ਬੰਦੀ ਸਿੰਘਾਂ ਦੀ ਰਿਹਾਈ ਲਈ ਸਰਕਾਰ ਮੁੜ ਸਰਗਰਮ

0
39

bandi_sikh
ਜਲੰਧਰ/ਬਿਊਰੋ ਨਿਊਜ਼ :
ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਗੁਰਪੁਰਬ ਮੌਕੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ‘ਚ ਬੰਦ ਸਜ਼ਾ ਪੂਰੀ ਕਰ ਚੁੱਕੇ ਸਿੱਖ ਬੰਦੀਆਂ ਦੀ ਰਿਹਾਈ ਦੀਆਂ ਸੰਭਾਵਨਾਵਾਂ ਤਲਾਸ਼ੀਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਸਿੱਖ ਭਾਈਚਾਰੇ ਪ੍ਰਤੀ ਸਦਭਾਵਨਾ ਦਾ ਪ੍ਰਗਟਾਵਾ ਕਰਨ ਲਈ ਇਸ ਖਾਤਿਰ ਸਰਗਰਮ ਹੋਈ ਦੱਸੀ ਜਾਂਦੀ ਹੈ। ਸੂਤਰਾਂ ਮੁਤਾਬਕ ਅਜਿਹੇ 18 ਸਿੱਖ ਬੰਦੀਆਂ ਦੇ ਕੇਸ ਮਨਜ਼ੂਰੀ ਲਈ ਪੰਜਾਬ ਸਰਕਾਰ ਵਲੋਂ ਕੇਂਦਰੀ ਗ੍ਰਹਿ ਮੰਤਰਾਲੇ ਨੂੰ ਭੇਜੇ ਜਾ ਰਹੇ ਹਨ। ਪਤਾ ਲੱਗਾ ਹੈ ਕਿ ਇਸ ਸਬੰਧੀ ਸਾਰੇ ਵੇਰਵੇ ਤੇ ਤੱਥ ਇਕੱਤਰ ਕਰ ਲਏ ਗਏ ਹਨ। ਗੌਰਤਲਬ ਹੈ ਕਿ ਬਰਗਾੜੀ ਇਨਸਾਫ਼ ਮੋਰਚੇ ਦੀ ਵੀ ਇਕ ਮੰਗ ਇਹ ਹੈ ਕਿ ਸਾਰੇ ਸਿੱਖ ਬੰਦੀ ਰਿਹਾਅ ਕੀਤੇ ਜਾਣ।
ਪੰਜਾਬ ਦੇ ਜੇਲ੍ਹਾਂ ਬਾਰੇ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਦੱਸਿਆ ਕਿ ਸਜ਼ਾ ਭੁਗਤ ਚੁੱਕੇ ਸਿੱਖ ਬੰਦੀਆਂ ਦੀ ਸੂਚੀ ਤਿਆਰ ਕਰਵਾਈ ਗਈ ਹੈ ਤੇ ਰਿਪੋਰਟਾਂ ਤਿਆਰ ਕਰਨ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਜਿਹੇ ਬੰਦੀਆਂ ਦੀ ਰਿਹਾਈ ਲਈ ਕੇਂਦਰ ਸਰਕਾਰ ਨੂੰ ਸਿਫ਼ਾਰਸ਼ ਭੇਜਣਗੇ। ਸ: ਰੰਧਾਵਾ ਨੇ ਕਿਹਾ ਕਿ ਅਸੀਂ ਚਾਹੁੰਦੇ ਹਾਂ ਕਿ ਗੁਰੂ ਨਾਨਕ ਦੇਵ ਜੀ ਦੇ 550 ਸਾਲਾਂ ਗੁਰਪੁਰਬ ਸਮਾਗਮਾਂ ਮੌਕੇ ਸਜ਼ਾ ਭੁਗਤ ਚੁੱਕੇ ਸਾਰੇ ਸਿੱਖ ਬੰਦੀਆਂ ਦੀ ਰਿਹਾਈ ਨਾਲ ਚੰਗਾ ਸੰਕੇਤ ਦਿੱਤਾ ਜਾਵੇ ਤੇ ਸਿੱਖ ਸਮਾਜ ਦੀ ਮੰਗ ਨੂੰ ਪੂਰਾ ਕੀਤਾ ਜਾਵੇ।
ਸਰਕਾਰ ਦੇ ਵਿਚਾਰਗੋਚਰੇ 18 ਬੰਦੀਆਂ ਵਿਚੋਂ 5 ਬੁੜੈਲ ਜੇਲ੍ਹ ਚੰਡੀਗੜ੍ਹ, 3 ਉੱਤਰ ਪ੍ਰਦੇਸ਼ ਦੀ ਮੁਰਾਦਾਬਾਦ ਕੇਂਦਰੀ ਜੇਲ੍ਹ ਅਤੇ ਇਕ-ਇਕ ਤਿਹਾੜ ਜੇਲ੍ਹ ਦਿੱਲੀ ਤੇ ਜੈਪੁਰ ਦੀ ਜੇਲ੍ਹ ਵਿਚ ਹਨ। ਬਾਕੀ ਸਾਰੇ ਪੰਜਾਬ ਦੀਆਂ ਜੇਲ੍ਹਾਂ ਵਿਚ ਬੰਦ ਹਨ। ਵਰਨਣਯੋਗ ਹੈ ਕਿ ਉਕਤ ਸਾਰੇ ਬੰਦੀਆਂ ਨੂੰ ਪੰਜਾਬ ਤੋਂ ਬਾਹਰਲੇ ਰਾਜਾਂ ‘ਚ ਸਜ਼ਾਵਾਂ ਹੋਈਆਂ ਹਨ ਤੇ ਪਿਛਲੇ ਸਾਲਾਂ ‘ਚ ਪਿਤਰੀ ਰਾਜ ਹੋਣ ਕਰਕੇ ਪੰਜਾਬ ਦੀਆਂ ਜੇਲ੍ਹਾਂ ਵਿਚ ਤਬਦੀਲ ਕੀਤੇ ਗਏ ਹਨ।  ਸਰਕਾਰੀ ਸੂਤਰਾਂ ਅਨੁਸਾਰ ਉਕਤ ਕੈਦੀਆਂ ਵਿਚੋਂ ਕੁਝ ਹੋਰ ਨੂੰ ਪੰਜਾਬ ‘ਚ ਤਬਦੀਲ ਕੀਤੇ ਜਾਣ ਬਾਰੇ ਵੀ ਸਬੰਧਿਤ ਰਾਜਾਂ ਨਾਲ ਚਿੱਠੀ-ਪੱਤਰ ਚੱਲ ਰਿਹਾ ਹੈ। ਪਤਾ ਲੱਗਾ ਹੈ ਕਿ ਜੇਲ੍ਹਾ ‘ਚ ਬੰਦ ਸਾਰੇ ਕੈਦੀਆਂ ਦੀ ਰਿਹਾਈ ਲਈ ਸਬੰਧਿਤ ਜ਼ਿਲ੍ਹਿਆਂ ਦੇ ਡਿਪਟੀ ਕਮਿਸ਼ਨਰਾਂ ਤੇ ਐਸਐਸਪੀਜ਼ ਨੂੰ ਰਿਪੋਰਟ ਦੇਣ ਲਈ ਕਿਹਾ ਜਾ ਰਿਹਾ ਹੈ। ਪਹਿਲਾਂ ਵੀ ਸ਼ਤਾਬਦੀਆਂ ਮੌਕੇ ਕੈਦੀਆਂ ਦੀ ਰਿਹਾਈ ਬਾਰੇ ਫ਼ੈਸਲੇ ਲਏ ਜਾਂਦੇ ਹਨ ਪਰ ਕੈਪਟਨ ਸਰਕਾਰ ਇਸ ਮੌਕੇ ਸਿੱਖ ਪੰਥ ਤੇ ਸੰਗਠਨਾਂ ਦੀ ਕਾਫ਼ੀ ਸਮੇਂ ਤੋਂ ਚਲੀ ਆ ਰਹੀ ਕੈਦ ਭੁਗਤ ਚੁੱਕੇ ਬੰਦੀਆਂ ਦੀ ਰਿਹਾਈ ਦਾ ਫ਼ੈਸਲਾ ਕਰਕੇ ਸਿੱਖ ਭਾਈਚਾਰੇ ਅੰਦਰ ਚੰਗਾ ਸੰਕੇਤ ਦੇਣਾ ਚਾਹੁੰਦੀ ਹੈ। ਰਿਹਾਅ ਕੀਤੇ ਜਾਣ ਵਾਲੇ 18 ਸਿੱਖ ਬੰਦੀਆਂ ਵਿਚੋਂ ਬਹੁਤੇ ਅਜਿਹੇ ਹਨ ਜਿਨ੍ਹਾਂ ਨੇ ਅਦਾਲਤ ਵਲੋਂ ਦਿੱਤੀ ਸਜ਼ਾ ਤੋਂ ਕਈ-ਕਈ ਸਾਲ ਵੱਧ ਸਜ਼ਾ ਭੁਗਤ ਲਈ ਹੈ। 18 ਸਿੱਖ ਬੰਦੀਆਂ ਵਿਚ ਨਾਭਾ ਜੇਲ੍ਹ ‘ਚ ਬੰਦ ਲਾਲ ਸਿੰਘ, ਦਿਲਬਾਗ ਸਿੰਘ ਅਤੇ ਬਲਵੀਰ ਸਿੰਘ ਬੀਰਾ, ਅੰਮ੍ਰਿਤਸਰ ਜੇਲ੍ਹ ‘ਚ ਬੰਦ ਪ੍ਰੋ. ਦੇਵਿੰਦਰਪਾਲ ਸਿੰਘ ਭੁੱਲਰ ਤੇ ਗੁਰਦੀਪ ਸਿੰਘ ਖਹਿਰਾ, ਤਿਹਾੜ ਜੇਲ੍ਹ ‘ਚ ਦਯਾ ਸਿੰਘ ਲਾਹੌਰੀਆ, ਚੰਡੀਗੜ੍ਹ ਬੁੜੈਲ ਜੇਲ੍ਹ ‘ਚ ਲਖਵਿੰਦਰ ਸਿੰਘ ਲੱਖਾ, ਗੁਰਮੀਤ ਸਿੰਘ, ਸ਼ਮਸ਼ੇਰ ਸਿੰਘ, ਪਰਮਜੀਤ ਸਿੰਘ ਭਿਉਰਾ ਅਤੇ ਜਗਤਾਰ ਸਿੰਘ ਤਾਰਾ, ਜੈਪੁਰ ਜੇਲ੍ਹ ‘ਚ ਹਰਨੇਕ ਸਿੰਘ ਭੱਪ, ਉਤਰ ਪ੍ਰਦੇਸ਼ ਦੀ ਮੁਰਾਦਾਬਾਦ ਕੇਂਦਰੀ ਜੇਲ੍ਹ ‘ਚ ਸੁਰਿੰਦਰ ਸਿੰਘ ਛਿੰਦਾ, ਸਤਨਾਮ ਸਿੰਘ, ਦਿਆਲ ਸਿੰਘ ਅਤੇ ਸੁੱਚਾ ਸਿੰਘ ਅਤੇ ਪਟਿਆਲਾ ਕੇਂਦਰੀ ਜੇਲ੍ਹ ‘ਚ ਸੁਬੇਗ ਸਿੰਘ ਤੇ ਨੰਦ ਸਿੰਘ ਬੰਦੀ ਹਨ। ਸੁਬੇਗ ਸਿੰਘ ਤੇ ਨੰਦ ਸਿੰਘ ਅਜਿਹੇ ਬੰਦੀ ਹਨ ਜਿਹੜੇ 30 ਸਾਲ ਤੋਂ ਵੱਧ ਸਮਾਂ ਕੈਦ ਭੁਗਤ ਚੁੱਕੇ ਹਨ। ਬਾਕੀ ਵੀ ਬਹੁਤੇ 25 ਸਾਲ ਤੋਂ ਵਧੇਰੇ ਸਮੇਂ ਤੋਂ ਜੇਲ੍ਹਾਂ ‘ਚ ਬੰਦ ਹਨ ਤੇ ਇਹ ਲਗਪਗ ਸਾਰੇ ਇਸ ਸਮੇਂ ਬਜ਼ੁਰਗ ਅਵਸਥਾ ਵਿਚ ਹਨ। ਪਤਾ ਲੱਗਾ ਹੈ ਕਿ ਪੰਜਾਬ ਸਰਕਾਰ ਉਕਤ ਸਾਰੇ ਕੈਦੀਆਂ ਦੇ ਕੇਸ ਬਣਾ ਕੇ ਕੇਂਦਰ ਸਰਕਾਰ ਨੂੰ ਭੇਜ ਰਹੀ ਹੈ ਤੇ ਆਉਣ ਵਾਲੇ ਦਿਨਾਂ ਵਿਚ ਕਿਸੇ ਸਮੇਂ ਵੀ ਉਨ੍ਹਾਂ ਦੀ ਪੱਕੀ ਰਿਹਾਈ ਦੇ ਹੁਕਮ ਵੀ ਹੋ ਸਕਦੇ ਹਨ।