ਬਾਦਲਾਂ ਦੀਆਂ ਏਸੀ ਬੱਸਾਂ ਨੂੰ ਲੱਗੇਗਾ ਸੇਕ

0
369

badal-ac-buses
ਟੈਕਸ ‘ਚ ਪ੍ਰਤੀ ਕਿਲੋਮੀਟਰ ਚਾਰ ਰੁਪਏ ਦਾ ਵਾਧਾ
ਚੰਡੀਗੜ੍ਹ/ਬਿਊਰੋ ਨਿਊਜ਼ :
ਪੰਜਾਬ ਸਰਕਾਰ ਦੀ ਨਵੀਂ ਟਰਾਂਸਪੋਰਟ ਨੀਤੀ ਤਹਿਤ ਏਸੀ ਇੰਟੈਗਰਲ ਬੱਸ ਮਾਲਕਾਂ, ਖਾਸਕਰ ਬਾਦਲਾਂ ਨੂੰ ਸੇਕ ਲੱਗਣਾ ਤੈਅ ਹੈ। ਬਾਦਲ ਸਰਕਾਰ ਸਮੇਂ ਏਸੀ ਬੱਸਾਂ ਦਾ ਟੈਕਸ ਆਮ ਬੱਸਾਂ ਨਾਲੋਂ ਵੀ 1.13 ਰੁਪਏ ਕਿਲੋਮੀਟਰ ਘੱਟ ਸੀ, ਜਿਸ ਕਾਰਨ ਏਸੀ ਬੱਸ ਮਾਲਕਾਂ ਨੇ ਖੂਬ ਕਮਾਈਆਂ ਕੀਤੀਆਂ। ਹੁਣ ਉਨ੍ਹਾਂ ਦੀ ਇਸ ਕਮਾਈ ਨੂੰ ਬਰੇਕਾਂ ਲੱਗਣ ਵਾਲੀਆਂ ਹਨ। ਹੁਣ ਉਨ੍ਹਾਂ ਨੂੰ ਪਹਿਲਾਂ ਦੇ ਮੁਕਾਬਲੇ ਪ੍ਰਤੀ ਕਿਲੋਮੀਟਰ ਚਾਰ ਰੁਪਏ ਵੱਧ ਟੈਕਸ ਅਦਾ ਕਰਨਾ ਪਵੇਗਾ।
ਸੂਤਰਾਂ ਅਨੁਸਾਰ ਪਿਛਲੀ ਅਕਾਲੀ-ਭਾਜਪਾ ਸਰਕਾਰ ਸਮੇਂ ਏਸੀ ਬੱਸਾਂ ਦਾ ਟੈਕਸ 1.60 ਰੁਪਏ ਤੇ ਆਮ ਲੋਕਾਂ ਵੱਲੋਂ ਵਰਤੀਆਂ ਜਾਂਦੀਆਂ ਆਮ ਬੱਸਾਂ ਦਾ ਟੈਕਸ 2.73 ਰੁਪਏ ਕਿਲੋਮੀਟਰ ਸੀ। ਉਦੋਂ ਇਸ ਨੀਤੀ ਦਾ ਕਾਫ਼ੀ ਵਿਰੋਧ ਵੀ ਹੋਇਆ ਪਰ ਅਕਾਲੀ-ਭਾਜਪਾ ਸਰਕਾਰ ਟੱਸ ਤੋਂ ਮੱਸ ਨਾ ਹੋਈ।
ਨਵੀਂ ਨੀਤੀ ਤਹਿਤ ਏਸੀ ਬੱਸਾਂ ਦਾ ਟੈਕਸ 1.60 ਰੁਪਏ ਤੋਂ ਵਧਾ ਕੇ 5.60 ਰੁਪਏ ਪ੍ਰਤੀ ਕਿਲੋਮੀਟਰ ਕਰ ਦਿੱਤਾ ਗਿਆ ਹੈ। ਇਨ੍ਹਾਂ ਬੱਸਾਂ ਲਈ ਸਾਲਾਨਾ ਕਰੀਬ ਸੱਤ ਲੱਖ ਰੁਪਏ ਟੈਕਸ ਦੇਣਾ ਪਵੇਗਾ। ਆਮ ਬੱਸਾਂ ਦਾ ਟੈਕਸ ਵੀ ਮਾਮੂਲੀ ਵਧਾ ਕੇ 2.73 ਤੋਂ 2.80 ਰੁਪਏ ਕਿਲੋਮੀਟਰ ਕੀਤਾ ਗਿਆ ਹੈ। ਇਸ ਤਰ੍ਹਾਂ ਏਸੀ ਬੱਸਾਂ ਦਾ ਟੈਕਸ ਵਧਣ ਨਾਲ ਰਾਜ ਸਰਕਾਰ ਦੀ ਆਮਦਨ ਵਿਚ ਵੀ ਵਾਧਾ ਹੋਵੇਗਾ।
ਇਸ ਦੇ ਨਾਲ ਹੀ ਹੁਣ ਕੋਈ ਮਾਲਕ ਇਕ ਪਰਮਿਟ ‘ਤੇ ਵੱਧ ਬੱਸਾਂ ਨਹੀਂ ਚਲਾ ਸਕੇਗਾ, ਕਿਉਂਕਿ ਬੱਸਾਂ ‘ਤੇ ਇਕ ਵੱਡੀ ਪਲੇਟ ਲਗਵਾਉਣੀ ਪਵੇਗੀ, ਜਿਸ ‘ਤੇ ਪਰਮਿਟ ਨੰਬਰ ਲਿਖਿਆ ਹੋਵੇਗਾ। ਜੇ ਕੋਈ ਮਾਲਕ ਪਰਮਿਟ ‘ਤੇ ਵੱਧ ਬੱਸਾਂ ਚਲਾਏਗਾ ਤਾਂ ਕੋਈ ਵੀ ਉਸ ਦੀ ਸ਼ਿਕਾਇਤ ਕਰ ਸਕੇਗਾ ਤੇ ਟਰਾਂਸਪੋਰਟ ਮਹਿਕਮੇ ਨੂੰ ਹਰਕਤ ਵਿਚ ਆਉਣਾ ਪਵੇਗਾ।
ਜਾਣਕਾਰੀ ਮੁਤਾਬਕ ਨਿਜੀ ਬੱਸ ਮਾਲਕ ਬੱਸ ਅੱਡੇ ਵਿਚ ਤਾਂ ਅਸਲੀ ਪਰਮਿਟ ਵਾਲੀ ਬੱਸ ਹੀ ਲੈ ਕੇ ਜਾਂਦੇ ਹਨ, ਪਰ ਅੱਡਿਆਂ ਦੇ ਬਾਹਰ ਡੁਪਲੀਕੇਟ ਨੰਬਰਾਂ ਵਾਲੀਆਂ ਬੱਸਾਂ ਚਲਾ ਕੇ ਸਰਕਾਰੀ ਖ਼ਜ਼ਾਨੇ ਨੂੰ ਚੂਨਾ ਲਾਉਂਦੇ ਹਨ।