ਮਨਮੀਤ ਅਲੀਸ਼ੇਰ ਦੀ ਮ੍ਰਿਤਕ ਦੇਹ ਕੋਲ ਬੇਕਾਬੂ ਹੋਏ ਭਗਵੰਤ ਮਾਨ ਨੂੰ ਜਬਰੀ ਉਠਾਇਆ

0
389

bhagwant-maan
ਲਹਿਰਾਗਾਗਾ/ਬਿਊਰੋ ਨਿਊਜ਼ :
ਆਸਟਰੇਲੀਆ ਵਿੱਚ ਕਤਲ ਕੀਤੇ ਗਏ ਨੌਜਵਾਨ ਮਨਮੀਤ ਅਲੀਸ਼ੇਰ ਦੇ ਪਿੰਡ ਅਲੀਸ਼ੇਰ ਵਿੱਚ ਸਸਕਾਰ ਮੌਕੇ ਲੋਕ ਸਭਾ ਮੈਂਬਰ ਭਗਵੰਤ ਮਾਨ ਇਕ ਵਾਰ ਫੇਰ ਆਪਣੀਆਂ ਹਰਕਤਾਂ ਕਾਰਨ ਚਰਚਾ ਵਿਚ ਹਨ। ਉਹ ਇਸ ਮੌਕੇ  ਆਪਾ ਖੋ ਬੈਠੇ। ਉਨ੍ਹਾਂ ਨੂੰ ਪੀੜਤ ਪਰਿਵਾਰ ਦੇ ਘਰ ਵਿੱਚ ਖਿੱਚ-ਧੂਹ ਦਾ ਸਾਹਮਣਾ ਕਰਨਾ ਪਿਆ। ਭਗਵੰਤ ਮਾਨ ਦੇ ਇਸ ਕਦਮ ਨਾਲ ਮਨਮੀਤ ਅਲੀਸ਼ੇਰ ਦਾ ਸਸਕਾਰ ਸਿਆਸੀ ਅਖਾੜੇ ਵਿੱਚ ਬਦਲ ਗਿਆ। ਮ੍ਰਿਤਕ ਦੇਹ ਪਿੰਡ ਪਹੁੰਚਣ ਮਗਰੋਂ ਅਕਾਲੀ ਦਲ ਦੇ ਸਕੱਤਰ ਜਰਨਲ ਤੇ ਐਮਪੀ ਸੁਖਦੇਵ ਸਿੰਘ ਢੀਂਡਸਾ ਆਪਣੇ ਸਮਰਥਕਾਂ ਸਮੇਤ ਮਨਮੀਤ ਦੇ ਘਰ ਪਹੁੰਚੇ ਅਤੇ ਬਾਅਦ ਵਿਚ ਲੋਕ ਸਭਾ ਮੈਂਬਰ ਭਗਵੰਤ ਮਾਨ ਵੀ ਪੁੱਜ ਗਏ। ਭਗਵੰਤ ਮਾਨ ਜ਼ਿੱਦ ਕਰ ਰਹੇ ਸਨ ਕਿ ਮਨਮੀਤ ਦੀ ਮ੍ਰਿਤਕ ਦੇਹ ਪਰਿਵਾਰ ਦੀਆਂ ਔਰਤਾਂ ਨੂੰ ਹੋਰ ਸਮਾਂ ਦੇਖਣ ਦਿੱਤੀ ਜਾਵੇ ਪਰ ਪਰਿਵਾਰਕ ਮੈਂਬਰ ਤਰਸੇਮ ਸ਼ਰਮਾ ਤੇ ਦੋਸਤ ਪੀਆਰਟੀਸੀ ਦੇ ਉਪ ਚੇਅਰਮੈਨ ਬਿਨਰਜੀਤ ਸਿੰਘ ਗੋਲਡੀ, ਜੋ ਦੇਹ ਨੂੰ ਬ੍ਰਿਸਬਨ ਤੋਂ ਨਾਲ ਲੈ ਕੇ ਆਏ ਸਨ, ਨੇ ਕਿਹਾ ਕਿ ਸਮਾਂ ਬਹੁਤ ਹੋ ਚੁੱਕਾ ਹੈ ਇਸ ਕਰਕੇ ਸਸਕਾਰ ਕਰ ਦਿੱਤਾ ਜਾਵੇ। ਇਸ ਗੱਲੋਂ ਤੈਸ਼ ਵਿੱਚ ਆਉਂਦਿਆਂ ਭਗਵੰਤ ਮਾਨ ਨੇ ਬਿਨਰਜੀਤ ਗੋਲਡੀ ਨੂੰ ਕਿਹਾ ਕਿ ਇਹ ਮਨਮੀਤ ਨਹੀਂ ਹੈ ਤੁਸੀਂ ਕਿਸੇ ਹੋਰ ਨੂੰ ਲਿਆਂਦਾ ਹੈ। ਇਸ ਮਗਰੋਂ ਦੋਹਾਂ ਧਿਰਾਂ ਵਿਚ ਤਕਰਾਰ ਹੋ ਗਈ ਅਤੇ ਲੋਕਾਂ ਨੇ ਮੌਕੇ ਦੀ ਨਜ਼ਾਕਤ ਨੂੰ ਭਾਂਪਦਿਆਂ ਭਗਵੰਤ ਮਾਨ ਨੂੰ ਜਬਰੀ ਉਥੋਂ ਹਟਾਇਆ ਅਤੇ ਦੇਹ ਸਸਕਾਰ ਲਈ ਲੈ ਗਏ। ਸ੍ਰੀ ਮਾਨ ਉਸ ਸਮੇਂ ਉੱਚੀ ਉੱਚੀ ਪੁਲੀਸ ਤੇ ਸੱਤਾਧਾਰੀ ਪਾਰਟੀ ਖ਼ਿਲਾਫ਼ ਬੋਲਦੇ ਰਹੇ। ਪਰਿਵਾਰਕ ਮੈਂਬਰ ‘ਆਪ’ ਆਗੂ ਦੇ ਰਵੱਈਏ ਤੋਂ ਕਾਫ਼ੀ ਨਾਖੁਸ਼ ਹਨ।
ਭਗਵੰਤ ਮਾਨ ਨੇ ਜ਼ਿਲ੍ਹਾ ਪੁਲੀਸ ਮੁਖੀ ਪ੍ਰਿਤਪਾਲ ਸਿੰਘ ਥਿੰਦ ਨੂੰ ਜਨਤਕ ਹਦਾਇਤ ਕੀਤੀ ਕਿ ਉਹ ਅਜਿਹੇ ਸੋਗਮਈ ਸਮਾਗਮ ਵਿਚ ਗੱਡੀ ‘ਤੇ ਬੱਤੀ ਲਗਾ ਕੇ ਨਾ ਆਇਆ ਕਰਨ ਪਰ ਐਸਐਸਪੀ ਨੇ ਸੰਸਦ ਮੈਂਬਰ ਨੂੰ ਗੰਭੀਰਤਾ ਨਾਲ ਨਹੀਂ ਲਿਆ। ਸ਼ਮਸ਼ਾਨਘਾਟ ਵਿੱਚ ਆਪਣੇ ਸਮਰਥਕਾਂ ਨਾਲ ਬੈਠੇ ਭਗਵੰਤ ਮਾਨ ਨੇ ਕਿਹਾ ਕਿ ਉਹ ਪਰਿਵਾਰ ਦੀਆਂ ਲੜਕੀਆਂ ਨੂੰ ਕੁਝ ਸਮਾਂ ਮ੍ਰਿਤਕ ਭਰਾ ਕੋਲ ਬੈਠਣ ਦੇਣਾ ਚਾਹੁੰਦੇ ਸਨ ਪਰ ਸੱਤਾਧਾਰੀ ਧਿਰ ਨੂੰ ਇਹ ਮਨਜ਼ੂਰ ਨਹੀਂ। ਕੁਝ ਲੋਕਾਂ ਨੇ ਭਗਵੰਤ ਮਾਨ ‘ਤੇ ਕਥਿਤ ਤੌਰ ‘ਤੇ ਸ਼ਰਾਬੀ ਹੋਣ ਦਾ ਵੀ ਦੋਸ਼ ਲਾਇਆ। ਜ਼ਿਕਰਯੋਗ ਹੈ ਕਿ ਮਨਮੀਤ ਦਾ ਇਥੋਂ ਵਾਲਾ ਪਰਿਵਾਰ ਅਕਾਲੀ ਦਲ ਨਾਲ ਜੁੜਿਆ ਹੋਇਆ ਹੈ ਜਦੋਂ ਕਿ ਮਨਮੀਤ ਬਾਰੇ ‘ਆਪ’ ਦਾਅਵਾ ਕਰਦੀ ਹੈ ਕਿ ਉਹ ਉਨ੍ਹਾਂ ਨਾਲ ਜੁੜਿਆ ਹੋਇਆ ਸੀ।