ਊਬਰ ਕੰਪਨੀ ਨੇ ਦਿੱਲੀ ‘ਚ ਭਾਰਤੀ ਮਹਿਲਾ ਨਾਲ ਬਲਾਤਕਾਰ ਦੇ ਮਾਮਲੇ ‘ਚ ਆਖ਼ਰ ਕੀਤਾ ਸਮਝੌਤਾ

0
284

uber
ਨਿਊ ਯਾਰਕ/ਬਿਊਰੋ ਨਿਊਜ਼:
ਭਾਰਤ ਦੇ ਰਾਜਧਾਨੀ ਵਾਲੇ ਸ਼ਹਿਰ ਨਵੀਂ ਦਿੱਲੀ ‘ਚ ਇੱਕ ਭਾਰਤੀ ਮਹਿਲਾ ਨਾਲ ਹੋਏ ਦੁਰਵਿਹਾਰ ਸਬੰਧੀ ਊਬਰ ਕੰਪਨੀ ਸਮਝੌਤਾ ਕਰਨ ਲਈ ਰਾਜ਼ੀ ਹੋ ਗਈ ਹੈ। ਮੀਡੀਆ ਰਿਪੋਰਟ ਮੁਤਾਬਕ ਕੰਪਨੀ ਦੇ ਡਰਾਈਵਰ ਵੱਲੋਂ ਮਹਿਲਾ ਨਾਲ ਬਲਾਤਕਾਰ ਤੋਂ ਬਾਅਦ ਊਬਰ ਦੇ ਅਧਿਕਾਰੀਆਂ ਨੇ ਉਸ ਦੀ ਮੈਡੀਕਲ ਰਿਪੋਰਟ ਹਾਸਲ ਕਰਕੇ ਵਿਰੋਧੀ ਕੰਪਨੀ ਖ਼ਿਲਾਫ਼ ਗਲਤ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਸੀ। ਇਹ ਘਟਨਾ ਸਾਲ 2014 ‘ਚ ਦਿੱਲੀ ‘ਚ ਵਾਪਰੀ ਸੀ ਅਤੇ ਉਬਰ ‘ਤੇ ਜੂਨ 2015 ਤਕ ਪਾਬੰਦੀ ਲਾ ਦਿੱਤੀ ਗਈ ਸੀ।
26 ਵਰ੍ਹਿਆਂ ਦੀ ਮਹਿਲਾ ਨੇ ਕੈਲੀਫੋਰਨੀਆ ਦੀ ਸੰਘੀ ਅਦਾਲਤ ‘ਚ ਜੂਨ ‘ਚ ਮੁਕੱਦਮਾ ਕੀਤਾ ਸੀ। ਉਸ ਸਮੇਂ ਮਹਿਲਾ ਟੈਕਸਸ ‘ਚ ਰਹਿ ਰਹੀ ਸੀ। ਕੰਪਨੀ ਦੇ ਏਸ਼ੀਆ ਪੈਸਿਫਿਕ ਕਾਰੋਬਾਰ ਦੇ ਪ੍ਰਧਾਨ ਐਰਿਕ ਅਲੈਗਜ਼ੈਂਡਰ ਨੇ ਮਹਿਲਾ ਦੇ ਮੈਡੀਕਲ ਰਿਕਾਰਡ ਨੂੰ ਹਾਸਲ ਕਰਕੇ ਊਬਰ ਦੇ ਚੀਫ਼ ਐਗਜ਼ੀਕਿਊਟਿਵ ਟਰੈਵਿਸ ਕਲਾਨਿਕ ਅਤੇ ਤਤਕਾਲੀ ਸੀਨੀਅਰ ਉਪ ਪ੍ਰਧਾਨ ਇਮਿਲ ਮਾਈਕਲ ਨਾਲ ਇਹ ਰਿਪੋਰਟ ਸਾਂਝੀ ਕੀਤੀ ਸੀ। ਬਾਅਦ ‘ਚ ਕੰਪਨੀ ਨੇ ਅਲੈਗਜ਼ੈਂਡਰ ਨੂੰ ਫਾਰਗ ਕਰ ਦਿੱਤਾ ਸੀ।
ਬੀਬੀਸੀ ਦੀ ਰਿਪੋਰਟ ਮੁਤਾਬਕ ਉਬਰ ਦੇ ਸਦਰਮੁਕਾਮ ਸੈਨ ਫਰਾਂਸਿਸਕੋ ‘ਚ ਸਮਝੌਤਾ ਹੋਇਆ ਅਤੇ ਸ਼ਰਤਾਂ ਦਾ ਕੋਈ ਖ਼ੁਲਾਸਾ ਨਹੀਂ ਕੀਤਾ ਗਿਆ। ਦਿੱਲੀ ਦੀ ਅਦਾਲਤ ਨੇ ਸਾਲ 2015 ‘ਚ ਉਬਰ ਦੇ ਦੋਸ਼ੀ ਡਰਾਈਵਰ ਸ਼ਿਵ ਕੁਮਾਰ ਯਾਦਵ ਨੂੰ ਉਮਰ ਕੈਦ ਦੀ ਸ਼ਜਾ ਸੁਣਾਈ ਸੀ।