ਐਲਕ ਗਰੋਵ ‘ਚ ਵੈਟਰਨ ਡੇਅ ਪਰੇਡ ਮੌਕੇ ਸ਼ਹੀਦ ਗੁਰਪ੍ਰੀਤ ਸਿੰਘ ਦੀਆਂ ਤਸਵੀਰਾਂ ਵੀ ਝਾਕੀ ‘ਚ ਸ਼ਾਮਲ ਕੀਤੀਆਂ

0
631

veterans-day-sikh-flot-2-jpg
ਸੈਕਰਾਮੈਂਟੋ/ਬਿਊਰੋ ਨਿਊਜ਼ :
ਸਾਬਕਾ ਫ਼ੌਜੀਆਂ ਦੇ ਸਨਮਾਨ ਵਿੱਚ ਅਮਰੀਕਾ ਭਰ ਵਿੱਚ ਵੈਟਰਨਸ ਡੇਅ ਮਨਾਇਆ ਜਾਂਦਾ ਹੈ। ਵੱਖ-ਵੱਖ ਸ਼ਹਿਰਾਂ ਵਿੱਚ ਇਸ ਸੰਬੰਧੀ ਪਰੇਡਾਂ ਕੀਤੀਆਂ ਜਾਂਦੀਆਂ ਹਨ ਅਤੇ ਸਮਾਗਮ ਕਰਵਾਏ ਜਾਂਦੇ ਹਨ। ਇਸੇ ਤਰ੍ਹਾਂ ਸੈਕਰਾਮੈਂਟੋ ਦੇ ਸ਼ਹਿਰ ਐਲਕ ਗਰੋਵ ਵਿੱਚ ਵੀ ਇਸ ਵਾਰ 16ਵਾਂ ਸਾਲਾਨਾ ਵੈਟਰਨਸ ਡੇਅ ਮਨਾਇਆ ਗਿਆ। ਇਸ ਮੌਕੇ ਪਰੇਡ ਵਿੱਚ ਜਿਥੇ ਅਮਰੀਕੀ ਫੌਜੀ ਟੁਕੜੀਆਂ, ਬੈਂਡ ਅਤੇ ਹੋਰ ਕਈ ਤਰ੍ਹਾਂ ਦੀਆਂ ਝਾਕੀਆਂ ਕੱਢੀਆਂ ਗਈਆਂ, ਉਥੇ ਸਿੱਖਾਂ ਵੱਲੋਂ ਵੀ ਇਸ ਪਰੇਡ ਵਿਚ ਆਪਣਾ ਫਲੋਟ ਸ਼ਾਮਲ ਕੀਤਾ ਗਿਆ ਜੋ ਕਾਫੀ ਪ੍ਰਭਾਵਸ਼ਾਲੀ ਰਿਹਾ। ਇਸ ਝਾਕੀ ਵਿੱਚ ਜਿਥੇ ਅਮਰੀਕੀ ਫੌਜ ਵਿੱਚ ਉੱਚ ਅਹੁਦਿਆਂ ‘ਤੇ ਰਹੇ ਸਿੱਖ ਅਧਿਕਾਰੀਆਂ ਦੀਆਂ ਫੋਟੋਆਂ ਲਗਾਈਆਂ ਗਈਆਂ ਸਨ, ਉਥੇ ਸਿੱਖ ਨੌਜਵਾਨ ਕਾਰਪੋਰਲ ਗੁਰਪ੍ਰੀਤ ਸਿੰਘ, ਜਿਹੜਾ ਕਿ ਅਮਰੀਕੀ ਫੌਜ ਵੱਲੋਂ ਅਫਗਾਨਿਸਤਾਨ ਵਿੱਚ ਸ਼ਹੀਦ ਹੋ ਗਿਆ ਸੀ, ਦੀਆਂ ਵੱਖ-ਵੱਖ ਤਸਵੀਰਾਂ ਵੀ ਝਾਕੀਆਂ ‘ਚ ਪ੍ਰਦਰਸ਼ਿਤ ਕੀਤੀਆਂ ਗਈਆਂ। ਇਸ ਫਲੋਟ ਦੇ ਨਾਲ-ਨਾਲ ਵੱਡੀ ਗਿਣਤੀ ਵਿੱਚ ਸਿੱਖ ਭਾਈਚਾਰੇ ਨੇ ਆਪਣੀ ਹਾਜ਼ਰੀ ਲਗਾਈ। ਪਰੇਡ ਦੇਖਣ ਆਏ ਲੋਕਾਂ ਨੇ ਇਸ ਫਲੋਟ ਦੀ ਬੇਹੱਦ ਸ਼ਲਾਘਾ ਕੀਤੀ ਅਤੇ ਖੜ੍ਹੇ ਹੋ ਕੇ ਤਾੜੀਆਂ ਨਾਲ ਸਵਾਗਤ ਕੀਤਾ।
ਅਜਿਹੇ ਫਲੋਟ ਨਾਲ ਅਮਰੀਕੀਆਂ ਨੂੰ ਸਿੱਖਾਂ ਬਾਰੇ ਭਰਪੂਰ ਜਾਣਕਾਰੀ ਮਿਲਦੀ ਹੈ। ਸਥਾਨਕ ਸਿੱਖਾਂ ਵੱਲੋਂ ਸਿੱਖ ਸੁਸਾਇਟੀ ਆਫ ਕੈਲੀਫੋਰਨੀਆ ਦੇ ਬੈਨਰ ਹੇਠ ਪਿਛਲੇ 8 ਸਾਲਾਂ ਤੋਂ ਇਸ ਵਿੱਚ ਸ਼ਮੂਲੀਅਤ ਕੀਤੀ ਜਾ ਰਹੀ ਹੈ। ਸਥਾਨਕ ਅਮਰੀਕੀ ਆਗੂ ਅਤੇ ਅਧਿਕਾਰਿਆਂ ਨੇ ਇਸ ਫਲੋਟ ਦੀ ਪ੍ਰਸੰਸਾ ਕੀਤੀ ਅਤੇ ਸਿੱਖਾਂ ਨੂੰ ਇਸ ਕਾਰਜ ਲਈ ਵਧਾਈ ਦਿੱਤੀ। ਇਲਾਕੇ ਦੇ ਕਾਂਗਰਸਮੈਨ ਐਮੀ ਬੈਰਾ, ਅਸੈਂਬਲੀ ਮੈਂਬਰ ਜਿੰਮ ਕੂਪਰ, ਮੇਅਰ ਸਟੀਵ ਲੀ, ਕੌਂਸਲ ਸਟੀਵ ਡੈਟਰੀਕ, ਕੌਂਸਲ ਮੈਂਬਰ ਡੈਰਨ ਸਿਊਨ ਤੋਂ ਇਲਾਵਾ ਹੋਰ ਵੀ ਕਈ ਅਧਿਕਾਰੀ ਇਸ ਮੌਕੇ ਅਮਰੀਕੀ ਭਾਈਚਾਰੇ ਨੂੰ ਵਧਾਈ ਦੇਣ ਪਹੁੰਚੇ ਹੋਏ ਸਨ। ਕੈਲੀਫੋਰਨੀਆ ਸਿੱਖ ਸੁਸਾਇਟੀ ਦੇ ਆਗੂ ਗੁਰਜਤਿੰਦਰ ਸਿੰਘ ਰੰਧਾਵਾ, ਨਿਰਮਲ ਸਿੰਘ, ਜਸਮੇਲ ਸਿੰਘ ਚਿੱਟੀ ਨੇ ਆਏ ਹੋਏ ਸਮੂਹ ਸਿੱਖ ਭਾਈਚਾਰੇ ਦਾ ਇਸ ਪਰੇਡ ਵਿੱਚ ਸ਼ਾਮਲ ਹੋਣ ‘ਤੇ ਧੰਨਵਾਦ ਕੀਤਾ।