ਅਮਰੀਕਾ ਦਾ ਭਾਰਤ ਉੱਤੇ ਇੱਕ ਹੋਰ ‘ਆਰਥਿਕ ਹਮਲਾ’ ਅਪਣਾ ਮਾਲ ਵੇਚਣ ਲਈ ਕਣਕ-ਝੋਨੇ ਦੇ ਭਾਅ ਸਬੰਧੀ ਵਿਸ਼ਵ ਵਪਾਰ ਸੰਗਠਨ ਕੋਲ ਕੀਤੀ ਸ਼ਿਕਾਇਤ

0
169

1100573cd-_wto-logo-300x225

ਵਾਸ਼ਿੰਗਟਨ/ਬਿਊਰੋ ਨਿਊਜ਼:
ਅਮਰੀਕਾ ਨੇ ਵਿਸ਼ਵ ਵਪਾਰ ਸੰਗਠਨ ਵਿੱਚ ਭਾਰਤ ਖ਼ਿਲਾਫ਼ ਸ਼ਿਕਾਇਤ ਕੀਤੀ ਹੈ ਕਿ ਇਹ ਕਣਕ ਤੇ ਚੌਲਾਂ ਲਈ ਆਪਣੇ ਘੱਟੋ ਘੱਟ ਸਹਾਇਕ ਮੁੱਲ ਨੂੰ ਘਟਾ ਕੇ ਪੇਸ਼ ਕਰਦਾ ਰਿਹਾ ਹੈ। ਅਮਰੀਕੀ ਵਪਾਰ ਪ੍ਰਤੀਨਧ ਰਾਬਰਟ ਲਾਈਟਹਾਈਜ਼ਰ ਤੇ ਖੇਤੀਬਾੜੀ ਮੰਤਰੀ ਸੌਨੀ ਪਰਡਿਊ ਨੇ ਇਕ ਸਾਂਝੇ ਬਿਆਨ ਵਿੱਚ ਦੱਸਿਆ ਕਿ ਅਮਰੀਕਾ ਨੇ ਭਾਰਤ ਦੀ ਕਣਕ ਤੇ ਝੋਨੇ ਲਈ ਬਾਜ਼ਾਰ ਸਹਾਇਕ ਕੀਮਤ (ਐਮਪੀਐਸ) ਬਾਰੇ 4 ਮਈ ਨੂੰ ਵਿਸ਼ਵ ਵਪਾਰ ਸੰਗਠਨ ਦੀ ਖੇਤੀਬਾੜੀ ਕਮੇਟੀ ਕੋਲ ਸ਼ਿਕਾਇਤ ਦਰਜ ਕਰਵਾਈ ਹੈ। ਕਿਸੇ ਦੂਜੇ ਦੇਸ਼ ਦੇ ਉਪਬੰਧ ਬਾਰੇ ਵਿਸ਼ਵ ਵਪਾਰ ਸੰਗਠਨ ਵਿੱਚ ਸੀਓਏ ਨੋਟੀਫਿਕੇਸ਼ਨ ਤਹਿਤ ਕੀਤੀ ਗਈ ਇਹ ਪਹਿਲੀ ਸ਼ਿਕਾਇਤ ਹੈ। ਟਰੰਪ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਭਾਰਤ ਵੱਲੋਂ ਵਿਸ਼ਵ ਵਪਾਰ ਸੰਗਠਨ ਸਮਝੌਤੇ ਅਨੁਸਾਰ ਕਣਕ ਤੇ ਚੌਲਾਂ ਲਈ ਐਲਾਨੀ ਜਾਂਦੀ ਆਪਣੀ ਬਾਜ਼ਾਰ ਸਹਾਇਕ ਕੀਮਤ ਵਪਾਰ ਵਿੱਚ ਵਿਘਨ ਪਾਉਣ ਵਾਲੇ ਨਿਰਧਾਰਤ ਪੈਮਾਨਿਆਂ ਤੋਂ ਕਿਤੇ ਜ਼ਿਆਦਾ ਹੈ। ਅਮਰੀਕਾ ਨੂੰ ਜੂਨ ਮਹੀਨੇ ਹੋਣ ਵਾਲੀ ਵਿਸ਼ਵ ਵਪਾਰ ਸੰਗਠਨ ਦੀ ਖੇਤੀਬਾੜੀ ਬਾਰੇ ਕਮੇਟੀ ਦੀ ਮੀਟਿੰਗ ਵਿੱਚ ਇਸ ਮੁੱਦੇ ‘ਤੇ ਭਰਵੀਂ ਚਰਚਾ ਹੋਣ ਦੀ ਉਮੀਦ ਹੈ। ਅਮਰੀਕੀ ਖੇਤੀਬਾੜੀ ਮੰਤਰੀ ਨੇ ਦਾਅਵਾ ਕੀਤਾ ਕਿ ਦੁਨੀਆ ਭਰ ਵਿੱਚ ਉਤਪਾਦਨ ਤੇ ਮੁਕਾਬਲੇ ਪੱਖੋਂ ਉਨ੍ਹਾਂ ਦੇ ਦੇਸ਼ ਦੇ ਕਿਸਾਨਾਂ ਦਾ ਕੋਈ ਸਾਨੀ ਨਹੀਂ ਹੈ ਤੇ ਕੌਮਾਂਤਰੀ ਮੰਡੀ ਵਿੱਚ ਉਨ੍ਹਾਂ ਦੀ ਕਾਰਕਰਦਗੀ ਹਮੇਸ਼ਾ ਬਹੁਤ ਵਧੀਆ ਰਹੀ ਹੈ। ਉਨ੍ਹਾਂ ਕਿਹਾ ” ਭਾਰਤ ਇਕ ਬਹੁਤ ਵੱਡੀ ਮੰਡੀ ਹੈ ਤੇ ਅਸੀਂ ਅਮਰੀਕੀ ਉਤਪਾਦਾਂ ਲਈ ਵਡੇਰੀ ਰਸਾਈ ਚਾਹੁੰਦੇ ਹਾਂ ਪਰ ਭਾਰਤ ਨੂੰ ਆਪਣਾ ਕਾਰ-ਵਿਹਾਰ ਵਧੇਰੇ ਪਾਰਦਰਸ਼ ਬਣਾਉਣਾ ਪਵੇਗਾ। ਵਪਾਰ ਲਈ ਖੁੱਲ੍ਹਾ ਤੇ ਸਾਫ਼ ਸੁਥਰਾ ਮਾਹੌਲ ਹੋਣਾ ਜ਼ਰੂਰੀ ਹੈ ਤੇ ਸਾਰੀਆਂ ਧਿਰਾਂ ਨੂੰ ਵਿਸ਼ਵ ਵਪਾਰ ਸੰਗਠਨ ਵਿੱਚ ਦਿੱਤੀਆਂ ਵਚਨਬੱਧਤਾਵਾਂ ਦੀ ਪਾਲਣਾ  ਕਰਨੀ ਪੈਣੀ ਹੈ।” ਅਮਰੀਕਾ ਨੇ ਭਾਰਤ ਬਾਰੇ ਦਿੱਤੇ ਨੋਟਿਸ ਵਿੱਚ ਕਣਕ-ਝੋਨੇ ਦੇ ਖਰੀਦ ਮੁੱਲ ਨਾਲ ਜੁੜੇ ਕਈ ਸਰੋਕਾਰਾਂ ਦਾ ਜ਼ਿਕਰ ਕੀਤਾ ਹੈ। ਇਨ੍ਹਾਂ ਵਿੱਚ ਖਰੀਦ ਮੁੱਲ ਦੇ ਜੋੜ ਵਿੱਚ ਪੈਦਾਵਾਰ ਦੇ ਅੰਕੜਿਆਂ, ਸੂਬਾਈ ਪੱਧਰ ‘ਤੇ ਦਿੱਤੇ ਜਾਂਦੇ ਬੋਨਸ ਅਤੇ ਕਣਕ ਤੇ ਝੋਨੇ ਦੀ ਕੁੱਲ ਪੈਦਾਵਾਰ ਤੇ ਕਰੰਸੀ ਵਟਾਂਦਰਾ ਆਦਿ ਮੁੱਦੇ ਸ਼ਾਮਲ ਹਨ।