ਮੁਸਲਮਾਨ ਸਮਝ ਕੇ ਭਾਰਤੀ ਵਿਅਕਤੀ ਦੇ ਸਟੋਰ ਸਾੜਨ ਦੀ ਕੋਸ਼ਿਸ਼

0
330

bharti-amrikian-de-store
ਫਲੋਰਿਡਾ/ਬਿਊਰੋ ਨਿਊਜ਼ :
ਫਲੋਰਿਡਾ ਵਿੱਚ ਇਕ ਭਾਰਤੀ-ਅਮੈਰਿਕਨਾਂ ਦੀ ਮਾਲਕੀ ਵਾਲੇ ਜਨਰਲ ਸਟੋਰ ਨੂੰ 64 ਸਾਲਾ ਵਿਅਕਤੀ ਨੇ ਸਾੜਨ ਦਾ ਯਤਨ ਕੀਤਾ। ਰਿਚਰਡ ਲੌਇਡ, ਜੋ ‘ਅਰਬ ਵਾਸੀਆਂ ਨੂੰ ਦੇਸ਼ ਵਿਚੋਂ ਬਾਹਰ ਕੱਢਣਾ’ ਚਾਹੁੰਦਾ ਹੈ, ਨੇ ਸ਼ੁੱਕਰਵਾਰ ਨੂੰ ਪੋਰਟ ਸੇਂਟ ਲੂਈ ਸਟੋਰ ਅੱਗੇ ਕੂੜੇਦਾਨ ਨੂੰ ਢੇਰੀ ਕਰ ਦਿੱਤਾ ਅਤੇ ਉਥੇ ਸੁੱਟੇ ਕੂੜੇ ਕਰਕਟ ਨੂੰ ਅੱਗ ਲਗਾ ਦਿੱਤੀ। ਇਸ ਘਟਨਾ ਸਮੇਂ ਸਟੋਰ ਬੰਦ ਸੀ। ਕਿਸੇ ਤਰ੍ਹਾਂ ਦੇ ਨੁਕਸਾਨ ਤੋਂ ਪਹਿਲਾਂ ਹੀ ਅੱਗ ਬੁਝਾਊ ਅਮਲੇ ਨੇ ਤੁਰੰਤ ਅੱਗ ਬੁੱਝ ਦਿੱਤੀ। ਸੇਂਟ ਲੂਈ ਕਾਊਂਟੀ ਦੇ ਸ਼ੈਰਿਫ ਕੇਨ ਮੈਸਕਾਰਾ ਨੇ ਦੱਸਿਆ, ‘ਇਹ ਮੰਦਭਾਗਾ ਹੈ। ਰਿਚਰਡ ਲੌਇਡ ਨੂੰ ਲੱਗਿਆ ਕਿ ਇਹ ਸਟੋਰ ਅਰਬ ਵਿਅਕਤੀ ਦਾ ਹੈ ਤੇ ਅਸਲ ਵਿੱਚ ਇਹ ਭਾਰਤੀ ਮੂਲ ਦੇ ਵਿਅਕਤੀਆਂ ਦਾ ਹੈ। ਲੌਇਡ ਦੀ ਦਿਮਾਗੀ ਹਾਲਤ ਦੀ ਜਾਂਚ ਕੀਤੀ ਜਾ ਰਹੀ ਹੈ ਅਤੇ ਸਟੇਟ ਅਟਾਰਨੀ ਦਫ਼ਤਰ ਵੱਲੋਂ ਫ਼ੈਸਲਾ ਕੀਤਾ ਜਾਵੇਗਾ ਕਿ ਉਹ ਨਫ਼ਰਤੀ ਅਪਰਾਧ ਹੈ ਜਾਂ ਨਹੀਂ।’ ਲੌਇਡ ਨੇ ਜਾਂਚਕਾਰਾਂ ਨੂੰ ਦੱਸਿਆ ਕਿ ਕੁੱਝ ਦਿਨ ਪਹਿਲਾਂ ਉਹ ਇਸ ਸਟੋਰ ਉਤੇ ਜੂਸ ਦੀ ਇਕ ਬੋਤਲ ਖਰੀਦਣ ਗਿਆ ਸੀ ਪਰ ਉਸ ਨੂੰ ਦੱਸਿਆ ਗਿਆ ਕਿ ਸਟੋਰ ਵਿੱਚ ਜੂਸ ਨਹੀਂ ਹੈ। ਉਹ ਇਸ ਗੱਲੋਂ ਵੀ ਪ੍ਰੇਸ਼ਾਨ ਸੀ ਕਿਉਂਕਿ ਉਸ ਨੂੰ ਲੱਗਾ ਕਿ ਇਸ ਸਟੋਰ ਦਾ ਕਰਮੀ ਮੁਸਲਮਾਨ ਸੀ। ਇਸਲਾਮ ਨੂੰ ਮੰਨਣ ਵਾਲਿਆਂ ਵੱਲੋਂ ਮੱਧ ਪੂਰਬ ਵਿੱਚ ਜੋ ਕੀਤਾ ਜਾ ਰਿਹਾ ਹੈ, ਉਸ ਤੋਂ ਉਹ ਗੁੱਸੇ ਵਿੱਚ ਸੀ। ਡਬਲਿਊਪੀਈਸੀ ਦੀ ਰਿਪੋਰਟ ਮੁਤਾਬਕ ਲੌਇਡ ਖ਼ਿਲਾਫ਼ ਅੱਗਜ਼ਨੀ ਦੇ ਦੋਸ਼ ਲਾਏ ਗਏ ਹਨ ਅਤੇ ਉਹ ਸੇਂਟ ਲੂਈ ਕਾਊਂਟੀ ਜੇਲ੍ਹ ਵਿੱਚ ਬੰਦ ਹੈ। ਉਸ ਵੱਲੋਂ ਜਦੋਂ ਤਕ 30 ਹਜ਼ਾਰ ਡਾਲਰ ਮੁਚੱਲਕਾ ਨਹੀਂ ਭਰਿਆ ਜਾਂਦਾ ਉਦੋਂ ਤੱਕ ਜ਼ਮਾਨਤ ਨਹੀਂ ਹੋਵੇਗੀ। ਐਫਬੀਆਈ ਦੇ ਅੰਕੜਿਆਂ ਮੁਤਾਬਕ 2015 ਵਿੱਚ ਮੁਸਲਮਾਨਾਂ ਖ਼ਿਲਾਫ਼ ਨਫ਼ਰਤੀ ਅਪਰਾਧਾਂ ਵਿੱਚ 65 ਫ਼ੀਸਦ ਤੋਂ ਜ਼ਿਆਦਾ ਵਾਧਾ ਹੋਇਆ ਹੈ।
ਭਾਰਤੀਆਂ ਪ੍ਰਤੀ ਨਫ਼ਰਤ ਦਾ ਕਾਰਨ ਐਚ 1 ਵੀਜ਼ਾ ਪ੍ਰਣਾਲੀ : ਬਿਸਵਾਲ
ਓਬਾਮਾ ਪ੍ਰਸ਼ਾਸਨ ਦੀ ਇੱਕ ਸੀਨੀਅਰ ਨੀਤੀਵਾਨ ਨੇ ਕਿਹਾ ਕਿ ਅਮਰੀਕਾ ਵਿੱਚ ਭਾਰਤੀਆਂ ਤੇ ਅਮਰੀਕੀਆਂ ਵਿੱਚ ਸਬੰਧਾਂ ਵਿੱਚ ਤਣਾਅ ਦਾ ਮੁੱਖ ਕਾਰਨ ਐੱਚ-1 ਵਰਕ ਵੀਜ਼ਾ ਪ੍ਰਣਾਲੀ ਹੈ। ਇਸ ਕਰਕੇ ਭਾਰਤੀਆਂ ਦੀ ਜਾਨ ਨੂੰ ਖਤਰਾ ਵਧ ਗਿਆ ਹੈ। ਟਰੰਪ ਪ੍ਰਸ਼ਾਸਨ ਨੂੰ ਇਸ ਪ੍ਰਣਾਲੀ ਬਾਰੇ ਖੁੱਲ੍ਹ ਕੇ ਪੁਨਰਵਿਚਾਰ ਕਰਨੀ ਚਾਹੀਦੀ ਹੈ।
ਦੱਖਣੀ ਅਤੇ ਕੇਂਦਰੀ ਏਸ਼ੀਆ ਸਬੰਧੀ ਸਾਬਕਾ ਸਹਾਇਕ ਵਿਦੇਸ਼ ਮੰਤਰੀ ਨਿਸ਼ਾ ਦੇਸਾਈ ਬਿਸਵਾਲ ਨੇ ਏਜੰਸੀ ਨੂੰ ਦੱਸਿਆ ਕਿ ਉਨ੍ਹਾਂ ਦਾ ਤਰਕ ਹੈ ਕਿ ਐੱਚ- 1 ਵਰਕ ਵੀਜ਼ਾ ਪ੍ਰਣਾਲੀ ਹੀ ਅਮਰੀਕੀਆਂ ਅਤੇ ਭਾਰਤੀਆਂ ਵਿੱਚ ਤਣਾਅ ਦੀ ਮੁੱਖ ਵਜ੍ਹਾ ਹੈ। ਇਸ ਕਰਕੇ ਹੀ ਨਫ਼ਰਤ ਦਾ ਮਾਹੌਲ ਬਣਿਆ ਹੋਇਆ ਹੈ। ਬਿਸਵਾਲ ਦੀ ਟਿੱਪਣੀ ਉਦੋਂ ਆਈ ਹੈ ਜਦੋਂ ਇਹ ਖ਼ਬਰਾਂ ਹਨ ਕਿ ਟਰੰਪ ਪ੍ਰਸ਼ਾਸਨ ਐੱਚ 1 ਵਰਕ ਵੀਜ਼ਾ ਪ੍ਰਣਾਲੀ ਵਿੱਚ ਸੋਧ ਕਰਨ ਲਈ ਕਈ ਬਿਲ ਲਿਆ ਰਿਹਾ ਹੈ। ਉਨ੍ਹਾਂ ਕਿਹਾ ਕਿ ਐਚ-1 ਵਰਕ ਵੀਜ਼ਾ ਅਮਰੀਕੀ ਅਤੇ ਵਿਦੇਸ਼ੀ ਕੰਪਨੀਆਂ ਦੇ ਲਈ ਅਤਿ ਅਹਿਮ ਹੈ ਅਤੇ ਇਸ ਉੱਤੇ ਚਰਚਾ ਹੋਣੀ ਚਾਹੀਦੀ ਹੈ।
ਟਰੰਪ ਪ੍ਰਸ਼ਾਸਨ ਨੇ ਪ੍ਰੀਤ ਭਰਾੜਾ ਨੂੰ ਕੀਤਾ ਬਰਤਰਫ਼ :
ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ ਚਲਾਉਣ ਵਾਲੇ ਭਾਰਤ ਦੇ ਜੰਮਪਲ ਅਮਰੀਕਾ ਦੇ ਚੋਟੀ ਦੇ ਵਕੀਲ ਪ੍ਰੀਤ ਭਰਾੜਾ ਵੱਲੋਂ ਅਸਤੀਫ਼ਾ ਦੇਣ ਤੋਂ ਇਨਕਾਰ ਕਰਨ ਮਗਰੋਂ ਟਰੰਪ ਪ੍ਰਸ਼ਾਸਨ ਨੇ ਉਨ੍ਹਾਂ ਨੂੰ ਬਰਤਰਫ਼ ਕਰ ਦਿੱਤਾ। ਸਾਬਕਾ ਰਾਸ਼ਟਰਪਤੀ ਬਰਾਕ ਓਬਾਮਾ ਵੱਲੋਂ ਨਿਯੁਕਤ ਭਰਾੜਾ ਤੇ 45 ਹੋਰ ਵਕੀਲਾਂ ਨੂੰ ਟਰੰਪ ਪ੍ਰਸ਼ਾਸਨ ਨੇ ਫੌਰੀ ਅਸਤੀਫ਼ਾ ਦੇਣ ਲਈ ਕਿਹਾ ਸੀ। ਭਰਾੜਾ ਨੇ ਟਵੀਟ ਵਿੱਚ ਕਿਹਾ ਕਿ ”ਮੈਂ ਅਸਤੀਫ਼ਾ ਨਹੀਂ ਦਿੱਤਾ। ਕੁਝ ਸਮਾਂ ਪਹਿਲਾਂ ਮੈਨੂੰ ਬਰਤਰਫ਼ ਕਰ ਦਿੱਤਾ ਗਿਆ। ਦੱਖਣੀ ਜ਼ਿਲ੍ਹੇ ਨਿਊਯਾਰਕ ਵਿੱਚ ਅਮਰੀਕੀ ਅਟਾਰਨੀ ਅਹੁਦੇ ਦਾ ਮੇਰੇ ਪੇਸ਼ੇਵਰ ਜੀਵਨ ਵਿੱਚ ਹਮੇਸ਼ਾ ਸਭ ਤੋਂ ਵੱਧ ਸਤਿਕਾਰ ਰਹੇਗਾ।” ਭਰਾੜਾ (48) ਨੂੰ ਇਕ ਦਿਨ ਪਹਿਲਾਂ ਹੀ ਕਾਰਜਕਾਰੀ ਡਿਪਟੀ ਅਟਾਰਨੀ ਜਨਰਲ ਨੇ ਫੌਰੀ ਅਸਤੀਫ਼ਾ ਦੇਣ ਲਈ ਕਿਹਾ ਸੀ।
ਇਸ ਤੋਂ ਬਾਅਦ ਇਕ ਬਿਆਨ ਜਾਰੀ ਕਰ ਕੇ ਭਰਾੜਾ ਨੇ ਕਿਹਾ ਕਿ ”ਅਮਰੀਕੀ ਅਟਾਰਨੀ ਦੇ ਅਹੁਦੇ ਉਤੇ ਪਿਛਲੇ ਸੱਤ ਸਾਲਾਂ ਤੋਂ ਆਪਣੇ ਦੇਸ਼ ਦੀ ਸੇਵਾ ਦਾ ਮੇਰੇ ਪੇਸ਼ੇਵਰ ਜੀਵਨ ਵਿੱਚ ਸਭ ਤੋਂ ਵੱਧ ਸਤਿਕਾਰ ਰਹੇਗਾ। ਇਸ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਮੈਂ ਕੀ ਕਰਦਾ ਹਾਂ ਜਾਂ ਕਿੰਨੀ ਦੇਰ ਜਿਊਂਦਾ ਰਹਿੰਦਾ ਹੈ।” ਉਸ ਨੇ ਕਿਹਾ ਕਿ ”ਇਨਸਾਫ਼ ਦੀ ਸਿਰਫ਼ ਇਕੋ ਕਸੌਟੀ ਹੈ ਸੰਪੂਰਨ ਆਜ਼ਾਦੀ। ਮੇਰੇ ਸੇਵਾਕਾਲ ਦੇ ਹਰੇਕ ਦਿਨ ਦਾ ਮੇਰਾ ਇਹੀ ਪੈਮਾਨਾ ਸੀ। ਮੈਂ ਦੱਖਣੀ ਜ਼ਿਲ੍ਹੇ ਨਿਊਯਾਰਕ ਦੇ ਬੇਮਿਸਾਲ ਲੋਕਾਂ ਅਤੇ ਇਨਸਾਫ਼ ਦੀ ਪੈਰਵੀ ਲਈ ਟਿੱਲ ਲਾਉਣ ਵਾਲੇ ਵਿਸ਼ਵ ਦੇ ਸਭ ਤੋਂ ਕਾਬਲ ਜਨ ਸੇਵਕਾਂ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ।”