‘ਦਾ ਬਲੈਕ ਪ੍ਰਿੰਸ’ ਤੇ ਸਿੱਖ ਇਤਿਹਾਸ

0
524

black-prince-bamba
ਤੋੜੇ ਮਰੋੜੇ ਤੱਥਾਂ ਪਿਛਲੀ ਸੱਚਾਈ ਨੂੰ ਲੱਭਣ ਤੇ ਪੇਸ਼ ਕਰਨ ਤੱਕ ਦਾ ਸਫ਼ਰ
ਜਸਜੀਤ ਸਿੰਘ
ਲੰਬੇ ਸਮੇਂ ਤੋਂ ਸਿੱਖਾਂ ਦੀ ਇਹ ਸ਼ਿਕਾਇਤ ਰਹੀ ਹੈ ਕਿ ਬਰਤਾਨੀਆ ਨੇ ਸਾਡੇ ਇਤਿਹਾਸ ਨੂੰ ਤੋੜਿਆ-ਮਰੋੜਿਆ ਤੇ ਗ਼ਲਤ ਢੰਗ ਨਾਲ ਪੇਸ਼ ਕੀਤਾ ਹੈ। ਸਿੱਖ ਰਾਜ ਨਾਲ ਸਬੰਧਤ ਸਾਡੇ ਇਤਿਹਾਸ ਦਾ ਦੌਰ, ਇਸ ਦਾ ਪਤਨ ਅਤੇ ਮਹਾਰਾਜਾ ਦਲੀਪ ਸਿੰਘ ਦਾ ਜੀਵਨ ਕਾਲ ਅੰਗਰੇਜ਼ੀ ਹਕੂਮਤ ਦੀ ਬੇਰੁਖ਼ੀ ਦੀਆਂ ਬਿਹਤਰੀਨ ਮਿਸਾਲਾਂ ਹਨ। ‘ਦੀ ਬਲੈਕ ਪ੍ਰਿੰਸ’ ਬਣਾਉਣ ਪਿਛੇ ਮਕਸਦ ਸਿਰਫ਼ ਤੇ ਸਿਰਫ਼ ਉਨ੍ਹਾਂ ਦੀ ਦੁਖਾਂਤਕ ਜ਼ਿੰਦਗੀ ਦੇ ਪੱਖਾਂ ਨੂੰ ਦੁਨੀਆ ਸਾਹਮਣੇ ਪੇਸ਼ ਕਰਨਾ ਸੀ। ਬਰਤਾਨਵੀ ਹਕੂਮਤ ਵਲੋਂ ਬਾਕਾਇਦਗੀ ਨਾਲ ਮਿੱਥ ਕੇ ਖ਼ਤਮ ਕੀਤੇ ਸਿੱਖ ਰਾਜ ਤੇ ਮਹਾਰਾਜਾ ਦਲੀਪ ਸਿੰਘ ‘ਤੇ ਪਏ ਅਸਰ ਦੇ ਗਹਿਰ-ਗੰਭੀਰ ਅਧਿਐਨ ਮਗਰੋਂ ਹੀ ਇਸ ਨੂੰ ਫ਼ਿਲਮੀ ਰੂਪ ਦਿੱਤਾ ਗਿਆ। ਮਹਾਰਾਜਾ ਦਲੀਪ ਸਿੰਘ ਬਾਰੇ ਕਈ ਤਰ੍ਹਾਂ ਦੀਆਂ ਝੂਠੀਆਂ ਕਹਾਣੀਆਂ ਘੜੀਆਂ ਗਈਆਂ, ਜਿਨ੍ਹਾਂ ਨੂੰ ਬਰਤਾਨਵੀ ਫ਼ੌਜਾਂ ਦੇ ਅਸਲ ਮਕਸਦ ਨੂੰ ਸਮਝੇ ਬਿਨਾਂ ਜਾਣਿਆ ਨਹੀਂ ਜਾ ਸਕਦਾ।
ਜਿਵੇਂ ਕਿ ਭਾਰਤ ਦੇ ਕੁਝ ਨਸਲਵਾਦੀਆਂ ਨੇ ਵੀ ਬਾਂਬਾ ਮਿਊਲਰ ਦੀ ਕਾਸਟਿੰਗ ਨੂੰ ਲੈ ਕੇ ਬੇਤੁਕੇ ਇਲਜ਼ਾਮ ਲਾਏ ਹਨ, ਤਾਂ ਉਨ੍ਹਾਂ ਲਈ ਜਵਾਬ ਇਹੋ ਹੈ ਕਿ ਕਾਸਟਿੰਗ ਡਾਇਰੈਕਟਰ ਨਿੱਕੀ ਟੌਪਿੰਗ ਨੇ ਇਹ ਚੋਣ ਬਾਕਾਇਦਾ ਖੋਜ ਕਰਕੇ ਅਤੇ ਅਸਲ ਤਸਵੀਰਾਂ ਦੇ ਆਧਾਰ ‘ਤੇ ਕੀਤੀ ਸੀ। ਹੇਠਾਂ ਦਿੱਤੀਆਂ ਗਈਆਂ ਤਸਵੀਰਾਂ ਦੀਆਂ ਅੱਖਾਂ, ਬੁੱਲ੍ਹ, ਮੱਥਾ ਅਤੇ ਨੱਕ ਸਮਾਨਤਾ ਨੂੰ ਦਰਸਾਉਂਦੀਆਂ ਹਨ। ਖ਼ੈਰ, ਸਾਨੂੰ ਇਹ ਨਹੀਂ ਭੁੱਲਣਾ ਚਾਹੀਦਾ ਕਿ ਉਹ ਮਿਸ਼ਰਤ ਨਸਲ ਦੇ ਮਾਪਿਆਂ ਦੀ ਔਲਾਦ ਸੀ ਅਤੇ ਜ਼ਾਹਰਾ ਤੌਰ ‘ਤੇ ਉਸ ਦੇ ਪਿਤਾ ਦਾ ਰੰਗ ਜ਼ਿਆਦਾ ਪ੍ਰਭਾਵਤ ਕਰਦਾ ਦਿਖਾਈ ਦਿੰਦਾ ਹੈ, ਜੋ ਕਿ ਜਰਮਨ ਸੀ।
ਇਹ ਫ਼ਿਲਮ ਇਸ ਵਿਸ਼ੇ ‘ਤੇ ਕੋਈ ਆਖ਼ਰੀ ਫ਼ਤਵਾ ਜਾਰੀ ਕਰਨ ਦਾ ਦਾਅਵਾ ਨਹੀਂ ਕਰਦੀ ਕਿਉਂਕਿ ਅਜਿਹੀਆਂ ਧਾਰਨਾਵਾਂ ਨੂੰ ਅਸਰ-ਅੰਦਾਜ਼ ਕਰਨ ਦੇ ਇਰਾਦੇ ਨਿਰਾ ਬਕਵਾਸ ਹਨ। ਇਹ ਕੁਝ ਲੋਕਾਂ ਦੇ ਆਪਣੇ ਖ਼ੁਦ ਦੇ ਵਿਚਾਰਾਂ ਅਤੇ ਇਛਾਵਾਂ ਦਾ ਪ੍ਰਗਟਾਵਾ ਮਾਤਰ ਹੈ ਜੋ ਪੰਜਾਬ ਦੇ ਆਖ਼ਰੀ ਸ਼ਾਸ਼ਕ ਦੀ ਬੇਹੱਦ ਦੁਖਾਂਤਕ ਜ਼ਿੰਦਗੀ ਨੂੰ ਆਪਣੇ ਮੁਤਾਬਕ ਦੇਖਣਾ ਚਾਹੁੰਦੇ ਹਨ। ਕੀ ਇਹ ਸੁਝਾਅ ਦਿੱਤਾ ਜਾ ਰਿਹਾ ਹੈ, ਕਿਉਂਕਿ ਉਹ ਕਾਬਲ ਨਹੀਂ ਸੀ, ਇਸ ਲਈ ਸਾਨੂੰ ਉਸ ਨੂੰ ਸਵੀਕਾਰਨਾ ਨਹੀਂ ਚਾਹੀਦਾ?
ਅਜਿਹੀਆਂ ਕਿਹੜੀਆਂ ਸਥਿਤੀਆਂ ਰਹੀਆਂ ਹੋਣਗੀਆਂ, ਜਿਨ੍ਹਾਂ ਤਹਿਤ ਉਸ ਨੇ ਆਪਣੀ ਆਖ਼ਰੀ ਇੱਛਾ ਬਿਆਨ ਕੀਤੀ? ਕੀ ਉਸ ਨੂੰ ਪਤਾ ਸੀ ਕਿ ਉਸ ਦੀ ਮੌਤ ਕਿੱਥੇ ਹੋਵੇਗੀ? ਕੀ ਉਸ ਦੇ ਪੁੱਤਰ ਮਹਾਰਾਣੀ ਵਿਕਟੋਰੀਆ ਨਾਲ ਸਾਂਝ ਨਹੀਂ ਸੀ ਪਾਉਣਾ ਚਾਹੁੰਦੇ ਤਾਂ ਜੋ ਉਹ ਉਸ ਦਾ ਖ਼ਿਤਾਬ ਅਤੇ ਜੋ ਕੁਝ ਵੀ ਵਿਰਾਸਤ ਸੀ, ਹਾਸਲ ਕਰ ਸਕਣ? ਅਸੀਂ ਉਸ ਦੇ ਅਰੂੜ ਸਿੰਘ ਨਾਲ ਆਖ਼ਰੀ ਪੱਤਰ-ਵਿਹਾਰ ਨੂੰ ਕਿਵੇਂ ਨਜ਼ਰਅੰਦਾਜ਼ ਕਰ ਸਕਦੇ ਹਨ, ਜਿਸ ਵਿਚ ਦਲੀਪ ਨੇ ਬਿਆਨ ਕੀਤਾ ਸੀ ਕਿ ਉਸ ਨੂੰ ਮੌਤ ਤੋਂ ਬਾਅਦ ਵੀ ਪੰਜਾਬ ਨਹੀਂ ਜਾਣ ਦਿੱਤਾ ਜਾਵੇਗਾ? ਇਸੇ ਤਰ੍ਹਾਂ ਦੇ ਪੱਤਰ-ਵਿਹਾਰ ਵਿਚ ਉਹ ਕਹਿੰਦਾ ਹੈ ਕਿ ਉਸ ਨੂੰ ਉਥੇ ਹੀ ਦਫ਼ਨਾਇਆ ਜਾਵੇ, ਜਿੱਥੇ ਉਸ ਦੀ ਮੌਤ ਹੋਵੇ, ਇਸ ਲਈ ਨਹੀਂ ਕਿ ਉਹ ਪੈਰਿਸ ਵਿਚ ਮਰਨਾ ਚਾਹੁੰਦਾ ਸੀ ਪਰ ਕਿਉਂਕਿ ਉਹ ਜਾਣਦਾ ਸੀ ਕਿ ਬਰਤਾਨਵੀ ਉਸ ਨੂੰ ਆਪਣੇ ਪੁਰਖ਼ਿਆਂ ਦੀ ਸਰਜ਼ਮੀਨ ਵਿਚ ਦਾਖ਼ਲ ਹੋਣ ਦੀ ਆਗਿਆ ਨਹੀਂ ਦੇਣਗੇ। ਉਸ ਨੇ ਆਤਮਸਮਰਪਣ ਨਹੀਂ ਸੀ ਕੀਤਾ, ਸਗੋਂ ਲਾਚਾਰ ਸਥਿਤੀਆਂ ਨੂੰ ਉਸ ਨੇ ਸਵੀਕਾਰ ਕਰ ਲਿਆ ਸੀ। ਕੀ ਅਸੀਂ ਨਹੀਂ ਜਾਣਦੇ ਕਿ ਉਸ ਵੇਲੇ ਯੂਰਪ ਵਿਚ ਅੰਤਿਮ ਸੰਸਕਾਰ ਕਰਨ ਦੀ ਆਗਿਆ ਨਹੀਂ ਸੀ?
ਇਹ ਸਾਰੇ ਅਜਿਹੇ ਸਵਾਲ ਹਨ, ਜੋ ਖ਼ਾਸ ਧਿਆਨ ਦੀ ਮੰਗ ਕਰਦੇ ਹਨ।
ਉਸ ਦੇ ਸਿੱਖ ਧਰਮ-ਪਰਿਵਰਤਣ ਦੀ ਕਮਜ਼ੋਰੀ ਅਤੇ ਦਲੀਪ ਦੇ ਨਿੱਜੀ ਹਿਤਾਂ ਦਾ ਮਕਸਦ, ਜਿਸ ‘ਤੇ ਉਸ ਨੇ ਸਵਾਲ ਉਠਾਏ, ਵਰਗੇ ਦੋਸ਼ਾਂ ਤੋਂ ਸਾਨੂੰ ਪਾਰ ਜਾ ਕੇ ਦੇਖਣ ਦੀ ਲੋੜ ਹੈ। ਬਜਾਏ ਇਸ ਦੇ, ਸਾਨੂੰ ਇਹ ਸਮਝਣ ਦੀ ਜ਼ਰੂਰਤ ਹੈ ਕਿ ਦਲੀਪ ਨੂੰ ਪੰਜਾਬ ਤੋਂ ਬੇਦਖ਼ਲ ਕਿਉਂ ਕੀਤਾ ਗਿਆ, ਧਰਮ ਬਦਲਿਆ ਗਿਆ ਅਤੇ ਉਸ ਨੂੰ ਆਪਣੇ ਵਤਨ ਵਾਪਸ ਆਉਣ ਤੇ ਉਥੇ ਹੀ ਵੱਸਣ ਤੋਂ ਕਿਉਂ ਰੋਕਿਆ ਗਿਆ? ਇਹ ਇਸ ਲਈ ਕਿਉਂਕਿ, ਭਾਵੇਂ ਉਹ ਇਕੱਲੇ ਤੌਰ ‘ਤੇ ਵੀ ਉਨ੍ਹਾਂ ਲਈ ਪ੍ਰੇਸ਼ਾਨੀ ਸੀ ਪਰ ਬਰਤਾਨਵੀ ਹਕੂਮਤ ਨੇ ਉਸ ਦੇ ਸਿੱਖੀ ਪ੍ਰਤੀ ਵਿਸ਼ਵਾਸ ਨੂੰ ਆਪਣੀ ਹਕੂਮਤ ਦੀ ਸਥਾਪਤੀ ਲਈ ਖ਼ਤਰਾ ਸਮਝਿਆ।
ਪੈਰਿਸ ਵਿਚ ਰਹਿੰਦਿਆਂ ‘ਕੜਾਹ-ਪ੍ਰਸ਼ਾਦ’ ਲਈ ਦਰਬਾਰ ਸਾਹਿਬ ਅਤੇ ਹਜ਼ਰੂ ਸਾਹਿਬ, ਨੰਦੇੜ ਵਾਸਤੇ ਗੁਪਤ ਢੰਗ ਨਾਲ ਪੈਸੇ ਭੇਜਣਾ ਅਤੇ ‘ਦੇਸ਼ ਨਿਕਾਲੇ’ ਦਾ ਐਲਾਨ ਕਰਨਾ ਕੀ ਸਿੱਖ ਭਾਵਨਾਵਾਂ ਜਾਂ ਰਵਾਇਤਾਂ ਦੀ ਕਿਸੇ ਵਿਅਕਤੀ ਨੂੰ ਸਮਝ ਨਾ ਹੋਣ ਦਾ ਸੰਕੇਤ ਹਨ?
ਪੰਜਾਬ ਦੀ ਮਿੱਟੀ ਵਿਚ ਆਪਣੇ ਫੁੱਲ (ਅਸਥੀਆਂ) ਭੇਜਣ ਦੀ ਇੱਛਾ ਨਵੀਂ ਨਹੀਂ। ਸਿੱਖਿਆਵਾਦੀਆਂ ਅਤੇ ਸਿਆਸੀ ਵਿਸ਼ਲੇਸ਼ਕਾਂ ਦੇ ਨਾਲ ਨਾਲ ਸਾਧਾਰਨ ਬੰਦਾ ਵੀ ਇਹ ਜਾਣਦਾ ਹੈ। ਜੇਕਰ ਬਹਾਦਰ ਸ਼ਾਹ ਜ਼ਫ਼ਰ ਦੇ ਵਾਰਸ ਰੰਗੂਨ, ਜਿੱਥੇ ਉਹ ਮਰਿਆ ਸੀ, (ਬਰਤਾਨਵੀ ਹਕੂਮਤ ਵਲੋਂ ਜਬਰੀ ਦੇਸ਼ ਨਿਕਾਲਾ ਦਿੱਤਾ ਗਿਆ ਸੀ) ਤੋਂ ਉਸ ਦੇ ਫੁੱਲ (ਅਸਥੀਆਂ) ਮੰਗ ਸਕਦੇ ਹਨ ਤਾਂ ਸਿੱਖਾਂ ਨੂੰ ਆਪਣੇ ਆਖ਼ਰੀ ਸ਼ਾਸਕ ਲਈ ਨਿਆਂ ਦੇਣ ਤੋਂ ਇਨਕਾਰ ਕਿਉਂ ਕੀਤਾ ਜਾ ਰਿਹਾ ਹੈ?
ਵੱਡੀ ਤਾਦਾਦ ਵਿਚ ਮਿਲੇ ਤੁਹਾਡੇ ਪਿਆਰ ਤੇ ਸਮਰਥਨ ਲਈ ਬਹੁਤ ਬਹੁਤ ਸ਼ੁਕਰੀਆ ਅਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਫ਼ਿਲਮ ਨੂੰ ਪੂਰੀ ਦੁਨੀਆ ਵਿਚ ਸਫਲ ਬਣਾਉਗੇ।