ਅਮਰੀਕਾ ਦੇ ਪੱਕਾ ਨਿਵਾਸੀ ਬਣਨ ਲਈ ਭਾਰਤੀਆਂ ਦੀ ਕਤਾਰ ਸਭ ਤੋਂ ਲੰਬੀ

0
86

usa-pr
ਵਾਸ਼ਿੰਗਟਨ/ਬਿਊਰੋ ਨਿਉਜ਼ :
ਅਮਰੀਕਾ ‘ਚ ਪੱਕੀ ਰਿਹਾਇਸ਼ ਦਾ ਦਰਜਾ ਹਾਸਲ ਕਰਨ ਦੀ ਕਤਾਰ ‘ਚ ਸ਼ਾਮਲ ਉੱਚ ਹੁਨਰਮੰਦ ਮਾਹਿਰਾਂ ‘ਚੋਂ ਤਿੰਨ ਚੌਥਾਈ ਗਿਣਤੀ ਭਾਰਤੀਆਂ ਦੀ ਹੈ। ਅਮਰੀਕਾ ‘ਚ ਜਾਇਜ਼ ਤੌਰ ‘ਤੇ ਪੱਕੀ ਰਿਹਾਇਸ਼ ਦੇ ਦਰਜੇ ਨੂੰ ਗਰੀਨ ਕਾਰਡ ਆਖਿਆ ਜਾਂਦਾ ਹੈ। ਅਮਰੀਕੀ ਨਾਗਰਿਕਤਾ ਅਤੇ ਇਮੀਗਰੇਸ਼ਨ ਸਰਵਿਸਿਜ਼ ਵੱਲੋਂ ਜਾਰੀ ਤਾਜ਼ਾ ਅੰਕੜਿਆਂ ਮੁਤਾਬਕ ਮਈ 2018 ਤਕ ਰੁਜ਼ਗਾਰ ਆਧਾਰਿਤ ਪ੍ਰਾਥਮਿਕਤਾ ਸ਼੍ਰੇਣੀ ਤਹਿਤ 395025 ਵਿਦੇਸ਼ੀ ਨਾਗਰਿਕ ਗਰੀਨ ਕਾਰਡ ਦੀ ਉਡੀਕ ‘ਚ ਸਨ। ਇਨ੍ਹਾਂ ‘ਚੋਂ 306601 ਭਾਰਤੀ ਸਨ। ਭਾਰਤ ਤੋਂ ਬਾਅਦ ਇਸ ਸੂਚੀ ‘ਚ ਚੀਨ ਦੇ ਨਾਗਰਿਕ ਦੂਜੇ ਨੰਬਰ ‘ਤੇ ਹਨ। ਅਜੇ 67031 ਚੀਨੀ ਨਾਗਰਿਕ ਗਰੀਨ ਕਾਰਡਾਂ ਦੀ ਉਡੀਕ ਕਰ ਰਹੇ ਹਨ। ਉਂਜ ਇਸ ਤੋਂ ਇਲਾਵਾ ਕਿਸੇ ਵੀ ਹੋਰ ਮੁਲਕ ਦੇ ਗਰੀਨ ਕਾਰਡ ਦਾ ਇੰਤਜ਼ਾਰ ਕਰ ਰਹੇ ਲੋਕਾਂ ਦੀ ਗਿਣਤੀ 10 ਹਜ਼ਾਰ ਤੋਂ ਵੱਧ ਨਹੀਂ ਹੈ। ਹੋਰ ਮੁਲਕਾਂ ‘ਚ ਐਲ ਸੈਲਵਾਡੋਰ (7252), ਗੁਆਟੇਮਾਲਾ (6027), ਹੌਂਡੁਰਸ (5402), ਫਿਲਪੀਨਜ਼ (1491), ਮੈਕਸਿਕੋ (700) ਅਤੇ ਵੀਅਤਨਾਮ (521) ਸ਼ਾਮਲ ਹਨ। ਮੌਜੂਦਾ ਕਾਨੂੰਨ ਮੁਤਾਬਕ ਇਕ ਵਿੱਤੀ ਵਰ੍ਹੇ ‘ਚ ਕਿਸੇ ਵੀ ਮੁਲਕ ਦੇ ਸੱਤ ਫ਼ੀਸਦੀ ਤੋਂ ਵਧ ਨਾਗਰਿਕਾਂ ਨੂੰ ਗਰੀਨ ਕਾਰਡ ਨਹੀਂ ਦਿੱਤਾ ਜਾ ਸਕਦਾ ਹੈ। ਇਸ ਲਈ ਭਾਰਤੀਆਂ ਨੂੰ ਅਮਰੀਕਾ ਦਾ ਪੱਕਾ ਨਿਵਾਸੀ ਬਣਨ ਲਈ ਲੰਬੀ ਉਡੀਕ ਕਰਨੀ ਪੈ ਰਹੀ ਹੈ।