ਤਵਾਰੀਖੀ ਖੁਲਾਸਾ :1971 ਦੀ ਜੰਗ ਦੀਆਂ ਯਾਦਾਂ

0
401

article-balbir-sara
ਭਾਰਤੀ ਥਲ ਸੈਨਾ ਦੀ ਪੂਰਬੀ ਕਮਾਨ ਦੇ ਮੁਖੀ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ ਅਤੇ ਹੋਰ ਅਫ਼ਸਰਾਂ ਦੀ ਹਾਜ਼ਰੀ ਵਿੱਚ ਸਮਰਪਣ ਸਮਝੌਤੇ ਉੱਤੇ ਹਸਤਾਖਰ ਕਰਦੇ ਹੋਏ ਪਾਕਿਸਤਾਨ ਦੇ ਲੈਫਟੀਨੈਂਟ/ਜਨਰਲ ਏ.ਏ.ਕੇ. ਨਿਆਜ਼ੀ।

ਕਰਨਲ ਬਲਬੀਰ ਸਿੰਘ ਸਰਾਂ
ਹਰ ਸਾਲ ਦਸੰਬਰ ਵਿੱਚ ਭਾਰਤੀ ਸੈਨਾਵਾਂ ਦਾ ‘ਝੰਡਾ ਦਿਵਸ’ ਅਤੇ ਇਸ ਦੇ ਪਿੱਛੇ ਦੇਸ਼ ਲਈ ਫ਼ੌਜੀ ਕੁਰਬਾਨੀਆਂ ਦਾ ਇਤਿਹਾਸ ਯਾਦ ਆਉਂਦਾ ਹੈ। ਇਸ ਦੇ ਨਾਲ ਹੀ 1971 ਦੀ ਭਾਰਤ-ਪਾਕਿਸਤਾਨ ਜੰਗ। ਇੱਕ ਨਿਰਣਾਇਕ ਜਿੱਤ। ਇੱਕ ਨਵੇਂ ਮੁਲਕ ਬੰਗਲਾਦੇਸ਼ ਦਾ ਜਨਮ। ਤਕਰੀਬਨ ਇੱਕ ਲੱਖ ਪਾਕਿਸਤਾਨੀ ਸੈਨਿਕਾਂ ਵੱਲੋਂ ਹਥਿਆਰ ਸੁੱਟ ਕੇ ਆਤਮ-ਸਮਰਪਣ। ਬੰਗਲਾਦੇਸ਼ ਦਾ ਨਿਰਮਾਤਾ ਸ਼ੇਖ ਮੁਜੀਬਰ ਰਹਿਮਾਨ ਅਤੇ ਉਹ ਇਤਿਹਾਸਕ ਫੋਟੋ ਜਿਸ ਵਿੱਚ ਭਾਰਤੀ ਪੂਰਬੀ ਕਮਾਂਡ ਦੇ ਮੁਖੀ ਲੈਫਟੀਨੈਂਟ ਜਨਰਲ ਜਗਜੀਤ ਸਿੰਘ ਅਰੋੜਾ, ਮੇਜਰ ਜਨਰਲ ਜੇ.ਐੱਫ.ਆਰ. ਜੈਕਬ, ਹੋਰ ਸੀਨੀਅਰ ਭਾਰਤੀ ਅਫ਼ਸਰ, ਪਾਕਿਸਤਾਨੀ ਫ਼ੌਜ ਦੀ ਅਗਵਾਈ ਕਰਨ ਵਾਲਾ ਲੈਫਟੀਨੈਂਟ ਜਨਰਲ ਏ.ਏ.ਕੇ. ਨਿਆਜ਼ੀ ਸਮਰਪਣ ਦੇ ਕਾਗਜ਼ ‘ਤੇ ਦਸਤਖਤ ਕਰਦਾ ਹੋਇਆ ਆਦਿ ਸਭ ਕੁਝ ਯਾਦ ਆਉਂਦਾ ਹੈ। ਅੱਜ 46 ਸਾਲ ਹੋ ਗਏ ਹਨ।
1971 ਦੇ ਯੁੱਧ ਤੋਂ ਥੋੜ•ਾ ਪਹਿਲਾਂ ਤੋਂ ਗੱਲ ਸ਼ੁਰੂ ਕਰੀਏ। ਮੈਂ ਜੁਲਾਈ 1969 ਤੋਂ ਸਿੱਕਿਮ ਵਿੱਚ ‘ਬਲੈਕ ਕੈਟ’ ਡਿਵੀਜ਼ਨ ਵਿੱਚ ਕੈਪਟਨ ਤਾਇਨਾਤ ਸਾਂ। ਕੰਮ ਇੰਟੈਲੀਜੈਂਸ ਅਤੇ ਅਪਰੇਸ਼ਨਜ਼ ਦਾ ਸੀ। ਸਾਡੇ ਉਪਰਲੇ ਅਫ਼ਸਰ ਬਹੁਤ ਹੀ ਤਜਰਬੇਕਾਰ ਸਨ। ਅਸੀਂ ਹੇਠਲੀ ਕੜੀ ਦਾ ਹਿੱਸਾ ਸਾਂ। ਸਾਡੇ ਡਿਵੀਜ਼ਨ ਦਾ ਘੌਛ, ਮੇਜਰ ਜਨਰਲ ਇੰਦਰਜੀਤ ਸਿੰਘ ਗਿੱਲ ਪੈਰਾਸ਼ੂਟ ਰੈਜੀਮੈਂਟ ਦਾ ਖ਼ਤਰਿਆਂ ਨਾਲ ਖੇਡਣ ਦਾ ਸ਼ੌਕੀਨ ਅਫ਼ਸਰ ਵੇਖਣ ਅਤੇ ਬੋਲਣ ਵਿੱਚ ਗੋਰਾ ਸਾਹਿਬ ਸੀ। ਉਹ ਮਗਰੋਂ ਡਾਇਰੈਕਟਰ ਜਨਰਲ ਮਿਲਟਰੀ ਅਪਰੇਸ਼ਨਜ਼ ਪੋਸਟਿੰਗ ਚਲਾ ਗਿਆ।
ਉਨ•ਾਂ ਵੇਲਿਆਂ ਵਿੱਚ ਸਿੱਕਿਮ ਇੱਕ ਆਜ਼ਾਦ ਦੇਸ਼ ਸੀ। ਇੱਥੋਂ ਦੇ ਰਾਜੇ ਨੂੰ ‘ਚੋਗਿਆਲ’ ਅਤੇ ਰਾਣੀ ਨੂੰ ‘ਗਿਆਲਮੋ’ ਕਹਿੰਦੇ ਸਨ। ਇਹ ਬੋਧੀ ਰਾਜ ਸੀ। ਅੰਦਰੂਨੀ ਕੰਮਾਂ ਵਿੱਚ ਇਹ ਆਜ਼ਾਦ ਭਾਰਤ ਦਾ ਇੱਕ ਪਰੋਟੈਕਟੋਰੇਟ ਦੇਸ਼ ਸੀ ਭਾਵ ਇਸ ਦੀ ਸੁਰੱਖਿਆ ਲਈ ਭਾਰਤ ਜ਼ਿੰਮੇਵਾਰ ਸੀ।  ਮਗਰੋਂ ਜਾ ਕੇ ਇੰਦਰਾ ਗਾਂਧੀ ਨੇ ਇਸ ਨੂੰ ਭਾਰਤ ਨਾਲ ਰਲਾ ਲਿਆ। ਹੁਣ ਇਹ ਬਹੁਤ ਹੀ ਰਮਣੀਕ ਸੂਬਾ ਭਾਰਤ ਦਾ ਇੱਕ ਹਿੱਸਾ ਹੈ। ਇਹ ਪੱਛਮੀ ਬੰਗਾਲ ਵਿੱਚ ਸਿਲੀਗੁੜੀ ਸਟੇਸ਼ਨ ਤੋਂ ਅੱਗੇ ਇੱਕ ਦਿਨ ਦਾ ਰਸਤਾ ਹੈ। ਇਸ ਦੀ ਰਾਜਧਾਨੀ ਗੰਗਟੋਕ ਸਮੁੰਦਰੀ ਤਲ ਤੋਂ 5,000 ਫੁੱਟ ਉਚਾਈ ‘ਤੇ ਸਥਿਤ ਹੈ। ਜੰਗਲ ਬਹੁਤ ਅਤੇ ਉਪਰਲੇ ਇਲਾਕੇ ਬਰਫ਼ ਵਾਲੇ ਹਨ।
ਸਾਡਾ ਡਿਵੀਜ਼ਨ ਹੈੱਡਕੁਆਰਟਰ ਗੰਗਟੋਕ ਤੋਂ 17 ਮੀਲ, ਸਮੁੰਦਰੀ ਤਲ ਤੋਂ 12000 ਫੁੱਟ ਉਚਾਈ ‘ਤੇ ਕਿਆਂਗ-ਨੋਸਲਾ ‘ਤੇ ਸਥਿਤ ਸੀ। ਟੀਨ ਦੇ ਸ਼ੈੱਡ, ਅੰਦਰ ਥਰਮੋਕੋਲ, ਮਿੱਟੀ ਦੇ  ਤੇਲ ਦੀਆਂ ਬੁਖਾਰੀਆਂ ਕਿਸੇ ਵੀ ਹਾਈਐਲਟੀਚਿਊਡ (ਬਹੁਤ ਉਚਾਈ) ‘ਤੇ ਸਥਿਤ ਫ਼ੌਜੀ ਇਲਾਕੇ ਵਰਗਾ। ਪਹਿਲਾਂ ਡਿਵੀਜ਼ਨ ਹੈੱਡਕੁਆਰਟਰ ਗੰਗਟੋਕ ਵਿਖੇ ਹੁੰਦਾ ਸੀ। ਫਿਰ ਚੀਨੀ ਗੜਬੜੀ ਨੂੰ ਰੋਕਣ ਲਈ ਇਹ ਪੂਰੀ ਤਰ•ਾਂ ਅੱਗੇ ਲੱਗ ਗਿਆ। ਉੱਤਰੀ ਸਿੱਕਿਮ, ਚੋ ਲਾ 14000 ਫੁੱਟ ਅਤੇ ਨਾਥੂ ਲਾ 13000 ਫੁੱਟ ਇਸ ਦੇ ਮੁੱਖ ਡਿਫੈਂਸ ਦੇ ਇਲਾਕੇ ਸਨ।  ਨਾਥੂ ਲਾ ਉਹ ਜਗ•ਾ ਹੈ ਜਿੱਥੇ ਉਸ ਵਕਤ ਅਤੇ ਹੁਣ ਵੀ ਚੀਨੀ ਅਤੇ ਭਾਰਤੀ ਆਹਮੋ-ਸਾਹਮਣੇ ਹਨ। ਇਸ ਇਲਾਕੇ ‘ਚੋਂ  ਕੰਚਨਜੰਗਾ ਵੱਲੋਂ ਚੜ•ਦੇ ਸੂਰਜ ਦ੍ਰਿਸ਼ ਇੱਕ ਨਾ ਭੁੱਲਣ ਵਾਲਾ ਨਜ਼ਾਰਾ ਹੈ। ਸਾਡੇ ਉਸ ਵਕਤ ਦੇ ਜ਼ਿੰਮੇਵਾਰੀ ਦੇ ਇਲਾਕੇ ਦੇ ਦੱਖਣ ਵਿੱਚ ‘ਡੋਕਲਾਮ’ ਸਥਿਤ ਹੈ ਜਿੱਥੇ ਇਸ ਵਰ•ੇ ਡੇਢ ਮਹੀਨਾ ਦੋਵੇਂ ਦੇਸ਼ਾਂ ਦੇ ਫ਼ੌਜੀ ਆਹਮੋ-ਸਾਹਮਣੇ ਸਨ ਅਤੇ ਕੁਝ ਵੀ ਹੋ ਸਕਦਾ ਸੀ। ਸ਼ੁਕਰ ਹੈ ਕਿ ਇੱਥੇ ਬਹੁਤ ਉਚਾਈ ਤਕ ਜੰਗਲ ਹੈ ਜਿਸ ਸਦਕਾ ਆਕਸੀਜਨ ਦੀ ਕਮੀ ਨਹੀਂ ਹੁੰਦੀ ਅਤੇ ਸਾਹ ਘੱਟ ਚੜ•ਦਾ ਹੈ।
1970 ਵਿੱਚ ਪਾਕਿਸਤਾਨ ਵਿੱਚ ਹੋਈਆਂ ਚੋਣਾਂ ਵਿੱਚ ਪੂਰਬੀ ਪਾਕਿਸਤਾਨ ਦੇ ਸ਼ੇਖ ਮੁਜੀਬਰ ਰਹਿਮਾਨ ਦੀ ਪਾਰਟੀ ਨੂੰ ਭਾਰੀ ਬਹੁਮਤ ਹਾਸਲ ਹੋਇਆ। ਇਹ ਗੱਲ ਭੁੱਟੋ ਅਤੇ ਉਨ•ਾਂ ਦੇ ਜਰਨੈਲਾਂ ਨੂੰ ਹਜ਼ਮ ਨਹੀਂ ਹੋ ਸਕਦੀ ਸੀ। ਵਿਦੇਸ਼ੀ ਮੁਦਰਾ, ਬੰਗਾਲੀ ਕਮਾਉਂਦੇ ਅਤੇ ਐਸ਼ ਕਰਦੇ ਪੱਛਮ ਵਾਲੇ। ਹੋਰ ਤਾਂ ਹੋਰ, ਲਹਿੰਦੇ ਪੰਜਾਬ ਵਾਲੇ ਤਾਂ ਪਾਕਿਸਤਾਨ ‘ਤੇ ਰਾਜ ਕਰਨ ਨੂੰ ਆਪਣਾ ਜਨਮ ਸਿੱਧ ਅਧਿਕਾਰ ਸਮਝਦੇ ਸਨ। ਸਮੱਸਿਆ ਦੇ ਸਿਆਸੀ ਹੱਲ ਲਈ ਵਾਰਤਾਵਾਂ ਟੁੱਟ ਗਈਆਂ। ਫ਼ੌਜ ਨੇ ਬੰਗਾਲੀ ਨੂੰ ਦਬਾਉਣਾ ਕੁਚਲਣਾ ਸ਼ੁਰੂ ਕਰ ਦਿੱਤਾ। ਮਨਮਰਜ਼ੀਆਂ ਤੇ ਔਰਤਾਂ ਦੀ ਬੇਪਤੀ ਆਮ ਗੱਲ ਹੋ ਗਈ ਸੀ। ਪਾਕਿਸਤਾਨੀ ਫ਼ੌਜੀ ਅਫ਼ਸਰ ਐਸ਼ ਕਰ ਰਹੇ ਸਨ। ਭਾਰਤੀ ਫ਼ੌਜ ਨੇ ਆਪਣੀ ਜਿੱਤ ਮਗਰੋਂ ਜਾ ਕੇ ਦੇਖਿਆ ਤਾਂ ਉਨ•ਾਂ ਦੇ ਬੰਕਰ ਆਦਿ ਇੰਜ ਲੱਗਦੇ ਸਨ ਜਿਵੇਂ ਰਾਜਿਆਂ ਦੇ ਟਿਕਾਣੇ ਹੋਣ। ਅਸੀਂ ਤਾਂ ਬਹੁਤ ਗ਼ਰੀਬਾਂ ਵਾਂਗ ਰਹੇ ਸਾਂ। ਬੰਗਾਲ ਦੇ ਦੁਖੀ ਲੋਕ ਚੋਰੀ-ਛੁਪੇ ਭਾਰਤ ਵਿੱਚ ਸ਼ਰਨਾਰਥੀ ਬਣ ਕੇ ਆ ਰਹੇ ਸਨ। ਇਨ•ਾਂ ਕੈਂਪਾਂ ਵਿੱਚ ਸ਼ਰਨਾਰਥੀਆਂ ਦੀ ਗਿਣਤੀ ਲੱਖ ਤੋਂ ਉੱਤੇ ਟੱਪ ਗਈ। ਖ਼ੁਦ ਗ਼ਰੀਬੀ ਨਾਲ ਜੂਝ ਰਿਹਾ ਕਿਹੜਾ ਦੇਸ਼ ਦੂਜੇ ਦੇਸ਼ ਦੇ ਸ਼ਰਨਾਰਥੀਆਂ ਨੂੰ ਲੰਮੇ ਅਰਸੇ ਲਈ ਪਨਾਹ ਦੇ ਸਕਦਾ ਹੈ? ਸਾਡੀ ਵਿਦੇਸ਼ ਨੀਤੀ ਅਤੇ ਹੋਰ ਵਿਉਂਤਬੰਦੀ ਸਾਡੇ ਨੇਤਾ ਹੀ ਤੈਅ ਕਰਦੇ ਹਨ। ਉਸ ਵਕਤ ਸਾਡੇ ਨੇਤਾ, ਅਗਲੀਆਂ ਚੋਣਾਂ ‘ਤੇ ਅੱਖ ਰੱਖ ਕੇ ਗੁਆਂਢੀ ਨਾਲ ਪੁਰਾਣੀਆਂ ਕੜਿੱਲਾਂ ਕੱਢਣੀਆਂ ਚਾਹੁੰਦੇ ਸਨ। ਉਹ ‘ਟੂ ਨੇਸ਼ਨ ਥਿਊਰੀ’, ਜਿਸ ਦੇ ਆਧਾਰ ‘ਤੇ ਪਾਕਿਸਤਾਨ ਬਣਿਆ ਸੀ, ਫੇਲ• ਕਰਕੇ ਦਿਖਾਉਣਾ ਚਾਹੁੰਦੇ ਸਨ। ਭਾਰਤ ਦੀ ਵਾਗਡੋਰ ਸ੍ਰੀਮਤੀ ਇੰਦਰਾ ਗਾਂਧੀ ਦੇ ਹੱਥ ਸੀ ਅਤੇ ਪਾਰਲੀਮੈਂਟ ਵਿੱਚ ਬਹੁਮਤ ਸੀ। ਕੌਮਾਂਤਰੀ ਪੱਧਰ ‘ਤੇ ਵੀ ਬਹੁਤੇ ਦੇਸ਼ ਜਬਰ/ਜ਼ੁਲਮ ਖ਼ਿਲਾਫ਼ ਆਜ਼ਾਦੀ ਦੇ ਸਮਰਥਕ ਹੋ ਨਿੱਬੜਦੇ ਹਨ।

ਸਾਡੀ ਪੂਰਬੀ ਫ਼ੌਜ ਨੂੰ ਹੁਕਮ ਸਨ ਕਿ ਸ਼ਰਨਾਰਥੀ ਰੋਕੇ ਜਾਣ। ਪੂਰਬੀ ਪਾਕਿਸਤਾਨ ਦੇ ਆਜ਼ਾਦ ਖਿਆਲ ਬੰਗਾਲੀਆਂ ਦੀ ਮਦਦ ਕੀਤੀ ਜਾਵੇ। ਇਸੇ ਤਹਿਤ ਸ਼ਰਨਾਰਥੀ ਕੈਂਪਾਂ ‘ਚੋਂ ਜਵਾਨ ਬੰਗਾਲੀ ਵਾਲੰਟੀਅਰ ਚੁਣ ਕੇ ‘ਮੁਕਤੀ ਬਾਹਿਨੀ’ (ਆਜ਼ਾਦੀ ਲਈ ਫ਼ੌਜ) ਤਿਆਰ ਹੋਈ। ਸਾਡੇ ਅਫ਼ਸਰਾਂ ਨੇ ਸਿਵਲ ਕੱਪੜਿਆਂ ਵਿੱਚ ਉਨ•ਾਂ ਨੂੰ ਸਿਖਲਾਈ ਦਿੱਤੀ, ਹਥਿਆਰ ਦਿੱਤੇ। ਕਈ ਵਾਰੀ ਸਾਡੇ ਅਹੁਦੇਦਾਰ ਖ਼ੁਦ ਵੀ ਸਿਵਿਲ ਕੱਪੜਿਆਂ ਵਿੱਚ ਇਨ•ਾਂ ਦੇ ਨਾਲ ਅੰਦਰ ਜਾ ਕੇ ਗੁਰੀਲਾ ਲੜਾਈ ਵਿੱਚ ਰੁੱਝੇ। ਇਹ ਮੁਕਤੀ ਬਾਹਿਨੀ ਪਾਕਿਸਤਾਨੀ ਫ਼ੌਜੀਆਂ ਦੇ ਪਿੱਛੇ ਪੈ ਗਈ। ਇਹ ਸਥਾਨਕ ਲੋਕ ਸਨ, ਭਾਸ਼ਾ ਜਾਣਦੇ ਸਨ ਅਤੇ ਇਨ•ਾਂ ਕੋਲ ਵੱਖਰੇ ਆਜ਼ਾਦ ਦੇਸ਼ ਦਾ ਸੁਪਨਾ ਸੀ। ਨੁਕਸਾਨ ਦੋਵੇਂ ਪਾਸੇ ਹੋ ਰਿਹਾ ਸੀ। ਅਸੀਂ ਹਮਲਾਵਰ ਨਹੀਂ ਕਹਾਉਣਾ ਚਾਹੁੰਦੇ ਸਾਂ। ਅਸੀਂ ਇਸ ਤਾਕ ਵਿੱਚ ਸਾਂ ਕਿ ਦੁਖੀ ਹੋ ਕੇ ਪਾਕਿਸਤਾਨ ਸਾਡੇ ‘ਤੇ ਹਮਲਾ ਕਰੇ ਜਿਸ ਲਈ ਅਸੀਂ ਤਿਆਰ ਬੈਠੇ ਸਾਂ। ਉਸ ਹਾਲਤ ਵਿੱਚ ਵਕਤ ਅਤੇ ਜਗ•ਾ ਦੀ ਚੋਣ ਸਾਡੀ ਆਪਣੀ ਹੋਣੀ ਸੀ। ਇਹ ਵੀ ਪਤਾ ਸੀ ਕਿ ਲੜਾਈ ਇਕੱਲੀ ਪੂਰਬੀ ਮੁਹਾਜ਼ ‘ਤੇ ਨਹੀਂ ਸਗੋਂ ਦੋਵਾਂ ਮੁਹਾਜ਼ਾਂ ‘ਤੇ ਹੋਵੇਗੀ। ਅਸੀਂ ਚਾਹੁੰਦੇ ਸਾਂ ਕਿ ਪੂਰਬੀ ਪਾਕਿਸਤਾਨ ਵਿੱਚ ਦੁਸ਼ਮਣ ਦੀ ਫ਼ੌਜ ਘਿਰੀ ਰਹੇ। ਦੂਜੇ ਖਿੱਤੇ ‘ਚੋਂ ਜਾਂ ਕਿਸੇ ਹੋਰ ਦੇਸ਼ ਵੱਲੋਂ ਮਦਦ ਨਾ ਪੁੱਜ ਸਕੇ ਅਤੇ ਪਹਿਲ ਸਾਡੇ ਹੱਥ ਰਹੇ। ਅਸੀਂ ਹਰ ਕਿਆਸੀ? ਅਣਕਿਆਸੀ  ਮੁਸ਼ਲਿਕ ਦਾ ਹੱਲ ਸੋਚ ਰੱਖਿਆ ਸੀ। ਯੋਜਨਾਵਾਂ ਬਣੀਆਂ ਸਨ। ਭਾਰਤੀ ਫ਼ੌਜ ਤਿੰਨ ਦਿਨ, ਦੋ ਤੇ ਫਿਰ ਇੱਕ ਦਿਨ, ਫਿਰ 12 ਘੰਟੇ ਤੇ ਘਟਦੇ-ਘਟਦੇ ਇੱਕ ਘੰਟੇ ਦੇ ਨੋਟਿਸ ‘ਤੇ ਮੁੱਠੀਆਂ ‘ਚ ਥੁੱਕੀ ਬੈਠੀ ਸੀ।
ਮੈਂ ਤੇ ਮੇਰੇ ਵਰਗੇ ਹੋਰ ਜੂਨੀਅਰ ਅਫ਼ਸਰ, ਖ਼ਾਸਕਰ ਇਨਫੈਂਟਰੀ ਵਾਲੇ ਜਿਹੜੇ ਸੰਭਾਵੀ ਯੁੱਧ ਖੇਤਰ ਤੋਂ ਦੂਰ ਸਾਂ, ਵਾਪਸ ਪਲਟਨਾਂ ‘ਚ ਜਾਣਾ ਚਾਹੁੰਦੇ ਸਾਂ ਤਾਂ ਜੋ ਮੌਕਾ ਮਿਲਣ ‘ਤੇ ਆਪਣੇ ਜੁਆਨਾਂ ਨਾਲ ਰਲ ਕੇ ਦੁਸ਼ਮਣ ਨਾਲ ਲੋਹਾ ਲੈ ਸਕੀਏ। ਕਿਤੇ ਦੂਰ ਬੈਠੇ ਲੜਾਈ ਦੇ ਮੈਡਲ ਤੋਂ ਵਿਰਵੇ ਹੀ ਨਾ ਰਹਿ ਜਾਈਏ, ਪਰ ਪੋਸਟਿੰਗ ਤਾਂ ਅਰਸਾ ਪੂਰਾ ਕਰਨ  ‘ਤੇ ਹੀ ਆਉਣੀ ਸੀ। ਕਈ ਚਲੇ ਗਏ। ਕੈਪਟਨ (ਮਗਰੋਂ ਬ੍ਰਿਗੇਡੀਅਰ) ਕੁਲਦੀਪ ਸਿੰਘ ਚਾਂਦਪੁਰੀ, ਲੌਂਗੇਵਾਲਾ ਵਿੱਚ ਕੰਪਨੀ ਕਮਾਂਡਰ ਵੀ ਸਾਡੇ ਨਾਲ ਸੀ। ਉਸ ਦੀ ਪੋਸਟਿੰਗ ਪੱਛਮੀ ਖੇਤਰ ਰਾਜਸਥਾਨ ਵਿੱਚ ਆ ਗਈ ਅਤੇ ਉਸ ਦੀ ਬਹਾਦਰੀ ਕਰਕੇ ਮਹਾਂਵੀਰ ਚੱਕਰ ਮਿਲਿਆ। ਮੈਨੂੰ ਸਿਰਫ਼ ਦੋ ਸਾਲ ਹੀ ਹੋਏ ਸਨ। ਕੀ ਕਰ ਸਕਦੇ ਸਾਂ! ਆਖ਼ਿਰ ਲੱਦਾਖ, ਉੱਤਰ-ਪੂਰਬੀ ਭਾਰਤ ਦੇ ਚੀਨ ਨਾਲ ਲੱਗਦੇ ਇਲਾਕੇ ਦੀ ਵੀ ਤਾਂ ਕਿਸੇ ਨੇ ਰਾਖੀ ਕਰਨੀ ਸੀ।
ਅਚਾਨਕ ਮੇਰੀ ਯੁੱਧ ਖੇਤਰ ਵਿੱਚ 2 ਕੋਰ ਵਿੱਚ ਟੈਲੀਗਰਾਮ ਰਾਹੀਂ ਟੈਂਪਰੇਰੀ ਅਟੈਚਮੈਂਟ ਆ ਗਈ। ਇਹ ਹੈੱਡਕੁਆਰਟਰ ਪੱਛਮੀ ਬੰਗਾਲ ਵਿੱਚ ਕ੍ਰਿਸ਼ਨਾ ਨਗਰ ਵਿੱਚ ਕੱਚੇ ਤੌਰ ‘ਤੇ ਕੰਮ ਰਿਹਾ ਸੀ। ਹੁਕਮ ਸੀ ਕਿ ਜਲਦੀ ਤੋਂ ਜਲਦੀ ਪੁੱਜੋ। ਅੱਗੋਂ ਮੈਂ ਕਲਾਈਕੁੰਡਾ ਏਅਰਬੇਸ ‘ਤੇ ਡਿਊਟੀ ਕਰਨੀ ਸੀ। ਦਿਲ ਖ਼ੁਸ਼ ਹੋਇਆ ਕਿ ਚਲੋ ਘੱਟੋ-ਘੱਟ ਯੁੱਧ ਖੇਤਰ ਵਿੱਚ ਤਾਂ ਹੋਵਾਂਗੇ। ਚਾਰਜ ਦਿੱਤਾ। ਰਾਤ ਗੰਗਟੋਕ ਕੱਟੀ। ਅਗਲੇ ਦਿਨ ਕਾਨਵਾਈ ਰਾਹੀਂ ਸਿਲੀਗੁੜੀ ਰੇਲਵੇ ਸਟੇਸ਼ਨ ਪੁੱਜਿਆ, ਕਲਕੱਤਾ (ਅੱਜ ਦਾ ਕੋਲਕਾਤਾ) ਤੋਂ ਰੇਲਗੱਡੀ ਬਦਲੀ ਅਤੇ ਦੂਜੇ ਦਿਨ ਕ੍ਰਿਸ਼ਨਾ ਨਗਰ ਪੁੱਜਿਆ। ਸਟੇਸ਼ਨ ਤੋਂ ਫ਼ੌਜੀ ਗੱਡੀ ਨੇ ਹੈੱਡਕੁਆਰਟਰ ਪਹੁੰਚਾ ਦਿੱਤਾ। ਸ਼ਾਮ ਨੂੰ ਹੀ ਰਿਪੋਰਟ ਕੀਤਾ, ਬਿਸਤਰਾ ਲਾਇਆ ਅਤੇ ਅਗਲੇ ਦਿਨ ਇੰਟਰਵਿਊ ਦਾ ਹੁਕਮ ਮਿਲਿਆ। ਸਵੇਰੇ ਬ੍ਰਿਗੇਡੀਅਰ ਜੀ.ਐੱਸ ਅਤੇ ਜੀ.ਵਨ ਅਪਰੇਸ਼ਨਜ਼ ਲੈਫਟੀਨੈਂਟ ਕਰਨਲ ਐੱਸ.ਐੱਫ ਰੌਡਰਿਗਸ ਨੂੰ ਸਲੂਟ ਮਾਰਿਆ। ਉਨ•ਾਂ ਨੇ ਮੈਨੂੰ ਏਅਰ ਫੋਟੋ ਇੰਟਰਪਰੈਟਰ ਦਾ ਕੰਮ ਦਿੱਤਾ। ਮੈਂ ਟਰੇਨਿੰਗ ਸਦਕਾ ਇਸ ਵਿੱਚ ਮਾਹਿਰ ਸਾਂ। ਹੁਕਮ ਮਿਲਿਆ: ‘ਕਲਾਈਕੁੰਡਾ ਜਾਉ। ਉੱਥੇ ਹਵਾਈ ਸੈਨਾ ਦਾ ਇੱਕ ਫੋਟੋ ਇੰਟਰਪਰੈਟਰ ਕੰਮ ਕਰ ਰਿਹਾ ਹੈ। ਕੰਮ ਜਲਦੀ ਅਤੇ ਐਕੂਰੇਟ ਹੋਵੇ।’ ਮੈਂ ਬਿਸਤਰਾ ਬੰਨਿ•ਆ। ਵਨ ਟਨ ਟਰੱਕ ਕੁਝ ਘੰਟਿਆਂ ‘ਚ ਕਲਾਈਕੁੰਡਾ ਲੈ ਗਿਆ। ਰਿਪੋਰਟ ਕੀਤੀ। ਏਅਰ ਬੇਸ ਪੂਰੀ ਤਰ•ਾਂ ਐਕਟਿਵ ਸੀ। ਅਸੀਂ ਵੀ ਸ਼ੁਰੂ ਹੋ ਗਏ। ਫਿਰ ਚੱਲ ਸੋ ਚੱਲ। ਰੋਟੀ-ਪਾਣੀ ਲਈ ਬਰੇਕ, ਚਾਹ ਕੰਮ ‘ਤੇ ਅਤੇ ਕਮਰਾ ਸਿਰਫ਼ ਵਰਦੀ ਬਦਲਣ ਅਤੇ ਘੰਟਾ ਦੋ ਘੰਟੇ ਅੱਖ ਲਾਉਣ ਲਈ।
ਹਥਿਆਰ ਸੁੱਟਦੇ ਹੋਏ ਪਾਕਿਸਤਾਨੀ ਫ਼ੌਜੀ।

ਦਰਅਸਲ, 2 ਕੋਰ ਨਵਾਂ ਖੜ•ਾ ਕੀਤਾ ਐਡਹਾਕ ਹੈੱਡਕੁਆਰਟਰ ਸੀ। ਇਸ ਕਰਕੇ ਥੋੜ•ੇ ਅਫ਼ਸਰ ਪੋਸਟਿਡ ਸਨ। ਬਾਕੀ ਮੇਰੇ ਵਰਗੇ ਅਟੈਚ ਕਰਕੇ ਕੰਮ ਚੱਲ ਰਿਹਾ ਸੀ। ਕੋਰ ਕਮਾਂਡਰ ਲੈਫਟੀਨੈਂਟ ਜਨਰਲ ਟੀ.ਐੱਨ. ਰੈਣਾ ਇੱਕ ਨਿਹਾਇਤ ਤਕੜਾ ਜਰਨੈਲ ਸੀ। ਉਨ•ਾਂ ਨੂੰ 1962 ‘ਚ ਮਹਾਂਵੀਰ ਚੱਕਰ ਮਿਲਿਆ ਸੀ। ਸੁਣਦੇ ਸਾਂ ਕਿ ਇਹ ਐਡਹਾਕ ਕੋਰ ਹੈੱਡਕੁਆਰਟਰ ਖੜ•ਾ ਹੀ ਉਨ•ਾਂ ਨੂੰ ਮੇਜਰ ਜਨਰਲ ਤੋਂ ਲੈਫਟੀਨੈਂਟ ਜਨਰਲ ਦੀ ਤਰੱਕੀ ਦੇਣ ਲਈ ਕੀਤਾ ਗਿਆ ਸੀ। ਇਹ ਵੀ ਸੁਣਦੇ ਸਾਂ ਕਿ ਉਹ ਪ੍ਰਧਾਨ ਮੰਤਰੀ ਦੇ ਨੇੜੇ ਸੀ। ਪਿੱਛੋਂ ਜਾ ਕੇ ਉਹ ਸੈਨਾ ਮੁਖੀ ਬਣੇ। ਘੰੌ-1 (ਅਪਰੇਸ਼ਨਜ਼) ਲੈਫਟੀਨੈਂਟ ਕਰਨਲ ਐੱਸ.ਐੱਫ. ਰੌਡਰਿਗਜ਼ ਸਨ ਜੋ ਬਾਅਦ ਵਿੱਚ ਸੈਨਾ ਮੁਖੀ ਅਤੇ ਪੰਜਾਬ ਦੇ ਰਾਜਪਾਲ ਰਹੇ। ਇਹ ਹੈੱਡਕੁਆਰਟਰ ਇੱਕ ਖਾਲੀ ਪਏ ਮੁਰਗੀਖਾਨੇ ਵਿੱਚ ਚੱਲ ਰਿਹਾ ਸੀ। ਹੋਰ ਕੋਈ ਜਗ•ਾ ਨਹੀਂ ਸੀ ਮਿਲੀ। ਮੁਰਗੀਖਾਨੇ ਦੀ ਮਹਿਕ ਅਜੇ ਵੀ ਆਉਂਦੀ ਸੀ, ਪਰ ਨੱਕ ਮਰ ਜਾਂਦੇ ਹਨ। ਕਹਿੰਦੇ ਹਨ ਕਿ ਫ਼ੌਜੀ ਇਕੇਰਾਂ ਉਤਾਰਾ ਕਰ ਲੈਣ ਤਾਂ ਜੰਗਲ ‘ਚ ਮੰਗਲ ਆਪੇ ਹੀ ਕਰ ਲੈਂਦੇ ਹਨ।
ਹਵਾਈ ਹਮਲੇ ਅਤੇ ਬਚਾਅ ਲਈ ਏਅਰ ਬੇਸ ‘ਤੇ ਯੋਜਨਾਬੰਦੀ ਚਲਦੀ ਰਹਿੰਦੀ। ਹਾਂ, ਏਅਰ ਫੋਟੋ ਲੈ ਕੇ ਆਉਣ ਲਈ ਪੂਰੀ ਤਰ•ਾਂ ਗੁਪਤ ਯੋਜਨਾਬੰਦੀ ਹੁੰਦੀ।  2 ਕੋਰ, ਕੋਈ ਇਲਾਕਾ ਚੁਣਦੀ, ਜਿਸ ਬਾਰੇ ਖ਼ੁਫ਼ੀਆ ਜਾਣਕਾਰੀ ਚਾਹੀਦੀ ਸੀ, ਮਿਸ਼ਨ ਮੰਗਦੀ। ਕਮਾਂਡ ਕਲੀਅਰ ਕਰਦੀ, ਹਵਾਈ ਫ਼ੌਜ ਨੂੰ ਭੇਜਦੀ, ਉਹ ਆਪਣੇ ਪੱਧਰ ‘ਤੇ ਹੁਕਮ ਪਾਸ ਕਰਦੀ। ਏਅਰ ਬੇਸ ਪਲਾਨ ਕਰਦਾ। ਸੌਰਟੀ ਕਲੀਅਰ ਹੁੰਦੀ। ਇਸ ਦੀ ਜਾਣਕਾਰੀ ਕਮਾਂਡਰ ਅਤੇ ਪਾਇਲਟ ਨੂੰ ਹੀ ਹੁੰਦੀ ਸੀ। ਇਹ ਜਾਣਕਾਰੀ ਲੀਕ ਹੋਣ ਦੀ ਸੂਰਤ ਵਿੱਚ ਦੁਸ਼ਮਣ ਪਹਿਲਾਂ ਹੀ ਜਹਾਜ਼ ਸਕਰੈਂਬਲ ਕਰਕੇ ਮਾਰ ਸੁੱਟੇਗਾ ਜਾਂ ਏਅਰ ਪੈਟਰੋਲ ਰਾਹੀਂ ਨੇੜੇ ਹੀ ਨਹੀਂ ਢੁੱਕਣ ਦੇਵੇਗਾ। ਤੀਹ ਹਜ਼ਾਰ ਫੁੱਟ ਤੋਂ ਪਾਇਲਟ ਇਕੱਲਾ ਜਹਾਜ਼ ਲੈ ਕੇ ਦਿੱਤੇ ਇਲਾਕੇ ‘ਚ ਚੱਕਰ ਕੱਢਦਾ, ਕੈਮਰੇ ਚਾਲੂ ਕਰਦਾ ਅਤੇ ਫਿਰ ਬੇਸ ਲਈ ਭੱਜ ਲੈਂਦਾ। ਇਧਰ ਸੁੱਖ ਦਾ ਸਾਹ ਆਉਂਦਾ ਕਿ ਜਹਾਜ਼ ਤੇ ਪਾਇਲਟ ਸੁਰੱਖਿਅਤ ਆ ਗਏ। ਕੈਮਰੇ ਖੁੱਲ•ਦੇ, ਫ਼ਿਲਮਾਂ ਡਿਵੈਲਪ ਹੁੰਦੀਆਂ। ਪ੍ਰਿੰਟ ਕੱਢ ਸੁਕਾ ਸਾਡੇ ਦੋਵਾਂ ਕੋਲ ਆਉਂਦੇ। ਅਸੀਂ ਆਪਣੇ ਤਕਨੀਕੀ ਹਥਿਆਰਾਂ ਨਾਲ ਸ਼ੁਰੂ ਹੋ ਜਾਂਦੇ। ਕਿਹੜੇ ਇਲਾਕੇ ਵਿੱਚ ਕੀ ਕੁਝ ਹੈ, ਕਿੰਨਾ ਹੈ, ਕਿਹੜੀ ਅਤੇ ਕਿੰਨੀਆਂ ਗੰਨਾਂ ਹਨ, ਟੈਂਕ ਜੇਕਰ ਹਨ ਤਾਂ ਕਿੰਨੇ, ਕਿਸ ਕਿਸਮ ਦੇ? ਜੋ ਸਾਨੂੰ ਫੋਟੋ ‘ਚ ਮਿਲਦਾ, ਰਿਪੋਰਟ ਤਿਆਰ ਕਰਕੇ ਏਅਰਬੇਸ ਤੋਂ 2 ਕੋਰ ਜਾਂ ਕਿਸੇ ਹੋਰ ਜਗ•ਾ ਪਹੁੰਚਾਈ ਜਾਂਦੀ ਤਾਂ ਜੋ ਤਾਜ਼ਾ ਜਾਣਕਾਰੀ ਸਹਾਰੇ ਅਪਰੇਸ਼ਨਜ਼ ਬਰਾਂਚ ਯੋਜਨਾ ਬਣਾ ਸਕੇ। ਉਨ•ਾਂ ਵੇਲਿਆਂ ਵਿੱਚ ਡਰੋਨ, ਸੈਟੇਲਾਈਟਸ, ਪਾਇਲਟ ਰਹਿਤ ਹਵਾਈ ਜਹਾਜ਼ ਜਾਂ ਗੂਗਲ ਬਾਬਾ ਨਹੀਂ ਹੁੰਦੇ ਸਨ। ਏਅਰ ਫੋਟੋ ਇੱਕ ਐਕੂਰੇਟ ਜਾਸੂਸੀ ਸਰੋਤ ਸੀ, ਪਰ ਸੀ ਖ਼ਤਰਨਾਕ ਅਤੇ ਮਹਿੰਗੀ। ਜਹਾਜ਼ ਅਤੇ ਪਾਇਲਟ ਦੋਵਾਂ ਨੂੰ ਬਹੁਤ ਖ਼ਤਰਾ ਹੁੰਦਾ ਸੀ ਕਿਉਂਕਿ ਕੌਮਾਂਤਰੀ ਪੱਧਰ ‘ਤੇ ਵਾਯੂ ਖੇਤਰ ਦੀ ਉਲੰਘਣਾ ਆਦਿ ਇਸ ਕੰਮ ਦਾ ਹਿੱਸਾ ਸੀ।
ਖ਼ੈਰ! ਯੁੱਧ ਵਿੱਚ ਸਭ ਕੁਝ ਜਾਇਜ਼ ਮੰਨਿਆ ਜਾਂਦਾ ਹੈ। ਦੁਸ਼ਮਣ ਨੂੰ ਬੇਵਕੂਫ਼ ਬਣਾਉਣ ਲਈ ਹਰ ਹਰਬਾ ਵਰਤਿਆ ਜਾਂਦਾ ਹੈ। ਹਰ ਰੋਜ਼ ਬਾਰਡਰ ਗਰਮ, ਪੂਰਬੀ ਪਾਕਿਸਤਾਨੀ ਫ਼ੌਜੀ ਅਤਿ ਚੁੱਕੀ ਰੱਖਦੇ, ਬੰਗਾਲੀ ਮੁਕਤੀ ਬਾਹਿਨੀ ਨੇ ਉਨ•ਾਂ ਦੇ ਨੱਕ ‘ਚ ਦਮ ਕੀਤਾ ਹੋਇਆ ਸੀ। ਆਖ਼ਿਰ ਦੁਖੀ ਹੋ ਕੇ 3 ਦਸੰਬਰ 1971, ਸ਼ਾਮ 6 ਵਜੇ ਪਾਕਿਸਤਾਨ ਨੇ ਪੱਛਮੀ ਸਰਹੱਦ ਉੱਤੇ  ਹਵਾਈ ਅੱਡਿਆਂ ‘ਤੇ ਅਚਾਨਕ ਹਵਾਈ ਹਮਲਾ ਕਰ ਦਿੱਤਾ ਤਾਂ ਜੋ ਸਾਡੇ ਵੱਧ ਤੋਂ ਵੱਧ ਹਵਾਈ ਜਹਾਜ਼ ਖੜ•ੇ ਹੀ ਨਸ਼ਟ ਕੀਤੇ ਜਾਣ। ਉਸ ਦਿਨ ਸ੍ਰੀਮਤੀ ਇੰਦਰਾ ਗਾਂਧੀ ਪੱਛਮੀ ਬੰਗਾਲ ਵਿੱਚ ਹੀ ਕਿਸੇ ਰੈਲੀ ਨੂੰ ਸੰਬੋਧਨ ਕਰ ਰਹੇ ਸਨ ਜਿਸ ਨੂੰ ਵਿੱਚੇ ਛੱਡ ਦਿੱਲੀ ਪੁੱਜੀ। ਸੰਸਦ ਦਾ ਇਜਲਾਸ ਸੱਦ ਲਿਆ ਗਿਆ। ਸੰਸਦ ਵਿੱਚ ਪਾਕਿਸਤਾਨ ਵੱਲੋਂ ਹਮਲੇ ਦੀ ਜਾਣਕਾਰੀ ਸਾਂਝੀ ਕੀਤੀ ਗਈ ਅਤੇ ਭਾਰਤ ਵੱਲੋਂ ਪਾਕਿਸਤਾਨ ਖ਼ਿਲਾਫ਼ ਜੰਗ ਦਾ ਐਲਾਨ ਕੀਤਾ ਗਿਆ। ਦੇਸ਼ ਵਿੱਚ ਐਮਰਜੈਂਸੀ ਲਗਾ ਦਿੱਤੀ ਗਈ। ਫ਼ੌਜੀ ਤਾਂ ਤਿਆਰ ਹੀ ਬੈਠੇ ਸਨ।
ਸੈਨਾ ਮੁਖੀ ਜਨਰਲ (ਮਗਰੋਂ ਫੀਲਡ ਮਾਰਸ਼ਲ) ਸੈਮ ਮਾਣਕਸ਼ਾਅ ਨੂੰ ਕੌਣ ਨਹੀਂ ਜਾਣਦਾ? ਪੱਛਮ ਵਾਲੇ, ਪੱਛਮ ਸੰਭਾਲੀ ਗਏ। ਪੂਰਬ ਵਾਲੇ, ਘੇਰਾ ਛੋਟਾ ਕਰਦੇ ਅੱਗੇ ਵਧ ਰਹੇ ਸਨ। ਚੌਥੇ ਦਿਨ ਆਪਣੀ ਪੂਰਬੀ ਏਅਰ ਕਮਾਂਡ ਨੇ ਪੂਰਬੀ ਪਾਕਿਸਤਾਨੀ ਹਵਾਈ ਸੈਨਾ ਨੂੰ ਗੁੱਠੇ ਲਾ ਦਿੱਤਾ ਮਤਲਬ ਹਵਾਈ ਖੇਤਰ ‘ਤੇ ਕਬਜ਼ਾ ਕਰ ਲਿਆ। ਹੁਣ ਪਾਕਿਸਤਾਨੀ ਉੱਡਣ ਦਾ ਹੀਆ ਹੀ ਨਹੀਂ ਕਰਦੇ ਸਨ। ਇਸ ਕਰਕੇ ਸਾਡੀ ਥਲ ਸੈਨਾ ਹੋਰ ਵੀ ਹੌਸਲੇ ਅਤੇ ਰਫ਼ਤਾਰ ਨਾਲ ਅੱਗੇ ਵਧਣ ਲੱਗੀ। ਸਾਡੇ ਸੈਕਟਰ ਵਿੱਚ ਏਅਰ ਫੋਟੋ ਇੰਟਰਪਰੈਟਰ ਦਾ ਕੰਮ ਖ਼ਤਮ ਸੀ। ਸੋ ਵਾਪਸ ਟੂ ਕੋਰ ਰਿਪੋਰਟ ਕੀਤੀ। ‘ਓਪਸ ਰੂਮ’ (ਕਮਰਾ ਜਿੱਥੇ ਨਕਸ਼ੇ, ਵੱਡੀ ਸਕੇਲ ਦੇ ਨਕਸ਼ੇ, ਸੈਂਡਮਾਡਲ ਆਦਿ ਹੁੰਦੇ ਹਨ ਅਤੇ ਸੀਨੀਅਰ ਕਮਾਂਡਰ ਯੋਜਨਾ ਬਣਾ ਕੇ ਹੁਕਮ ਦਿੰਦਾ ਹੈ) ਵਿੱਚ ਨਕਸ਼ੇ, ਚਾਰਟਾਂ ਆਦਿ ‘ਤੇ ਮਿੰਟ-ਮਿੰਟ ਦੀ ਖ਼ਬਰ ਪਲਾਟ ਕੀਤੀ ਜਾਂਦੀ ਹੈ। ਦੁਸ਼ਮਣ ਦੀਆਂ ਹਰਕਤਾਂ ਲਾਲ ਰੰਗ ਵਿੱਚ ਅਤੇ ਆਪਣੀਆਂ ਨੀਲੇ ਰੰਗ ਦੇ ਪਿੰਨ, ਟੇਪਸ ਆਦਿ ਐਰੋਮਾਰਕ ਕਰਕੇ ਦਰਸਾਈਆਂ ਜਾਂਦੀਆਂ ਹਨ। ਆਪਣੇ ਅਤੇ ਦੁਸ਼ਮਣ ਬਾਰੇ ਖ਼ਬਰ ਟੈਲੀਫੋਨ, ਵਾਇਰਲੈੱਸ ‘ਤੇ ਫਰੰਟ ਤੋਂ ਪਿੱਛੇ ਆਉਂਦੀ ਅਤੇ ਅਸੀਂ ਨਕਸ਼ੇ/ਚਾਰਟਾਂ ‘ਤੇ ਮਾਰਕ ਕਰਦੇ, ਦੋ ਵਕਤ ਭੇਜਣ ਵਾਲੀ ਰਿਪੋਰਟ ਤਿਆਰ ਕਰਦੇ। ਰਿਪੋਰਟ ਕਮਾਂਡਰਾਂ ਕੋਲ ਪੁੱਜਦੀ। ਉਹ ਆ ਕੇ ਚਰਚਾ ਕਰਦੇ। ਹੁਕਮ ਦੂਜੇ ਚੈਨਲ ‘ਤੇ ਪਾਸ ਕਰਦੇ। ਦੂਜੇ ਖੇਤਰਾਂ ਤੋਂ ਕਮਾਂਡ ਰਾਹੀਂ ਜਾਣਕਾਰੀ ਲਈ ਆਈ ਖ਼ਬਰ ਵੀ ਪਲਾਟ ਕੀਤੀ ਜਾਂਦੀ ਤਾਂ ਕਿ ਪੂਰੇ ਖੇਤਰ ਦੀ ਹਾਲਤ ਸਮਝ ਲੈਣ। ਸਾਰੇ ਹੀ ਸੈਕਟਰਾਂ ਵਿੱਚ ਭਾਰਤੀ ਵਧ ਰਹੇ ਸਨ। ਗੱਲ ਪੂਰਬੀ ਪਾਕਿਸਤਾਨ ਦੇ ਘੇਰੇ ਦੀ ਹੋ ਰਹੀ ਸੀ। ਮਾੜੀਆਂ ਖ਼ਬਰਾਂ ਵੀ ਆਉਂਦੀਆਂ ਰਹਿੰਦੀਆਂ।
ਫਿਰ ਪੂਰਬੀ ਪਾਕਿਸਤਾਨ ਦੀ ਰਾਜਧਾਨੀ ਢਾਕਾ ‘ਤੇ ਕਬਜ਼ੇ ਲਈ ਲੈਂਡ ਕਰਨ ਦੀ ਖ਼ਬਰ ਆਈ। ਖ਼ਬਰ ਇਹ ਸੀ ਕਿ ਭਾਰਤੀ ਪੈਰਾਸ਼ੂਟ ਬ੍ਰਿਗੇਡ ਪੈਰਾਸ਼ੂਟ ਰਾਹੀਂ ਢਾਕੇ ਤੋਂ ਥੋੜ•ੀ ਦੂਰ ਉਤਰ ਰਿਹਾ ਹੈ। ਅਚਾਨਕ ਉਪਰ ਆਵਾਜ਼ ਸੁਣੀ ਤਾਂ ਬਾਹਰ ਆ ਕੇ ਅਦਭੁੱਤ ਨਜ਼ਾਰਾ ਵੇਖਿਆ। ਪੂਰਾ ਆਸਮਾਨ ਨਿੱਕੇ-ਵੱਡੇ ਹਵਾਈ ਜਹਾਜ਼ਾਂ ਨਾਲ ਭਰਿਆ ਪਿਆ ਸੀ ਅਤੇ ਇਹ ਢਾਕੇ ਵੱਲ ਜਾ ਰਿਹਾ ਸੀ। ਇੰਜ ਲੱਗਦਾ ਸੀ ਜਿਵੇਂ ਆਹਣ ਆ ਰਹੀ ਹੋਵੇ ਜਾਂ ਪੰਛੀਆਂ ਦੀ ਇੱਕ ਬਹੁਤ ਵੱਡੀ ਡਾਰ ਉੱਡ ਰਹੀ ਹੋਵੇ। ਇਹ ਸਾਰੇ ਟਰਾਂਸਪੋਰਟ ਜਹਾਜ਼ ਸਨ। ਲੜਾਕੂ ਜਹਾਜ਼ ਇਨ•ਾਂ ਦੀ ਅਗਵਾਈ ਕਰ ਰਹੇ ਸਨ ਤਾਂ ਕਿ ਕੋਈ ਭੁੱਲਿਆ-ਚੁੱਕਿਆ ਪਾਕਿਸਤਾਨੀ ਜਹਾਜ਼ ਇਨ•ਾਂ ਨੂੰ ਬਰਬਾਦ ਨਾ ਕਰ ਸਕੇ। ਤਰ•ਾਂ-ਤਰ•ਾਂ ਦੇ ਖ਼ਿਆਲ, ਤਰ•ਾਂ-ਤਰ•ਾਂ ਦੀਆਂ ਗੱਲਾਂ। ਵਾਇਰਲੈਸ ਸੈੱਟ ‘ਤੇ ਖ਼ਬਰ ਆਈ, 4ਰੋਪ ਕਾਮਯਾਬ ਰਿਹਾ। ਮਗਰੋਂ ਇਨ•ਾਂ ਰਾਤ ਨੂੰ ਇਕੱਠੇ ਹੋ ਕੇ ਕਾਰਵਾਈ ਕਰਨੀ ਸੀ। ਥਲ ਸੈਨਾ ਨੇ ਇਨ•ਾਂ ਨਾਲ ਲਿੰਕ-ਅੱਪ (ਹੱਥ ਮਿਲਾਉਣਾ) ਕਰਨਾ ਸੀ।  24 ਘੰਟੇ ਮਗਰੋਂ ਢਾਕਾ ਨੇੜੇ ਪੁੱਜਣ ਦੀਆਂ ਖ਼ਬਰ ਆਉਣ ਲੱਗੀਆਂ। ਕਿਤੇ ਰੁਕਾਵਟਾਂ ਸਨ ਤੇ ਕਿਤੇ ਸੌਖਿਆਂ ਹੀ ਭਾਰਤੀ ਸੈਨਾ ਵਧ ਰਹੀ ਸੀ।
ਖ਼ਬਰ ਆਈ ਕਿ ਪਾਕਿਸਤਾਨੀ ਜਨਰਲ ਏ.ਏ.ਕੇ. ਨਿਆਜ਼ੀ ਨੂੰ ਹਥਿਆਰ ਸੁੱਟਣ ਲਈ ਮਜਬੂਰ ਕੀਤਾ ਜਾ ਰਿਹਾ ਹੈ। ਉਸ ਨੇ ਆਪਣੇ ਇੱਕ ਬਿਆਨ ਵਿੱਚ ਲੜਾਈ 200 ਸਾਲ ਤਕ ਚੱਲਣ ਦਾ ਐਲਾਨ ਕੀਤਾ ਸੀ। ਏਧਰ ਮੇਜਰ ਜਨਰਲ ਜੇ.ਐੱਫ.ਆਰ. ਜੈਕਬ, ਚੀਫ ਆਫ ਸਟਾਫ ਪੂਰਬੀ ਕਮਾਂਡ ਸਮਰਪਣ ਦੀਆਂ ਸ਼ਰਤਾਂ ਤੈਅ ਕਰਨ ਲਈ ਢਾਕੇ ਜਾ ਰਿਹਾ ਸੀ। ਲੈਫਟੀਨੈਂਟ ਜਰਨਲ ਜਗਜੀਤ ਸਿੰਘ ਅਰੋੜਾ ਸਮਰਪਣ ਲੈਣ ਢਾਕੇ ਜਾ ਰਹੇ ਹਨ। ਖ਼ੁਸ਼ੀ ਅਤੇ ਡਰ ਦੋਵੇਂ ਸਾਡੇ ਦਿਲਾਂ ਵਿੱਚ ਸਨ। ਫਿਰ ਭਾਰਤ ਦੀ ਜਿੱਤ ਅਤੇ ਗੁਆਂਢੀ ਮੁਲਕ ਵੱਲੋਂ ਸਮਰਪਣ ‘ਤੇ ਹੋਏ ਦਸਤਖਤ ਦੀ ਖ਼ਬਰ ਆਈ। ਅਗਲੇ ਕਈ ਦਿਨ ਸਮਰਪਣ, ਕੈਦੀਆਂ ਦਾ ਬੰਦੋਬਸਤ, ਹਥਿਆਰਾਂ ਦੀ ਗਿਣਤੀ ਆਦਿ ਬਾਰੇ ਖ਼ਬਰਾਂ ਆਉਂਦੀਆਂ ਰਹੀਆਂ। ਕਈ ਥਾਈਂ ਪਾਕਿਸਤਾਨੀ ਟੁਕੜੀਆਂ ਨੇ ਸਮਰਪਣ ਦੇ ਹੁਕਮ ਨਹੀਂ ਮੰਨੇ, ਸ਼ਾਇਦ ਉਨ•ਾਂ ਨੂੰ ਹੁਕਮ ਨਹੀਂ ਪੁੱਜੇ। ਉਨ•ਾਂ ਨੂੰ ਢਾਹੁਣਾ ਪਿਆ। ਇਨ•ਾਂ ਕੰਮਾਂ ਵਿੱਚ ਕਈ ਦਿਨ ਲੰਘ ਗਏ। ਫਿਰ ਮੇਰੀ ਡਿਊਟੀ ਪਾਕਿਸਤਾਨੀ ਕੈਦੀ ਮੇਜਰ ਜਨਰਲ ਅੰਸਾਰੀ ‘ਤੇ ਲੱਗ ਗਈ। ਕਹਿਣ ਨੂੰ ਤਾਂ ਮੈਂ ਉਸ ਦਾ ਸੰਪਰਕ ਅਫ਼ਸਰ ਸਾਂ, ਪਰ ਅਸਲ ਵਿੱਚ ਸਾਂ ਉਸ ਉੱਤੇ ਗਾਰਡ। ਬਾਕੀ ਗਾਰਡ ਚਾਰ ਚੁਫ਼ੇਰੇ ਦੂਰ ਸਨ। ਇਹ ਇੱਕ ਅਜਬ ਜਿਹਾ ਅਹਿਸਾਸ ਸੀ।
ਥੋੜ•ੇ ਦਿਨਾਂ ਮਗਰੋਂ ਮੈਂ ਉਸ ਨੂੰ ਹੈਲੀਕਾਪਟਰ ‘ਤੇ ਕਲਕੱਤੇ ਕਿਸੇ ਹੋਰ ਦੇ ਹਵਾਲੇ ਕਰਕੇ ਆਇਆ। ਇਹ ਦਿਨ ਹੁਣ ਖ਼ੁਸ਼ੀ ਦੇ ਸਨ। ਸਾਰੇ ਸੈਨਿਕਾਂ ਨੂੰ ਉਪਰਲੇ ਜਰਨੈਲਾਂ ਵੱਲੋਂ ਵਧੀਆ ਕਾਰਗੁਜ਼ਾਰੀ ਲਈ ਵਧਾਈ ਸੰਦੇਸ਼ ਆ ਰਹੇ ਸਨ। ਪ੍ਰਧਾਨ ਮੰਤਰੀ ਨੇ ਦੇਸ਼ ਵਾਸੀਆਂ ਨੂੰ ਰੇਡੀਓ ‘ਤੇ ਸੰਬੋਧਨ ਕੀਤਾ। ਹੁਕਮ ਮਿਲਿਆ 2 ਕੋਰ ਹੈੱਡਕੁਆਰਟਰ ਪੱਛਮੀ ਖੇਤਰ ਫਿਰੋਜ਼ਪੁਰ ਲਾਗੇ ਜਾਏਗਾ। ਸਮਾਨ ਬੰਨ• ਲਏ। ਕ੍ਰਿਸ਼ਨਾ ਨਗਰ ਦੇ ਨਾਗਰਿਕਾਂ ਨੇ ਸਨਮਾਨ ਸਮਾਰੋਹ ਕੀਤਾ। ਅਸੀਂ ਹੈੱਡਕੁਆਰਟਰ ਵਾਲੇ ਗਏ। ਭਰਵਾਂ ਇਕੱਠ ਸੀ। ਚੋਣਵੇਂ ਸ਼ਹਿਰੀਆਂ ਨੇ 2 ਕੋਰ ਅਤੇ ਭਾਰਤੀ ਸੈਨਾ ਦੇ ਗੁਣ ਗਾਏ। ਉੱਥੋਂ ਦੇ ਇੱਕ ਬਹੁਤ ਮਸ਼ਹੂਰ ਤੇ ਪੁਰਾਣੇ ਪਰਿਵਾਰ ਵੱਲੋਂ ਜਰਨਲ ਰੈਣਾ ਤੇ 2 ਕੋਰ ਨੂੰ ਇੱਕ ਖੜਗ ਭੇਟ ਕੀਤਾ ਗਿਆ। ਇਹ ਇੱਕ ਕਿਸਮ ਦੀ ਤਲਵਾਰ ਹੈ ਜਿਹੜੀ ਭਾਰੀ ਤੇ ਚੌੜੀ ਹੁੰਦੀ ਹੈ। ਇਹ ਅੱਜ ਵੀ 2 ਕੋਰ ‘ਚ ਇੱਜ਼ਤ ਨਾਲ ਸੰਭਾਲੀ ਹੋਈ ਹੈ। ਹੁਣ 2 ਕੋਰ ਪੱਕੀ ਕਰ ਦਿੱਤੀ ਗਈ ਸੀ। ਇਸ ਖੜਗ ਦਾ ਚਿੰਨ• ‘ਫਾਰਮੇਸ਼ਨ ਚਿੰਨ•’ ਮੰਨ ਲਿਆ ਗਿਆ। ਇਹ ਚਿੰਨ• 2 ਕੋਰ ਵਾਲੇ ਫ਼ੌਜੀਆਂ ਦੀ ਵਰਦੀ ਉੱਤੇ ਖੱਬੀ ਬਾਂਹ ‘ਤੇ ਲੱਗਿਆ ਹੁੰਦਾ ਹੈ। ਮੇਰੇ ਸਿਵਾਏ ਅਟੈਚ ਅਫ਼ਸਰ ਵਾਪਸ ਭੇਜ ਦਿੱਤੇ ਗਏ। ਕਿਉਂਕਿ ਜਿੱਥੇ ਕੋਰ ਹੈੱਡਕੁਆਰਟਰ ਨੇ ਜਾਣਾ ਸੀ, ਮੈਂ ਉਸ ਇਲਾਕੇ ਦਾ ਰਹਿਣ ਵਾਲਾ ਹੋਣ ਕਰਕੇ ਵਾਕਫ਼ ਸਾਂ। ਹੈੱਡਕੁਆਰਟਰ ਰੇਲ ਗੱਡੀ ਰਾਹੀਂ ਬਠਿੰਡਾ ਅਤੇ ਫਿਰ ਫ਼ਰੀਦਕੋਟ ਲਾਗੇ ਬੀੜ ਚਾਹਲ ਵਿੱਚ ਆ ਟਿਕੇ। ਮੈਂ ਘਰ ਤੋਂ 7 ਕਿਲੋਮੀਟਰ ਦੂਰ। ਸਾਰੇ ਇਲਾਕੇ ਵਿੱਚ ਫ਼ੌਜ ਹੀ ਫ਼ੌਜ ਸੀ। ਕੁਝ ਦਿਨਾਂ ਮਗਰੋਂ ਮੈਂ ਸਿੱਕਿਮ ਪਰਤ ਗਿਆ। ਇਹ ਯੁੱਧ ਖੇਤਰ ਵਿੱਚ ਹੋਣ ਦਾ ਇੱਕ ਵੱਖਰਾ ਜਿਹਾ ਅਹਿਸਾਸ ਸੀ।
(‘ਪੰਜਾਬੀ ਟ੍ਰਿਬਿਊਨ’ ‘ਚੋਂ ਧੰਨਵਾਦ ਸਹਿਤ)