ਪੰਦਰਾਂ ਹਜ਼ਾਰ ਬਜ਼ੁਰਗ ਬੁਢਾਪਾ ਪੈਨਸ਼ਨ ਉਡੀਕਦੇ ਉਡੀਕਦੇ ਦੁਨੀਆ ਤੋਂ ਰੁਖ਼ਸਤ

0
308

budapah-pension
ਪੰਜ ਹਜ਼ਾਰ ਬਜ਼ੁਰਗਾਂ ਨੂੰ ਪਹਿਲੀ ਪੈਨਸ਼ਨ ਲੈਣੀ ਵੀ ਨਸੀਬ ਨਾ ਹੋਈ
ਬਠਿੰਡਾ/ਬਿਊਰੋ ਨਿਊਜ਼ :
ਪੰਜਾਬ ਵਿਚ ਕਰੀਬ ਪੰਦਰਾਂ ਹਜ਼ਾਰ ਬਜ਼ੁਰਗ ਬੁਢਾਪਾ ਪੈਨਸ਼ਨ ਉਡੀਕਦੇ ਉਡੀਕਦੇ ਰੱਬ ਨੂੰ ਪਿਆਰੇ ਹੋ ਗਏ ਹਨ ਜਦੋਂ ਕਿ ਪੰਜ ਹਜ਼ਾਰ ਬਜ਼ੁਰਗਾਂ ਨੂੰ ਪਹਿਲੀ ਪੈਨਸ਼ਨ ਲੈਣੀ ਵੀ ਨਸੀਬ ਨਹੀਂ ਹੋ ਸਕੀ ਹੈ। ਸੀਨੀਅਰ ਪੱਤਰਕਾਰ ਚਰਨਜੀਤ ਭੁੱਲਰ ਦੀ ਰਿਪੋਰਟ ਅਨੁਸਾਰ ਪੰਜਾਬ ਵਿਚ ਆਖਰੀ ਦਫ਼ਾ ਬਜ਼ੁਰਗਾਂ ਨੂੰ ਬੁਢਾਪਾ ਪੈਨਸ਼ਨ ਅਕਤੂਬਰ 2016 ਦੀ ਮਹੀਨੇ ਦੀ ਵੰਡੀ ਗਈ ਸੀ। ਪੰਜਾਬ ਵਿਚ ਕਰੀਬ 14 ਲੱਖ ਬਜ਼ੁਰਗ ਬੁਢਾਪਾ ਪੈਨਸ਼ਨ ਲੈ ਰਹੇ ਹਨ। ਪੰਜਾਬ ਸਰਕਾਰ ਨੇ ਜਨਵਰੀ 2016 ਤੋਂ ਬੁਢਾਪਾ ਪੈਨਸ਼ਨ 250 ਤੋਂ ਵਧਾ ਕੇ 500 ਰੁਪਏ ਕਰ ਦਿੱਤੀ ਸੀ ਅਤੇ ਫਰਵਰੀ ਮਹੀਨੇ ਵਿਚ ਹਰ ਜ਼ਿਲ੍ਹੇ ਵਿਚ ਵਿਸ਼ੇਸ਼ ਸਮਾਗਮ ਕਰਕੇ ਇਹ ਪੈਨਸ਼ਨਾਂ ਵੰਡੀਆਂ ਗਈਆਂ ਸਨ। ਨਵੀਂ ਸਰਕਾਰ ਵੀ ਬਿਨਾਂ ਕਿਸੇ ਵਾਧੇ ਤੋਂ ਪੰਜ ਸੌ ਰੁਪਏ ਬੁਢਾਪਾ ਪੈਨਸ਼ਨ ਭੇਜ ਰਹੀ ਹੈ। ਮਾਨਸਾ ਦੇ ਪਿੰਡ ਤਾਮਕੋਟ ਦਾ ਬਜ਼ੁਰਗ ਨਛੱਤਰ ਸਿੰਘ ਕੈਂਸਰ ਦਾ ਮਰੀਜ਼ ਸੀ, ਜਿਸ ਨੇ ਖੁਦਕੁਸ਼ੀ ਕਰਕੇ ਜਾਨ ਦੇ ਦਿੱਤੀ। ਬਜ਼ੁਰਗ ਨੂੰ ਨਾ ਪੰਜ ਮਹੀਨੇ ਤੋਂ ਬੁਢਾਪਾ ਪੈਨਸ਼ਨ ਮਿਲੀ ਸੀ ਅਤੇ ਨਾ ਹੀ ਮਨਰੇਗਾ ਦੀ ਦਿਹਾੜੀ। ਇਸੇ ਪਿੰਡ ਦੀ ਗੁਰਨਾਮ ਕੌਰ ਦੀ ਨਵੀਂ ਬੁਢਾਪਾ ਪੈਨਸ਼ਨ ਲੱਗੀ ਸੀ। ਸਰਕਾਰ ਨੇ ਜਦੋਂ ਬੁਢਾਪਾ ਪੈਨਸ਼ਨ ਭੇਜੀ ਤਾਂ ਉਦੋਂ ਤੱਕ ਇਸ ਬਜ਼ੁਰਗ ਦੀ ਮੌਤ ਹੋ ਚੁੱਕੀ ਸੀ। ਪਿੰਡ ਦੇ ਸਰਪੰਚ ਰਣਜੀਤ ਸਿੰਘ ਨੇ ਦੱਸਿਆ ਕਿ ਕਰੀਬ ਅੱਠ ਬਜ਼ੁਰਗ ਤਾਂ ਪੈਨਸ਼ਨ ਦੀ ਉਡੀਕ ਵਿੱਚ ਹੀ ਜਹਾਨੋਂ ਚਲੇ ਗਏ ਹਨ ਜੋ ਬਹੁਤ ਲੋੜਵੰਦ ਸਨ। ਬਠਿੰਡਾ ਦੇ ਪਿੰਡ ਸ਼ੇਖਪੁਰਾ ਦਾ ਬਜ਼ੁਰਗ ਜੈਲਾ ਸਿੰਘ ਪਹਿਲੀ ਬੁਢਾਪਾ ਪੈਨਸ਼ਨ ਹੀ ਨਹੀਂ ਲੈ ਸਕਿਆ। ਸ਼ੇਖਪੁਰਾ ਦੇ ਸਰਪੰਚ ਰਾਜ ਕੁਮਾਰ ਨੇ ਦੱਸਿਆ ਕਿ ਪਿੰਡ ਵਿਚ ਕਰੀਬ ਸੱਤ ਬਜ਼ੁਰਗ ਅਕਤੂਬਰ 2016 ਤੋਂ ਮਗਰੋਂ ਮੌਤ ਦੇ ਮੂੰਹ ਜਾ ਪਏ ਹਨ ਜਿਨ੍ਹਾਂ ਨੂੰ ਪੰਜ ਮਹੀਨੇ ਤੋਂ ਪੈਨਸ਼ਨ ਨਹੀਂ ਮਿਲੀ ਸੀ। ਬਜ਼ੁਰਗ ਸੁਖਦੇਵ ਸਿੰਘ ਪੈਨਸ਼ਨ ਦੀ ਉਡੀਕ ਕਰਦਾ ਕਰਦਾ ਚੱਲ ਵਸਿਆ। ਪਿੰਡ ਬੰਗੀ ਰੁਲਦੂ ਦੇ ਪੰਜ ਬਜ਼ੁਰਗ ਜਹਾਨੋਂ ਚਲੇ ਗਏ ਹਨ। 76 ਵਰ੍ਹਿਆਂ ਦੀ ਜਸਵਿੰਦਰ ਕੌਰ ਪੈਨਸ਼ਨ ਉਡੀਕਦੀ ਚਲੀ ਗਈ।
ਸਰਪੰਚ ਦਲਬੀਰ ਕੌਰ ਨੇ ਦੱਸਿਆ ਕਿ ਛੇ ਮਹੀਨੇ ਮਗਰੋਂ ਹੁਣ ਨਵੀਂ ਪੈਨਸ਼ਨ ਰਿਲੀਜ਼ ਹੋਈ ਹੈ। ਇਵੇਂ ਪਿੰਡ ਕੋਟਬਖਤੂ ਦਾ 76 ਵਰ੍ਹਿਆਂ ਦਾ ਮੁਕੰਦ ਸਿੰਘ ਨਵੀਂ ਸਰਕਾਰ ਦੀ ਭੇਜੀ ਪੈਨਸ਼ਨ ਤੋਂ ਪਹਿਲਾਂ ਹੀ ਜਹਾਨੋਂ ਕੂਚ ਕਰ ਗਿਆ। ਸਰਪੰਚ ਕਮਲਾ ਦੇਵੀ ਨੇ ਦੱਸਿਆ ਕਿ ਪੰਜ ਛੇ ਬਜ਼ੁਰਗਾਂ ਦੀ ਮੌਤ ਹੋ ਚੁੱਕੀ ਹੈ। ਜਾਣਕਾਰੀ ਅਨੁਸਾਰ ਪਿਛਲੀ ਸਰਕਾਰ ਨੇ ਅਕਤੂਬਰ 2016 ਤੱਕ ਦੀ ਬੁਢਾਪਾ ਪੈਨਸ਼ਨ ਵੰਡੀ ਹੈ। ਚੋਣਾਂ ਤੋਂ ਐਨ ਪਹਿਲਾਂ ਵਾਲੇ ਤਿੰਨ ਮਹੀਨਿਆਂ ਵਿਚ ਪੁਰਾਣੀ ਸਰਕਾਰ ਨੇ 1.30 ਲੱਖ ਬਜ਼ੁਰਗਾਂ ਨੂੰ ਨਵੀਂ ਬੁਢਾਪਾ ਪੈਨਸ਼ਨ ਲਾਈ ਸੀ। ਕੈਪਟਨ ਸਰਕਾਰ ਨੇ ਹੁਣ ਨਵੰਬਰ ਅਤੇ ਦਸੰਬਰ 2016 ਦੀ ਪੈਨਸ਼ਨ ਜਾਰੀ ਕੀਤੀ ਹੈ ਜੋ ਕਰੀਬ 256 ਕਰੋੜ ਰੁਪਏ ਬਣਦੀ ਹੈ। ਨਵੀਂ ਸਰਕਾਰ ਵਲੋਂ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਵਿਚ ਪੈਨਸ਼ਨ ਪਾਈ ਜਾਣੀ ਹੈ, ਜਿਸ ਕਰ ਕੇ ਹਰ ਜ਼ਿਲ੍ਹੇ ਵਿਚ ਲਾਭਪਾਤਰੀਆਂ ਦੇ ਬੈਂਕ ਖਾਤਿਆਂ ਦੇ ਨੰਬਰ ਇਕੱਤਰ ਕਰਨ ਦੀ ਮੁਹਿੰਮ ਚੱਲ ਰਹੀ ਹੈ। ਬਠਿੰਡਾ ਜ਼ਿਲ੍ਹੇ ਵਿਚ ਕਰੀਬ 81 ਹਜ਼ਾਰ ਪੈਨਸ਼ਨ ਹੋਲਡਰ ਹਨ। ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫਸਰ ਬਠਿੰਡਾ ਸ੍ਰੀ ਨਵੀਨ ਗਡਵਾਲ ਦਾ ਕਹਿਣਾ ਸੀ ਕਿ ਹੁਣ ਜੋ ਬੈਂਕ ਖਾਤਿਆਂ ਦੀ ਰਿਪੋਰਟ ਆ ਰਹੀ ਹੈ, ਉਸ ਅਨੁਸਾਰ ਹਰ ਪਿੰਡ ਵਿਚ ਔਸਤਨ ਦੋ ਤੋਂ ਚਾਰ ਪੈਨਸ਼ਨ ਹੋਲਡਰਾਂ ਦੀ ਮੌਤ ਹੋ ਚੁੱਕੀ ਹੈ। ਇਸ ਹਿਸਾਬ ਨਾਲ ਕਰੀਬ ਪੰਦਰਾਂ ਹਜ਼ਾਰ ਬਜ਼ੁਰਗਾਂ ਦੀ ਮੌਤ ਹੋਣ ਦਾ ਅੰਦਾਜ਼ਾ ਹੈ ਜਿਨ੍ਹਾਂ ਨੂੰ ਆਖਰੀ ਬੁਢਾਪਾ ਪੈਨਸ਼ਨ ਅਕਤੂਬਰ 2016 ਵਿਚ ਮਿਲੀ ਸੀ।