ਭਾਈਰੂਪਾ ਜ਼ਮੀਨੀ ਵਿਵਾਦ : ਪੁਲੀਸ ਨੇ ਲੰਗਰ ਕਮੇਟੀ ਤੇ ਸ਼੍ਰੋਮਣੀ ਕਮੇਟੀ ਵਿਚਾਲੇ ਗੱਲਬਾਤ ਦਾ ਰਾਹ ਖੋਲ੍ਹਿਆ

0
433

bhairupa-zamin-vivad
ਬਠਿੰਡਾ/ਬਿਊਰੋ ਨਿਊਜ਼ :
ਬਠਿੰਡਾ ਪੁਲੀਸ ਨੇ ਪਿੰਡ ਭਾਈਰੂਪਾ ਵਿੱਚ ਵਿਵਾਦਤ ਜ਼ਮੀਨ ‘ਤੇ ਪੁਲੀਸ ਪਹਿਰਾ ਲਾ ਦਿੱਤਾ। ਭਾਵੇਂ ਸ਼੍ਰੋਮਣੀ ਕਮੇਟੀ ਨੇ ਪਿੰਡ ਭਾਈਰੂਪਾ ਵਿੱਚ ਜਾਣ ਤੋਂ ਪਾਸਾ ਵੱਟ ਲਿਆ ਪਰ ਪੁਲੀਸ ਅਫ਼ਸਰਾਂ ਨੇ ਲੰਗਰ ਕਮੇਟੀ ਅਤੇ ਸ਼੍ਰੋਮਣੀ ਕਮੇਟੀ ਨਾਲ ਗੱਲਬਾਤ ਦਾ ਰਾਹ ਖੋਲ੍ਹਿਆ ਹੈ। ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਭਾਈਰੂਪਾ ਮਾਮਲੇ ‘ਤੇ ਡੀਜੀਪੀ ਨਾਲ ਗੱਲਬਾਤ ਕੀਤੀ, ਜਿਸ ਮਗਰੋਂ ਪੁਲੀਸ ਅਫ਼ਸਰਾਂ ਨੇ ਦੋਵਾਂ ਧਿਰਾਂ ਨੂੰ ਮਨਾਉਣਾ ਸ਼ੁਰੂ ਕਰ ਦਿੱਤਾ। ਐਸਐਸਪੀ ਅਤੇ ਡਿਪਟੀ ਕਮਿਸ਼ਨਰ ਨੇ ਵਿਵਾਦਤ ਜ਼ਮੀਨ ਦਾ ਜਾਇਜ਼ਾ ਲੈਣ ਮਗਰੋਂ ਲੰਗਰ ਕਮੇਟੀ ਦੇ ਪ੍ਰਤੀਨਿਧਾਂ ਨਾਲ ਗੱਲਬਾਤ ਕੀਤੀ।
ਗੌਰਤਲਬ ਹੈ ਕਿ ਲੰਗਰ ਕਮੇਟੀ ਨੇ ਸ਼੍ਰੋਮਣੀ ਕਮੇਟੀ ਦੇ ਕਬਜ਼ੇ ਹੇਠਲੀ 161 ਏਕੜ ਜ਼ਮੀਨ ਵਾਹ ਦਿੱਤੀ ਹੈ। ਸ਼੍ਰੋਮਣੀ ਕਮੇਟੀ ਮੈਂਬਰ ਮੋਹਨ ਬੰਗੀ, ਸੁਖਦੇਵ ਬਾਹੀਆ, ਜੋਗਿੰਦਰ ਕੌਰ, ਅਮਰੀਕ ਸਿੰਘ ਅਤੇ ਤਿੰਨ ਸਕੱਤਰਾਂ ਨੇ ਬਠਿੰਡਾ ਵਿੱਚ ਪ੍ਰੈੱਸ ਕਾਨਫਰੰਸ ਕਰ ਕੇ ਆਖਿਆ ਕਿ ਇਸ ਜ਼ਮੀਨ ਦਾ ਇੰਤਕਾਲ ਸ਼੍ਰੋਮਣੀ ਕਮੇਟੀ ਦੇ ਨਾਮ ਹੈ ਅਤੇ ਅਦਾਲਤਾਂ ਵਿੱਚੋਂ ਸਭ ਫੈਸਲੇ ਉਨ੍ਹਾਂ ਦੇ ਹੱਕ ਵਿੱਚ ਹੋ ਚੁੱਕੇ ਹਨ। ਉਨ੍ਹਾਂ ਮੰਗ ਕੀਤੀ ਕਿ ਜ਼ਮੀਨ ‘ਤੇ ਹੁੱਲੜਬਾਜ਼ੀ ਕਰਨ ਵਾਲਿਆਂ ਖ਼ਿਲਾਫ਼ ਕੇਸ ਦਰਜ ਕੀਤੇ ਜਾਣ। ਕਾਰਵਾਈ ਨਾ ਹੋਈ ਤਾਂ ਉਹ ਸੰਘਰਸ਼ ਵਿੱਢਣਗੇ ਅਤੇ ਫਿਲਹਾਲ ਉਨ੍ਹਾਂ ਨੂੰ ਆਈਜੀ ਬਠਿੰਡਾ ਨੇ ਰੋਕ ਦਿੱਤਾ ਹੈ। ਜ਼ਿਲ੍ਹਾ ਪੁਲੀਸ ਨੇ ਟਕਰਾਅ ਟਾਲਣ ਲਈ ਪਿੰਡ ਭਾਈਰੂਪਾ ਵਿੱਚ ਪੁਲੀਸ ਪਹਿਰਾ ਲਾ ਦਿੱਤਾ। ਵਿਵਾਦਤ ਜ਼ਮੀਨ ਦੇ ਹਰ ਰਾਹ ‘ਤੇ ਪੁਲੀਸ ਬਿਠਾ ਦਿੱਤੀ ਗਈ। ਪਿੰਡ ਵਿੱਚ ਮਾਹੌਲ ਤਣਾਅਪੂਰਨ ਬਣਿਆ ਰਿਹਾ।
ਐਸਡੀਐਮ ਰਾਮਪੁਰਾ ਨੇ ਲੰਗਰ ਕਮੇਟੀ ਦੇ ਆਗੂਆਂ ਨਾਲ ਮੀਟਿੰਗ ਕੀਤੀ, ਜੋ ਬੇਸਿੱਟਾ ਰਹੀ। ਲੰਗਰ ਕਮੇਟੀ ਦੇ ਆਗੂ ਧਰਮ ਸਿੰਘ ਦਾ ਕਹਿਣਾ ਹੈ ਕਿ ਉਹ ਜ਼ਮੀਨ ਵਿੱਚ ਕਿਸੇ ਨੂੰ ਦਾਖ਼ਲ ਨਹੀਂ ਹੋਣ ਦੇਣਗੇ ਕਿਉਂਕਿ ਜ਼ਮੀਨ ਲੰਗਰ ਕਮੇਟੀ ਦੀ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਗੱਲਬਾਤ ਲਈ ਸੱਦਿਆ ਹੈ। ਪਤਾ ਲੱਗਿਆ ਹੈ ਕਿ ਮਾਮਲਾ ਸੁਲਝਾਉਣ ਲਈ ਹਲਕਾ ਵਿਧਾਇਕ ਗੁਰਪ੍ਰੀਤ ਕਾਂਗੜ ਨੇ ਵੀ ਗੱਲਬਾਤ ਕੀਤੀ ਹੈ ਅਤੇ ਅਧਿਕਾਰੀਆਂ ਨਾਲ ਸਾਂਝੀ ਮੀਟਿੰਗ ਵੀ ਕੀਤੀ ਹੈ।
ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਸ਼੍ਰੋਮਣੀ ਕਮੇਟੀ ਦੀ ਮਾਲਕੀ ਵਾਲੀ ਜ਼ਮੀਨ ਉਤੇ ਕੁਝ ਲੋਕਾਂ ਨੇ ਟਰੈਕਟਰ ਚਲਾਏ ਹਨ, ਜਿਸ ਬਾਰੇ ਉਨ੍ਹਾਂ ਡੀਜੀਪੀ ਦੇ ਧਿਆਨ ਵਿੱਚ ਮਾਮਲਾ ਲਿਆਂਦਾ ਹੈ। ਉਨ੍ਹਾਂ ਦੱਸਿਆ ਕਿ ਆਈਜੀ ਬਠਿੰਡਾ ਨਾਲ ਵੀ ਗੱਲ ਕੀਤੀ ਹੈ, ਜਿਨ੍ਹਾਂ ਮਾਮਲੇ ਦਾ ਸੁਖਾਵਾਂ ਹੱਲ ਕੱਢਣ ਦਾ ਭਰੋਸਾ ਦਿੱਤਾ ਹੈ। ਉਹ ਮਾਹੌਲ ਨੂੰ ਸ਼ਾਂਤ ਰੱਖਣ ਦੇ ਹੱਕ ਵਿੱਚ ਹਨ ਅਤੇ ਪ੍ਰਸ਼ਾਸਨ ਦੇ ਭਰੋਸੇ ਕਰ ਕੇ ਉਡੀਕ ਕਰਨਗੇ।