ਲੁਟੇਰਿਆਂ ਨੇ ਬੀਕਾਨੇਰ ਐਕਸਪ੍ਰੈੱਸ ਵਿੱਚ ਪੰਜਾਬ ਦੇ ਪੰਜ ਪਰਿਵਾਰ ਲੁੱਟੇ

0
412

loot Victim families of Sarai Rohilla Train coming out GRP police station after record their statement  in Bathinda on Sunday.- Tribune photo: Pawan sharma

ਜੀਆਰਪੀ ਪੁਲੀਸ ਨੂੰ ਪੀੜਤ ਆਪਣੀ ਸ਼ਿਕਾਇਤ ਦਰਜ ਕਰਵਾ ਕੇ ਬਾਹਰ ਆਉਂਦੇ ਹੋਏ।
ਬਠਿੰਡਾ/ਬਿਊਰੋ ਨਿਊਜ਼
ਐਕਸਪ੍ਰੈੱਸ ਟਰੇਨ ਵਿੱਚ ਸਵਾਰ ਬਠਿੰਡਾ ਤੇ ਅਬੋਹਰ ਦੇ ਪੰਜ ਪਰਿਵਾਰਾਂ ਤੋਂ ਲੁਟੇਰਿਆਂ ਨੇ ਹਰਿਆਣਾ ਦੇ ਜੀਂਦ ਵਿੱਚ ਸ਼ਨਿਚਰਵਾਰ ਰਾਤੀਂ ਚਾਕੂ ਦਿਖਾ ਕੇ ਲੱਖਾਂ ਰੁਪਏ ਲੁੱਟ ਲਏ। ਸਰਾਏ ਰੁਹੇਲਾ-ਬੀਕਾਨੇਰ ਐਕਸਪ੍ਰੈੱਸ ਟਰੇਨ ਵਿੱਚ ਅੱਧੀ ਰਾਤੀਂ ਜਦੋਂ ਇਹ ਵਾਰਦਾਤ ਹੋਈ, ਉਦੋਂ ਗੱਡੀ ਜੀਂਦ ਤੋਂ ਹਾਲੇ ਚੱਲੀ ਹੀ ਸੀ। ਬਠਿੰਡਾ ਦੇ ਦੋ ਪਰਿਵਾਰਾਂ ਦੇ ਤਿੰਨ ਲੱਖ ਰੁਪਏ ਅਤੇ ਅਬੋਹਰ ਦੇ ਤਿੰਨ ਪਰਿਵਾਰਾਂ ਦੇ ਕਰੀਬ ਦੋ ਲੱਖ ਰੁਪਏ ਦੀ ਨਗਦੀ ਤੇ ਗਹਿਣੇ  ਲੁੱਟੇ ਗਏ।
ਜਾਣਕਾਰੀ ਅਨੁਸਾਰ ਬਠਿੰਡਾ ਸ਼ਹਿਰ ਦੇ ਪੰਜ ਪਰਿਵਾਰ 6 ਨਵੰਬਰ ਨੂੰ ਗੋਆ ਘੁੰਮਣ ਗਏ ਸਨ, ਜਿਨ੍ਹਾਂ ਵਾਪਸੀ ਸਮੇਂ ਦਿੱਲੀ ਤੋਂ ਇਹ ਐਕਸਪ੍ਰੈੱਸ ਗੱਡੀ ਲਈ, ਜੋ ਰਾਤੀਂ 10.50 ਵਜੇ ਰਵਾਨਾ ਹੋਈ। ਇਨ੍ਹਾਂ ਵਿੱਚ ਦੋ ਠੇਕੇਦਾਰ ਭਰਾ ਮਨਪ੍ਰੀਤ ਸਿੰਘ ਅਤੇ ਮਨਇੰਦਰ ਸਿੰਘ ਮੋਖਾ ਦੇ ਪਰਿਵਾਰ, ਵਾਦੀ ਹਸਪਤਾਲ ਦੇ ਡਾਕਟਰ ਟੀ.ਪੀ.ਐਸ. ਵਾਦੀ, ਸਨਅਤਕਾਰ ਮਨਜੀਤ ਸਿੰਘ ਵਾਸੀ ਅਜੀਤ ਸਿੰਘ ਰੋਡ ਅਤੇ ਠੇਕੇਦਾਰ ਅਮਰਜੀਤ ਸਿੰਘ ਵਾਸੀ ਕਮਲਾ ਨਹਿਰੂ ਕਲੋਨੀ ਦਾ ਪਰਿਵਾਰ ਸ਼ਾਮਲ ਹਨ। ਡਾ. ਵਾਦੀ ਨੇ ਦੱਸਿਆ ਕਿ ਰਾਤ ਕਰੀਬ 12:00 ਵਜੇ ਸਾਰੇ ਪਰਿਵਾਰ ਖਾਣਾ ਖਾਣ ਮਗਰੋਂ ਸੌਂ ਗਏ ਸਨ। ਵਾਰਦਾਤ ਦਾ ਪਤਾ ਉਦੋਂ ਲੱਗਿਆ, ਜਦੋਂ ਠੇਕੇਦਾਰ ਅਮਰਜੀਤ ਸਿੰਘ ਦੀ ਪਤਨੀ ਸਤਨਾਮ ਕੌਰ ਨੇ ਰੌਲਾ ਪਾਇਆ।  ਇਨ੍ਹਾਂ ਪਰਿਵਾਰਾਂ ਨੇ ਦੱਸਿਆ ਕਿ ਪਹਿਲਾਂ ਚਾਰ ਲੁਟੇਰਿਆਂ ਨੇ ਸਤਨਾਮ ਕੌਰ ਦਾ ਪਰਸ ਖੋਹਿਆ ਅਤੇ ਉਸ ਮਗਰੋਂ ਹਰਜੀਤ ਕੌਰ ਪਤਨੀ ਮਨਇੰਦਰ ਸਿੰਘ ਮੋਖਾ ਤੋਂ ਪਰਸ ਖੋਹਿਆ ਗਿਆ।
ਇਸ ਤੋਂ ਪਹਿਲਾਂ ਦੂਜੇ ਏਸੀ ਡੱਬੇ ਵਿੱਚੋਂ ਅਬੋਹਰ ਦੇ ਤਿੰਨ ਪਰਿਵਾਰਾਂ ਤੋਂ ਚਾਕੂ ਦਿਖਾ ਕੇ ਪਰਸ ਅਤੇ ਹੋਰ ਸਾਮਾਨ ਲੁੱਟਿਆ ਗਿਆ। ਠੇਕੇਦਾਰ ਮਨਪ੍ਰੀਤ ਸਿੰਘ ਨੇ ਦੱਸਿਆ ਕਿ ਮੌਕੇ ‘ਤੇ ਪਤਾ ਲੱਗਿਆ ਕਿ ਏ.ਸੀ. ਡੱਬੇ ਦੇ ਪਖਾਨਿਆਂ ਕੋਲ ਚਾਰ ਵਿਅਕਤੀ ਖੜ੍ਹੇ ਸਨ, ਜਿਨ੍ਹਾਂ ਵਾਰਦਾਤ ਨੂੰ ਅੰਜ਼ਾਮ ਦਿੱਤਾ। ਉਸ ਮੌਕੇ ਰੇਲਵੇ ਦੀ ਕੋਈ ਸੁਰੱਖਿਆ ਨਹੀਂ  ਸੀ ਅਤੇ ਡੱਬੇ ਦੇ ਦਰਵਾਜ਼ੇ ਖੁੱਲ੍ਹੇ ਸਨ। ਇਹ ਵੀ ਦੱਸਿਆ ਕਿ ਲੁਟੇਰਿਆਂ ਨੇ ਵਾਰਦਾਤ ਮਗਰੋਂ ਚੇਨ ਖਿੱਚੀ ਅਤੇ ਗੱਡੀ ਰੁਕਣ ‘ਤੇ ਫਰਾਰ ਹੋ ਗਏ। ਉਸ ਮਗਰੋਂ ਸਾਰੇ ਪਰਿਵਾਰਾਂ ਨੇ ਰੇਲਵੇ ਮੁਲਾਜ਼ਮਾਂ ਨੂੰ ਜਾਣਕਾਰੀ ਦਿੱਤੀ।
ਵੇਰਵਿਆਂ ਅਨੁਸਾਰ ਸਤਨਾਮ ਕੌਰ ਦੇ ਪਰਸ ਵਿੱਚ 29 ਹਜ਼ਾਰ ਦੀ ਨਗਦੀ ਤੋਂ ਇਲਾਵਾ ਗਹਿਣੇ ਸਨ, ਜਿਨ੍ਹਾਂ ਦੀ ਕੀਮਤ ਕਰੀਬ ਦੋ ਲੱਖ ਰੁਪਏ ਬਣਦੀ ਹੈ। ਹਰਜੀਤ ਕੌਰ ਦੇ ਪਰਸ ਵਿੱਚ ਨਗਦੀ, ਗਹਿਣੇ ਤੇ ਕੈਮਰੇ ਆਦਿ ਸਨ। ਇਸ ਸਭ ਦੀ ਕੀਮਤ ਕਰੀਬ ਇਕ ਲੱਖ ਹੈ, ਜਿਸ ਨੂੰ ਲੁਟੇਰੇ ਲੈ ਗਏ ਹਨ। ਅੱਜ ਇਨ੍ਹਾਂ ਪਰਿਵਾਰਾਂ ਨੇ ਰੇਲਵੇ ਪੁਲੀਸ ਤੱਕ ਪਹੁੰਚ ਕੀਤੀ ਹੈ ਅਤੇ ਲਿਖਤੀ ਸ਼ਿਕਾਇਤ ਦਿੱਤੀ ਹੈ।
ਜੀਆਰਪੀ ਦੇ ਥਾਣਾ ਬਠਿੰਡਾ ਦੇ ਐਸਐਚਓ ਹਰਜਿੰਦਰ ਸਿੰਘ ਨੇ ਕਿਹਾ ਕਿ ਪੀੜਤਾਂ ਦੀ ਸ਼ਿਕਾਇਤ ਆ ਗਈ ਹੈ ਅਤੇ ਪੁਲੀਸ ਵੱਲੋਂ ਕਾਰਵਾਈ ਕੀਤੀ ਜਾ ਰਹੀ ਹੈ। ਉਨ੍ਹਾਂ ਇਸ ਬਾਰੇ ਜੀਂਦ ਪੁਲੀਸ ਨਾਲ ਗੱਲਬਾਤ ਕੀਤੀ ਹੈ। ਪਹਿਲਾਂ ਵੀ ਅਜਿਹੀਆਂ ਵਾਰਦਾਤਾਂ ਹੋਈਆਂ ਹਨ।