ਚੌਥੇ ਪਾਤਸ਼ਾਹ ਦੇ ਪ੍ਰਕਾਸ਼ ਪੁਰਬ ‘ਤੇ ਪੂਰੀ ਗੁਰੂ ਨਗਰੀ ‘ਚ ਹੋਵੇਗੀ ਦੀਪਮਾਲਾ

0
481

File Photo....A view of Golden Temple in Amritsar

ਅੰਮ੍ਰਿਤਸਰ/ਬਿਊਰੋ ਨਿਊਜ਼ :
ਅੰਮ੍ਰਿਤਸਰ ਸ਼ਹਿਰ ਦੇ ਬਾਨੀ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਦਾ 584ਵਾਂ ਪ੍ਰਕਾਸ਼ ਪੁਰਬ (7 ਅਕਤੂਬਰ) ਇਸ ਵਾਰ ਸ਼੍ਰੋਮਣੀ ਕਮੇਟੀ ਵੱਲੋਂ ਵਿਸ਼ੇਸ਼ ਢੰਗ ਨਾਲ ਮਨਾਏ ਜਾਣ ਦੀ ਯੋਜਨਾ ਹੈ, ਜਿਸ ਤਹਿਤ ਸਮੁੱਚੇ ਸ਼ਹਿਰ ਵਿੱਚ ਦੀਪਮਾਲਾ ਕੀਤਾ ਜਾਵੇਗੀ।
ਸ਼੍ਰੋਮਣੀ ਕਮੇਟੀ ਵੱਲੋਂ ਪ੍ਰਕਾਸ਼ ਪੁਰਬ ਮਨਾਉਣ ਲਈ ਸਮੁੱਚੇ ਸ਼ਹਿਰ ਵਾਸੀਆਂ ਕੋਲੋਂ ਸਹਿਯੋਗ ਲਿਆ ਜਾ ਰਿਹਾ ਹੈ। ਚੌਥੇ ਪਾਤਸ਼ਾਹ ਵੱਲੋਂ ਸੰਨ 1577 ਵਿੱਚ ਅੰਮ੍ਰਿਤਸਰ ਵਸਾਇਆ ਗਿਆ ਸੀ। ਕਮੇਟੀ ਦੀ ਯੋਜਨਾ ਹੈ ਕਿ ਇਸ ਵਾਰ ਹਰ ਸ਼ਹਿਰ ਵਾਸੀ ਆਪਣੇ ਘਰ ‘ਤੇ ਦੀਪਮਾਲਾ ਕਰੇ। ਹਰ ਸ਼ਹਿਰ ਵਾਸੀ ਨੂੰ ਅਪੀਲ ਕੀਤੀ ਗਈ ਹੈ ਕਿ ਭਾਵੇਂ ਸੰਕੇਤਕ ਰੂਪ ਵਿੱਚ ਹੀ ਸੀ ਪਰ ਦੋ ਦੀਵੇ ਜ਼ਰੂਰ ਬਾਲੇ। ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਸਰਕਾਰੀ ਇਮਾਰਤਾਂ ‘ਤੇ ਦੀਪਮਾਲਾ ਕਰਾਉਣ ਲਈ ਯਤਨ ਕੀਤੇ ਜਾ ਰਹੇ ਹਨ। ਇਨ੍ਹਾਂ ਵਿੱਚ ਰੇਲਵੇ ਸਟੇਸ਼ਨ, ਹਵਾਈ ਅੱਡਾ, ਬੱਸ ਅੱਡਾ ਤੇ ਹੋਰ ਇਮਾਰਤਾਂ ਵੀ ਸ਼ਾਮਲ ਹੋਣਗੀਆਂ।
ਕਮੇਟੀ ਵੱਲੋਂ ਸ੍ਰੀ ਦਰਬਾਰ ਸਾਹਿਬ ਸਮੇਤ ਸੰਸਥਾ ਦੇ ਸਮੂਹ ਅਦਾਰਿਆਂ ਦੀਆਂ ਇਮਾਰਤਾਂ ਨੂੰ ਰੁਸ਼ਨਾਇਆ ਜਾਵੇਗਾ। ਵਪਾਰੀ ਵਰਗ ਦੀ ਮਦਦ ਨਾਲ ਵਪਾਰਕ ਅਦਾਰਿਆਂ ਦੀਆਂ ਇਮਾਰਤਾਂ ‘ਤੇ ਵੀ ਦੀਪਮਾਲਾ ਕੀਤੀ ਜਾਵੇਗੀ। ਮੁੰਬਈ ਦੀ ਸੰਗਤ ਵੱਲੋਂ ਸ੍ਰੀ ਦਰਬਾਰ ਸਾਹਿਬ ਵਿਖੇ ਦੇਸ਼-ਵਿਦੇਸ਼ ਤੋਂ ਮੰਗਵਾਏ ਜਾਣ ਵਾਲੇ ਵਿਸ਼ੇਸ਼ ਫੁੱਲਾਂ ਨਾਲ ਦਰਬਾਰ ਸਾਹਿਬ ਕੰਪਲੈਕਸ ਦੀ ਸਜਾਵਟ ਕੀਤੀ ਜਾਵੇਗੀ ਤੇ ਆਤਿਸ਼ਬਾਜ਼ੀ ਵੀ ਘੱਟ ਧੂੰਏਂ ਵਾਲੀ ਹੋਵੇਗੀ। ਇਸ ਸਬੰਧੀ ਅਹਿਮਦ ਨਗਰ (ਗੁਜਰਾਤ) ਤੋਂ ਆਤਿਸ਼ਬਾਜ਼ ਸੱਦੇ ਗਏ ਹਨ।
ਸ਼੍ਰੋਮਣੀ ਕਮੇਟੀ ਦੇ ਸਕੱਤਰ ਡਾ. ਰੂਪ ਸਿੰਘ ਨੇ ਦੱਸਿਆ ਕਿ ਸਮਾਗਮਾਂ ਦੇ ਪ੍ਰਬੰਧਾਂ ਸਬੰਧੀ ਉਹ ਡਿਪਟੀ ਕਮਿਸ਼ਨਰ ਕਮਲਦੀਪ ਸਿੰਘ ਸੰਘਾ ਨਾਲ ਵੀ ਮੀਟਿੰਗ ਕਰ ਚੁੱਕੇ ਹਨ ਅਤੇ ਉਨ੍ਹਾਂ ਨੂੰ ਸ਼ਹਿਰ ਦੀ ਸਫਾਈ ਅਤੇ ਸਰਕਾਰੀ ਇਮਾਰਤਾਂ ‘ਤੇ ਦੀਪਮਾਲਾ ਲਈ ਅਪੀਲ ਕੀਤੀ ਗਈ ਹੈ।
ਪ੍ਰਕਾਸ਼ ਪੁਰਬ ਮਨਾਇਆ ਜਾਵੇਗਾ 2 ਵਾਰ :
ਗੁਰੂ ਰਾਮਦਾਸ ਜੀ ਦਾ ਪ੍ਰਕਾਸ਼ ਪੁਰਬ ਕੈਲੰਡਰ ਵਿਵਾਦ ਕਾਰਨ ਦੋ ਵਾਰ ਮਨਾਇਆ ਜਾਵੇਗਾ। ਮੂਲ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਹ ਪ੍ਰਕਾਸ਼ ਪੁਰਬ 9 ਅਕਤੂਬਰ ਨੂੰ ਹੈ ਜਦਕਿ ‘ਸੋਧੇ’ ਹੋਏ ਨਾਨਕਸ਼ਾਹੀ ਕੈਲੰਡਰ ਮੁਤਾਬਕ ਇਹ ਸੱਤ ਅਕਤੂਬਰ ਨੂੰ ਮਨਾਇਆ ਜਾ ਰਿਹਾ ਹੈ। ਸ਼੍ਰੋਮਣੀ ਕਮੇਟੀ ਅਤੇ ਇਸ ਦੀਆਂ  ਸਹਿਯੋਗੀ ਜਥੇਬੰਦੀਆਂ ਇਹ ਪ੍ਰਕਾਸ਼ ਪੁਰਬ ‘ਸੋਧੇ’ ਹੋਏ ਕੈਲੰਡਰ ਮੁਤਾਬਕ ਮਨਾ ਰਹੀਆਂ ਹਨ। ਜ਼ਿਕਰਯੋਗ ਹੈ ਕਿ ਮੂਲ ਨਾਨਕਸ਼ਾਹੀ ਕੈਲੰਡਰ ਨੂੰ ਸੋਧ ਕੇ ਕਥਿਤ ਤੌਰ ‘ਤੇ ਬਿਕਰਮੀ ਕੈਲੰਡਰ ਦੇ ਨੇੜੇ ਕਰ ਦਿੱਤਾ ਗਿਆ ਹੈ। ਵਿਸ਼ਵ ਭਰ ਦੀਆਂ ਵੱਖ-ਵੱਖ ਸਿੱਖ ਸੰਸਥਾਵਾਂ ਵੱਲੋਂ ਦੋਸ਼ ਲਾਏ ਜਾਂਦੇ ਹਨ ਕਿ ਕੈਲੰਡਰ ਵਿੱਚ ਸੋਧ ਦਾ ਫ਼ੈਸਲਾ ਆਰਐਸਐਸ ਦੇ ਦਬਾਅ ਅਧੀਨ ਲਿਆ ਗਿਆ ਹੈ।