ਸ਼ਹੀਦ ਭਗਤ ਸਿੰਘ ਦੇ ਪਿਸਤੌਲ ਨੂੰ ਨੇੜਿਓਂ ਦੇਖ ਸਕਣਗੇ ਸੈਲਾਨੀ

0
115

bhagat-singh-28may
ਹੁਸੈਨੀਵਾਲਾ ਸਥਿਤ ਬੀਐਸਐਫ ਦੇ ਅਜਾਇਬਘਰ ‘ਚ ਮੌਜੂਦਾ ਸਮੇਂ ਬਕਸੇ ਅੰਦਰ ਪਿਆ ਸ਼ਹੀਦ ਭਗਤ ਸਿੰਘ ਦਾ ਪਿਸਤੌਲ।
ਚੰਡੀਗੜ੍ਹ/ਬਿਊਰੋ ਨਿਊਜ਼ :
ਹੁਸੈਨੀਵਾਲਾ ਸਥਿਤ ਬੀਐੱਸਐੱਫ ਦੇ ਅਜਾਇਬਘਰ ‘ਚ ਆਉਣ ਵਾਲੇ ਸੈਲਾਨੀ ਹੁਣ ਸ਼ਹੀਦ ਭਗਤ ਸਿੰਘ ਦੇ ਪਿਸਤੌਲ ਨੂੰ ਸਹੀ ਢੰਗ ਨਾਲ ਦੇਖ ਸਕਣਗੇ ਤੇ ਇਸ ਨਾਲ ਸੈਲਫੀ ਵੀ ਖਿੱਚ ਸਕਣਗੇ। ਹੁਣ ਬੀਐੱਸਐੱਫ ਵੱਲੋਂ ਸ਼ਹੀਦ ਦੇ ਪਿਸਤੌਲ ਨੂੰ ਮੌਜੂਦਾ ਛੋਟੇ ਬਕਸੇ ਦੀ ਥਾਂ ਹੁਣ ਨਵੇਂ ਬਕਸੇ ਵਿੱਚ ਰੱਖਿਆ ਜਾਵੇਗਾ।
ਸੀਮਾ ਸੁਰੱਖਿਆ ਬਲ (ਬੀਐੱਸਐੱਫ) ਦੇ ਡਾਇਰੈਕਟਰ ਜਨਰਲ ਕੇਕੇ. ਸ਼ਰਮਾ ਨੇ ਦੱਸਿਆ ਕਿ ਅਜਾਇਬਘਰ ‘ਚ ਸ਼ਹੀਦ ਦਾ ਪਿਸਤੌਲ ਇਸ ਢੰਗ ਨਾਲ ਰੱਖਿਆ ਜਾਵੇਗਾ ਕਿ ਇੱਥੇ ਆਉਣ ਵਾਲੇ ਲੋਕ ਇਸ ਨੂੰ ਸਹੀ ਢੰਗ ਨਾਲ ਦੇਖ ਸਕਣ ਤੇ ਇਸ ਨਾਲ ਸੈਲਫੀ ਵੀ ਖਿੱਚ ਸਕਣ। ਉਨ੍ਹਾਂ ਬੀਐੱਸਐੱਫ ਦੇ ਪੰਜਾਬ ਫਰੰਟੀਅਰ ਦੇ ਆਈਜੀ ਨੂੰ ਇਸ ਸਬੰਧੀ ਸਖ਼ਤ ਹਦਾਇਤ ਕਰਦਿਆਂ ਕਿਹਾ ਕਿ ਸ਼ਹੀਦ ਦੇ ਪਿਸਤੌਲ ਨੂੰ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਰੱਖਿਆ ਜਾਵੇ। ਇਸ ਪਿਸਤੌਲ ਦਾ ਬਕਸਾ ਨਾ-ਟੁੱਟਣਯੋਗ ਕੱਚ ਦਾ ਬਣਿਆ ਹੋਵੇ ਤੇ ਇਸ ਦੀ ਪੂਰੀ ਸੁਰੱਖਿਆ ਕੀਤੀ ਜਾਵੇ।
ਇਸ ਸਮੇਂ ਇਹ ਪਿਸਤੌਲ ਕੱਚ ਤੇ ਐਲੂਮੀਨੀਅਮ ਦੀਆਂ ਗਰਿੱਲਾਂ ਨਾਲ ਬਣੇ ਬਕਸੇ ‘ਚ ਰੱਖਿਆ ਹੋਇਆ ਹੈ। ਇੱਥੇ ਆਉਣ ਵਾਲੇ ਸੈਲਾਨੀਆਂ, ਜਿਨ੍ਹਾਂ ‘ਚ ਇਤਿਹਾਸਕਾਰ ਤੇ ਮੀਡੀਆ ਕਰਮੀ ਵੀ ਸ਼ਾਮਲ ਹਨ, ਨੇ ਕਈ ਵਾਰ ਮੰਗ ਕੀਤੀ ਸੀ ਕਿ ਇਸ ਪਿਸਤੌਲ ਨੂੰ ਸਹੀ ਢੰਗ ਨਾਲ ਪ੍ਰਦਰਸ਼ਿਤ ਕੀਤਾ ਜਾਵੇ।
ਜ਼ਿਕਰਯੋਗ ਹੈ ਇਹ ਉਹ ਪਿਸਤੌਲ ਹੈ ਜਿਸ ਨਾਲ ਸ਼ਹੀਦ ਭਗਤ ਸਿੰਘ ਨੇ 17 ਦਸੰਬਰ 1928 ਨੂੰ ਬਰਤਾਨਵੀ ਪੁਲੀਸ ਅਫਸਰ ਜੇਪੀ ਸਾਂਡਰਸ ਨੂੰ ਗੋਲੀ ਮਾਰੀ ਸੀ। ਇਹ ਪਿਸਤੌਲ ਲਾਪਤਾ ਹੋਣ ਮਗਰੋਂ ਨਵੰਬਰ 2016 ‘ਚ ਇੰਦੌਰ ਦੇ ਅਜਾਇਬ-ਘਰ ‘ਚੋਂ ਬਰਾਮਦ ਹੋਇਆ ਸੀ।