲੀ ਗੱਲ ਇਹ ਹੈ ਕਿ ਨੀਲੇ ਘੋੜੇ ਦਾ ਸ਼ਾਹਅਸਵਾਰ ਇਸ ਘਟਨਾ ਦਾ ਚਸ਼ਮਦੀਦ ਗਵਾਹ ਬਣਦਾ ਹੈ।
ਸਾਡੀ ਇਸ ਧਰਤੀ ਉੱਤੇ ਇਤਿਹਾਸ ਨੇ ਵੱਡੀਆਂ-ਵੱਡੀਆਂ ਜੰਗਾਂ ਵੇਖੀਆਂ ਹਨ। ਅਸੀਂ ਉਨ੍ਹਾਂ ਯੋਧਿਆਂ ਦੀਆਂ ਕਹਾਣੀਆਂ ਵੀ ਸੁਣੀਆਂ ਹਨ ਜਿਨ੍ਹਾਂ ਵਲੋਂ ਮੈਦਾਨੇ ਜੰਗ ਵਿਚ ਵਿਖਾਏ ਗਏ ਜੌਹਰ ਇਤਿਹਾਸ ਦੇ ਯਾਦਗਾਰੀ ਕਾਂਡ ਬਣ ਗਏ ਹਨ। ਜੇ.ਐਫ.ਸੀ. ਫੁਲਰ ਨੇ ਤਾਂ ਪੱਛਮੀ ਦੁਨੀਆਂ ਦੀਆਂ ਫ਼ੈਸਲਾਕੁੰਨ ਜੰਗਾਂ ਉਤੇ ਪੂਰੀ ਇਕ ਕਿਤਾਬ ਲਿਖੀ। ਉਹ ਖ਼ੁਦ ਵੀ ਜੰਗੀ ਤਕਰੀਬਾਂ ਦਾ ਮਾਹਿਰ ਸੀ ਅਤੇ ਕਿਵੇਂ ਇਹ ਜੰਗਾਂ ਇਤਿਹਾਸ ਦੇ ਵਹਿਣ ਨੂੰ ਹੀ ਉਲਟਾ-ਪੁਲਟਾ ਕਰ ਦਿੰਦੀਆਂ ਹਨ, ਉਸ ਬਾਰੇ ਉਸ ਦੀ ਡੂੰਘੀ ਸੋਝੀ ਉਤੇ ਵੀ ਕਿੰਤੂ ਪ੍ਰੰਤੂ ਨਹੀਂ ਕੀਤਾ ਜਾ ਸਕਦਾ। ਪਰ ਆਖ਼ਰ ਨੂੰ ਇਹ ਸਾਰੀਆਂ ਜੰਗਾਂ ਭੂਗੋਲਿਕ ਹੱਦਾਂ ਨੂੰ ਵਧਾਉਣ ਦੇ ਇਰਾਦੇ ਨਾਲ ਹੀ ਲੜੀਆਂ ਗਈਆਂ। ਕੀ ਇਹ ਕਿਹਾ ਜਾ ਸਕਦਾ ਹੈ ਕਿ ਇਹ ਜੰਗਾਂ ਕਿਸੇ ਅਮਰ ਰੂਹਾਨੀ ਸੋਮੇ ਨਾਲ ਜੁੜੀਆਂ ਹੋਈਆਂ ਸਨ? ਕੀ ਇਨ੍ਹਾਂ ਜੰਗਾਂ ਦਾ ਦਿਲਾਂ ਨੂੰ ਜਿੱਤਣ ਵਾਲੀ ਕਿਸੇ ਅਮੀਰ ਵਿਰਾਸਤ ਨਾਲ ਕੋਈ ਰਿਸ਼ਤਾ ਜੁੜਦਾ ਹੈ? ਕੋਈ ਸਾਂਝ ਬਣਦੀ ਹੈ? ਪਰ ਚਮਕੌਰ ਦੀ ਜੰਗ ਦਾ ਰਿਸ਼ਤਾ ਮੁਲਕਾਂ ਅਤੇ ਧਰਮਾਂ ਦੀਆਂ ਹੱਦਾਂ ਤੋਂ ਦੂਰ ਖ਼ਲਕਤ ਦੇ ਸਾਂਝੇ ਦਰਦ ਦੀ ਆਵਾਜ਼ ਬਣ ਜਾਂਦਾ ਹੈ ਅਤੇ ਇੰਝ ਇਹ ਘਟਨਾ ਸਮੁੱਚੀ ਮਾਨਵਤਾ ਦੀ ਸਾਂਝੀ ਵਿਰਾਸਤ ਬਣ ਗਈ ਹੈ।

ਪ੍ਰਸ਼ਨ : ਸਾਂਝੀ ਵਿਰਾਸਤ ਬਣ ਜਾਣ ਦਾ ਸਭ ਤੋਂ ਵੱਡਾ ਸਬੂਤ ਕੀ ਹੈ?
ਉੱਤਰ : ਸਾਂਝੀ ਵਿਰਾਸਤ ਬਣ ਜਾਣ ਦਾ ਇਸ ਤੋਂ ਵੱਡਾ ਹੋਰ ਸਬੂਤ ਕੀ ਹੋ ਸਕਦਾ ਹੈ ਕਿ ਸਾਹਿਬਜ਼ਾਦਿਆਂ ਬਾਰੇ ਸੁੱਚੇ ਹੰਝੂਆਂ ਵਿਚ ਭਿੱਜੀ ਦਰਦਨਾਕ ਕਵਿਤਾ ਹੁਣ ਤੱਕ ਜੇ ਕੋਈ ਲਿਖ ਸਕਿਆ ਹੈ ਤਾਂ ਉਹ ਵਿਅਕਤੀ ਸਿੱਖ ਧਰਮ ਨਾਲ ਸਬੰਧਤ ਨਹੀਂ, ਸਗੋਂ ਇਕ ਮੁਸਲਮਾਨ ਸੂਫ਼ੀ ਸ਼ਾਇਰ ਹਕੀਮ ਮਿਰਜ਼ਾ ਅੱਲ੍ਹਾ ਯਾਰ ਖਾਂ ਜੋਗੀ ਸੀ। ਇਸ ਅਲਬੇਲੇ ਸ਼ਾਇਰ ਨੂੰ ਚਮਕੌਰ ਦੇ ਯੁੱਧ ਵਿਚੋਂ ਕਰਬਲਾ ਦੀ ਜੰਗ ਦੇ ਦ੍ਰਿਸ਼ ਨਜ਼ਰ ਆਏ ਅਤੇ ਛੋਟੇ ਸਾਹਿਬਜ਼ਾਦਿਆਂ ਵਲੋਂ ਅਦਾਲਤ ਵਿੱਚ ਵਜ਼ੀਰ ਖਾਂ ਅੱਗੇ ਦਿੱਤੇ ਜਵਾਬ ‘ਖ਼ੁਦਾ ਕੀ ਜ਼ੁਬਾਨ’ ਲੱਗੇ। ਉਸ ਦੇ ਆਪਣੇ ਸ਼ਬਦਾਂ ਵਿਚ ‘ਉਪਦੇਸ਼ਿ ਅਮਨ ਸੁਨ ਲੋ ਜ਼ਰਾ ਦਿਲ ਕੇ ਕਾਨ ਸੇ। ਹਮ ਕਹਿ ਰਹੇ ਹੈਂ ਤੁਮ ਕੋ ਖ਼ੁਦਾ ਕੀ ਜ਼ੁਬਾਨ ਸੇ।’

ਪ੍ਰਸ਼ਨ : ਚਮਕੌਰ ਦੀ ਕੱਚੀ ਗੜ੍ਹੀ ਦੀ ਅੰਦਰਲੀ ਹਾਲਤ ਕਿਸ ਤਰ੍ਹਾਂ ਦੀ ਸੀ?
ਉੱਤਰ : ਗੁਰੂ ਗੋਬਿੰਦ ਸਿੰਘ ਜੀ ਦਾ ‘ਜ਼ਫ਼ਰਨਾਮਾ’ 40 ਸਿੰਘਾਂ ਦੀ ਗਿਣਤੀ ਦੱਸਦਾ ਹੈ ਅਤੇ ਉਹ ਵੀ ਥੱਕੇ, ਭੁੱਖੇ ਭਾਣੇ ਪਰ ਦੂਜੇ ਪਾਸੇ 10 ਲੱਖ ਮੁਲਖੱਈਆ। ਪਰ ਇਥੇ ਗੁਰੂ ਸਾਹਿਬ ਦੀ ਮੁਰਾਦ 10 ਲੱਖ ਫੌਜ ਤੋਂ ਨਹੀਂ, ਸਗੋਂ ਜਾਪਦਾ ਹੈ ਜਿਵੇਂ ਉਹ ਉਨ੍ਹਾਂ ਬੇਸ਼ੁਮਾਰ ਗੁੰਮਰਾਹ ਹੋਏ ਲੋਕਾਂ ਨੂੰ ਵੀ ਫ਼ੌਜ ਵਿਚ ਹੀ ਸ਼ਾਮਲ ਕਰ ਰਹੇ ਹਨ, ਜਿਨ੍ਹਾਂ ਨੇ ਫ਼ੌਜੀ ਵਰਦੀ ਭਾਵੇਂ ਨਹੀਂ ਸੀ ਪਾਈ ਹੋਈ ਪਰ ਜੋ ਗੁਰੂ ਗੋਬਿੰਦ ਸਿੰਘ ਅਤੇ ਉਨ੍ਹਾਂ ਦੇ ਖ਼ਾਲਸੇ ਦੇ ਮਹਾਨ ਆਦਰਸ਼ਾਂ ਤੋਂ ਕੋਰੇ ਅਤੇ ਅਣਭਿੱਜ ਸਨ ਅਤੇ ਸਮੇਂ ਦੀ ਹਕੂਮਤ ਦੇ ਪ੍ਰਚਾਰ ਤੋਂ ਗੁੰਮਰਾਹ ਹੋਏ ਹਕੂਮਤ ਦਾ ਸਾਥ ਵੀ ਦੇ ਰਹੇ ਸਨ। ਇਸ ਲਈ ਜਾਪਦਾ ਹੈ ਕਿ ਜਿਵੇਂ 10 ਲੱਖ ਦੀ ਗਿਣਤੀ ਵਿਚ ਗ਼ੈਰ-ਵਰਦੀਧਾਰੀ ਫ਼ੌਜੀ ਵੀ ਗੁਰੂ ਸਾਹਿਬ ਨੂੰ ਮੁਗ਼ਲਾਂ ਦੀ ਫ਼ੌਜ ਲੱਗਦੀ ਹੈ। ਪਰ ਜੇ ਘੇਰਾ ਪਾਉਣ ਵਾਲੇ ਫ਼ੌਜੀਆਂ ਦੀ ਗਿਣਤੀ ਇਕ ਲੱਖ ਵੀ ਹੋਵੇ ਅਤੇ ਦੂਜੇ ਪਾਸੇ 40 ਸਿੰਘ ਹੋਣ ਅਤੇ ਜਿੱਥੇ ਜੰਗ ਦਾ ਸਮਾਨ ਵੀ ਇਕ ਸੀਮਤ ਮਿਕਦਾਰ ਵਿਚ ਹੋਵੇ, ਅਤੇ ਜਿੱਥੇ ਮੋਰਚਿਆਂ ਵਾਲੀ ਥਾਂ ਵੀ ਹਵੇਲੀ-ਨੁਮਾ ਇਕ ਕਮਜ਼ੋਰ ਰਿਹਾ ਕਿਲ੍ਹਾ (ਕੱਚੀ ਗੜ੍ਹੀ) ਹੀ ਹੋਵੇ ਤਾਂ ਇਸ ਨੂੰ ਸੰਸਾਰ ਦੀ ਸੱਭ ਤੋਂ ਵੱਡੀ ਬੇਜੋੜ ਅਤੇ ਅਸਾਵੀਂ ਜੰਗ ਨਾ ਕਿਹਾ ਜਾਵੇ ਤਾਂ ਹੋਰ ਕੀ ਕਿਹਾ ਜਾਵੇ? ਕਰਬਲਾਂ ਦੀ ਜੰਗ ਵਿਚ ਲੜਨ ਵਾਲਿਆਂ ਦਾ ਅਨੁਪਾਤ 1:40 ਦਾ ਹੈ ਪਰ ਚਮਕੌਰ ਦੀ ਜੰਗ ਵਿਚ ਇਕ ਸਿੰਘ ਢਾਈ ਹਜ਼ਾਰ ਸਿਪਾਹੀਆਂ ਵਿਚ ਘਿਰਿਆ ਨਜ਼ਰ ਆਉਂਦਾ ਹੈ।

ਪ੍ਰਸ਼ਨ : ਚੌਧਰੀ ਰੂਪ ਚੰਦ ਕੌਣ ਸੀ? ਕੀ ਉਨ੍ਹਾਂ ਨੇ ਗੜ੍ਹੀ ਦਾ ਕਬਜ਼ਾ ਦੇਣ ਤੋਂ ਇਨਕਾਰ ਕੀਤਾ ਸੀ?
ਉੱਤਰ : ਚੌਧਰੀ ਰੂਪ ਚੰਦ ਇਕ ਤਕੜਾ ਜ਼ਿਮੀਂਦਾਰ ਸੀ ਅਤੇ ਸ਼ਾਇਦ 60-65 ਪਿੰਡਾਂ ਦੀ ਉਸ ਕੋਲ ਜਗੀਰ ਵੀ ਸੀ। ਸਵਰਗੀ ਹਰਿੰਦਰ ਸਿੰਘ ਮਹਿਬੂਬ ਨੇ ਇਕ ਵਾਰ ਮੈਨੂੰ ਇਕ ਇੰਟਰਵਿਊ ਵਿਚ ਦੱਸਿਆ ਸੀ ਕਿ ਸੰਨ 1960-62 ਤੱਕ ਇਸ ਗੜ੍ਹੀ ਦਾ ਇਕ ਹਿੱਸਾ ਇਕ ਚੁਬਾਰੇ ਦੀ ਸ਼ਕਲ ਵਿਚ ਬਚਿਆ ਹੋਇਆ ਸੀ, ਜਿਸ ਨੂੰ ਵਿੰਗੀਆਂ ਟੇਢੀਆਂ ਪੌੜੀਆਂ ਚੜ੍ਹਦੀਆਂ ਸਨ। ਉਨ੍ਹਾਂ ਦਾ ਸਹੁਰਾ ਪਿੰਡ ਨੇੜੇ ਹੋਣ ਕਾਰਨ ਉਹ ਕਈ ਵਾਰ ਇਸ ਗੜ੍ਹੀ ਦੇ ਚੁਬਾਰੇ ਵਿਚ ਘੰਟਿਆਂ ਬੱਧੀ ਬੈਠੇ ਰਹਿੰਦੇ ਸਨ। ਉਨ੍ਹਾਂ ਨੂੰ ਇਉਂ ਲੱਗਦਾ ਹੈ ਜਿਵੇਂ ਗੁਰੂ ਸਾਹਿਬ ਇਸੇ ਹੀ ਥਾਂ ਤੋਂ ਜੰਗ ਦੀ ਅਗਵਾਈ ਕਰ ਰਹੇ ਹੋਣਗੇ। ਉਨ੍ਹਾਂ ਮੁਤਾਬਕ ਗੜ੍ਹੀ ਦੇ ਅੰਦਰ ਘੋੜਿਆਂ ਦੇ ਤਬੇਲੇ ਦਾ ਹੋਣਾ ਵੀ ਜਾਪਦਾ ਸੀ। ਸਿੱਖ ਰਵਾਇਤਾਂ ਵਿਚ ਬੈਠੀ ਇਹ ਧਾਰਨਾ ਹਕੀਕਤਾਂ ਨਾਲ ਮੇਲ ਨਹੀਂ ਖਾਂਦੀ ਜਾਪਦੀ ਕਿ ਰੂਪ ਚੰਦ ਦੇ ਦੂਜੇ ਭਰਾ (ਜੋ ਗ਼ਰੀਬੂ ਜਾਂ ਹੋਰ ਕੋਈ ਹੈ) ਨੇ ਗੁਰੂ ਸਾਹਿਬ ਨੂੰ ਗੜ੍ਹੀ ਦਾ ਕਬਜ਼ਾ ਦੇਣ ਤੋਂ ਪਹਿਲਾਂ ਨਾਂਹ ਕੀਤੀ ਤੇ ਫਿਰ 40 ਮੋਹਰਾਂ ਲੈ ਕੇ ਕਬਜ਼ਾ ਦਿੱਤਾ। ਏਨੀ ਵੱਡੀ ਮਲਕੀਅਤ ਦੇ ਮਾਲਕ ਨੇ 40 ਮੋਹਰਾਂ ਲੈ ਕੇ ਕਬਜ਼ਾ ਦਿੱਤਾ ਹੋਵੇਗਾ, ਹਾਸੋਹੀਣੀ ਗੱਲ ਜਾਪਦੀ ਹੈ। ਪਰ ਇਹ ਜ਼ਰੂਰ ਹੋ ਸਕਦਾ ਹੈ ਕਿ ਇਸ ਭਰਾ ਨੇ ਮੁਗ਼ਲ ਫ਼ੌਜਾਂ ਦੇ ਜ਼ੁਲਮ ਦੇ ਡਰੋਂ ਗੜ੍ਹੀ ਗੁਰੂ ਸਾਹਿਬ ਦੇ ਹਵਾਲੇ ਕਰਨ ਤੋਂ ਝਿਜਕ ਵਿਖਾਈ ਹੋਵੇ।

ਪ੍ਰਸ਼ਨ : ਕੀ ਗੜ੍ਹੀ ਦੇ ਕੁਝ ਹਿੱਸੇ ਬਚੇ ਹੋਣ ਬਾਰੇ ਤੁਹਾਨੂੰ ਕੋਈ ਜਾਣਕਾਰੀ ਹੈ?
ਉੱਤਰ : ਚਮਕੌਰ ਸਾਹਿਬ ਦੇ ਦਰਸ਼ਨ ਕਰਨ ਉਪਰੰਤ ਉਥੇ ਚੌਧਰੀ ਰੂਪ ਚੰਦ ਦੀ ਹੀ ਬਿਰਾਦਰੀ ਦੇ ਇਕ ਹੋਰ ਬਜ਼ੁਰਗ ਨਸੀਬ ਚੰਦ ਨਾਲ ਮੇਰੀ ਸੰਨ 2004 ਵਿਚ ਇਕ ਮੁਲਾਕਾਤ ਹੋਈ। ਉਸ ਬਜ਼ੁਰਗ ਦੀ ਉਮਰ ਉਸ ਵੇਲੇ 70 ਸਾਲ ਦੀ ਸੀ। ਉਸ ਨੇ ਦਸਿਆ ਕਿ 50-55 ਸਾਲ ਪਹਿਲਾਂ ਗੜ੍ਹੀ ਦੇ ਖੰਡਰ ਦੀ ਬਚੀਖੁਚੀ ਬਾਹਰਲੀ ਦੀਵਾਰ ਦਾ ਇਕ ਹਿੱਸਾ ਬਚਿਆ ਹੋਇਆ ਉਸ ਨੇ ਵੇਖਿਆ ਸੀ। ਨਸੀਬ ਚੰਦ ਮੁਤਾਬਕ ਉਹ ਬਚਿਆ ਹਿੱਸਾ ਕਰੀਬ 15 ਫੁੱਟ ਲੰਬਾ 5 ਫੁੱਟ ਚੌੜਾ ਤੇ 16 ਫੁੱਟ ਉੱਚਾ ਸੀ। ਕਾਰਸੇਵਾ ਵਾਲੇ ਬਾਬਿਆਂ ਨਾਲ ਸੰਪਰਕ ਨਹੀਂ ਹੋ ਸਕਿਆ ਕਿਉਂਕਿ ਉਹ ਵੀ ਇਹ ਅਹਿਮ ਜਾਣਕਾਰੀ ਦੇ ਸਕਦੇ ਹਨ ਕਿ ਗੁਰਦੁਆਰੇ ਦੀ ਉਸਾਰੀ ਸਮੇਂ ਗੜ੍ਹੀ ਦਾ ਕੋਈ ਹਿੱਸਾ ਜੇ ਮੌਜੂਦ ਸੀ ਤਾਂ ਉਸ ਦੀ ਹਾਲਤ ਅਤੇ ਬਣਤਰ ਕਿਸ ਤਰ੍ਹਾਂ ਸੀ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਇਸ ਇਤਿਹਾਸਕ ਕਾਰਜ ਨੂੰ ਆਪਣੇ ਹੱਥ ਵਿਚ ਲੈ ਸਕਦੀ ਹੈ।

ਪ੍ਰਸ਼ਨ : ਕੀ ਕਿਸੇ ਨਕਸ਼ਾ ਨਵੀਸ ਨੇ ਗੜ੍ਹੀ ਦਾ ਸਰਵੇਖਣ ਕੀਤਾ ਹੈ?
ਉੱਤਰ : ਹਾਂ ਮੇਰੇ ਨਾਲ ਇਕ ਆਰਕੀਟੈਕਟ ਸ. ਅਮਰਜੀਤ ਸਿੰਘ ਗਏ ਸਨ। ਉਨ੍ਹਾਂ ਦੇ ਸਰਵੇਖਣ ਮੁਤਾਬਕ ਇਸ ਗੜ੍ਹੀ ਦੀ ਦੂਜੀ ਮੰਜ਼ਿਲ ਜ਼ਮੀਨ ਤੋਂ ਕਰੀਬ 80 ਫੁੱਟ ਦੀ ਉੱਚਾਈ ‘ਤੇ ਹੈ। ਫੌਜੀ ਮਾਮਲਿਆਂ ਦੇ ਇਕ ਉੱਘੇ ਪੱਤਰਕਾਰ ਕਰਨਲ ਪ੍ਰੀਤਮ ਸਿੰਘ ਭੁੱਲਰ ਨੇ ਦੱਸਿਆ ਕਿ ਗੜ੍ਹੀ ਏਨੀ ਉਚਾਈ ਉਤੇ ਹੋਣ ਦਾ ਮਤਲਬ ਹੈ ਕਿ ਫੌਜ ਘੱਟੋ ਘੱਟ ਗੜ੍ਹੀ ਤੋਂ ਤਿੰਨ ਫਰਲਾਂਗ਼ ਪਰ੍ਹੇ ਤੈਨਾਤ ਹੋਵੇਗੀ। ਗੁਰਦੁਆਰਾ ਸਾਹਿਬ ਦੇ ਇਕ ਪਾਸੇ ਨੀਵੇਂ ਟਿੱਬੇ ਅਜੇ ਵੀ ਹਨ ਅਤੇ ਫੌਜੀ ਸੂਤਰਾਂ ਮੁਤਾਬਕ ਫੌਜ ਨੇ ਟਿੱਬਿਆਂ ਦੀ ਓਟ ਲੈ ਕੇ ਮੋਰਚੇ ਬਣਾਏ ਹੋਣਗੇ। ਹੁਣ ਵੀ ਜੇਕਰ ਤੁਸੀਂ ਗੁਰਦੁਆਰੇ ਦੇ ਗੁਬੰਦ ਦੇ ਹੇਠਾਂ ਬੁਰਜੀਆਂ ‘ਤੇ ਖਲੋ ਕੇ ਨਜ਼ਰ ਮਾਰੋ ਤਾਂ ਤੁਹਾਨੂੰ ਚਮਕੌਰ ਦੇ ਚਾਰੇ ਪਾਸੇ ਨਜ਼ਰ ਆਉਣਗੇ। ਪਰ ਜਾਪਦਾ ਹੈ ਜਿਸ ਪੱਛਮੀ ਬਾਹੀ ਵੱਲ ਗੁਰਦੁਆਰਾ ਤਾੜੀ ਸਾਹਿਬ ਹੈ, ਉਸ ਥਾਂ ‘ਤੇ ਝਾੜੀਆਂ ਤੇ ਰੁੱਖਾਂ ਦੇ ਝੂੰਡ ਸਨ ਅਤੇ ਮੁਗ਼ਲ ਜਰਨੈਲ ਖਵਾਜ਼ਾ ਮਰਦੂਦ ਨੇ ਉਸੇ ਹੀ ਥਾਂ ‘ਤੇ ਫੌਜ ਦਾ ਇੱਕ ਹਿੱਸਾ ਤਾਇਨਾਤ ਕੀਤਾ ਸੀ। ‘ਸਹਿਜੇ ਰਚਿਓ ਖ਼ਾਲਸਾ’ ਦੇ ਲੇਖਕ ਹਰਿੰਦਰ ਸਿੰਘ ਮਹਿਬੂਬ ਦਾ ਦਾਅਵਾ ਸੀ ਕਿ 1960-62 ਵਿਚ ਜੋ ਚਮਕੌਰ ਦੇ ਆਲੇ ਦੁਆਲੇ ਦੀ ਹਾਲਤ ਸੀ ਲਗਭਗ ਉਹ ਹਾਲਤ 22 ਦਸੰਬਰ 1704 ਈਸਵੀ ਨੂੰ ਸੀ, ਜਿਸ ਦਿਨ ਇਹ ਜੰਗ ਹੋਈ।

ਪ੍ਰਸ਼ਨ : ਲੜਾਈ ਕਿਵੇਂ ਹੋਈ ਅਰਥਾਤ ਇਸ ਵਿਚ ਕਿਸ ਤਰ੍ਹਾਂ ਦੇ ਹਥਿਆਰ ਵਰਤੇ ਗਏ?
ਉੱਤਰ : ਲੜਾਈ ਤਲਵਾਰਾਂ ਅਤੇ ਤੀਰਾਂ ਨਾਲ ਹੀ ਹੋਈ। ਮੁਗ਼ਲ ਫ਼ੌਜ ਲਈ ਨੀਵੀਂ ਥਾਂ ਉਤੇ ਹੋਣ ਕਾਰਨ ਗੜ੍ਹੀ ਦੇ ਅੰਦਰ ਦਾਖ਼ਲ ਹੋਣਾ ਏਨਾ ਆਸਾਨ ਨਹੀਂ ਸੀ। ਇਸ ਲਈ ਲੜਾਈ ਦਾ ਮੈਦਾਨ ਉਹ ਥਾਂ ਹੀ ਬਣਦੀ ਹੈ ਜਿਥੇ ਗੁਰਦੁਆਰਾ ਕਤਲ ਗੜ੍ਹ ਸਾਹਿਬ ਹੈ। ਜਿਥੋਂ ਤੱਕ ਵਸੋਂ ਦਾ ਸਬੰਧ ਹੈ ਘਰਾਂ ਦੀ ਗਿਣਤੀ 50-60 ਤੋਂ ਉੱਪਰ ਨਹੀਂ ਜਾਪਦੀ। ਜਿਹੜੀ ਵਸੋਂ ਅੱਜ ਕੱਲ੍ਹ ਗੜ੍ਹੀ ਸਾਹਿਬ ਦੇ ਐਨ ਨੇੜੇ ਵਸਦੀ ਹੈ ਉਨ੍ਹਾਂ ਦੇ ਘਰ 70-80 ਸਾਲ ਹੀ ਪੁਰਾਣੇ ਲੱਗਦੇ ਹਨ। ਲੜਾਈ ਖ਼ਤਮ ਹੋਣ ਪਿਛੋਂ ਲਗਦਾ ਹੈ ਕਿ ਮੁਗ਼ਲ ਫ਼ੌਜਾਂ ਨੇ ਸਭ ਕੁਝ ਨਸ਼ਟ ਕਰ ਦਿੱਤਾ ਹੈ। ਗੜ੍ਹੀ ਦਾ ਵੱਡਾ ਹਿੱਸਾ ਵੀ ਖੰਡਰ ਬਣ ਗਿਆ। ਗੜ੍ਹੀ ਦੇਣ ਦੇ ਬਦਲੇ ਰੂਪ ਚੰਦ ਦੇ ਪਰਿਵਾਰ ਨਾਲ ਕੀ ਬੀਤੀ, ਇਤਿਹਾਸ ਇਸ ਬਾਰੇ ਵੀ ਚੁੱਪ ਹੈ ਪਰ ਇਨ੍ਹਾਂ ਦੀਆਂ ਅਗਲੀਆਂ ਪੀੜ੍ਹੀਆਂ ਅਜੇ ਵੀ ਚਮਕੌਰ ਸਾਹਿਬ ਵਿਚ ਵਸ ਰਹੀਆਂ ਹਨ।

ਪ੍ਰਸ਼ਨ : ਕੀ ਇਸ ਲੜਾਈ ਵਿਚ ਤੋਪ ਦੀ ਵਰਤੋਂ ਹੋਈ?
ਉੱਤਰ : ਫੌਜੀ ਸੂਤਰਾਂ ਮੁਤਾਬਕ ਤੋਪ ਦੀ ਵਰਤੋਂ ਨਹੀਂ ਹੋਈ। ਸੂਤਰਾਂ ਮੁਤਾਬਕ ਉਸ ਸਮੇਂ ਤੋੜੇਦਾਰ ਬੰਦੂਕਾਂ ਸਨ, ਜਿਨ੍ਹਾਂ ਦੀ ਮਾਰ 100 ਗਜ਼ ਤੋਂ ਪਰ੍ਹੇ ਨਹੀਂ ਸੀ ਹੁੰਦੀ। ਤੋਪ ਦੀ ਵਰਤੋਂ ਇਸ ਕਰਕੇ ਨਹੀਂ ਹੋਈ ਕਿਉਂ ਇਕ ਤਾਂ ਮੁਗ਼ਲ ਫੌਜ ਗੁਰੂ ਗੋਬਿੰਦ ਸਿੰਘ ਜੀ ਨੂੰ ਜਿਉਂਦਿਆਂ ਹੀ ਫੜਨਾ ਚਾਹੁੰਦੀ ਸੀ ਅਤੇ ਦੂਜਾ ਸਰਸਾ ਨਦੀ ਤੋਂ ਪਿਛੋਂ ਗੁਰੂ ਸਾਹਿਬ ਦੀ ਮੌਜੂਦਗੀ ਬਾਰੇ ਸਹੀ ਸਹੀ ਜਾਣਕਾਰੀ ਨਾ ਮਿਲਣ ਕਾਰਨ ਮੁਗ਼ਲ ਫ਼ੌਜ ਦੀ ਤੋਪ ਚਮਕੌਰ ਵਿਚ ਏਨੀ ਛੇਤੀ ਨਹੀਂ ਸੀ ਪਹੁੰਚ ਸਕਦੀ। ਤੀਜਾ ਸਮਾਂ ਬਹੁਤ ਹੀ ਥੋੜ੍ਹਾ ਸੀ ਅਤੇ ਫੌਜ ਹੌਲੀ ਹੌਲੀ ਕੂਚ ਕਰ ਰਹੀ ਸੀ ਕਿਉਂਕਿ ਰਾਹ ਵਿਚ ਸਿੰਘਾਂ ਵਲੋਂ ਅਚਨਚੇਤ ਘਾਤ ਲਾ ਕੇ ਹਮਲਾ ਕਰਨ ਦਾ ਡਰ ਹਰ ਪਾਸਿਓਂ ਸੀ। ਇਸ ਲਈ ਹੋ ਸਕਦਾ ਹੈ ਕਿ ਉਹ ਲੜਾਈ ਲਮਕਾਉਣ ਦੀ ਵੀ ਰਣਨੀਤੀ ਅਖ਼ਤਿਆਰ ਕਰ ਰਹੇ ਹੋਣਗੇ। ਪਰ ਲੜਾਈ ਬਹੁਤਾ ਚਿਰ ਲਮਕ ਨਹੀਂ ਸੀ ਸਕਦੀ ਕਿਉਂਕਿ ਲਮਕ ਜਾਣ ਵਿਚ ਖ਼ਤਰੇ ਬਹੁਤੇ ਜ਼ਿਆਦਾ ਸਨ।

ਪ੍ਰਸ਼ਨ : ਗੁਰੂ ਸਾਹਿਬ ਗੜ੍ਹੀ ਵਿਚੋਂ ਕਿਵੇਂ ਬਾਹਰ ਨਿਕਲੇ?
ਉੱਤਰ : ਇਹ ਤਰਕ ਮੰਨਣ ਦੇ ਆਧਾਰ ਮੌਜੂਦ ਹਨ ਕਿ ਗੁਰੂ ਸਾਹਿਬ ਭੇਸ ਬਦਲ ਕੇ ਗੜ੍ਹੀ ਵਿਚੋਂ ਨਿਕਲੇ ਸਨ। ਉਨ੍ਹਾਂ ਨੇ ਭੇਸ ਬਦਲ ਕੇ ਮੁਗ਼ਲ ਫ਼ੌਜੀਆਂ ਦੀ ਵਰਦੀ ਪਾ ਲਈ ਅਤੇ ਭਾਈ ਦਿਆ ਸਿੰਘ ਅਤੇ ਭਾਈ ਮਾਨ ਸਿੰਘ ਨੇ ਵੀ ਇੰਝ ਹੀ ਕੀਤਾ ਤਾਂ ਜੋ ਮੁਗ਼ਲ ਫੌਜਾਂ ਨੂੰ ਕਿਸੇ ਕਿਸਮ ਦਾ ਸ਼ੱਕ ਪੈਦਾ ਨਾ ਹੋ ਸਕੇ। ਇਹ ਵਰਦੀਆਂ ਖ਼ਾਲਸੇ ਕੋਲ ਪਹਿਲਾਂ ਵੀ ਮੌਜੂਦ ਹੋ ਸਕਦੀਆਂ ਹਨ। ਪਰ ਇਤਿਹਾਸ ਇਸ ਬਾਰੇ ਸਪਸ਼ਟ ਨਹੀਂ। ਇਕ ਮਿਥੀ ਯੋਜਨਾ ਮੁਤਾਬਕ ਗੁਰੂ ਸਾਹਿਬ ਅੱਧੀ ਰਾਤ ਤੋਂ ਪਿਛੋਂ ਗੜ੍ਹੀ ਵਿਚੋਂ ਨਿਕਲੇ ਜਦੋਂ ਅਸਮਾਨ ਵਿਚ ਚੰਨ ਪੂਰੀ ਤਰ੍ਹਾਂ ਛਿਪ ਚੁੱਕਾ ਸੀ ਅਤੇ ਚਾਰੇ ਪਾਸੇ ਹਨ੍ਹੇਰਾ ਛਾ ਗਿਆ ਸੀ। ਹੁਣ ਵੀ ਤੁਸੀਂ ਦੇਖੋਗੇ ਕਿ ਚੰਨ ਅੱਧੀ ਰਾਤ ਦੇ ਪਿਛੋਂ ਛਿਪ ਜਾਂਦਾ ਹੈ। ਘੁੱਪ ਹਨ੍ਹੇਰੇ ਵਿਚ ਗੁਰੂ ਸਾਹਿਬ ਪੱਛਮੀਂ ਬਾਹੀ ਵੱਲ ਜਾਂਦੇ ਹਨ ਅਤੇ ਉਨ੍ਹਾਂ ਤੋਂ ਥੋੜ੍ਹੇ ਫਾਸਲੇ ‘ਤੇ ਹੀ ਭਾਈ ਦਿਆ ਸਿੰਘ ਅਤੇ ਭਾਈ ਮਾਨ ਸਿੰਘ ਉਨ੍ਹਾਂ ਦੇ ਪਿੱਛੇ ਪਿੱਛੇ ਆ ਰਹੇ ਹਨ ਤਾਂ ਜੋ ਜੇ ਸ਼ੱਕ ਦੀ ਸੂਰਤ ਵਿਚ ਮੁਗ਼ਲ ਫੌਜ ਗੁਰੂ ਸਾਹਿਬ ਦੀ ਸ਼ਨਾਖ਼ਤ ਬਾਰੇ ਪੁੱਛਗਿੱਛ ਕਰਦੀ ਹੈ ਤਾਂ ਇਹ ਸਿੰਘ ਉਸ ਹਾਲਤ ਵਿਚ ਸਥਿਤੀ ਮੁਤਾਬਕ ਕੋਈ ਵੀ ਐਕਸ਼ਨ ਕਰਨਗੇ। ਜਿਥੇ ਅੱਜਕਲ੍ਹ ਤਾੜੀ ਸਾਹਿਬ ਗੁਰਦੁਆਰਾ ਹੈ ਉਥੇ ਗੁਰੂ ਜੀ ‘ਖ਼ਾਲਸੇ ਦਾ ਗੁਰੂ ਜਾ ਰਿਹਾ ਹੈ’ ਜਾਂ ਕੁਝ ਲਿਖਤਾਂ ਵਿਚ ‘ਹਿੰਦ ਦਾ ਪੀਰ ਜਾ ਰਿਹਾ ਹੈ’ ਉੱਚੀ ਆਵਾਜ਼ ਵਿਚ ਕਹਿ ਕੇ ਦੂਰ ਨਿਕਲ ਜਾਂਦੇ ਹਨ।

ਪ੍ਰਸ਼ਨ : ਕੀ ਇੰਨੇ ਵੱਡੇ ਘੇਰੇ ਵਿਚੋਂ ਬਚ ਕੇ ਨਿਕਲ ਸਕਣ ਦੀ ਗੁਜਾਇਸ਼ ਸੀ?
ਉੱਤਰ : ਫੌਜੀ ਸੂਤਰ ਇਸ ਦਾ ਹਾਂ ਵਿਚ ਜਵਾਬ ਦਿੰਦੇ ਹਨ। ਇਨ੍ਹਾਂ ਸੂਤਰਾਂ ਮੁਤਾਬਕ ਨਿਕਲ ਸਕਣ ਦੀ ਸੰਭਾਵਨਾ ਹਰ ਸਮੇਂ ਬਣੀ ਰਹਿੰਦੀ ਹੈ ਅਤੇ ਅੱਜ ਵੀ ਜਦੋਂ ਨਿਗਰਾਨੀ ਏਨੀ ਤਕੜੀ ਹੋਣ ਦੇ ਸਾਧਨ ਮੌਜੂਦ ਹਨ, ਨਿਕਲਣ ਵਾਲੇ ਬਚ ਕੇ ਨਿਕਲ ਹੀ ਜਾਂਦੇ ਹਨ। ਸਪੱਸ਼ਟ ਹੈ ਕਿ ਤਾੜੀ ਮਾਰਨ ‘ਤੇ ਰੌਲਾ ਪੈ ਗਿਆ ਅਤੇ ਦਿਆ ਸਿੰਘ ਤੇ ਮਾਨ ਸਿੰਘ ਨੂੰ ਵੀ ਨਹੀਂ ਪਤਾ ਕਿ ਉਸ ਭਗਦੜ ਵਿਚ ਗੁਰੂ ਸਾਹਿਬ ਕਿਹੜੇ ਪਾਸੇ ਵੱਲ ਗਏ ਹਨ। ਕਿਹਾ ਜਾਂਦਾ ਹੈ ਕਿ ਉਹ ਤੀਜੇ ਦਿਨ ਗੁਰੂ ਸਾਹਿਬ ਨੂੰ ਮਾਛੀਵਾੜੇ ਦੇ ਜੰਗਲ ਵਿਚ ਮਿਲੇ।

ਪ੍ਰਸ਼ਨ : ਗੁਰੂ ਗੋਬਿੰਦ ਸਿੰਘ ਕਿਸ ਦਿਨ ਚਮਕੌਰ ਪਹੁੰਚਦੇ ਹਨ ਅਤੇ ਜੰਗ ਦਾ ਦਿਨ ਕਿਹੜਾ ਹੈ?
ਉੱਤਰ : ਜੰਗ ਦਾ ਦਿਨ 22 ਦਸੰਬਰ ਦਾ ਹੈ। ਗੁਰੂ ਸਾਹਿਬ 21 ਦਸੰਬਰ ਦੀ ਸਵੇਰ ਨੂੰ ਚਮਕੌਰ ਵਿਚ ਅੰਬਾਂ ਦੇ ਦਰੱਖਤਾਂ ਹੇਠ ਉਤਾਰਾ ਕਰਦੇ ਹਨ, ਜਿਥੇ ਅੱਜ ਕੱਲ੍ਹ ਗੁਰਦੁਆਰਾ ਦਮਦਮਾ ਸਾਹਿਬ ਹੈ। ਅਸਲ ਵਿਚ ਗੁਰੂ ਸਾਹਿਬ ਦੇ ਚਮਕੌਰ ਵਿਚ ਪੁੱਜ ਜਾਣ ਦੀ ਖ਼ਬਰ ਸੂਹੀਆਂ ਨੂੰ 6-7 ਘੰਟੇ ਦੇਰ ਨਾਲ ਮਿਲੀ। ਇਸ ਲਈ ਗੁਰੂ ਸਾਹਿਬ ਦੇ ਗੜ੍ਹੀ ਵਿਚ ਦਾਖ਼ਲ ਹੋਣ ਪਿਛੋਂ ਹੀ ਫੌਜ 21 ਦਸੰਬਰ ਦੀ ਸ਼ਾਮ ਨੂੰ ਚਮਕੌਰ ਵਿਚ ਪਹੁੰਚ ਸਕਦੀ ਹੈ। 21 ਦਸੰਬਰ ਦੀ ਰਾਤ ਨੂੰ ਕੋਈ ਲੜਾਈ ਨਹੀਂ ਹੋਈ। ਲੜਾਈ ਵੈਸੇ ਵੀ ਰਾਤ ਨੂੰ ਬੰਦ ਹੋ ਜਾਂਦੀ ਹੈ ਅਤੇ ਇਉਂ ਲੱਗਦਾ ਹੈ ਕਿ ਦੋਵੇਂ ਧਿਰਾਂ ਨੇ ਰਾਤ ਨੂੰ ਸਾਰੀ ਹਾਲਤ ਦਾ ਪੂਰਾ ਜਾਇਜ਼ਾ ਲੈਣ ਮਗਰੋਂ ਹੀ ਮੋਰਚੇ ਸੰਭਾਲੇ ਹੋਣਗੇ।

ਪ੍ਰਸ਼ਨ : ਕੀ ਚਮਕੌਰ ਦੀ ਜੰਗ ਧਰਮ ਯੁੱਧ ਸੀ? ਕੀ ਇਸ ਵਿਚੋਂ ਰਾਜਨੀਤੀ ਦਾ ਸੰਕਲਪ ਗ਼ੈਰ ਹਾਜ਼ਰ ਸੀ?
ਉੱਤਰ : ਚਮਕੌਰ ਦੀ ਜੰਗ ਧਰਮ ਯੁੱਧ ਤਾਂ ਸੀ ਹੀ ਪਰ ਜੇ ਕੋਈ ਇਸ ਧਰਮ ਯੁੱਧ ਵਿਚੋਂ ਰਾਜਨੀਤੀ ਨੂੰ ਗ਼ੈਰ ਹਾਜ਼ਰ ਕਰ ਦਿੰਦਾ ਹੈ ਤਾਂ ਅਸੀਂ ਕਹਿ ਸਕਦੇ ਹਾਂ ਕਿ ਉਸ ਨੂੰ ਗੁਰੂ-ਸਿਧਾਂਤ ਦੇ ਮੁਕੰਮਲ ਦਰਸ਼ਨ ਨਸੀਬ ਨਹੀਂ ਹੋਏ। ਵੈਸੇ ਉਂਜ ਜੰਗ ਹੁੰਦੀ ਕੀ ਹੈ। ਇਸ ਦੀ ਅਸਲ ਪਰਿਭਾਸ਼ਾ ਕੀ ਹੈ? ਐਨਸਾਈਕਲੋਪੀਡੀਆ ਬ੍ਰਿਟੈਨਿਕਾ ਸਾਨੂੰ ਦੱਸਦਾ ਹੈ ਕਿ ਜੰਗ ਰਾਜਨੀਤਕ ਗਰੁੱਪਾਂ ਵਿਚ ਇਕ ਟੱਕਰ ਦਾ ਨਾਂ ਹੈ। ਦੂਜੇ ਸ਼ਬਦਾਂ ਵਿਚ ਜੇ ਜੰਗ ਵਿਚੋਂ ਰਾਜਨੀਤਕ ਇੱਛਾ ਦਾ ਸਿਧਾਂਤ ਮਨਫ਼ੀ ਕਰ ਦਿੱਤਾ ਜਾਵੇ ਤਾਂ ਉਹ ਜੰਗ ਇਕ ਤਰ੍ਹਾਂ ਨਾਲ ਡਾਕੂਆਂ ਦੇ ਗਿਰੋਹਾਂ ਦਰਮਿਆਨ ਇਕ ਝੜਪ ਹੀ ਕਹੀ ਜਾ ਸਕਦੀ ਹੈ, ਜਿਸ ਦਾ ਆਰੰਭ ਤੇ ਅੰਤਿਮ ਮਕਸਦ ਲੁੱਟਣਾ ਹੀ ਹੁੰਦਾ ਹੈ। ਪਰ ਗੁਰੂ ਗੋਬਿੰਦ ਸਿੰਘ ਅਜਿਹਾ ਧਰਮ ਯੁੱਧ ਲੜ ਰਹੇ ਸਨ ਜੋ ਦੁਨੀਆ ਦੇ ਯੁੱਧਾਂ ਤੋਂ ਯਕੀਨਨ ਵੱਖਰਾ ਤੇ ਨਿਰਾਲਾ ਵੀ ਹੈ ਪਰ ਨਾਲ ਦੀ ਨਾਲ ਉਹ ਧਰਮ ਯੁੱਧ ਨੂੰ ਕਾਮਯਾਬੀ ਦੀ ਮੰਜ਼ਿਲ ਉਤੇ ਪਹੁੰਚਾਉਣ ਲਈ ਰਾਜ ਦੀ ਸਥਾਪਨਾ ਵੀ ਚਾਹੁੰਦੇ ਹਨ। ਪਰ ਕਿਸ ਤਰ੍ਹਾਂ ਦੇ ਰਾਜ ਦੀ ਸਥਾਪਨਾ? ਉਹ ਰਾਜ ਜੋ ਜਾਤ-ਪਾਤ ਸਮਾਜ ਦੇ ਘੇਰੇ ਤੋਂ ਬਾਹਰ ਹੋਵੇ ਅਤੇ ਉਸ ਦੇ ਮਾਲਕ ਉਹ ਲੋਕ ਹੋਣ ਜਿਨ੍ਹਾਂ ਨੂੰ ਅੱਜ ਤੱਕ ਰਾਜਭਾਗ ਨਸੀਬ ਨਹੀਂ ਸੀ ਹੋਇਆ ਅਤੇ ਉਹ ਇਸ ਦੇ ਕਾਬਲ ਵੀ ਨਹੀਂ ਸੀ ਸਮਝੇ ਗਏ। ਸਈਅਦ ਗ਼ੁਲਾਮ ਅਲੀ ਖ਼ਾਂ ਆਪਣੀ ਪੁਸਤਕ ‘ਇਮਾਦੁਦ ਸਾਦਤ’ ਵਿਚ ਨਾ ਚਾਹੁੰਦਿਆਂ ਹੋਇਆਂ ਵੀ ਇਹ ਸੱਚ ਲਿਖਣ ਲਈ ਮਜਬੂਰ ਹੋ ਗਿਆ ਹੈ : ‘ਮੁੱਕਦੀ ਗੱਲ ਇਸ ਸਮੇਂ ਪੰਜਾਬ ਦਾ ਸਾਰਾ ਦੇਸ਼ ਸਿੱਖਾਂ ਦੇ ਕਬਜ਼ੇ ਹੇਠ ਹੈ ਅਤੇ ਏਸ ਦੇ ਵੱਡੇ ਲੀਡਰ ਜ਼ਿਆਦਾਤਰ ਤਰਖ਼ਾਣਾਂ, ਚਮਾਰਾਂ ਅਤੇ ਜੱਟਾਂ ਜਹੀਆਂ ਨੀਵੀਆਂ ਜਾਤਾਂ ਵਿਚੋਂ ਆਏ ਹਨ।’

ਪ੍ਰਸ਼ਨ : ਚਮਕੌਰ ਦੀ ਜੰਗ ਵਿਚ ਸ਼ਹੀਦ ਹੋਣ ਵਾਲਿਆਂ ਵਿਚੋਂ ਕੀ ਬਹੁਤੇ ਕਥਿਤ ਨੀਵੀਆਂ ਜਾਤੀਆਂ ਨਾਲ ਸਬੰਧਤ ਸਨ?
ਉੱਤਰ : ਦਿਲਚਸਪ ਸੱਚਾਈ ਤਾਂ ਇਹੋ ਹੀ ਜਾਪਦੀ ਹੈ ਕਿਉਂਕਿ ਉੱਚੀਆਂ ਜਾਤੀਆਂ ਨਾਲ ਸਬੰਧ ਰੱਖਣ ਵਾਲੇ ਆਟੇ ਵਿਚ ਲੂਣ ਦੇ ਬਰਾਬਰ ਸਨ। ਚਮਕੌਰ ਦੀ ਗੜ੍ਹੀ ਛੱਡਣ ਸਮੇਂ ਦਸਮ ਪਾਤਸ਼ਾਹ ਨੇ ਜਿਸ ਸੰਗਤ ਸਿੰਘ ਨੂੰ ਜੰਗ ਦਾ ਕਮਾਂਡਰ ਥਾਪਿਆ, ਉਹ ਵੀ ਕਥਿਤ ਤੌਰ ‘ਤੇ ਨੀਵੀਆਂ ਜਾਤਾਂ ਨਾਲ ਸਬੰਧ ਰੱਖਦਾ ਸੀ ਅਤੇ ਗੁਰੂ ਤੇਗ਼ ਬਹਾਦਰ ਸਾਹਿਬ ਦਾ ਸੀਸ ਦਿੱਲੀ ਤੋਂ ਲਿਆਉਣ ਵਾਲੇ ਭਾਈ ਜੈਤਾ ਵੀ ਜੋ ਸਰਸਾ ਨਦੀ ਵਿਚ ਹੋਏ ਜੰਗ ਵਿਚ ਸ਼ਹੀਦ ਹੋਏ ਸਨ, ਉਹ ਵੀ ਕਥਿਤ ਤੌਰ ‘ਤੇ ਦੱਬੀਆਂ ਕੁੱਚਲੀਆਂ ਜਾਤਾਂ ਨਾਲ ਹੀ ਸਬੰਧ ਰੱਖਦੇ ਸਨ।

ਪ੍ਰਸ਼ਨ : ਕੀ ਚਮਕੌਰ ਦੀ ਗੜ੍ਹੀ ਦੀ ਕੋਈ ਯਾਦ ਅਸੀਂ ਸਾਂਭ ਕੇ ਨਹੀਂ ਰੱਖ ਸਕੇ? ਇਸ ਦੀ ਭੂਗੋਲਿਕ ਸਥਿਤੀ ਬਾਰੇ ਰੌਸ਼ਨੀ ਪਾਓ?
ਉੱਤਰ : ਇਹ ਠੀਕ ਹੈ ਕਿ ਚਮਕੌਰ ਦੀ ਗੜ੍ਹੀ ਦੇ ਬਰਬਾਦ ਹੋ ਚੁੱਕੇ ਖੰਡਰਾਂ ਦਾ ਕੋਈ ਹਿੱਸਾ ਜਾਂ ਕੋਈ ਵੀ ਯਾਦਗਾਰ ਅਸੀਂ ਸਾਂਭ ਕੇ ਨਹੀਂ ਰੱਖ ਸਕੇ ਜਿਸ ਤੋਂ ਪੁਰਾਤੱਤਵ ਵਿਗਿਆਨੀ, ਪੁਰਾਤਨ ਜੰਗੀ ਵਿਦਿਆ ਦੇ ਮਾਹਰ, ਫੌਜੀ ਅਫ਼ਸਰ ਅਤੇ ਇਤਿਹਾਸਕਾਰ ਆਪਣੀ ਬਲਵਾਨ ਕਲਪਨਾ ਰਾਹੀਂ ਕਰੀਬ 315 ਸਾਲ ਪਹਿਲਾਂ ਹੋਈ ਜੰਗ ਦਾ ਦ੍ਰਿਸ਼ ਤੇ ਆਲੇ ਦੁਆਲੇ ਦਾ ਮਾਹੌਲ ਸਿਰਜ ਸਕਣ। ਚਮਕੌਰ ਦੀ ਜੰਗ ਇਸ ਗੱਲ ਦਾ ਪ੍ਰਮਾਣ ਹੈ ਕਿ ਖ਼ਾਲਸੇ ਨੇ ਇਤਿਹਾਸ ਸਿਰਜਿਆ ਤਾਂ ਹੈ ਪਰ ਸਾਂਭਿਆ ਨਹੀਂ। ਉਸ ਨੇ ਇਤਿਹਾਸ ਨੂੰ ਹੱਡੀਂ ਹੰਢਾਇਆ ਤਾਂ ਹੈ ਪਰ ਲਿਖਿਆ ਨਹੀਂ।

ਪ੍ਰਸ਼ਨ : ਕੀ ਹੁਣ ਕੁਝ ਹੋ ਸਕਦਾ ਹੈ?
ਉੱਤਰ : ਚਮਕੌਰ ਸਾਹਿਬ ਵਿਚ ਜੰਗ ਨਾਲ ਸਬੰਧਤ ਸਾਰੀਆਂ ਥਾਵਾਂ (ਜਿਥੇ ਹੁਣ ਗੁਰਦੁਆਰੇ ਬਣ ਗਏ ਹਨ) ਦੀ ਭੂਗੋਲਿਕ ਪੁਜੀਸ਼ਨ, ਮੌਜੂਦਾ ਵਸੋਂ ਅਤੇ ਉਨ੍ਹਾਂ ਦੇ ਸੁਭਾਅ, ਇਲਾਕੇ ਦੀ ਉੱਚੀ ਨੀਵੀਂ ਜ਼ਮੀਨ ਦੀ ਬਣਤਰ ਅਤੇ ਖ਼ਾਸ ਕਰਕੇ ਚਮਕੌਰ ਦੀ ਗੜ੍ਹੀ ਦੇ ਇਰਦ-ਗਿਰਦ ਇਕ ਕਿਲੋਮੀਟਰ ਘੇਰੇ ਦੀ ਜ਼ਮੀਨ ਅਤੇ ਰੁੱਖਾਂ ਦੇ ਇਕ ਭਰਵੇਂ ਵਿਸ਼ਲੇਸ਼ਣ ਅਤੇ ਸਰਵੇਖਣ ਤੋਂ ਕੁਝ ਅਹਿਮ ਤੱਥ ਹਾਸਲ ਹੁੰਦੇ ਹਨ, ਜਿਸ ਤੋਂ ਪਤਾ ਲੱਗਦਾ ਹੈ ਕਿ ਸਿੱਖ-ਯੁੱਧਾਂ ਦੀ ਤਕਨੀਕ ਤੇ ਤਰਕੀਬ ਦੇ ਮਾਹਰ ਅਤੇ ਇਤਿਹਾਸਕਾਰ ਜੇ ਚਾਹੁਣ ਤਾਂ ਇਤਿਹਾਸਕ ਪਹਿਲੂ ਤੋਂ ਜੰਗ ਦੇ ਯਾਦਗਾਰੀ ਦ੍ਰਿਸ਼ ਅਜੇ ਵੀ ਸਿਰਜੇ ਜਾ ਸਕਦੇ ਹਨ।

ਪ੍ਰਸ਼ਨ : ਕੀ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਗੁਰੂ ਸਾਹਿਬ ਨੇ ਕੋਈ ਤਕਰੀਰ ਕੀਤੀ?
ਉੱਤਰ : ਇਤਿਹਾਸ ਇਸ ਬਾਰੇ ਚੁੱਪ ਹੈ। ਪਰ ਉਨ੍ਹਾਂ ਨੇ ਜ਼ਰੂਰ ਕੋਈ ਤਕਰੀਰ ਕੀਤੀ ਹੋਵੇਗੀ ਕਿਉਂਕਿ ਇਹ ਜੰਗ ਫ਼ੈਸਲਾਕੁੰਨ ਜੰਗ ਸੀ। ਬੱਚ ਕੇ ਨਿਕਲ ਜਾਣ ਦੇ ਕੋਈ ਰਸਤੇ ਨਹੀਂ ਸਨ। ਇਸ ਲਈ ਸ਼ਹਾਦਤਾਂ ਲਾਜ਼ਮੀ ਸਨ। ਭਾਈ ਵੀਰ ਸਿੰਘ ਨੇ ਇਸ ਤਕਰੀਰ ਦੇ ਕੁਝ ਅੰਸ਼ ‘ਕਲਗੀਧਰ ਚਮਤਕਾਰ’ ਵਿਚ ਦਿੱਤੇ ਵੀ ਹਨ। ਇਸੇ ਤਕਰੀਰ ਨੇ ਇਤਿਹਾਸ ਦਾ ਮੂੰਹ ਦੂਜੇ ਬੰਨ੍ਹੇ ਘੁੰਮਾ ਦਿੱਤਾ, ਕਿਉਂਕਿ ਇਸ ਵਿਚ ਸਿਧਾਂਤ, ਜਜ਼ਬਾਤ, ਇਤਿਹਾਸ ਅਤੇ ਜੰਗੀ ਤਰਤੀਬ ਦਾ ਖ਼ੂਬਸੂਰਤ ਸੁਮੇਲ ਹੈ। ਇਸੇ ਜੰਗ ਨੇ ਸਾਬਤ ਕੀਤਾ ਕਿ ਜਿਸਮਾਨੀ ਤਾਕਤ ਨਾਲੋਂ ਰੂਹਾਨੀ ਤਾਕਤ ਕਿਤੇ ਵੱਧ ਜ਼ੋਰਾਵਰ ਹੁੰਦੀ ਹੈ। ਦੂਜੀ ਗੱਲ ਇਹ ਵੀ ਸੀ ਕਿ ਇਸ ਜੰਗ ਵਿਚ ਗੁਰੂ ਸਾਹਿਬ ਖ਼ੁਦ ਹਾਜ਼ਰ ਸਨ ਅਤੇ ਖ਼ੁਦ ਆਪ ਲੜ ਵੀ ਰਹੇ ਸਨ। ਜ਼ਫ਼ਰਨਾਮਾ ਇਸ ਹਕੀਕਤ ਦੀ ਗਵਾਹੀ ਭਰਦਾ ਹੈ।

ਪ੍ਰਸ਼ਨ: ਕੀ ਚਮਕੌਰ ਦੀ ਜੰਗ ਸਿਧਾਂਤ ਅਤੇ ਜਜ਼ਬਾਤ ਦੇ ਪਵਿੱਤਰ ਰਿਸ਼ਤੇ ਨੂੰ ਸਾਕਾਰ ਕਰਦੀ ਹੈ?
ਉੱਤਰ : ਜੇ ਸਿਧਾਂਤ ਅਤੇ ਜਜ਼ਬਾਤ ਵਿਚਕਾਰ ਕੋਈ ਪਵਿੱਤਰ ਰਿਸ਼ਤਾ ਹੁੰਦਾ ਹੈ ਤਾਂ ਉਹ ਰਿਸ਼ਤਾ ਸਾਕਾਰ ਰੂਪ ਵਿਚ ਚਮਕੌਰ ਦੀ ਗੜ੍ਹੀ ਵਿਚ ਪ੍ਰਗਟ ਹੋਇਆ ਹੈ। ਖ਼ਾਲਸਾ ਪੂਰਾ ਸਤਿਗੁਰੂ ਬਣ ਸਕਦਾ ਹੈ, ਇਹ ਇਕ ਸਿਧਾਂਤ ਹੈ। ਜਦੋਂ ਗੁਰੂ ਗੋਬਿੰਦ ਸਿੰਘ ਨੇ ਇਸ ਸਿਧਾਂਤ ਅੱਗੇ ਸਜਦਾ ਕੀਤਾ ਤਾਂ ਜਜ਼ਬਾਤ ਦਾ ਆਲਮ ਸਹਿਜ ਸੁਭਾਅ ਹੀ ਖ਼ਾਲਸੇ ਵਿਚ ਸਿਰਜਿਆ ਗਿਆ। ਇਹ ਜਜ਼ਬਾਤ ਦਾ ਆਲਮ 315 ਸਾਲ ਬੀਤ ਜਾਣ ਪਿਛੋਂ ਅੱਜ ਵੀ ਖ਼ਾਲਸੇ ਅੰਦਰ ਕੰਬਣੀ ਛੇੜ ਦਿੰਦਾ ਹੈ। ਗੁਰੂ ਗੱਦੀ ਦੇ ਵਾਰਸ ਜ਼ਰੂਰੀ ਨਹੀਂ ਕਿ ਪੁੱਤਰ ਹੀ ਹੋਣ। ਇਹ ਸਿੱਖੀ ਸਿਧਾਂਤ ਹੈ, ਪਰ ਜਦੋਂ ਗੁਰੂ ਗੋਬਿੰਦ ਸਿੰਘ ਜੀ ਦੇ ਦੋ ਵੱਡੇ ਸਾਹਿਬਜ਼ਾਦੇ ਚਮਕੌਰ ਵਿਚ ਸ਼ਹਾਦਤ ਦਾ ਜਾਮ ਪੀਂਦੇ ਹਨ ਅਤੇ ਜਦੋਂ ਗੁਰੂ ਸਾਹਿਬ ਖ਼ੁਦ ਆਪਣੇ ਹੱਥੀਂ ਚਾਈਂ-ਚਾਈਂ ਪੁੱਤਰਾਂ ਨੂੰ ਜੰਗ ਵੱਲ ਤੋਰਦੇ ਹਨ ਤਾਂ ਜਜ਼ਬਿਆਂ ਦਾ ਦਰਿਆ ਸਿਧਾਂਤ ਨੂੰ ਅਮਲ ਵਿਚ ਉਤਾਰਦਾ ਹੈ। ਉਂਜ ਵੀ ਜਜ਼ਬਿਆਂ ਦੀ ਪਾਨ ਚਾੜ੍ਹੇ ਤੋਂ ਬਿਨਾ ਸਿਧਾਂਤ ਇਕ ਖੁਸ਼ਕ ਲੱਕੜ, ਇਕ ਬੇਜਾਨ ਵਜੂਦ ਅਤੇ ਬੇਰਸ ਜਿਹੀ ਵਸਤੂ ਬਣ ਕੇ ਰਹਿ ਜਾਵੇਗਾ। ਪਰ ਚਮਕੌਰ ਦੀ ਜੰਗ ਨੇ ਤਾਂ ਜਜ਼ਬਿਆਂ ਦਾ ਹੜ੍ਹ ਲੈ ਆਂਦਾ, ਇਹ ਜੰਗ ਤਾਂ ਪਿਆਰ ਦੇ ਅੱਤ ਗੂੜ੍ਹੇ ਰੰਗਾਂ ਦਾ ਮੀਂਹ ਵਰ੍ਹਾਉਂਦੀ ਹੈ।

ਪ੍ਰਸ਼ਨ : ਚਮਕੌਰ ਦੀ ਜੰਗ ਦਾ ਕੀ ਪੈਗ਼ਾਮ ਹੈ?
ਉੱਤਰ : ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸ਼ਰਧਾ ਦੇ ਘੇਰੇ ਵਿਚ ਅਤੇ ਉਨ੍ਹਾਂ ਦੁਆਲੇ ਸਿਰਜੀਆਂ ਕਾਰਾਮਾਤਾਂ ਤੋਂ ਕੁਝ ਪਲਾਂ ਲਈ ਬਾਹਰ ਕੱਢ ਲਿਆ ਜਾਵੇ ਤਾਂ ਇਸ ਜੰਗ ਵਿਚ ਉਹ ਇਕ ਮਹਾਨ ਜਰਨੈਲ ਦੇ ਰੂਪ ਵਿਚ ਉੱਭਰ ਕੇ ਸਾਹਮਣੇ ਆਉਂਦੇ ਹਨ ਅਤੇ ਆਪਣੀ ਹੀ ਕਿਸਮ ਦੇ ਇਕ ਮਹਾਨ ਨੀਤੀਵਾਨ ਵੀ ਜ਼ਾਹਰ ਹੁੰਦੇ ਹਨ, ਜਿਨ੍ਹਾਂ ਨੇ ਖ਼ਾਲਸੇ ਦੀ ਪ੍ਰਭੂਸੱਤਾ ਨੂੰ ਆਪਣੇ ਤੋਂ ਵੀ ਉਪਰ ਸਮਝਿਆ ਅਤੇ ਅਜਿਹਾ ਕਰਕੇ ਵੀ ਵਿਖਾਇਆ। ਇਹ ਜੰਗ ਇਹ ਸੁਨੇਹਾ ਦਿੰਦੀ ਹੈ ਕਿ ਗੁਰੂ ਗੋਬਿੰਦ ਸਿੰਘ ਖ਼ਾਲਸੇ ਰਾਹੀਂ ਜੱਦੋ ਜਹਿਦ ਜਾਰੀ ਰੱਖਣਾ ਚਾਹੁੰਦੇ ਸਨ। ਸਿੱਖਾਂ ਦਾ ਇਤਿਹਾਸ ਲਿਖਣ ਵਾਲੇ ਮਹਾਨ ਇਤਿਹਾਸਕਾਰ ਹਰੀ ਰਾਮ ਗੁਪਤਾ ਦੇ ਇਨ੍ਹਾਂ ਸ਼ਬਦਾਂ ਨੂੰ ਯਾਦ ਕਰਦੇ ਹਾਂ, ਜੋ ਕੁਝ ਪਲਾਂ ਲਈ ਗੁਰੂ ਸਾਹਿਬਾਨ ਅਤੇ ਖ਼ਾਲਸੇ ਦੀ ਰੂਹ ਦੇ ਬਹੁਤ ਕਰੀਬ ਚਲਾ ਗਿਆ ਜਾਪਦੇ ਹਨ :
‘ਦਸ ਗੁਰੂ ਸਾਹਿਬਾਨ ਦੇ 250 ਵਰ੍ਹਿਆਂ ਦੇ ਜੀਵਨ ਇਤਿਹਾਸ ਦਾ ਇਕੋ ਸਾਂਝਾ ਪੈਗ਼ਾਮ ਹੈ ਅਤੇ ਉਹ ਹੈ : ਜਦੋ-ਜਹਿਦ। ਇਹ ਇਕ ਅਜਿਹੀ ਜਦੋ-ਜਹਿਦ ਸੀ, ਜਿਸ ਦਾ ਉਦੇਸ਼ ਸੀ ਦੱਬੇ ਕੁਚਲੇ ਲੋਕਾਂ ਵਿਚੋਂ ਇਕ ਅਣਖੀਲੇ ਸਮਾਜ ਦੀ ਸਿਰਜਣਾ ਕਰਨਾ… ਸੱਚੀ ਮੁੱਚੀ ਇਹ ਗੱਲ ਉਨ੍ਹਾਂ (ਖ਼ਾਲਸੇ) ਬਾਰੇ ਕਹੀ ਜਾ ਸਕਦੀਹੈ ਕਿ ਹਾਰ ਵਿਚ ਵੀ ਉਹ ਲੋਕ ਬਾਗ਼ੀ ਹੀ ਰਹਿੰਦੇ ਸਨ।’

ਪ੍ਰਸ਼ਨ : ਕੀ ਅੱਜ ਦੀ ਦੌੜ ਵਿਚ ਖ਼ਾਲਸਾ ਇਤਿਹਾਸ ਵਲੋਂ ਸੁੱਟੀਆਂ ਵੰਗਾਰਾਂ ਦਾ ਸਾਹਮਣਾ ਕਰ ਰਿਹਾ ਹੈ?
ਉੱਤਰ : ਇਹ ਠੀਕ ਹੈ ਕਿ ਚਮਕੌਰ ਦੀ ਜੰਗ ਦੇ ਆਦਰਸ਼ ਉਤਸ਼ਾਹ, ਪ੍ਰੇਰਣਾ ਅਤੇ ਲਗਨ ਦੇ ਦੀਪ ਜਗਾਉਂਦੇ ਹਨ। ਪਰ ਅੱਜ ਦਾ ਖ਼ਾਲਸਾ ਸ਼ਾਇਦ ਇਨ੍ਹਾਂ ਬਰਕਤਾਂ ਤੋਂ ਵਾਂਝਾ ਹੈ। ਸਪੈਂਗਲਰ ਵਰਗਾ ਇਤਿਹਾਸਕਾਰ ਕੌਮਾਂ ਦੇ ਉਤਰਾਵਾਂ ਚੜ੍ਹਾਵਾਂ ਨੂੰ ਮੌਸਮ ਨਾਲ ਤੁਲਨਾ ਦਿੰਦਾ ਹੈ। ਜਿਵੇਂ ਮੌਸਮ ਬਦਲਦੇ ਹਨ ਇਤਿਹਾਸ ਵੀ ਕੁਝ ਇਸ ਤਰ੍ਹਾਂ ਹੀ ਰੰਗ ਬਦਲਦਾ ਹੈ ਜਦਕਿ ਸੱਭਿਆਤਾਵਾਂ ਦੇ ਉਤਰਾਵਾਂ-ਚੜ੍ਹਾਵਾਂ ਨੂੰ ਨੇੜਿਓਂ ਹੋ ਕੇ ਸਮਝਣ ਵਾਲੇ ਇਤਿਹਾਸਕਾਰ ਟਾਇਨਬੀ ਦਾ ਕਹਿਣਾ ਹੈ ਕਿ ਸਮਾਂ ਕੌਮਾਂ ਅੱਗੇ ਇਕ ਵੰਗਾਰ ਸੁੱਟਦਾ ਹੈ ਅਤੇ ਜੇ ਕੌਮਾਂ ਉਸ ਵੰਗਾਰ ਦਾ ਸਾਹਮਣਾ ਨਹੀਂ ਕਰਦੀਆਂ ਤਾਂ ਉਹ ਇਤਿਹਾਸ ਵਿਚ ਆਪਣੀ ਹੋਂਦ ਗਵਾ ਬਹਿੰਦਿਆਂ ਹਨ। ਚੈਂਲੰਜ ਤੇ ਰਿਸਪੌਂਸ ਦੀ ਥੀਊਰੀ ਖ਼ਾਲਸੇ ਉਪਰ ਵੀ ਪੂਰੀ ਢੁਕਦੀ ਹੈ ਕਿਉਂਕਿ ਖ਼ਾਲਸੇ ਨੇ ਵੀ ਹਰ ਵੰਗਾਰ ਦਾ ਸਾਹਮਣਾ ਕੀਤਾ ਹੈ ਅਤੇ ਉਸ ਦਾ ਢੁਕਵਾਂ ਜਵਾਬ ਦੇ ਕੇ ਇਤਿਹਾਸ ਵਿਚ ਆਪਣੀ ਥਾਂ ਬਣਾਈ ਰੱਖੀ ਹੈ। ਪਰ ਅੱਜ ਸ਼ਾਇਦ ਹਾਲਤ ਇਹੋ ਜਹੀ ਨਹੀਂ। ਜਾਪਦਾ ਇਸ ਤਰ੍ਹਾਂ ਹੈ ਜਿਵੇਂ ਚਮਕੌਰ ਦੇ ਸ਼ਹੀਦਾਂ ਦੀਆਂ ਰੂਹਾਂ ਮੌਜੂਦਾ ਹਾਲਾਤ ‘ਤੇ ਇੰਝ ਕਹਿ ਰਹੀਆਂ ਹੋਣ :
‘ਅਬ ਇਤਨਾ ਸ਼ੋਰ ਹੈ ਕੁਛ ਭੀ ਸਮਝ ਨਹੀਂ ਆਤਾ,
ਵੋ ਦਿਨ ਭੀ ਥੇ ਕਿ ਸਿਤਾਰੋਂ ਸੇ ਬਾਤ ਕੀ ਹਮਨੇ।’