ਇਤਿਹਾਸ ਨੂੰ ਨਾ ਭੁੱਲੇ ਭਾਰਤੀ ਫੌਜ: ਚੀਨ

0
134

china-army
‘ਸਿੱਕਿਮ ਸੈਕਟਰ ਵਿੱਚੋਂ ਅਪਣੀ ਫੌਜ ਵਾਪਸ ਬੁਲਾਵੇ’
ਪੇਈਚਿੰਗ/ਬਿਊਰੋ ਨਿਊਜ਼:
ਚੀਨ ਨੇ ਭਾਰਤ ਨੂੰ ਸਿੱਕਿਮ ਸੈਕਟਰ ਵਿੱਚੋਂ ਆਪਣੇ ਫੌਜੀ ਵਾਪਸ ਬੁਲਾਉਣ ਲਈ ਕਿਹਾ ਕਿਉਂਕਿ ਸਰਹੱਦੀ ਵਿਵਾਦ ਦੇ ਹੱਲ ਲਈ ‘ਸਾਰਥਕ ਗੱਲਬਾਤ’ ਵਾਸਤੇ ਇਹ ਅਗਾਊਂ ਸ਼ਰਤ ਹੈ। ਉਸ ਨੇ ਨਾਲ ਹੀ 1962 ਦੀ ਜੰਗ ਦਾ ਅਸਿੱਧਾ ਹਵਾਲਾ ਦਿੰਦਿਆਂ ਚੇਤਾਵਨੀ ਦਿੱਤੀ ਕਿ ਭਾਰਤੀ ਥਲ ਸੈਨਾ ਨੂੰ ਇਤਿਹਾਸ ਤੋਂ ਸਬਕ ਸਿੱਖਣਾ ਚਾਹੀਦਾ ਹੈ।
ਚੀਨ ਦੇ ਵਿਦੇਸ਼ ਮੰਤਰਾਲੇ ਦੇ ਤਰਜਮਾਨ ਲੂ ਕਾਂਗ ਨੇ ਵੀਰਵਾਰ ਨੂੰ ਇੱਥੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਡੋਂਗਲਾਂਗ ਇਲਾਕੇ ਵਿੱਚ ਭਾਰਤ ਦੀ ਘੁਸਪੈਠ ਦੀ ਤਸਵੀਰ ਵੀ ਦਿਖਾਈ ਅਤੇ ਕਿਹਾ ਕਿ ਇਸ ਵਿਵਾਦ, ਜਿਸ ਕਾਰਨ ਜ਼ਮੀਨੀ ਪੱਧਰ ਉਤੇ ਫੌਜੀਆਂ ਵਿਚਾਲੇ ਆਹਮੋ-ਸਾਹਮਣੇ ਵਾਲੀ ਸਥਿਤੀ ਪੈਦਾ ਹੋਈ, ਦਾ ਹੱਲ ਸਿਰਫ਼ ਇਸ ਇਲਾਕੇ ਤੋਂ ਭਾਰਤੀ ਫੌਜੀਆਂ ਦੀ ਵਾਪਸੀ ਰਾਹੀਂ ਹੀ ਨਿਕਲ ਸਕਦਾ ਹੈ। ਲੂ ਨੇ ਕਿਹਾ, ”ਜਦੋਂ ਤੋਂ ਇਹ ਗ਼ੈਰਕਾਨੂੰਨੀ ਦਖ਼ਲ ਹੋਇਆ, ਅਸੀਂ ਨਵੀਂ ਦਿੱਲੀ ਤੇ ਪੇਈਚਿੰਗ ਵਿੱਚ ਭਾਰਤ ਨੂੰ ਇਸ ਬਾਰੇ ਦੱਸ ਦਿੱਤਾ ਸੀ।” ਉਨ੍ਹਾਂ ਕਿਹਾ ਕਿ ਇਹ ਤਸਵੀਰਾਂ ਬਾਅਦ ਵਿੱਚ ਵਿਦੇਸ਼ ਮੰਤਰਾਲੇ ਦੀ ਵੈੱਬਸਾਈਟ ਉਤੇ ਨਸ਼ਰ ਕੀਤੀਆਂ ਜਾਣਗੀਆਂ।
ਬੁਲਾਰੇ ਨੇ ਕਿਹਾ, ”ਸੰਚਾਰ ਲਈ ਕੂਟਨੀਤਕ ਰਾਹ ਖੁੱਲ੍ਹੇ ਹਨ। ਅਸੀਂ ਭਾਰਤ ਨੂੰ ਅਪੀਲ ਕਰਦੇ ਹਾਂ ਕਿ ਉਹ ਆਪਣੇ ਫੌਜੀਆਂ ਨੂੰ ਫੌਰੀ ਸਰਹੱਦ ਦੇ ਆਪਣੇ ਪਾਸੇ ਬੁਲਾਵੇ। ਇਸ ਘਟਨਾ ਦੇ ਹੱਲ ਲਈ ਇਹ ਅਗਾਊਂ ਸ਼ਰਤ ਹੈ ਅਤੇ ਕੋਈ ਸਾਰਥਿਕ ਸੰਵਾਦ ਸ਼ੁਰੂ ਹੋਣਾ ਵੀ ਇਸੇ ਉਤੇ ਨਿਰਭਰ ਕਰੇਗਾ।”
ਰਾਵਤ ਦਾ ਬਿਆਨ ਗ਼ੈਰ ਜ਼ਿੰਮੇਵਾਰਾਨਾ: ਚੀਨ
ਪੇਈਚਿੰਗ: ਭਾਰਤੀ ਥਲ ਸੈਨਾ ਮੁਖੀ ਬਿਪਿਨ ਰਾਵਤ ਦੀਆਂ ਭਾਰਤ ਦੇ ਜੰਗ ਲਈ ਤਿਆਰ ਹੋਣ ਦੀਆਂ ਟਿੱਪਣੀਆਂ ਨੂੰ ਚੀਨੀ ਫੌਜ ਨੇ ਗ਼ੈਰ ਜ਼ਿੰਮੇਵਾਰਾਨਾ ਦੱਸਿਆ ਅਤੇ ਕਿਹਾ ਕਿ ਉਨ੍ਹਾਂ ਨੂੰ ਜੰਗ ਲਈ ਰੌਲਾ ਪਾਉਣ ਤੋਂ ਬਚਣਾ ਚਾਹੀਦਾ ਹੈ। ਸ੍ਰੀ ਰਾਵਤ ਨੇ ਕਿਹਾ ਸੀ ਕਿ ਭਾਰਤ ਆਪਣੇ ਅੰਦਰੂਨੀ ਖ਼ਤਰਿਆਂ ਦੇ ਨਾਲ ਨਾਲ ਚੀਨ ਤੇ ਪਾਕਿਸਤਾਨ ਵੱਲੋਂ ਦਰਪੇਸ਼ ਸੁਰੱਖਿਆ ਚੁਣੌਤੀਆਂ ਨਾਲ ਸਿੱਝਣ ਲਈ ਤਿਆਰ ਹੈ।

ਭਾਰਤੀ ਸਰਹੱਦ ਨੇੜੇ ਟੈਂਕ ਦੀ ਅਜ਼ਮਾਇਸ਼
ਚੀਨੀ ਥਲ ਸੈਨਾ ਦਾ ਕਹਿਣਾ ਹੈ ਕਿ ਉਸ ਨੇ ਭਾਰਤ ਸਰਹੱਦ ਨੇੜੇ ਤਿੱਬਤ ਵਿੱਚ ਹਲਕੇ ਲੜਾਕੂ ਟੈਂਕ ਦੀ ਅਜ਼ਮਾਇਸ਼ ਕੀਤੀ ਹੈ। ਪੀਐਲਏ ਦੇ ਬੁਲਾਰੇ ਕਰਨਲ ਵੂ ਕਿਆਨ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਕਿਹਾ ਕਿ 35 ਟਨ ਵਜ਼ਨੀ ਟੈਂਕ ਦੀ ਤਿੱਬਤ ਦੇ ਮੈਦਾਨੀ ਇਲਾਕੇ ਵਿੱਚ ਪਰਖ ਕੀਤੀ ਗਈ। ਜਦੋਂ ਪੁੱਛਿਆ ਗਿਆ ਕਿ ਕੀ ਇਸ ਦਾ ਨਿਸ਼ਾਨਾ ਭਾਰਤ ਤਾਂ ਨਹੀਂ ਤਾਂ ਉਨ੍ਹਾਂ ਕਿਹਾ ਕਿ ਇਸ ਅਜ਼ਮਾਇਸ਼ ਦਾ ਮੰਤਵ ਟੈਂਕ ਦੇ ਮਾਪਦੰਡਾਂ ਦੀ ਪਰਖ ਕਰਨਾ ਸੀ ਅਤੇ ਇਹ ਕਿਸੇ ਦੇਸ਼ ਨੂੰ ਨਿਸ਼ਾਨਾ ਬਣਾਉਣ ਲਈ ਨਹੀਂ।