ਬਾਦਲਾਂ ਦੇ ਰਾਜ ‘ਚ ਇਸ਼ਤਿਹਾਰਬਾਜ਼ੀ ਦੇ ਨਾਂ ਉਤੇ ਲੁਟਾਇਆ ਗਿਆ ਸੀ ਮਣਾਂਮੂੰਹੀ ਸਰਕਾਰੀ ਪੈਸਾ

0
277

navjot-singh-sidhu

ਚੰਡੀਗੜ੍ਹ/ਬਿਊਰੋ ਨਿਊਜ਼ :

ਪਿਛਲੀ ਦਸ ਸਾਲਾਂ ਦੀ ਹਕੂਮਤ ਦੌਰਾਨ ਬਾਦਲਾਂ ਨੇ ਪੰਜਾਬ ਦੇ ਖਜ਼ਾਨੇ ਨੂੰ ਕਿੰਨੀ ਬੇਦਰਦੀ ਨਾਲ ਚੂੰਡਿਆ ਸੀ, ਇਸ ਦਾ ਇਕ ਹੋਰ ਖੁਲਾਸਾ ਹੋਇਆ ਹੈ। ਸੂਚਨਾ ਅਧਿਕਾਰ ਐਕਟ ਅਤੇ ਕੈਗ ਰਿਪੋਰਟਾਂ ਤੋਂ ਸਾਬਤ ਹੁੰਦਾ ਹੈ ਕਿ ਤਤਕਾਲੀ ਅਕਾਲੀ ਭਾਜਪਾ ਸਰਕਾਰ ਦੌਰਾਨ ਲੋਕਾਂ ਤੋਂ ਟੈਕਸ ਅਤੇ ਮਾਲੀਏ ਦੇ ਰੂਪ ਵਿੱਚ ਇਕੱਤਰ ਕੀਤੇ ਗਏ ਪੈਸੇ ਦੀ ਸਰਕਾਰ ਨੇ ਰੱਜ ਕੇ ਦੁਰਵਰਤੋਂ ਕੀਤੀ।ਸਥਾਨਕ ਸਰਕਾਰਾਂ ਵਿਭਾਗ ਦੇ ਮੰਤਰੀ ਨਵਜੋਤ ਸਿੱਧੂ ਨੇ ਦੱਸਿਆ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸਮੇਤ ਅਕਾਲੀ ਆਗੂ ਭਾਵੇਂ ਲੋਕਾਂ ਨੂੰ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਰਗਾ ਸਾਸ਼ਨ ਦੇਣ ਅਤੇ ‘ਰਾਜ ਨਹੀਂ ਸੇਵਾ ਦਾ ਨਾਅਰਾ ਲਾਉਂਦੇ ਰਹੇ ਹਨ, ਪਰ ਚੋਣਾਂ ਤੋਂ ਪਹਿਲਾਂ ਸਰਕਾਰ ਵੱਲੋਂ ਸਾਲ 2016-17 ਵਿੱਚ ਇਸ਼ਤਿਹਾਰਬਾਜ਼ੀ ਦੇ ਨਾਂ ‘ਤੇ 150 ਕਰੋੜ ਰੁਪਏ ਖਰਚ ਕੀਤੇ ਗਏ ਹਨ।
ਸਰਕਾਰ ਨੇ ਫੇਸਬੁੱਕ ਅਤੇ ਗੂਗਲ ‘ਤੇ ਛੇ ਮਹੀਨਿਆਂ (ਮਾਰਚ ਤੋਂ ਅਗਸਤ 2016) ਵਿੱਚ 31,20,660 ਲੱਖ ਰੁਪਏ ਖਰਚ ਕੀਤੇ ਸਨ। ਉਨ੍ਹਾਂ ਦੱਸਿਆ ਕਿ ਕੈਗ ਨੇ ਆਪਣੀ ਰਿਪੋਰਟ ਵਿੱਚ ਪੰਜਾਬ ਸਰਕਾਰ ਦੀ ਬਜਾਏ  ਬਾਦਲ ਸਰਕਾਰ ਲਿਖਣ ਅਤੇ ਕੇਂਦਰੀ ਮੰਤਰੀ ਹਰਸਿਮਰਤ ਕੌਰ  ਬਾਦਲ ਦੀਆਂ ਫੋਟੋਆਂ ਲਾਉਣ ‘ਤੇ ਵੀ ਸਵਾਲ ਖੜ੍ਹੇ ਕੀਤੇ ਹਨ।
ਕੈਗ ਰਿਪੋਰਟ ਵਿੱਚ ਸਪਸ਼ਟ ਕਿਹਾ ਗਿਆ ਹੈ ਕਿ ਇਸ਼ਤਿਹਾਰ ਜਾਰੀ ਕਰਨ ਸਮੇਂ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਅਣਗੌਲਿਆ ਕੀਤਾ ਗਿਆ। ਬਾਦਲ ਪਰਿਵਾਰ ‘ਤੇ ਵਿਅੰਗ ਕੱਸਦਿਆਂ ਸ੍ਰੀ ਸਿੱਧੂ ਨੇ ਕਿਹਾ, ”ਜੇਕਰ ਹਵਾਈ ਜਹਾਜ਼ਾਂ, ਸੰਗਤ ਦਰਸ਼ਨਾਂ, ਇਸ਼ਤਿਹਾਰਾਂ ‘ਤੇ ਕਰੋੜਾਂ ਰੁਪਏ ਉਡਾਉਣ ਦੀ ਬਜਾਏ ਲੋਕਾਂ ਦੀ ਸੇਵਾ ਕੀਤੀ ਹੁੰਦੀ ਤਾਂ ਅਕਾਲੀ ਆਗੂਆਂ ਨੂੰ ਇਹ ਦਿਨ ਨਾ ਦੇਖਣੇ ਪੈਂਦੇ।” ਉਨ੍ਹਾਂ ਕਿਹਾ ਕਿ ਸਰਕਾਰੀ ਪੂੰਜੀ ਨੂੰ ਲੁਟਾਉਣ ਵਾਲੇ ਸਾਰੇ ਲੋਕਾਂ ਖ਼ਿਲਾਫ਼ ਕਾਨੂੰਨੀ  ਕਾਰਵਾਈ ਹੋਣੀ ਚਾਹੀਦੀ ਹੈ, ਉਨ੍ਹਾਂ ਵਿੱਚ ਭਾਵੇਂ ਸਿਆਸੀ ਆਗੂ ਹੋਣ ਜਾਂ ਸਰਕਾਰੀ ਅਧਿਕਾਰੀ। ਉਨ੍ਹਾਂ ਕਿਹਾ ਕਿ ਉਹ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਪੱਤਰ ਲਿਖ ਕੇ ਇਸ ਮਾਮਲੇ ਵਿੱਚ ਜ਼ਿੰਮੇਵਾਰ ਅਫ਼ਸਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕਰਨਗੇ। ਪੰਜਾਬ ਸਰਕਾਰ ਨੇ ਸਾਲ 2014-15 ਵਿੱਚ ਇਸ਼ਤਿਹਾਰਬਾਜ਼ੀ ਲਈ 20 ਕਰੋੜ ਰੁਪਏ, ਸਾਲ 2016-17 ਵਿੱਚ ਬਜਟ 40 ਕਰੋੜ ਰੁਪਏ ਰੱਖੇ ਸਨ ਅਤੇ ਸਾਲ 2016-17 ਵਿੱਚ ਬਜਟ ‘ਚ 150 ਕਰੋੜ ਰੁਪਏ ਰੱਖੇ ਗਏ ਸਨ। ਸਾਲ 2016-17  ਦੇ ਸਤੰਬਰ ਮਹੀਨੇ ‘ਚ ਅਖ਼ਬਾਰਾਂ, ਇਲੈਕਟ੍ਰਾਨਿਕਸ ਮੀਡੀਆ, ਰੇਡੀਓ ਅਤੇ ਸਿਨੇਮਾ ਹਾਲ ‘ਤੇ 8,88,79,339 ਕਰੋੜ ਰੁਪਏ, ਅਕਤੂਬਰ ਵਿੱਚ 9,04,10,291 ਕਰੋੜ, ਨਵੰਬਰ ਵਿੱਚ 18,92,61,709 ਕਰੋੜ ਅਤੇ ਦਸੰਬਰ ਵਿੱਚ 30,48,35,107 ਕਰੋੜ ਰੁਪਏ ਖਰਚ ਕੀਤੇ ਗਏ ਹਨ।