ਸ਼ਹੀਦ ਭਗਤ ਸਿੰਘ ਦਾ ਪਿਸਤੌਲ ‘ਚੁੱਪ-ਚਪੀਤੇ’ ਹੁਸੈਨੀਵਾਲਾ ਵਿੱਚ ਸਥਾਪਤ

0
532

bhagat-singh-da-pistol
ਫ਼ਿਰੋਜ਼ਪੁਰ/ਬਿਊਰੋ ਨਿਊਜ਼ :
ਲੰਮੀ ਵਿਚਾਰ ਚਰਚਾ ਤੋਂ ਬਾਅਦ ਆਖਰ ਸ਼ਹੀਦ ਭਗਤ ਸਿੰਘ ਦੇ ਪਿਸਤੌਲ ਨੂੰ ਫ਼ਿਰੋਜ਼ਪੁਰ ਦੀ ਹੁਸੈਨੀਵਾਲਾ ਸਰਹੱਦ ‘ਤੇ ਨਵੇਂ ਬਣੇ ਮਿਊਜ਼ੀਅਮ ਵਿਚ ਐਤਵਾਰ ਸ਼ਾਮ ਨੂੰ ਰਿਟਰੀਟ ਸਮੇਂ ‘ਚੁੱਪ-ਚੁਪੀਤੇ’ ਸਥਾਪਤ ਕਰ ਦਿੱਤਾ ਗਿਆ। ਇਸ ਦੌਰਾਨ ਬੀਐਸਐਫ ਅਧਿਕਾਰੀਆਂ ਵੱਲੋਂ ਸਾਦਾ ਸਮਾਗਮ ਕੀਤਾ ਗਿਆ, ਜਿਸ ਵਿਚ ਬੀਐਸਐਫ਼ ਦੇ ਸਥਾਨਕ ਡੀਆਈਜੀ ਬੀ.ਐਸ.ਰਾਜਪੁਰੋਹਿਤ ਮੁੱਖ ਮਹਿਮਾਨ ਸਨ। ਦੱਸਣਯੋਗ ਹੈ ਕਿ ਇਸ ਸਮਾਰੋਹ ਦਾ ਸੱਦਾ ਸਥਾਨਕ ਸਿਵਲ ਜਾਂ ਪੁਲੀਸ ਪ੍ਰਸ਼ਾਸਨ ਦੇ ਕਿਸੇ ਵੀ ਵੱਡੇ ਅਧਿਕਾਰੀ ਨੂੰ ਨਹੀਂ ਦਿੱਤਾ ਗਿਆ।
ਹਿੰਦ-ਪਾਕਿ ਜ਼ੀਰੋ ਲਾਈਨ ‘ਤੇ ਨਵੇਂ ਬਣੇ ਮਿਊਜ਼ੀਅਮ ਵਿਚ ਭਗਤ ਸਿੰਘ ਦੇ ਪਿਸਤੌਲ ਤੋਂ ਇਲਾਵਾ ਉਨ੍ਹਾਂ ਵੱਲੋਂ ਮਹਾਤਮਾ ਗਾਂਧੀ ਨੂੰ ਲਿਖੀਆਂ ਕੁਝ ਚਿੱਠੀਆਂ ਤੇ ਉਨ੍ਹਾਂ ਦੇ ਜਵਾਬ ਵੀ ਰੱਖੇ ਗਏ ਹਨ। ਇਸ ਪਿਸਤੌਲ ਨਾਲ 17 ਦਸੰਬਰ 1928 ਨੂੰ ਪੰਜਾਬ ਸਿਵਲ ਸਕੱਤਰੇਤ ਲਾਹੌਰ ਦੇ ਬਾਹਰ ਭਗਤ ਸਿੰਘ ਤੇ ਉਸਦੇ ਸਾਥੀਆਂ ਨੇ ਜੌਹਨ ਸਾਂਡਰਸ ਦਾ ਕਤਲ ਕੀਤਾ ਸੀ। ਪਿਛਲੇ ਦਿਨੀਂ ਇਹ ਪਿਸਤੌਲ ਅਖ਼ਬਾਰਾਂ ਦੀਆਂ ਸੁਰਖ਼ੀਆਂ ਵਿਚ ਰਿਹਾ।
ਜ਼ਿਕਰਯੋਗ ਹੈ ਕਿ ਹੁਸੈਨੀਵਾਲਾ ਵਿਚ ਨਵੇਂ ਬਣੇ ਮਿਊਜ਼ੀਅਮ ਅੰਦਰ ਬੀਐਸਐਫ਼ ਦੇ ਸਰਹੱਦੀ ਅਤੇ ਪੰਜਾਬ, ਰਾਜਸਥਾਨ ਤੇ ਪੱਛਮੀ ਬੰਗਾਲ ਸਰਹੱਦ ਦੇ ਮਾਡਲਾਂ ਤੋਂ ਇਲਾਵਾ ਬੀਐਸਐਫ਼ ਦੇ ਹਥਿਆਰ ਵੀ ਰੱਖੇ ਹੋਏ ਹਨ। ਇਸ ਤੋਂ ਇਲਾਵਾ ਮਿਊਜ਼ੀਅਮ ਦੇ ਗੇਟ ‘ਤੇ ਸ਼ਹੀਦ ਭਗਤ ਸਿੰਘ, ਰਾਜਗੁਰੂ ਤੇ ਸੁਖਦੇਵ ਦੇ ਬੁੱਤ ਸਥਾਪਤ ਕੀਤੇ ਗਏ ਹਨ। ਡੀਆਈਜੀ ਨੇ ਦੱਸਿਆ ਕਿ ਇਹ ਮਿਊਜ਼ੀਅਮ ਆਮ ਜਨਤਾ ਲਈ ਹਫ਼ਤੇ ਦੇ ਸੱਤੇ ਦਿਨ ਖੁੱਲ੍ਹਾ ਰੱਖਿਆ ਜਾਵੇਗਾ।
ਕ੍ਰਾਂਤੀਕਾਰੀਆਂ ਬਾਰੇ ਕਿਤਾਬਾਂ ਲਿਖਣ ਵਾਲਾ ਲੇਖਕ ਨਿਰਾਸ਼ :
ਸ਼ਹੀਦ ਭਗਤ ਸਿੰਘ ਦੇ ਪਿਸਤੌਲ ਨੂੰ ਹੁਸੈਨੀਵਾਲਾ ਮਿਊਜ਼ੀਅਮ ਵਿਚ ਸਥਾਪਤ ਕੀਤੇ ਜਾਣ ਤੋਂ ਲੇਖਕ ਰਾਕੇਸ਼ ਕੁਮਾਰ ਨਿਰਾਸ਼ ਹੈ। ਉਸ ਦਾ ਕਹਿਣਾ ਹੈ ਕਿ ਇਸ ਪਿਸਤੌਲ ਨੂੰ ਫ਼ਿਰੋਜ਼ਪੁਰ ਸ਼ਹਿਰ ਦੇ ਅੰਦਰੂਨੀ ਹਿੱਸੇ ਵਿਚ ਸਥਿਤ ਕ੍ਰਾਂਤੀਕਾਰੀਆਂ ਦੇ ਗੁਪਤ ਟਿਕਾਣੇ ‘ਤੇ ਸਥਾਪਤ ਕੀਤਾ ਜਾਣਾ ਚਾਹੀਦਾ ਸੀ।