ਬੀਤੇ ਵਰ੍ਹਿਆਂ ‘ਚ ਅਮਰੀਕਾ ਘੁੰਮਣ ਆਏ ਭਾਰਤੀਆਂ ‘ਚੋਂ 21 ਹਜ਼ਾਰ ਤੋਂ ਵੱਧ ਵਾਪਸ ਹੀ ਨਹੀਂ ਮੁੜੇ

0
85

visa-overstay
ਵਾਸ਼ਿੰਗਟਨ/ਬਿਊਰੋ ਨਿਊਜ਼ :
ਡਿਪਾਰਟਮੈਂਟ ਆਫ ਹੋਮਲੈਂਡ ਸਕਿਉਰਿਟੀ ਵੱਲੋਂ ਜਾਰੀ ਇਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਸੰਨ 2017 ਵਿਚ 10.7 ਲੱਖ ਤੋਂ ਵੱਧ ਭਾਰਤੀ ਬੀ-1 ਤੇ ਬੀ-2 ਵੀਜ਼ਿਆਂ ‘ਤੇ ਅਮਰੀਕਾ ਆਏ ਸਨ। ਇਸ ਵੰਨਗੀ ਦੇ ਵੀਜ਼ੇ ਕਾਰੋਬਾਰ ਜਾਂ ਘੁੰਮਣ ਫਿਰਨ ਦੇ ਮਕਸਦ ਨਾਲ ਆਉਣ ਵਾਲਿਆਂ ਨੂੰ ਦਿੱਤੇ ਜਾਂਦੇ ਹਨ। ਰਿਪੋਰਟ ਮੁਤਾਬਕ ਇਨ੍ਹਾਂ ਵਿਚੋਂ 14204 ਮਿਆਦ ਖਤਮ ਹੋਣ ਤੋਂ ਬਾਅਦ ਵੀ ਅਮਰੀਕਾ ਵਿਚ ਰਹਿ ਰਹੇ ਸਨ। ਉਂਜ ਇਨ੍ਹਾਂ ‘ਚੋਂ 1708 ਭਾਰਤੀ ਬਾਅਦ ਵਿਚ ਵਾਪਸ ਰਵਾਨਾ ਹੋ ਗਏ ਸਨ ਜਦਕਿ 12498 ਭਾਰਤੀਆਂ ਦਾ ਕੋਈ ਅਤਾ ਪਤਾ ਨਹੀਂ ਸੀ। ਸਮਝਿਆ ਜਾਂਦਾ ਹੈ ਕਿ ਉਹ ਅਜੇ ਵੀ ਗ਼ੈਰਕਾਨੂੰਨੀ ਢੰਗ ਨਾਲ ਅਮਰੀਕਾ ਵਿਚ ਰਹਿ ਰਹੇ ਹਨ।
ਸੱਜਰੇ ਸਰਕਾਰੀ ਅੰਕੜਿਆਂ ਤੋਂ ਪਤਾ ਚੱਲਿਆ ਹੈ ਕਿ ਸੰਨ 2017 ਵਿਚ 21000 ਤੋਂ ਵੱਧ ਭਾਰਤੀ ਆਪਣੇ ਵੀਜ਼ੇ ਦੀ ਮਿਆਦ ਤੋਂ ਬਾਅਦ ਵੀ ਅਮਰੀਕਾ ਵਿਚ ਟਿਕੇ ਹੋਏ ਸਨ। ਹਾਲਾਂਕਿ ਅਮਰੀਕਾ ਵਿਚ ਵੀਜ਼ੇ ਦੀ ਮਿਆਦ ਤੋਂ ਬਾਅਦ ਵੀ ਟਿਕੇ ਰਹਿਣ ਵਾਲੇ ਭਾਰਤੀਆਂ ਦੀ ਦਰ ਹੋਰਨਾਂ ਮੁਲਕਾਂ ਦੇ ਨਾਗਰਿਕਾਂ ਮੁਕਾਬਲੇ ਕੋਈ ਬਹੁਤੀ ਨਹੀਂ ਪਰ ਇਨ੍ਹਾਂ ਦੀ ਤਾਦਾਦ ਕਰ ਕੇ ਹੀ ਭਾਰਤ ਅਜਿਹੇ ਮੋਹਰੀ ਮੁਲਕਾਂ ਦੀ ਸ਼੍ਰੇਣੀ ਵਿਚ ਆਉਂਦਾ ਹੈ ਜਿਨ੍ਹਾਂ ਦੇ ਨਾਗਰਿਕ ਅਮਰੀਕਾ ਵਿਚ ਗ਼ੈਰਕਾਨੂੰਨੀ ਢੰਗ ਨਾਲ ਰਹਿਣ ਨੂੰ ਤਰਜੀਹ ਦਿੰਦੇ ਹਨ।

ਸੰਨ 2016 ਵਿਚ 10 ਲੱਖ ਤੋਂ ਵੱਧ ਭਾਰਤੀ ਬੀ-1 ਤੇ ਬੀ-2 ਵੀਜ਼ਿਆਂ ‘ਤੇ ਅਮਰੀਕਾ ਆਏ ਸਨ । ਇਨ੍ਹਾਂ ਵਿਚੋਂ 17763 ਭਾਰਤੀਆਂ ਨੇ ਓਵਰਸਟੇਅ ਕੀਤੀ ਸੀ। ਫਿਰ 2040 ਭਾਰਤੀ ਆਪਣੇ ਵੀਜ਼ਿਆਂ ਦੀ ਮਿਆਦ ਪੁੱਗਣ ਤੋਂ ਬਾਅਦ ਵਾਪਸ ਰਵਾਨਾ ਹੋ ਗਏ ਸਨ ਜਦਕਿ 15723 ਭਾਰਤੀਆਂ ਦਾ ਕੋਈ ਅਤਾ ਪਤਾ ਨਹੀਂ ਲੱਗ ਸਕਿਆ। ਰਿਪੋਰਟ ਮੁਤਾਬਕ ਸੰਨ 2017 ਵਿਚ 127,435 ਭਾਰਤੀ ਵਿਦਿਆਰਥੀ ਅਤੇ ਰਿਸਰਚ ਸਕਾਲਰ ਐਫ, ਜੇ ਅਤੇ ਐਮ ਵੰਨਗੀ ਦੇ ਵੀਜ਼ਿਆਂ ‘ਤੇ ਅਮਰੀਕਾ ਆਏ ਸਨ। ਇਨ੍ਹਾਂ ‘ਚੋਂ 4400 ਭਾਰਤੀਆਂ ਨੇ ਓਵਰਸਟੇਅ ਕੀਤੀ ਸੀ ਜਦਕਿ ਅੰਕੜਿਆਂ ਮੁਤਾਬਕ 1567 ਭਾਰਤੀ ਮਗਰੋਂ ਵਾਪਸ ਰਵਾਨਾ ਹੋ ਗਏ ਸਨ ਪਰ 2833 ਭਾਰਤੀ ਅਜੇ ਵੀ ਅਮਰੀਕਾ ਵਿਚ ਟਿਕੇ ਹੋਏ ਹਨ। ਗ਼ੈਰ-ਆਵਾਸੀਆਂ ਦੀਆਂ ਹੋਰਨਾਂ ਵੰਨਗੀਆਂ ਵਿਚੋਂ 4.5 ਲੱਖ ਭਾਰਤੀਆਂ ਦੇ ਅਮਰੀਕਾ ‘ਚੋਂ ਰਵਾਨਾ ਹੋਣ ਦੀ ਆਸ ਕੀਤੀ ਜਾਂਦੀ ਸੀ ਜਿਨ੍ਹਾਂ ਵਿਚੋਂ 9568 ਨੇ ਓਵਰਸਟੇਅ ਕੀਤੀ ਸੀ ਜਦਕਿ 2956 ਨੇ ਵੀਜ਼ਾ ਮਿਆਦ ਪੁੱਗਣ ਤੋਂ ਬਾਅਦ ਚਾਲੇ ਪਾ ਦਿੱਤੇ ਸਨ ਪਰ 6612 ਬਾਰੇ ਅਜੇ ਵੀ ਅਮਰੀਕਾ ਵਿਚ ਟਿਕੇ ਹੋਣ ਦਾ ਸ਼ੱਕ ਹੈ।