‘ਆਪ’ ਨੇ 29 ਹੋਰ ਉਮੀਦਵਾਰਾਂ ਦੀ ਸੂਚੀ ਜਾਰੀ ਕਰਕੇ ਵਿਰੋਧੀਆਂ ਨੂੰ ਪਛਾੜਿਆ

0
941

aap-list
ਸੁਖਪਾਲ ਖਹਿਰਾ, ਕੰਵਰ ਸੰਧੂ ਤੇ ਸੰਘੇੜਾ ਟਿਕਟਾਂ ਲੈਣ ਵਿੱਚ ਕਾਮਯਾਬ
ਚੰਡੀਗੜ੍ਹ/ਬਿਊਰੋ ਨਿਊਜ਼ :
ਆਮ ਆਦਮੀ ਪਾਰਟੀ (ਆਪ) ਨੇ ਸਾਲ 2017 ਦੀਆਂ ਵਿਧਾਨ ਸਭਾ ਚੋਣਾਂ ਲਈ ਆਪਣੇ 29 ਹੋਰ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ। ਪਾਰਟੀ ਇਸ ਤੋਂ ਪਹਿਲਾਂ 32 ਉਮੀਦਵਾਰਾਂ ਦਾ ਐਲਾਨ ਕਰ ਚੁੱਕੀ ਹੈ। ਬਾਕੀ ਬਚਦੇ 56 ਉਮੀਦਵਾਰਾਂ ਵਿੱਚੋਂ 39 ਦਾ ਐਲਾਨ ਵੀ ਇਸ ਮਹੀਨੇ ਦੌਰਾਨ ਕਰਨ ਦੇ ਸੰਕੇਤ ਦਿੱਤੇ ਗਏ ਹਨ। ਟਿਕਟਾਂ ਦੇ ਐਲਾਨ ਵਿੱਚ ‘ਆਪ’ ਨੇ ਪ੍ਰਮੁੱਖ ਸਿਆਸੀ ਪਾਰਟੀਆਂ ਕਾਂਗਰਸ, ਅਕਾਲੀ ਦਲ ਅਤੇ ਭਾਜਪਾ ਨੂੰ ਪਛਾੜ ਦਿੱਤਾ ਹੈ।
‘ਆਪ’ ਪੰਜਾਬ ਦੇ ਇੰਚਾਰਜ ਸੰਜੈ ਸਿੰਘ, ਸਹਿ ਇੰਚਾਰਜ ਤੇ ਦਿੱਲੀ ਦੇ ਵਿਧਾਇਕ ਜਰਨੈਲ ਸਿੰਘ, ਪੰਜਾਬ ਦੇ ਕਨਵੀਨਰ ਗੁਰਪ੍ਰੀਤ ਸਿੰਘ ਵੜੈਚ ਅਤੇ ਪ੍ਰਚਾਰ ਕਮੇਟੀ ਦੇ ਮੁਖੀ ਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਸਾਂਝੇ ਤੌਰ ‘ਤੇ ਉਮੀਦਵਾਰਾਂ ਦਾ ਐਲਾਨ ਕੀਤਾ। ਇਸ ਸੂਚੀ ਵਿੱਚ ਕੇਵਲ ਪੰਜ ਉਮੀਦਵਾਰ ਹਿੰਦੂ ਭਾਈਚਾਰੇ ਨਾਲ ਸਬੰਧਤ ਹਨ, ਜਦੋਂ ਕਿ ਔਰਤਾਂ ਕੇਵਲ ਦੋ ਹਨ। ਤੀਜੀ ਸੂਚੀ ਵਿੱਚ ਕਾਂਗਰਸ ਛੱਡ ਕੇ ਆਏ ਸਾਬਕਾ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੂੰ ਉਨ੍ਹਾਂ ਦੇ ਪੁਰਾਣੇ ਹਲਕੇ ਭੁਲੱਥ ਤੋਂ ਟਿਕਟ ਦਿੱਤੀ ਗਈ ਹੈ। ਪੱਤਰਕਾਰ ਤੋਂ ਸਿਆਸਤਦਾਨ ਬਣੇ ਕੰਵਰ ਸੰਧੂ ਨੂੰ ਖਰੜ ਅਤੇ ਐਨਆਰਆਈ ਵਿੰਗ ਦੇ ਜਗਤਾਰ ਸਿੰਘ ਸੰਘੇੜਾ ਨੂੰ ਨਕੋਦਰ ਤੋਂ ਟਿਕਟ ਮਿਲੀ ਹੈ। ਤਰਨ ਤਾਰਨ ਵਿਧਾਨ ਸਭਾ ਹਲਕੇ ਤੋਂ ਪਦਮਸ੍ਰੀ ਭਲਵਾਨ ਕਰਤਾਰ ਸਿੰਘ ਅਤੇ ਨਵਾਂ ਸ਼ਹਿਰ ਤੋਂ ਪਿਛਲੇ ਦਿਨੀਂ ਕਾਂਗਰਸ ਛੱਡ ਕੇ ਝਾੜੂ ਫੜਨ ਵਾਲੇ ਸਾਬਕਾ ਸੰਸਦ ਮੈਂਬਰ ਤੇ ਵਿਧਾਇਕ ਚਰਨਜੀਤ ਸਿੰਘ ਚੰਨੀ ਨੂੰ ਟਿਕਟ ਦਿੱਤੀ ਗਈ ਹੈ। ਸ਼ਾਹਕੋਟ ਤੋਂ ਡਾ. ਅਮਰਜੀਤ ਸਿੰਘ ਥਿੰਦ ਨੂੰ ਟਿਕਟ ਦਿੱਤੀ ਗਈ ਹੈ, ਜਦੋਂ ਕਿ ਇੱਥੋਂ ਪਾਰਟੀ ਦੇ ਮੀਤ ਪ੍ਰਧਾਨ ਕਰਨਲ ਸੀ.ਡੀ. ਸਿੰਘ ਕੰਬੋਜ ਮੁੱਖ ਦਾਅਵੇਦਾਰ ਸਨ। ਫਿਲੌਰ ਤੋਂ ਸਰੂਪ ਸਿੰਘ ਕੰਡਿਆਣਾ, ਜਲੰਧਰ (ਉੱਤਰੀ) ਤੋਂ ਗੁਲਸ਼ਨ ਸ਼ਰਮਾ ਅਤੇ ਜਲੰਧਰ (ਪੱਛਮੀ) ਤੋਂ ਦਰਸ਼ਨ ਲਾਲ ਭਗਤ ਨੂੰ ਟਿਕਟ ਮਿਲੀ ਹੈ।
ਵਿਧਾਨ ਸਭਾ ਹਲਕਾ ਗਿੱਦੜਬਾਹਾ ਤੋਂ ਜਗਦੀਪ ਸਿੰਘ ਸੰਧੂ, ਭੋਆ ਤੋਂ ਵਿਨੋਦ ਕੁਮਾਰ, ਦੀਨਾਨਗਰ ਤੋਂ ਜੋਗਿੰਦਰ ਸਿੰਘ ਛੀਨਾ, ਡੇਰਾ ਬਾਬਾ  ਨਾਨਕ ਤੋਂ ਗੁਰਪ੍ਰਤਾਪ ਸਿੰਘ ਖੁਸ਼ਹਾਲਪੁਰ, ਆਦਮਪੁਰ ਤੋਂ ਹੰਸ ਰਾਜ ਰਾਣਾ, ਹਰਗੋਬਿੰਦਪੁਰ ਤੋਂ ਵਕੀਲ ਅਮਰਪਾਲ ਸਿੰਘ, ਮੁਕੇਰੀਆਂ ਤੋਂ ਸੁਲੱਖਣ ਸਿੰਘ ਜੱਗੀ, ਬਰਨਾਲਾ ਤੋਂ ਮੀਤ ਹੇਅਰ, ਸੁਜਾਨਪੁਰ ਤੋਂ ਵਕੀਲ ਕੁਲਭੂਸ਼ਣ ਸਿੰਘ ਮਿਨਹਾਸ, ਹੁਸ਼ਿਆਰਪੁਰ ਤੋਂ ਪਰਮਜੀਤ ਸਚਦੇਵਾ, ਬੰਗਾ ਤੋਂ ਹਰਜੋਤ ਕੌਰ, ਚਮਕੌਰ ਸਾਹਿਬ ਤੋਂ ਡਾ. ਚਰਨਜੀਤ ਸਿੰਘ, ਅਧਿਆਪਕ ਦੀ ਨੌਕਰੀ ਛੱਡ ਕੇ ਆਪ ਵਿੱਚ ਸ਼ਾਮਲ ਹੋਈ ਸਰਬਜੀਤ ਕੌਰ ਮਾਣੂੰਕੇ ਨੂੰ ਜਗਰਾਉਂ ਤੋਂ, ਨਿਹਾਲ ਸਿੰਘ ਵਾਲਾ ਤੋਂ ਮਨਜੀਤ ਸਿੰਘ ਬਿਲਾਸਪੁਰੀ, ਧਰਮਕੋਟ ਤੋਂ ਡਾ. ਰਣਜੀਤ ਸਿੰਘ ਸਰਾਂ, ਮਾਨਸਾ ਤੋਂ ਨਾਜਰ ਸਿੰਘ ਮਾਨਸ਼ਾਹੀਆ, ਬੇਰੁਜ਼ਗਾਰ ਲਾਈਨਮੈਨ ਯੂਨੀਅਨ ਪੰਜਾਬ ਦੇ ਪ੍ਰਧਾਨ ਪਿਰਮਲ ਸਿੰਘ ਨੂੰ ਭਦੌੜ ਤੋਂ, ਮਹਿਲ ਕਲਾਂ ਤੋਂ ਕੁਲਵੰਤ ਸਿੰਘ ਪੰਡੋਰੀ, ਸਮਾਣਾ ਤੋਂ ਜਗਤਾਰ ਸਿੰਘ ਰਾਜਲਾ ਅਤੇ ਫਤਹਿਗੜ੍ਹ ਸਾਹਿਬ ਤੋਂ ਲਖਬੀਰ ਸਿੰਘ ਰਾਏ ਨੂੰ ਟਿਕਟ ਦਿੱਤੀ ਗਈ ਹੈ।
ਸੂਤਰਾਂ ਅਨੁਸਾਰ ਪੰਜਾਬ ਦੀਆਂ ਪ੍ਰਚਾਰ ਅਤੇ ਸਕਰੀਨਿੰਗ ਕਮੇਟੀਆਂ ਨੇ ਪਾਰਟੀ ਦੀ ਸਿਆਸੀ ਮਾਮਲਿਆਂ ਦੀ ਕਮੇਟੀ (ਪੀਏਸੀ) ਅੱਗੇ 36 ਹਲਕਿਆਂ ਲਈ ਉਮੀਦਵਾਰਾਂ ਦੀਆਂ ਸਿਫ਼ਾਰਸ਼ਾਂ ਕੀਤੀਆਂ ਪਰ ਪੀਏਸੀ ਨੇ ਇਨ੍ਹਾਂ ਵਿੱਚੋਂ ਸੱਤ ਸੀਟਾਂ ਪੈਂਡਿੰਗ ਰੱਖ ਲਈਆਂ ਹਨ। ਇਸ ਮੌਕੇ ਸ੍ਰੀ ਵੜੈਚ ਨੇ ਕਿਹਾ ਕਿ ਉਨ੍ਹਾਂ ਇਸ ਮਹੀਨੇ ਦੌਰਾਨ ਐਲਾਨੇ ਉਮੀਦਵਾਰਾਂ ਦੀ ਕੁੱਲ ਸੂਚੀ ਘੱਟੋ-ਘੱਟ 100 ਤੱਕ ਲੈ ਜਾਣ ਦਾ ਟੀਚਾ ਮਿੱਥਿਆ ਹੈ।
ਇਸ ਮੌਕੇ ਸੰਜੈ ਸਿੰਘ ਨੇ ਦੋਸ਼ ਲਾਇਆ ਕਿ ਭਾਰਤੀ ਜਨਤਾ ਪਾਰਟੀ (ਭਾਜਪਾ) ਝੂਠ ਫੈਲਾਉਣ ਵਾਲੀ ਦੇਸ਼ ਦੀ ਸਭ ਤੋਂ ਵੱਡੀ ਪਾਰਟੀ ਹੈ। ਉਨ੍ਹਾਂ ਕਿਹਾ ਕਿ ‘ਆਪ’ ਦੇ ਮੁਖੀ ਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸਭ ਤੋਂ ਪਹਿਲਾਂ ਸਰਜੀਕਲ ਅਪਰੇਸ਼ਨ ਕਰਨ ਦੇ ਮਾਮਲੇ ਵਿੱਚ ਭਾਰਤੀ ਸੈਨਾ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸ਼ਲਾਘਾ ਕੀਤੀ ਸੀ ਪਰ ਭਾਜਪਾ ਦੇ ਕੌਮੀ ਪ੍ਰਧਾਨ ਅਮਿਤ ਸ਼ਾਹ ਗੁਮਰਾਹਕੁਨ ਪ੍ਰਚਾਰ ਕਰ ਰਹੇ ਹਨ।
‘ਆਪ’ ਵੱਲੋਂ ਟਿਕਟਾਂ ਦਾ ਐਲਾਨ ਕਰਦਿਆਂ ਹੀ ਕੁੱਝ ਹਲਕਿਆਂ ਵਿੱਚ ਘੁਸਰ-ਮੁਸਰ ਸ਼ੁਰੂ ਹੋ ਗਈ ਅਤੇ ਟਿਕਟਾਂ ਨੂੰ ਲੈ ਕੇ ਮੁੜ ਬਗਾਵਤ ਦੀਆਂ ਸੁਰਾਂ ਉਠ ਸਕਦੀਆਂ ਹਨ ਕਿਉਂਕਿ ਕਈ ਹਲਕਿਆਂ ਵਿੱਚ ਦਰਜਨ-ਦਰਜਨ ਆਗੂ ਟਿਕਟਾਂ ਦੇ ਦਾਅਵੇਦਾਰ ਸਨ।