ਖ਼ਾਲਿਸਤਾਨ ਦੀ ਮੰਗ ਨਾ ਗ਼ੈਰਕਾਨੂੰਨੀ ਹੈ ਅਤੇ ਨਾ ਹੀ ਅਪਰਾਧ : ਪ੍ਰੋ. ਬਡੂੰਗਰ

0
387

badungar-on-khalistan
ਅੰਮ੍ਰਿਤਸਰ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਕ੍ਰਿਪਾਲ ਸਿੰਘ ਬਡੂੰਗਰ ਅਤੇ ਹੋਰ।
ਅੰਮ੍ਰਿਤਸਰ/ਸਿੱਖ ਸਿਆਸਤ ਬਿਊਰੋ:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਕਿਰਪਾਲ ਸਿੰਘ ਬਡੂੰਗਰ ਨੇ ਕਿਹਾ ਹੈ ਕਿ ਖ਼ਾਲਿਸਤਾਨ ਦੀ ਮੰਗ ਕਰਨੀ ਕੋਈ ਗਲਤ ਕੰਮ ਨਹੀਂ ਹੈ। ਵੀਰਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਸਿੱਖ ਵੱਖਰੀ ਕੌਮ ਹੈ, ਖ਼ਾਲਿਸਤਾਨ ਦੀ ਮੰਗ ਨਾ ਤਾਂ ਗ਼ੈਰਕਾਨੂੰਨੀ ਹੈ ਅਤੇ ਨਾ ਹੀ ਕੋਈ ਅਪਰਾਧ ਹੈ।
ਹਾਲਾਂਕਿ ਉਹ ਬਾਦਲ ਦਲ ਦੀ ਅਗਵਾਈ ਵਾਲੀ ਸ਼੍ਰੋਮਣੀ ਕਮੇਟੀ ਨਾਲ ਸਬੰਧ ਰੱਖਦੇ ਹਨ। ਬਡੂੰਗਰ ਨੇ ਪ੍ਰੈਸ ਕਾਨਫਰੰਸ ਦੌਰਾਨ ਪੱਤਰਕਾਰਾਂ ਵਲੋਂ ਅਮਰੀਕਾ ‘ਚ ਹੋਬੋਕਨ ਸ਼ਹਿਰ ਦੇ ਮੇਅਰ ਦੀ ਚੋਣ ਮੌਕੇ ਰਵਿੰਦਰ ਸਿੰਘ ਭੱਲਾ ਨੂੰ ”ਅੱਤਵਾਦੀ” ਕਹੇ ਜਾਣ ਦੀ ਘਟਨਾ ਦੇ ਸਬੰਧ ‘ਚ ਪੁੱਛੇ ਸਵਾਲ ਦੇ ਜਵਾਬ ‘ਚ ਉਪਰੋਕਤ ਗੱਲ ਕਹੀ।
ਪ੍ਰੋ. ਬਡੂੰਗਰ ਨੇ ਉਦਾਹਰਣ ਦਿੱਤੀ ਕਿ 1984 ‘ਚ ਇੰਦਰਾ ਗਾਂਧੀ ਦੇ ਕਤਲ ਤੋਂ ਬਾਅਦ ਦੋ ਸਿੱਖਾਂ ਨੇ ਚੰਡੀਗੜ੍ਹ ‘ਚ ਖ਼ਾਲਿਸਤਾਨ ਦੇ ਨਾਅਰੇ ਜਨਤਕ ਤੌਰ ‘ਤੇ ਲਾਏ। ਪਰ ਅਦਾਲਤ ਨੇ ਇਹ ਕਹਿ ਕੇ ਉਨ੍ਹਾਂ ਨੂੰ ਬਰੀ ਕਰ ਦਿੱਤਾ ਕਿ ਖ਼ਾਲਿਸਤਾਨ ਦੇ ਨਾਅਰੇ ਮਾਰਨੇ ‘ਦੇਸ਼ਧ੍ਰੋਹ’ ਨਹੀਂ, ਜਦੋਂ ਤਕ ਕਿ ਇਸ ਵਿਚ ਹਿੰਸਾ ਨੂੰ ਉਭਾਰਨ ਦੀ ਗੱਲ ਨਾ ਹੋਵੇ।
ਜਦੋਂ ਮੀਡੀਆ ਨੇ ਇਸ ਵਿਦੇਸ਼ਾਂ ‘ਚ ਕੁਝ ਆਗੂਆਂ ਬਾਰੇ ਪੁੱਛਿਆ ਗਿਆ ਜਿਨ੍ਹਾਂ ਨੂੰ ”ਖ਼ਾਲਿਸਤਾਨੀਆਂ” ਕਿਹਾ ਜਾਂਦਾ ਹੈ ਤਾਂ ਉਸਦੇ ਜਵਾਬ ‘ਚ ਪ੍ਰੋ. ਬਡੂੰਗਰ ਨੇ ਕਿਹਾ, ”ਆਇਰਲੈਂਡ ਦੇ ਲੋਕ ਇੰਗਲੈਂਡ ਤੋਂ ਆਜ਼ਾਦ ਹੋਣਾ ਚਾਹੁੰਦੇ ਹਨ, ਇਸੇ ਤਰ੍ਹਾਂ ਉੱਤਰ ਕੋਰੀਆ ਅਤੇ ਦੱਖਣੀ ਕੋਰੀਆ ਦਾ ਮਸਲਾ ਹੈ”। ਉਨ੍ਹਾਂ ਹੋਰ ਉਦਾਹਰਣਾਂ ਦਿੰਦਿਆਂ ਕਿਹਾ ਕਿ ਇਹ ਸਿਰਫ ਸਿੱਖਾਂ ਦਾ ਮਸਲਾ ਨਹੀਂ ਦੁਨੀਆ ‘ਚ ਹੋਰ ਥਾਵਾਂ ‘ਤੇ ਵੀ ਅਜ਼ਾਦੀ ਦੀਆਂ ਗੱਲਾਂ ਹੋ ਰਹੀਆਂ ਹਨ।
ਪ੍ਰੋ. ਬਡੂੰਗਰ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਅਮਰੀਕਾ ‘ਚ ਮੇਅਰ ਬਣੇ ਸਿੱਖ ਰਵਿੰਦਰ ਸਿੰਘ ਭੱਲਾ (ਰਵੀ ਭੱਲਾ) ਦਾ ਦਰਬਾਰ ਸਾਹਿਬ ਆਉਣ ‘ਤੇ ਸਨਮਾਨ ਕਰੇਗੀ। ਉਨ੍ਹਾਂ ਅੰਮ੍ਰਿਤਸਰ ਦੇ ਕੱਟੜਪੰਥੀ ਹਿੰਦੂ ਆਗੂ ਸੁਧੀਰ ਸੂਰੀ ਵਲੋਂ ਦਿੱਤੇ ਸਿੱਖ ਵਿਰੋਧੀ ਬਿਆਨ ਦੀ ਵੀ ਨਿੰਦਾ ਕੀਤੀ। ਉਨ੍ਹਾਂ ਕਿਹਾ ਕਿ ਇਹ ਪੰਜਾਬ ਸਰਕਾਰ ਦੀ ਜ਼ਿੰਮੇਵਾਰੀ ਹੈ ਅਜਿਹੇ ਅਨਸਰਾਂ ਨੂੰ ਕਾਬੂ ‘ਚ ਰੱਖੇ।

ਸਿਮਰਨਜੀਤ ਸਿੰਘ ਮਾਨ ਨੇ ਖਾਲਿਸਤਾਨ ਬਾਰੇ
ਪ੍ਰੋ. ਬਡੂੰਗਰ ਦੇ ਬਿਆਨ ਦੀ ਕੀਤੀ ਸਰਾਹਨਾ
ਅੰਮ੍ਰਿਤਸਰ/ਬਿਊਰੋ ਨਿਊਜ਼:
ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਨਰਜੀਤ ਸਿੰਘ ਨੇ ਪ੍ਰੈਸ ਬਿਆਨ ਜਾਰੀ ਕਰਕੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵਲੋਂ ਖ਼ਾਲਿਸਤਾਨ ਦਾ ਮੁੱਦਾ ਚੁੱਕਣ ‘ਤੇ ਉਨ੍ਹਾਂ ਦੀ ਪ੍ਰਸ਼ੰਸਾ ਕੀਤੀ ਹੈ। ਸ. ਮਾਨ ਨੇ ਜਾਰੀ ਪ੍ਰੈਸ ਬਿਆਨ ‘ਚ ਕਿਹਾ ਕਿ 1946 ਵਿਚ ਸ. ਬਸੰਤ ਸਿੰਘ ਕੁੱਕੜ ਨੇ ਸ਼੍ਰੋਮਣੀ ਕਮੇਟੀ ਦੇ ਹਾਊਸ ਵਿਚ ਖ਼ਾਲਿਸਤਾਨ ਦਾ ਮਤਾ ਰੱਖਕੇ ਸਰਬਸੰਮਤੀ ਨਾਲ ਪਾਸ ਕਰਵਾਇਆ ਗਿਆ ਸੀ।
ਸ. ਮਾਨ ਨੇ ਅਪੀਲ ਕੀਤੀ ਕਿ ਆਉਂਦੀ 28 ਨਵੰਬਰ ਨੂੰ ਹੋਣ ਵਾਲੇ ਸਲਾਨਾ ਇਜਲਾਸ ਵਿਚ ‘ਖ਼ਾਲਿਸਤਾਨ’ ਦਾ ਮਤਾ ਰੱਖਦੇ ਹੋਏ 1946 ਦੇ ਉਪਰੋਕਤ ਮਤੇ ਦੀ ਪ੍ਰੋੜ੍ਹਤਾ ਸ਼੍ਰੋਮਣੀ ਕਮੇਟੀ ਨੂੰ ਕਰਨੀ ਚਾਹੀਦੀ ਹੈ। ਤਾਂ ਜੋ ਬਾਹਰਲੇ ਮੁਲਕਾਂ ਦੀਆਂ ਹਕੂਮਤਾਂ ਖ਼ਾਲਿਸਤਾਨ ਦੇ ਪਾਸ ਮਤੇ ਦੇ ਤਹਿਤ ਸਿੱਖ ਕੌਮ ਦੇ ਨਿਸ਼ਾਨੇ ਪ੍ਰਤੀ ਸੁਹਿਰਦਤਾ ਨਾਲ ਸਾਨੂੰ ਹਰ ਪੱਖੋਂ ਮਦਦ ਕਰ ਸਕਣ। ਸ. ਮਾਨ ਨੇ ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੂੰ ਅਤੇ ਉਨ੍ਹਾਂ ਦੇ ਸਹਿਯੋਗੀਆਂ ਨੂੰ ਮੁਬਾਰਕਬਾਦ ਦਿੰਦੇ ਹੋਏ ਕਿਹਾ ਕਿ ਜੋ ਆਪ ਜੀ ਨੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਦੇ ਸੰਬੰਧ ਵਿਚ ਨਿਧੜਕ ਹੋ ਕੇ ਗੱਲ ਕੀਤੀ ਹੈ, ਇਸ ਲਈ ਤੁਸੀਂ ਵਧਾਈ ਦੇ ਪਾਤਰ ਹੋ।
ਜਾਰੀ ਬਿਆਨ ‘ਚ ਸ. ਮਾਨ ਨੇ ਸ਼੍ਰੋਮਣੀ ਕਮੇਟੀ ਪ੍ਰਧਾਨ ਪ੍ਰੋ. ਬਡੂੰਗਰ ਨੂੰ ਸੁਝਾਅ ਦਿੱਤਾ ਕਿ ਨਾਨਕਸ਼ਾਹੀ ਕੈਲੰਡਰ, ਦਸਮ ਗ੍ਰੰਥ ਅਤੇ ਸਿੱਖ ਕੌਮ ਨਾਲ ਸੰਬੰਧਤ ਜੋ ਵੀ ਗੰਭੀਰ ਮੁੱਦੇ ਸਾਹਮਣੇ ਹਨ, ਉਨ੍ਹਾਂ ਨੂੰ ਵੀ ਇਸੇ ਦ੍ਰਿੜ੍ਹਤਾ ਅਤੇ ਦੂਰਅੰਦੇਸ਼ੀ ਨਾਲ ਹੱਲ ਕਰਨ ਲਈ ਆਪਣੀ ਜ਼ਿੰਮੇਵਾਰੀ ਨਿਭਾਉਣ।

ਬਡੂੰਗਰ ਸੁਪਰੀਮ ਕੋਰਟ ਦਾ ਫ਼ੈਸਲਾ ਪੜ੍ਹੇ- ਭਾਜਪਾ  
ਚੰਡੀਗੜ੍ਹ/ਬਿਊਰੋ ਨਿਊਜ਼:
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੌਜੂਦਾ ਪ੍ਰਧਾਨ ਵਲੋਂ ਖ਼ਾਲਿਸਤਾਨ ਬਾਰੇ ਦਿੱਤੇ ਬਿਆਨ ‘ਤੇ ਪੰਜਾਬ ਭਾਜਪਾ ਨੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਕ੍ਰਿਪਾਲ ਸਿਘ ਬਡੂੰਗਰ ਨੂੰ ਅਪੀਲ ਕੀਤੀ ਹੈ ਕਿ ਉਹ ਸੁਪਰੀਮ ਕੋਰਟ ਦੇ ਫ਼ੈਸਲੇ ਦਾ ਹਵਾਲਾ ਦੇਣ ਤੋਂ ਪਹਿਲਾਂ, ਅਦਾਲਤ ਦੇ ਉਸ ਫ਼ੈਸਲੇ ਨੂੰ ਪੜ੍ਹ ਲੈਣ । ਸੂਬਾ ਮੀਤ ਪ੍ਰਧਾਨ ਹਰਜੀਤ ਸਿੰਘ ਗਰੇਵਾਲ ਅਤੇ ਸੂਬਾ ਸਕੱਤਰ ਵਿਨੀਤ ਜੋਸ਼ੀ ਨੇ ਪ੍ਰੋ: ਬਡੂੰਗਰ ਨੂੰ ਕਿਹਾ ਕਿ ਉਹ ਸ਼੍ਰੋਮਣੀ ਦੇ ਪ੍ਰਧਾਨ ਹਨ, ਸ਼੍ਰੋਮਣੀ ਕਮੇਟੀ ਇਕ ਇਤਿਹਾਸਿਕ ਸੰਸਥਾ ਹੈ, ਜਿਸਦਾ ਸਿੱਖ ਧਰਮ ‘ਚ ਇਕ ਵਿਸ਼ੇਸ਼ ਸਥਾਨ ਹੈ ਅਤੇ ਸ਼੍ਰੋਮਣੀ ਕਮੇਟੀ ਪ੍ਰਧਾਨ ਦੇ ਮੂੰਹ ‘ਚੋਂ ਨਿਕਲੇ ਹੋਏ ਸ਼ਬਦ ਕਾਫ਼ੀ ਅਹਿਮ ਹੁੰਦੇ ਹਨ । ਭਾਜਪਾ ਆਗੂਆਂ ਨੇ ਕਿਹਾ ਕਿ ਪੰਜਾਬ ਅੱਤਵਾਦ ਦੇ ਲੰਮੇ ਦੌਰ ‘ਚੋਂ ਨਿਕਲ ਚੁੱਕਿਆ ਹੈ, ਪੰਜਾਬੀਆਂ ਨੇ ਸ਼ਹਾਦਤਾਂ ਦੇਕੇ ਇਹ ਸ਼ਾਂਤੀ ਕਾਇਮ ਕੀਤੀ ਹੈ । ਉਨ੍ਹਾਂ ਕਿਹਾ ਕਿ ਸਾਡੀ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਇਹ ਸ਼ਾਂਤੀ ਬਣੀ ਰਹੇ ਅਤੇ ਰਾਜਨੀਤਿਕ, ਸਮਾਜਿਕ ਅਤੇ ਧਾਰਮਿਕ ਆਗੂ ਇਸਨੂੰ ਵਿਸ਼ੇਸ਼ ਤੌਰ ‘ਤੇ ਸਮਝਣ । ਆਗੂਆਂ ਕਿਹਾ ਕਿ ਖ਼ਾਲਿਸਤਾਨ ਦੀ ਮੰਗ ਕਰਨਾ ਮਤਲਬ ਭਾਰਤ ਦੇ ਟੁਕੜੇ ਕਰਨਾ ਹੈ, ਇਸ ਲਈ ਇਹ ਗੈਰ-ਸੰਵੈਧਾਨਿਕ ਸੀ, ਹੈ ਅਤੇ ਰਹੇਗਾ ।