ਹਿੰਦੋਸਤਾਨ ਟਾਈਮਜ਼ ਦਾ ਸਿੱਖ ਵਿਰੋਧੀ ਚਿਹਰਾ ਬੇਨਕਾਬ

0
8994

ਅੰਮ੍ਰਿਤਸਰ ਟਾਈਮਜ਼ ਵਿਸ਼ੇਸ਼
2018 ‘ਚ ਅੰਗਰੇਜ਼ੀ ਅਖ਼ਬਾਰ ਹਿੰਦੋਸਤਾਨ ਟਾਈਮਜ਼ ਨੇ ਉਤਰ ਪ੍ਰਦੇਸ਼ ਦੇ ਹਿੰਦੂ ਨੇਤਾ ਤੋਂ 2015 ‘ਚ ਫੜੀ ਗਈ ਹਥਿਆਰਾਂ ਦੀ ਖੇਪ ਸਿੱਖਾਂ ਸਿਰ ਮੜ੍ਹੀ

2015 ਅਤੇ ਹੁਣ  2018 ਵਿਚ ਛਾਪੀ ਗਈ ਇਸ ਤਸਵੀਰ ਵਿਚ ਸਾਰੇ ਪੁਲਿਸ ਅਧਿਕਾਰੀ ਅਤੇ ਹਥਿਆਰ ਸਾਫ਼ ਨਜ਼ਰ ਆਉਂਦੇ ਹਨ ਸਿਰਫ਼ ਤਸਵੀਰ ਹੇਠਾਂ ਦਿੱਤੇ ਵੇਰਵੇ  (ਕੈਪਸ਼ਨ) ਵਿਚ ਅੰਤਰ ਹੈ।

ht

ਚੰਡੀਗੜ੍ਹ/ਬਿਊਰੋ ਨਿਊਜ਼
ਉਤਰੀ ਭਾਰਤ ਵਿਚ ਛਪਦੇ ਰੋਜ਼ਾਨਾ ਅੰਗਰੇਜ਼ੀ ਅਖ਼ਬਾਰ ਹਿੰਦੋਸਤਾਨ ਟਾਈਮਜ਼ ਨੇ ਆਪਣੇ 9 ਜਨਵਰੀ 2018 ਦੇ ਵੈਬ ਐਡੀਸ਼ਨ ਵਿਚ ‘ਨਿਊ ਬਰੈਂਡ ਆਫ ਸਿੱਖ ਮਿਲੀਟੈਂਸੀ (ਸਿੱਖ ਖਾੜਕੂਆਂ ਦਾ ਨਵਾਂ ਬਰਾਂਡ)’ ਸਿਰਲੇਖ ਹੇਠ ਖ਼ਬਰ ਛਾਪੀ ਹੈ ਜਿਸ ਵਿਚ ਪੰਜਾਬ ਦੇ  ਪੁਲਿਸ ਮੁਖੀ ਸੁਰੇਜ਼ ਅਰੋੜਾ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਬਾਹਰਲੇ ਮੁਲਕਾਂ ‘ਚ ਬੈਠੇ ਖਾਲਿਸਤਾਨ ਪੱਖੀ ਗਰਮ ਖਿਆਲੀ ਆਗੂ ਸੋਸ਼ਲ ਮੀਡੀਆ ਰਾਹੀਂ ਖਾੜਕੂ ਸਫ਼ਾਂ ਵਿਚ ਭਰਤੀ ਕਰ ਰਹੇ ਹਨ। ਅਖ਼ਬਾਰ ਨੇ ਲਿਖਿਆ ਹੈ ਕਿ ਨਵੇਂ ਬਰੈਂਡ ਦੇ ਖਾੜਕੂਆਂ ਵਿਚ ਕਲੀਨ ਸ਼ੇਵਨ, ਨਿਮਰ ਅਤੇ ਤਕਨਾਲੋਜੀ ਨਾਲ ਲੈਸ ਨੌਜਵਾਨਾਂ ਨੂੰ ਸੋਸ਼ਲ ਮੀਡੀਆ ਰਾਹੀਂ ਖਾੜਕੂਵਾਦ ‘ਚ ਸ਼ਾਮਲ ਕੀਤਾ ਜਾ ਰਿਹਾ ਹੈ। ਪਿੱਛੇ ਜਿਹੀ ਪੰਜਾਬ ‘ਚ ਹੋਈਆਂ ਆਰ.ਐਸ.ਐਸ. ਅਤੇ ਹੋਰ ਸਿੱਖ ਵਿਰੋਧੀ ਧਾਰਮਿਕ ਆਗੂਆਂ ਦੀਆਂ ਹਤਿਆਵਾਂ ਅਜਿਹੇ ਹੀ ਨਵੇਂ ਬਰੈਂਡ ਦੇ ਖਾੜਕੂਆਂ ਵਲੋਂ ਕਰਵਾਈਆਂ ਗਈਆਂ ਹਨ। ਅਖ਼ਬਾਰ ਨੇ ਆਪਣੀ ਖ਼ਬਰ ਵਿਚ ਪੰਜਾਬ ‘ਚ 31 ਅਕਤੂਬਰ ਅਤੇ 7 ਨਵੰਬਰ 2017 ਵਿਚਕਾਰ ਹੋਈਆਂ ਵਰਦਾਤਾਂ ਦਾ ਹਵਾਲਾ ਦਿੱਤਾ ਹੈ। ਖਬਰ ਤੋਂ ਸਾਫ ਹੈ ਕਿ ਭਾਰਤੀ ਸਰਕਾਰ ਜੱਗੀ ਜੋਹਲ ਅਤੇ 40 ਤੋਂ ਉਪਰ ਫੜ੍ਹੇ ਸਿੰਘਾ ਨੂੰ ਲੰਮਾ ਸਮਾ੍ਹ ਜੇਲ੍ਹਾਂ ਵਿੱਚ ਰੱਖਣ ਦੇ ਪੱਕੇ ਪ੍ਰੰਬਧ ਕਰ ਰਹੀ ਹੈ।
ਅਖ਼ਬਾਰ ਦੀ ਪੂਰੀ ਖ਼ਬਰ ਇਸ ਤਰੀਕੇ ਨਾਲ ਬਣਾਈ ਗਈ ਹੈ ਜਿਵੇਂ ਪੰਜਾਬ ਪੁਲਿਸ ਅਤੇ ਭਾਰਤੀ ਸੁਰੱਖਿਆ ਤੇ ਖੁਫ਼ੀਆ ਏਜੰਸੀਆਂ ਨੂੰ ਰਾਸ ਆਉਂਦੀ ਹੈ ਅਤੇ ਸਿੱਖਾਂ ਨੂੰ ਮੁੜ ਖਾੜਕੂਵਾਦ ਅਤੇ ਦਹਿਸ਼ਤਗਰਦੀ ਨਾਲ ਜੋੜ ਕੇ ਪੇਸ਼ ਕੀਤਾ ਗਿਆ ਹੈ। ਸਭ ਤੋਂ ਇਤਰਾਜ਼ਯੋਗ ਪੱਖ ਇਹ ਹੈ ਕਿ ਅਖ਼ਬਾਰ ਨੇ ਆਪਣੇ ਵੈਬ ਪੋਰਟਲ ‘ਤੇ ਇਸ ਖ਼ਬਰ ਨਾਲ ਜਿਹੜੀ ਤਸਵੀਰ ਲਗਾਈ ਹੈ ਉਹ ਦੋ ਸਾਲ ਪਹਿਲਾਂ ਉਤਰ ਪ੍ਰਦੇਸ਼ ਵਿਚ ਇਕ ਹਿੰਦੂ ਐਮ.ਐਲ.ਏ. ਦੇ ਫਾਰਮ ਹਾਊਸ ਤੋਂ ਫੜੇ ਗਏ ਹਥਿਆਰਾਂ ਦੀ ਹੈ ਜਿਸ ਨੂੰ ਇਹ ਵਿਖਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਕਿ ਇਹ ਹਥਿਆਰ ਤਾਜ਼ਾ ਫੜੀ ਗਈ ਖੇਪ ਦਾ ਹਿੱਸਾ ਹਨ।
ਇਹ ਤਸਵੀਰ 6 ਜੁਲਾਈ 2015 ਦੇ ਅਖ਼ਬਾਰਾਂ ਵਿਚ ਛਪੀ ਹੈ ਜਿਸਵਿਚ ਸਪਸ਼ਟ ਹੈ ਕਿ ਇਹ ਹਥਿਆਰ ਫਿਰੋਜ਼ਪੁਰ ਪੁਲਿਸ ਨੇ ਯੂ.ਪੀ. ਦੇ ਬੀ.ਐਸ.ਪੀ. ਦੇ ਵਿਧਾਇਕ ਦੇ ਫਾਰਮ ਹਾਊਸ ਗੌਨਾ ਤੋਂ ਫੜੇ ਸਨ ਜੋ ਪੰਜਾਬ ਅਤੇ ਹਰਿਆਣੇ ‘ਚ ਹਥਿਆਰਾਂ ਦੀ ਸਮਗਲਿੰਗ ਕਰਦਾ ਸੀ। ਉਸ ਖ਼ਬਰ ਵਿਚ ਫਿਰੋਜ਼ਪੁਰ ਪੁਲਿਸ ਦੇ ਤਕਾਲੀ ਡੀ.ਆਈ.ਜੀ. ਅਮਰ ਸਿੰਘ ਚਾਹਲ ਅਤੇ ਬਾਗਪਤ (ਯੂ.ਪੀ.) ਪੁਲਿਸ ਦੇ ਏ.ਐਸ.ਪੀ. ਵਿਦਿਆ ਦਾ ਬਿਆਨ ਵੀ ਪ੍ਰਕਾਸ਼ਿਤ ਹੋਇਆ ਹੈ।
ਹਿੰਦੋਸਤਾਨ ਟਾਈਮਜ਼ ਵਲੋਂ ਦਿੱਤੀ ਇਹ ਖ਼ਬਰ ਅਤੇ ਤਸਵੀਰ ਜ਼ਾਹਿਰ ਕਰਦੀ ਹੈ ਕਿ ਭਾਰਤੀ ਮੀਡੀਆ ਅਤੇ ਸੁਰੱਖਿਆ ਏਜੰਸੀਆਂ ਸਿੱਖਾਂ ਖਿਲਾਫ਼ ਕੂੜ ਪ੍ਰਚਾਰ ਕਰ ਕੇ ਪੂਰੀ ਦੁਨੀਆਂ ‘ਚ ਸਿੱਖਾਂ ਨੂੰ ਬਦਨਾਮ ਕਰਨ ਦੀ  ਕੋਸ਼ਿਸ਼ ਕਰ ਰਹੇ ਹਨ ਅਤੇ ਹਲੇ ਤੱਕ ਪੰਜਾਬ ਪੁਲਿਸ ਨੇ ਇਸ ਖਬਰ ਜਾਂ ਫੋਟੋ ਦਾ ਖੰਡਨ ਵੀ ਨਹੀਂ ਕੀਤਾ।