ਸ੍ਰੀਨਿਵਾਸ ਦੀ ਪਤਨੀ ਨੇ ਟਰੰਪ ਸਰਕਾਰ ਨੂੰ ਪੁਛਿਆ- ਨਫ਼ਰਤ ਦੀ ਬੁਨਿਆਦ ‘ਤੇ ਹੋ ਰਹੀਆਂ ਹੱਤਿਆਵਾਂ ਨੂੰ ਕਿਵੇਂ ਰੋਕੋਗੇ?

0
486

dc-cover-d0a3vavks6ave87tl7mdjnb9e5-20170226015601-medi
ਹਿਊਸਟਨ/ਬਿਊਰੋ ਨਿਊਜ਼ :
ਕਾਂਸਸ ਸਿਟੀ ਵਿੱਚ ਸਾਬਕਾ ਜਲ ਸੈਨਾ ਅਧਿਕਾਰੀ ਵੱਲੋਂ ਗੋਲੀ ਮਾਰ ਕੇ ਹਲਾਕ ਕੀਤੇ ਗਏ ਭਾਰਤੀ ਇੰਜਨੀਅਰ ਦੀ ਪਤਨੀ ਨੇ ਅਮਰੀਕੀ ਸਰਕਾਰ ਤੋਂ ਜਵਾਬ ਮੰਗਿਆ ਹੈ ਕਿ ਉਹ ਘੱਟ ਗਿਣਤੀਆਂ ਖ਼ਿਲਾਫ਼ ਨਫ਼ਰਤੀ ਅਪਰਾਧ ਰੋਕਣ ਲਈ ਕੀ ਕਰੇਗੀ। 32 ਸਾਲਾ ਸ੍ਰੀਨਿਵਾਸ ਕੁਚੀਭੋਤਲਾ ਨੂੰ ਬੁੱਧਵਾਰ ਰਾਤ ਨੂੰ ਸਿਟੀ ਬਾਰ ਵਿੱਚ ਐਡਮ ਪੁਰਿੰਟਨ ਨੇ ਗੋਲੀ ਮਾਰ ਦਿੱਤੀ ਸੀ। ਸ੍ਰੀਨਿਵਾਸ ਦੀ ਪਤਨੀ ਸੁਨੈਨਾ ਦੁਮਾਲਾ ਨੇ ਕਿਹਾ ਕਿ ਅਮਰੀਕਾ ਵਿੱਚ ਘੱਟ ਗਿਣਤੀਆਂ ਖ਼ਿਲਾਫ਼ ਪੱਖਪਾਤ ਦੀਆਂ ਰਿਪੋਰਟਾਂ ਕਾਰਨ ਉਹ ਡਰੇ ਹੋਏ ਹਨ ਅਤੇ ਦੁਬਿਧਾ ਵਿੱਚ ਹਨ, ‘ਕੀ ਉਹ ਇਥੋਂ ਦੇ ਨਹੀਂ ਹਨ।’
ਜੀਪੀਐਸ ਬਣਾਉਣ ਵਾਲੀ ਕੰਪਨੀ ਗਾਰਮਿਨ, ਜਿਸ ਵਿਚ ਸ੍ਰੀਨਿਵਾਸ ਕੰਮ ਕਰਦਾ ਸੀ, ਵੱਲੋਂ ਕਰਾਈ ਨਿਊਜ਼ ਕਾਨਫਰੰਸ ਦੌਰਾਨ ਸੁਨੈਨਾ ਨੇ ਪੁੱਛਿਆ ਕਿ ਘੱਟ ਗਿਣਤੀਆਂ ਖ਼ਿਲਾਫ਼ ਨਫ਼ਰਤੀ ਅਪਰਾਧ, ਜਿਸ ਦਾ ਸ਼ਿਕਾਰ ਉਸ ਦਾ ਪਤੀ ਵੀ ਹੋ ਗਿਆ, ਨੂੰ ਰੋਕਣ ਲਈ ਡੋਨਲਡ ਟਰੰਪ ਦੀ ਅਮਰੀਕੀ ਸਰਕਾਰ ਕੀ ਕਰੇਗੀ। ਟਰੰਪ ਦਾ ਜ਼ਿਕਰ ਕੀਤੇ ਬਗ਼ੈਰ ਸੁਨੈਨਾ ਨੇ ਕਿਹਾ, ‘ਇਸ ਮੁਲਕ ਲਈ ਬਾਹਰੋਂ ਆਉਣ ਵਾਲਾ ਹਰ ਬੰਦਾ ਨੁਕਸਾਨ ਪਹੁੰਚਾਉਣ ਨਹੀਂ ਹੈ।’ ਗੋਲੀਬਾਰੀ ਦੀਆਂ ਘਟਨਾਵਾਂ ਤੋਂ ਚਿੰਤਤ ਸੁਨੈਨਾ ਦੁਚਿੱਤੀ ਵਿੱਚ ਹੈ ਕਿ ਉਸ ਦੇ ਪਰਿਵਾਰ ਨੂੰ ਅਮਰੀਕਾ ਵਿੱਚ ਰਹਿਣਾ ਚਾਹੀਦਾ ਹੈ ਜਾਂ ਨਹੀਂ। ਦੱਸਣਯੋਗ ਹੈ ਕਿ ਰਾਸ਼ਟਰਪਤੀ ਟਰੰਪ ਦੀਆਂ ਕੁੱਝ ਮੁਲਕਾਂ ਦੇ ਨਾਗਰਿਕਾਂ ਦੇ ਅਮਰੀਕਾ ਵਿੱਚ ਦਾਖ਼ਲੇ ਉਤੇ ਰੋਕ ਅਤੇ ਮੈਕਸਿਕੋ ਸਰਹੱਦ ‘ਤੇ ਕੰਧ ਬਣਾਉਣ ਦੀਆਂ ਯੋਜਨਾਵਾਂ ਬਾਅਦ ਹੋਈ ਇਸ ਵਾਰਦਾਤ ਬਾਅਦ ਪਰਵਾਸੀ ਸਹਿਮੇ ਹੋਏ ਹਨ।
ਸੁਨੈਨਾ ਨੇ ਕਿਹਾ, ‘ਉਹ ਇਸ ਤਰ੍ਹਾਂ ਦੀ ਮੌਤ ਦਾ ਹੱਕਦਾਰ ਨਹੀਂ ਸੀ। ਮੈਨੂੰ ਨਹੀਂ ਪਤਾ ਕੀ ਕਹਿਣਾ ਹੈ। ਅਸੀਂ ਕਈ ਵਾਰ ਅਖ਼ਬਾਰਾਂ ਵਿੱਚ ਗੋਲੀਬਾਰੀ ਦੀਆਂ ਘਟਨਾਵਾਂ ਬਾਰੇ ਪੜ੍ਹਦੇ ਸੀ। ਮੈਂ ਹਮੇਸ਼ਾ ਚਿੰਤਤ ਹੁੰਦੀ ਸੀ, ਕੀ ਅਸੀਂ ਅਮਰੀਕਾ ਵਿੱਚ ਰਹਿ ਕੇ ਠੀਕ ਕਰ ਰਹੇ ਹਾਂ? ਪਰ ਉਹ ਹਰ ਵਾਰ ਮੈਨੂੰ ਭਰੋਸਾ ਦਿੰਦਾ ਸੀ ਕਿ ਅਮਰੀਕਾ ਵਿੱਚ ਬਹੁਤ ਕੁੱਝ ਚੰਗਾ ਵੀ ਵਾਪਰਦਾ ਹੈ।’ ਹਿਊਸਟਨ ਵਿੱਚ ਭਾਰਤ ਦੇ ਕੌਂਸਲ ਜਨਰਲ ਅਨੂਪਮ ਰੇਅ ਵੱਲੋਂ ਸਥਿਤੀ ‘ਤੇ ਨਜ਼ਰ ਰੱਖੀ ਜਾ ਰਹੀ ਹੈ ਅਤੇ ਪੀੜਤ ਪਰਿਵਾਰ ਤੇ ਭਾਈਚਾਰੇ ਦੀ ਹਰ ਸੰਭਵ ਮਦਦ ਕੀਤੀ ਜਾ ਰਹੀ ਹੈ।
ਇਸ ਦੌਰਾਨ ਭਾਰਤੀ ਇੰਜਨੀਅਰ ਦੀ ਹੱਤਿਆ ਦੀ ਨਿੰਦਾ ਕਰਦਿਆਂ ਮਾਈਕਰੋਸਾਫਟ ਦੇ ਭਾਰਤੀ ਮੂਲ ਦੇ ਮੁਖੀ ਸਤਿਆ ਨਡੇਲਾ ਨੇ ਟਵੀਟ ਕੀਤਾ, ‘ਬੇਹੂਦਾ ਹਿੰਸਾ ਅਤੇ ਕੱਟੜਪੁਣੇ ਦੀ ਸਾਡੇ ਸਮਾਜ ਵਿੱਚ ਕੋਈ ਜਗ੍ਹਾ ਨਹੀਂ ਹੈ। ਕਾਂਸਸ ਗੋਲੀਬਾਰੀ ਦੇ ਪੀੜਤਾਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਮੈਂ ਦਿਲੋਂ ਦੁਆ ਕਰਦਾ ਹਾਂ।’

ਨਫ਼ਰਤੀ ਅਪਰਾਧ ਬਰਦਾਸ਼ਤਯੋਗ ਨਹੀਂ: ਅਮਰੀਕੀ ਕਾਨੂੰਨਸਾਜ਼
ਵਾਸ਼ਿੰਗਟਨ: ਭਾਰਤੀ ਇੰਜਨੀਅਰਿੰਗ ਦੀ ਹੱਤਿਆ ਦੀ ਜਨਤਕ ਤੌਰ ‘ਤੇ ਨਿੰਦਾ ਕਰਦਿਆਂ ਅਮਰੀਕੀ ਕਾਨੂੰਨਸਾਜ਼ਾਂ ਨੇ ਕਿਹਾ ਕਿ ਦੇਸ਼ ਵਿੱਚ ਅਜਿਹੀਆਂ ਹਿੰਸਕ ਕਾਰਵਾਈਆਂ ਦੀ ਕੋਈ ਜਗ੍ਹਾ ਨਹੀਂ ਹੈ। ਕੈਲੀਫੋਰਨੀਆ ਤੋਂ ਸੈਨੇਟਰ ਕਮਲਾ ਹੈਰਿਸ ਨੇ ਕਿਹਾ, ‘ਅਸੀਂ ਨਫ਼ਰਤ ਕਰਨ ਵਾਲਿਆਂ ਨੂੰ ਜਿੱਤਣ ਨਹੀਂ ਦੇ ਸਕਦੇ। ਕਾਂਸਸ ਦੀ ਖ਼ਬਰ ਬਾਰੇ ਸੁਣ ਕੇ ਮੈਂ ਬਹੁਤ ਉਦਾਸ ਹਾਂ। ਮੈਨੂੰ ਪੀੜਤਾਂ ਦੇ ਪਰਿਵਾਰਾਂ ਨਾਲ ਹਮਦਰਦੀ ਹੈ।’ ਸੰਸਦ ਮੈਂਬਰ ਪ੍ਰਮਿਲਾ ਜਯਾਪਾਲ ਨੇ ਕਿਹਾ, ‘ਸਾਡੇ ਦੇਸ਼ ਵਿਚ ਬੇਤੁਕੀ ਹਿੰਸਾ ਲਈ ਕੋਈ ਸਥਾਨ ਨਹੀਂ ਹੈ। ਇਸ ਤ੍ਰਾਸਦੀ ਕਾਰਨ ਮੇਰਾ ਦਿਲ ਟੁੱਟ ਗਿਆ ਹੈ। ਨਵੰਬਰ ਵਿਚ ਟਰੰਪ ਦੀ ਚੋਣ ਤੇ ਉਸ ਦੇ ਪ੍ਰਸ਼ਾਸਨ ਵੱਲੋਂ ਘੱਟ ਗਿਣਤੀਆਂ ਖ਼ਿਲਾਫ਼ ਪਾਸ ਕੀਤੇ ਜਾ ਰਹੇ ਵਿਵਾਦਤ ਹੁਕਮਾਂ ਬਾਅਦ ਨਫ਼ਰਤੀ ਅਪਰਾਧ ਵਧੇ ਹਨ।’ ਕਾਨੂੰਨਸਾਜ਼ ਰੋ ਖੰਨਾ ਅਤੇ ਬਰੈਡ ਸ਼ਰਮਨ ਨੇ ਵੀ ਇਸ ਘਟਨਾ ਦੀ ਨਿੰਦਾ ਕੀਤੀ ਹੈ।

ਸਿੱਖ ਭਾਈਚਾਰੇ ਨੂੰ ਚੌਕਸ ਰਹਿਣ ਲਈ ਕਿਹਾ :
ਨਿਊਯਾਰਕ : ਸਿੱਖਾਂ ਦੇ ਅਧਿਕਾਰਾਂ ਲਈ ਕੰਮ ਕਰਨ ਵਾਲੀ ਸੰਸਥਾ ਸਿੱਖ ਕੋਲੀਸ਼ਨ ਨੇ ਅਮਰੀਕੀ ਸਿੱਖ ਭਾਈਚਾਰੇ ਨੂੰ ਕੰਸਾਸ ‘ਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਬਾਅਦ ਚੌਕਸ ਰਹਿਣ ਲਈ ਕਿਹਾ ਹੈ। ਸਿੱਖ ਕੋਲੀਸ਼ਨ ਨੇ ਕਿਹਾ ਕਿ 32 ਸਾਲਾ ਸ੍ਰੀਨਿਵਾਸਨ ਕੁਚੀਭੋਟਲਾ ਦੇ ਪਰਿਵਾਰ ਨਾਲ ਉਨ੍ਹਾਂ ਨੂੰ ਪੂਰੀ ਹਮਦਰਦੀ ਹੈ। ਸਿੱਖ ਕੁਲੀਸ਼ਨ ਨੇ ਕਿਹਾ ਕਿ ਉਹ ਸ੍ਰੀਨਿਵਾਸ ਕੁਚੀਭੋਤਲਾ ਦੇ ਪਰਿਵਾਰ ਲਈ ਅਰਦਾਸ ਕਰਦੇ ਹਨ। ਉਨ੍ਹਾਂ ਕਿਹਾ ਕਿ ਅਸੀਂ ਸਿੱਖ ਭਾਈਚਾਰੇ ਨੂੰ ਅਪੀਲ ਕਰਦੇ ਹਾਂ ਕਿ ਜੇਕਰ ਉਨ੍ਹਾਂ ਨਾਲ ਨਸਲੀ ਹਮਲਾ ਜਾਂ ਇਸ ਸਬੰਧੀ ਕੋਈ ਧਮਕੀ ਮਿਲਦੀ ਹੈ ਤਾਂ ਤੁਰੰਤ ਪੁਲੀਸ ਨੂੰ ਸੂਚਿਤ ਕੀਤਾ ਜਾਵੇ। ਉਨ੍ਹਾਂ ਹਰ ਸਿੱਖ ਨੂੰ ਇਸ ਨਾਜ਼ੁਕ ਦੌਰ ‘ਚ ਵਧੇਰੇ ਚੌਕਸੀ ਤੇ ਸਾਵਧਾਨੀ ਵਰਤਣ ਦੀ ਅਪੀਲ ਕੀਤੀ।

ਅਮਰੀਕੀ ਨੌਜਵਾਨ ਦੀ ਬਹਾਦਰੀ ਦੀ ਸਰਾਹਨਾ :
ਹਮਲੇ ਦੌਰਾਨ ਐਡਮ ਖ਼ਿਲਾਫ਼ ਡਟਣ ਵਾਲਾ 24 ਸਾਲਾ ਅਮਰੀਕੀ ਨੌਜਵਾਨ ਇਆਨ ਗ੍ਰਿੱਲਟ ਹੀਰੋ ਬਣ ਗਿਆ ਹੈ। ਭਾਰਤੀ ਮੂਲ ਦੇ ਅਮਰੀਕੀ ਨਾਗਰਿਕਾਂ ‘ਤੇ ਹੋਏ ਹਮਲੇ ‘ਚ ਦੂਜੇ ਭਾਰਤੀ ਨੂੰ ਬਚਾਉਣ ਵਿਚ ਇਸ ਅਮਰੀਕੀ ਨੇ ਆਪਣੀ ਜਾਨ ਦੀ ਪ੍ਰਵਾਹ ਨਹੀਂ ਕੀਤੀ। ਘਟਨਾ ਦੌਰਾਨ ਜ਼ਖ਼ਮੀ ਹੋਏ ਹਸਪਤਾਲ ਦੇ ਬੈੱਡ ‘ਤੇ ਲੇਟੇ ਈਆਨ ਗ੍ਰਿਲਟ ਨੇ ਆਪਣੇ ਆਪ ਨੂੰ ‘ਹੀਰੋ’ ਮੰਨਣ ਤੋਂ ਇਨਕਾਰ ਕਰਦੇ ਹੋਏ ਕਿਹਾ ਕਿ ਮੈਂ ਓਹੀ ਕੀਤਾ ਜੋ ਇਕ ਮਨੁੱਖ ਨੂੰ ਦੂਜੇ ਲਈ ਕਰਨਾ ਚਾਹੀਦਾ ਹੈ। ਸਭ ਤੋਂ ਉਪਰ ਇਨਸਾਨੀਅਤ ਹੈ। ਐਡਮ ਨੇ ਜਦੋਂ ਗੋਲੀਬਾਰੀ ਕੀਤੀ ਤਾਂ ਉਹ ਟੇਬਲ ਓਹਲੇ ਲੁਕ ਗਿਆ। ਉਹ ਬੈਠਾ ਗੋਲੀਆਂ ਗਿਣਦਾ ਰਿਹਾ ਜਦੋਂ ਉਸ ਨੂੰ ਲੱਗਾ ਕਿ ਗੋਲੀਆਂ ਮੁੱਕ ਗਈਆਂ ਹਨ ਤਾਂ ਉਹ ਹਮਲਾਵਰ ‘ਤੇ ਟੁੱਟ ਪਿਆ ਪਰ ਐਡਮ ਕੋਲ ਹਾਲੇ ਇਕ ਗੋਲੀ ਸੀ ਜੋ ਉਸ ਨੇ ਇਆਨ ‘ਤੇ ਦਾਗ ਦਿੱਤੀ, ਜੋ ਉਸ ਦੇ ਹੱਥ ਵਿੱਚੋਂ ਲੰਘ ਕੇ ਛਾਤੀ ਵਿੱਚ ਵੱਜੀ।

ਸੁਸ਼ਮਾ ਸਵਰਾਜ ਨੇ ਦੁਖ ਪ੍ਰਗਟਾਇਆ :
ਨਵੀਂ ਦਿੱਲੀ : ਭਾਰਤੀ ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਅਮਰੀਕਾ ‘ਚ ‘ਨਸਲੀ ਹਮਲੇ’ ਵਿਚ ਇਕ ਭਾਰਤੀ ਮੂਲ ਦੇ ਇੰਜੀਨੀਅਰ ਦੀ ਹੱਤਿਆ ਅਤੇ ਇਕ ਹੋਰ ਨੂੰ ਜ਼ਖ਼ਮੀ ਕੀਤੇ ਜਾਣ ਦੀ ਘਟਨਾ ‘ਤੇ ਦੁੱਖ ਦਾ ਇਜ਼ਹਾਰ ਕੀਤਾ ਹੈ। ਦੱਸਿਆ ਜਾ ਰਿਹਾ ਹੈ ਕਿ ਇਨ੍ਹਾਂ ਦੋਹਾਂ ਨੂੰ ‘ਮੱਧ ਪੂਰਬ’ ਦਾ ਨਾਗਰਿਕ ਸਮਝ ਕੇ ਗੋਲੀ ਮਾਰੀ ਗਈ। ਸ਼ੁਸ਼ਮਾ ਨੇ ਟਵੀਟ ਕਰਕੇ ਕਿਹਾ ਕਿ ਮੈਂ ਕੰਸਾਸ ‘ਚ ਹੋਈ ਗੋਲੀਬਾਰੀ ਦੀ ਘਟਨਾ ਤੋਂ ਸਦਮੇ ਵਿਚ ਹਾਂ। ਉਨ੍ਹਾਂ ਨੇ ਅਮਰੀਕਾ ‘ਚ ਭਾਰਤੀ ਰਾਜਦੂਤ ਨਵਤੇਜ ਸਰਨਾ ਨਾਲ ਗੱਲ ਕੀਤੀ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਵਿਕਾਸ ਸਵਰੂਪ ਨੇ ਦੱਸਿਆ ਕਿ ਦੂਤਘਰ ਦੇ ਅਧਿਕਾਰੀ ਆਰ.ਡੀ. ਜੋਸ਼ੀ ਹਿਊਸਟਨ ਤੇ ਹਰਪਾਲ ਸਿੰਘ ਵੀ ਡਲਾਸ ਤੋਂ ਕੰਸਾਸ ਲਈ ਰਵਾਨਾ ਹੋ ਚੁੱਕੇ ਹਨ। ਉਹ ਜ਼ਖ਼ਮੀ ਨਾਲ ਮੁਲਾਕਾਤ ਕਰਨਗੇ ਤੇ ਮ੍ਰਿਤਕ ਦੇ ਸਰੀਰ ਨੂੰ ਭਾਰਤ ਲਿਆਉਣ ‘ਚ ਮਦਦ ਕਰਨਗੇ। ਇਸ ਦੇ ਨਾਲ ਹੀ ਇਸ ਘਟਨਾ ਦੀ ਇਥੇ ਅਮਰੀਕੀ ਦੂਤਘਰ ਨੇ ਵੀ ਨਿਖੇਧੀ ਕੀਤੀ ਹੈ ਤੇ ਪੀੜ੍ਹਤ ਦੇ ਪਰਿਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕੀਤਾ ਹੈ।