ਬੀਜੇਪੀ ਵਿਧਾਇਕ ਦਾ ਕੁੜੀਆਂ ਨੂੰ ਚੁੱਕਣ ਦੇ ਬਿਆਨ ਵਾਲਾ ਵੀਡੀਓ ਵਾਇਰਲ

0
79

bjp_mla
ਮੁੰਬਈ/ਬਿਊਰੋ ਨਿਊਜ਼ :
ਮਹਾਰਾਸ਼ਟਰ ਵਿਚ ਸੱਤਾਧਾਰੀ ਬੀਜੇਪੀ ਦੇ ਵਿਧਾਇਕ ਦੇ ਇਕ ਬਿਆਨ ਦਾ ਵੀਡੀਓ ਵਾਇਰਲ ਹੋਇਆ ਹੈ, ਜਿਸ ਵਿਚ ਉਹ ਕਿਸੇ ਕੁੜੀ ਨੂੰ ਚੁੱਕ ਕੇ ਲੈ ਜਾਣ ਦੀ ਗੱਲ ਕਰਦੇ ਦਿਖਾਈ ਦੇ ਰਹੇ ਹਨ।
ਉਨ੍ਹਾਂ ਨੇ ਵੀਡੀਓ ਵਿਚ ਨੌਜਵਾਨਾਂ ਨੂੰ ਸਪਸ਼ਟ ਕਿਹਾ ਕਿ ਉਹ ਜਿਸ ਲੜਕੀ ਨੂੰ ਪਸੰਦ ਕਰਦੇ ਹਨ, ਜੇ ਉਸ ਲੜਕੀ ਨੇ ਉਨ੍ਹਾਂ ਦਾ ਪ੍ਰਸਤਾਵ ਠੁਕਰਾਇਆ ਤਾਂ ਉਹ ਉਸ ਨੂੰ ਅਗਵਾ ਕਰ ਲੈਣਗੇ। ਵਿਧਾਇਕ ਰਾਮ ਕਦਮ ਨੇ ਮੁੰਬਈ ਦੇ ਘਾਟਕੋਪਰ ਵਿਧਾਨ ਸਭਾ ਖੇਤਰ ਵਿਚ ‘ਦਹੀਹਾਂਡੀ’ ਪ੍ਰੋਗਰਾਮ ਦੌਰਾਨ ਟਿੱਪਣੀ ਕੀਤੀ। ਉਹ ਘਾਟਕੋਪਰ ਵਿਧਾਨ ਸਭਾ ਖੇਤਰ ਤੋਂ ਹੀ ਵਿਧਾਇਕ ਹਨ।
ਬੀਜੇਪੀ ਵਿਧਾਇਕ ਦੀ ਉਕਤ ਟਿੱਪਣੀ ਵਾਲੀ ਵੀਡੀਓ ਸੋਸ਼ਲ ਮੀਡੀਆ ਉਤੇ ਜੰਮ ਕੇ ਵੀ ਵਾਇਰਲ ਹੋ ਰਹੀ ਹੈ। ਵੀਡੀਓ ਵਿਚ ਉਹ ਨੌਜਵਾਨਾਂ ਦੀ ਭੀੜ ਨੂੰ ਇਹ ਕਹਿੰਦੇ ਵੀ ਦਿਖਾਈ ਦੇ ਰਹੇ ਹਨ ਕਿ ਉਹ ਕਿਸੇ ਵੀ ਕੰਮ ਲਈ ਉਨ੍ਹਾਂ ਨੂੰ ਮਿਲ ਸਕਦੇ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਮਦਦ ਲਈ ਕੁਝ ਅਜਿਹੇ ਨੌਜਵਾਨਾਂ ਦੀਆਂ ਸ਼ਿਕਾਇਤਾਂ ਮਿਲੀਆਂ ਹਨ ਜਿਨ੍ਹਾਂ ਦੇ ਪ੍ਰਸਤਾਵ ਨੂੰ ਕੁੜੀਆਂ ਨੇ ਠੁਕਰਾ ਦਿੱਤਾ ਹੈ।ਵੀਡੀਓ ‘ਚ ਸੰਬੋਧਨ ਕਰਦਿਆਂ ਵਿਧਾਇਕ ਕਦਮ ਨੇ ਅੱਗੇ ਕਿਹਾ ਕਿ 100 ਫੀਸਦੀ ਉਹ ਇਸ ਕੰਮ ਵਿਚ ਨੌਜਵਾਨਾਂ ਦੀ ਮਦਦ ਕਰਨਗੇ। ਨੌਜਵਾਨ ਆਪਣੇ ਮਾਤਾ-ਪਿਤਾ ਨਾਲ ਉਨ੍ਹਾਂ ਕੋਲ ਆਉਣ। ਜੇ ਮਾਤਾ-ਪਿਤਾ ਰਜ਼ਾਮੰਦੀ ਦਿੰਦੇ ਹਨ ਤਾਂ ਉਹ ਸਬੰਧਤ ਲੜਕੀ ਨੂੰ ਅਗਵਾ ਕਰ ਲੈਣਗੇ ਤੇ ਵਿਆਹ ਲਈ ਨੌਜਵਾਨ ਦੇ ਹਵਾਲੇ ਕਰ ਦੇਣਗੇ।
ਵੀਡੀਓ ਵਿੱਚ ਵਿਧਾਇਕ ਕਦਮ ਨੇ ਨੌਜਵਾਨਾਂ ਦੀ ਭੀੜ ਨਾਲ ਆਪਣਾ ਮੋਬਾਈਲ ਨੰਬਰ ਵੀ ਸਾਂਝਾ ਕੀਤਾ। ਇਸ ਕਲਿੱਪ ਬਾਰੇ ਪੁੱਛੇ ਜਾਣ ‘ਤੇ ਕਦਮ ਨੇ ਕਿਹਾ ਕਿ ਉਨ੍ਹਾਂ ਦੀਆਂ ਟਿੱਪਣੀਆਂ ਨੂੰ ਤੋੜ-ਮਰੋੜ ਕੇ ਪੇਸ਼ ਕੀਤਾ ਗਿਆ ਹੈ।