ਸਿਰ ‘ਤੇ ਕੱਪੜਾ ਲਪੇਟੀ ਭਾਰਤੀ ਕੁੜੀ ‘ਤੇ ਹਿਜਾਬ ਦੇ ਭੁਲੇਖੇ ਹਮਲਾ

0
328

NEW YORK, NY - NOVEMBER 12: A crowd marches from Union Square to Trump Tower in protest of new Republican president-elect Donald Trump on November 12, 2016 in New York, United States. The election of Trump as president has sparked protests in cities across the country.  (Photo by Yana Paskova/Getty Images)

ਟਰੰਪ ਦੀ ਜਿੱਤ ਮਗਰੋਂ ਮੁਸਲਮਾਨ ਵਿਰੋਧੀ ਹਮਲਿਆਂ ‘ਚ ਵਾਧਾ
ਸਾਨ ਫਰਾਂਸਿਕੋ/ਬਿਊਰੋ ਨਿਊਜ਼ :
ਡੋਨਾਲਡ ਟਰੰਪ ਦੇ ਰਾਸ਼ਟਰਪਤੀ ਬਣਨ ਤੋਂ ਬਾਅਦ ਹੀ ਮੁਸਲਮਾਨ ਵਿਰੋਧੀ ਹਮਲਿਆਂ ਦੀਆਂ ਖ਼ਬਰਾਂ ਆ ਰਹੀਆਂ ਹਨ। ਪਿਛਲੇ ਦਿਨੀਂ ਭਾਰਤੀ ਮੂਲ ਦੀ ਅਮਰੀਕੀ ਮਹਿਲਾ ‘ਤੇ ਕੈਲੀਫੋਰਨੀਆ ਵਿਚ ਉਸ ਵੇਲੇ ਹਮਲਾ ਕੀਤਾ ਗਿਆ ਜਦੋਂ ਉਹ ਸਿਰ ‘ਤੇ ਸਕਾਰਫ਼ ਲਪੇਟੀ ਆਪਣੀ ਗੱਡੀ ਵਿਚ ਬੈਠਣ ਲੱਗੀ ਸੀ।
ਜ਼ਿਕਰਯੋਗ ਹੈ ਕਿ ਨਿੱਕੀ ਪੰਚੋਲੀ ‘ਪੀਸ ਵਾਕ’ ਤੋਂ ਵਾਪਸ ਆ ਰਹੀ ਸੀ ਕਿ ਉਸ ਨੇ ਆਪਣੀ ਕਾਰ ਦਾ ਸ਼ੀਸ਼ਾ ਟੁੱਟਿਆ ਵੇਖਿਆ। ਉਸ ਦਾ ਪਰਸ ਗਾਇਬ ਸੀ ਤੇ ਇਕ ਨੋਟ ਲਿਖਿਆ ਸੀ। ਇਸ ਨੋਟ ਵਿਚ ਉਸ ਦੇ ਹਿਜਾਬ ਪਹਿਣਨ ਤੇ ਉਸ ਨੂੰ ਮੁਲਕ ਛੱਡ ਕੇ ਜਾਣ ਦੀ ਧਮਕੀ ਸੀ। ਦਰਅਸਲ, ਪੰਚੋਲੀ ਮੁਸਲਮਾਨ ਨਹੀਂ ਹੈ ਤੇ ਨਾ ਹੀ ਉਸ ਨੇ ਹਿਜਾਬ ਪਾਇਆ ਹੋਇਆ ਸੀ। ਉਹ ਪਿਛੋਂ ਰਾਜਸਥਾਨ ਦੀ ਹੈ ਤੇ ਲੂਪਸ ਨਾਂ ਦੀ ਬਿਮਾਰੀ ਨਾਲ ਜੂਝ ਰਹੀ ਹੈ। ਇਸ ਬਿਮਾਰੀ ਕਾਰਨ ਸਿਰ ਦੇ ਵਾਲ ਝੜ ਜਾਂਦੇ ਹਨ। ਨਿੱਕੀ ਪੰਚੋਲੀ ਨੇ ਕਿਹਾ, ‘ਉਹ ਇਹ ਸਭ ਦੇਖ ਕੇ ਬਹੁਤ ਹੈਰਾਨ ਹੋਈ ਕਿ ਕੋਈ ਤੁਹਾਨੂੰ ਇਸ ਹੱਦ ਤਕ ਨਫ਼ਰਤ ਕਿਵੇਂ ਕਰ ਸਕਦਾ ਹੈ। ਮੈਂ ਮਹਿਸੂਸ ਕੀਤਾ ਕਿ ਚੋਣਾਂ ਤੋਂ ਬਾਅਦ ਅਜਿਹਾ ਮਾਹੌਲ ਬਣ ਗਿਆ ਹੈ। ਪਰ ਮੈਂ ਨਹੀਂ ਸਮਝਦੀ ਕਿ ਇਸ ਤਰ੍ਹਾਂ ਦੀ ਘਟਨਾ ਨੂੰ ਨਜ਼ਰਅੰਦਾਜ਼ ਕਰਨਾ ਚਾਹੀਦਾ ਹੈ ਤੇ ਇਸ ਨਾਲ ਉਸ ਨੂੰ ਬਹੁਤ ਧੱਕਾ ਲੱਗਾ ਹੈ।” ਨਿੱਕੀ ਨੇ ਦੱਸਿਆ, ”ਮੈਂ ਆਪਣੇ ਸਿਰ ‘ਤੇ ਕੱਪੜਾ ਬੰਨ੍ਹਿਆ ਹੋਇਆ ਸੀ, ਇਸ ਲਈ ਨਹੀਂ ਕਿ ਮੈਂ ਕੋਈ ਧਾਰਮਿਕ ਹਾਂ। ਪਰ ਇਸ ਲਈ ਕਿ ਮੈਂ ਆਪਣੇ ਸਿਰ ਦੀ ਚਮੜੀ ਨੂੰ ਧੁੱਪ ਤੋਂ ਬਚਾਅ ਰਹੀ ਸੀ। ਮੈਨੂੰ ਲੂਪਸ ਨਾਂ ਦੀ ਬਿਮਾਰੀ ਹੈ ਜਿਸ ਕਾਰਨ ਸਿਰ ਦੇ ਵਾਲ ਝੜ ਜਾਂਦੇ ਹਨ, ਟਿਸ਼ੂ ਤੇ ਆਰਗਨ ਡੈਮੇਜ ਹੋ ਜਾਂਦੇ ਹਨ।” ਨਿੱਕੀ ਨੇ ਦੱਸਿਆ ਕਿ ਉਹ ਰੋਜ਼ਾਨਾ ਸਵੇਰੇ ਸ਼ਾਂਤੀ ਮਿਸ਼ਨ ਲਈ ਨਿਕਲਦੀ ਹੈ। ਉਸ ਨੇ ਕਿਹਾ, ”ਮੈਨੂੰ ਨਹੀਂ ਪਤਾ ਕਿ ਮੇਰੇ ‘ਤੇ ਕਿਸੇ ਨੇ ਨਜ਼ਰ ਰੱਖੀ ਹੋਈ ਸੀ। ਮੈਂ ਚਾਹੁੰਦੀ ਹਾਂ ਕਿ ਇਹ ਹਿੰਸਾ ਮੇਰੇ ਨਾਲ ਹੀ ਖ਼ਤਮ ਹੋ ਜਾਵੇ।”
ਫਰੀਮੋਂਟ ਸਿਟੀ ਕੌਂਸਲਰ ਰਾਜ ਸਲਵਾਨ ਨੇ ਕਿਹਾ, ”ਸਾਡੇ ਬਹੁਤੇ ਗਵਾਂਢੀ, ਦੋਸਤ ਤੇ ਪਰਿਵਾਰਕ ਮੈਂਬਰ ਦੇਸ਼ ਵਿਚ ਪੈਦਾ ਹੋਏ ਮੌਜੂਦਾ ਹਾਲਾਤ ਤੋਂ ਸਹਿਮੇ ਹੋਏ ਹਨ। ਸਾਨੂੰ ਸਾਰੀਆਂ ਦੀਆਂ ਭਾਵਨਾਵਾਂ ਦਾ ਖ਼ਿਆਲ ਰੱਖਣਾ ਚਾਹੀਦਾ ਹੈ ਤੇ ਸਥਿਤੀਆਂ ਨੂੰ ਬਿਹਤਰ ਬਣਾਉਣ ਲਈ ਆਪਣਾ ਆਪਣਾ ਯੋਗਦਾਨ ਪਾਉਣਾ ਚਾਹੀਦਾ ਹੈ।”
ਪੁਲੀਸ ਜਾਂਚ ਕਰ ਰਹੀ ਹੈ ਕਿ ਹਿ ਨਸਲੀ ਹਮਲਾ ਹੈ ਜਾਂ ਲੁੱਟ-ਖੋਹ ਦੀ ਘਟਨਾ ਹੈ ਕਿਉਂਕਿ ਨਿੱਕੀ ਦੀ ਗੱਡੀ ਦਾ ਸ਼ੀਸ਼ਾ ਤੋੜ ਕੇ ਉਸ ਵਿਚੋਂ ਪਰਸ ਅਤੇ ਚੈੱਕਬੁੱਕ ਕੱਢੀ ਗਈ ਸੀ। ਕਿਹਾ ਜਾ ਰਿਹਾ ਹੈ ਕਿ ਨਿੱਕੀ ਵਰਗੇ ਲੋਕਾਂ ਦੀ ਤਾਦਾਦ ਦੇਸ਼ ਭਰ ਵਿਚ ਵਧਦੀ ਜਾ ਰਹੀ ਹੈ। ਇਥੋਂ ਤਕ ਕਿ ਡੈਮੋਕਰੈਟਿਕ ਪ੍ਰਭਾਵ ਵਾਲੇ ਬੇ-ਏਰੀਏ ਵਿਚ ਵੀ ਟਰੰਪ ਦੀ ਜਿੱਤ ਮਗਰੋਂ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ। ਪਿਛਲੇ ਹਫ਼ਤੇ ਮਿਨੀਸੋਟਾ ਵਿਚ ਮੁਸਲਿਮ ਔਰਤ ਦਾ ਹਿਜਾਬ ਲਾਹ ਦਿੱਤਾ ਗਿਆ ਸੀ।

ਮੁਸਲਿਮ ਵਿਦਿਆਰਥਣ ਦਾ ਹਿਜਾਬ ਲਾਹਿਆ
ਮਿਨੀਸੋਟਾ : ਇਥੋਂ ਦੇ ਇਕ ਸਕੂਲ ਵਿੱਚ ਸਹਿਪਾਠੀ ਨੇ ਕਥਿਤ ਤੌਰ ‘ਤੇ ਇਕ ਮੁਸਲਿਮ ਵਿਦਿਆਰਥਣ ਦਾ ਹਿਜਾਬ ਲਾਹ ਦਿੱਤਾ ਅਤੇ ਉਸ ਦੇ ਵਾਲ ਖਿੱਚੇ। ਇਹ ਘਟਨਾ ਨਾਰਥਡੇਲ ਮਿਡਲ ਸਕੂਲ, ਕੂਨ ਰੈਪਿਡਜ਼ (ਮਿਨੀਸੋਟਾ) ਵਿੱਚ ਵਾਪਰੀ। ਅਨੋਕਾ-ਹੈਨੇਪਿਨ ਸਕੂਲ ਡਿਸਟ੍ਰਿਕਟ ਨੇ ਇਸ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਜਦੋਂ ਕਿ ਕੌਂਸਲ ਆਨ ਅਮੈਰਿਕਨ-ਇਸਲਾਮਿਕ ਰਿਲੇਸ਼ਨਜ਼ (ਸੀਏਆਈਆਰ) ਨੇ ਇਸ ਨੂੰ ਹਮਲਾ ਕਰਾਰ ਦਿੱਤਾ ਹੈ।
ਸੀਏਆਈਆਰ ਦੇ ਮਿਨੀਸੋਟਾ ਚੈਪਟਰ ਨੇ ਬਿਆਨ ਜਾਰੀ ਕਰਦਿਆਂ ਇਸ ਘਟਨਾ ਬਾਰੇ ਸਕੂਲ ਡਿਸਟ੍ਰਿਕਟ ਦੀ ਮੱਠੀ ਕਾਰਵਾਈ ਪ੍ਰਕਿਰਿਆ ‘ਤੇ ਚਿੰਤਾ ਜ਼ਾਹਰ ਕੀਤੀ ਹੈ। ਇਸ ਵਿਦਿਆਰਥਣ ਦੇ ਪਰਿਵਾਰ ਨੇ ਸੀਏਆਈਆਰ ਨੂੰ ਰਿਪੋਰਟ ਦਿੱਤੀ ਹੈ ਕਿ ਇਕ ਵਿਦਿਆਰਥੀ ਮਗਰੋਂ ਦੀ ਆਇਆ ਅਤੇ ਉਸ ਦਾ ਹਿਜਾਬ ਲਾਹ ਕੇ ਭੁੰਜੇ ਸੁੱਟ ਦਿੱਤਾ ਅਤੇ ਬਾਅਦ ਵਿੱਚ ਹੋਰ ਵਿਦਿਆਰਥੀਆਂ ਸਾਹਮਣੇ ਉਸ ਦੇ ਵਾਲ ਖਿੱਚੇ ਗਏ। ‘ਸਟਾਰ ਟ੍ਰਿਬਿਊਨ’ ਦੀ ਰਿਪੋਰਟ ਮੁਤਾਬਕ ਸੀਏਆਈਆਰ ਨੇ ਦੋਸ਼ ਲਾਇਆ ਕਿ ਸਕੂਲ ਡਿਸਟ੍ਰਿਕਟ ਨੇ ਇਸ ਘਟਨਾ ਉਤੇ ਕੋਈ ਕਾਰਵਾਈ ਨਹੀਂ ਕੀਤੀ। ਸੀਏਆਈਆਰ-ਐਮਐਨ ਕਾਰਜਕਾਰੀ ਡਾਇਰੈਕਟਰ ਜੇਲਾਨੀ ਹੁਸੈਨ ਨੇ ਬਿਆਨ ਵਿੱਚ ਕਿਹਾ, ‘ਸਾਰੇ ਵਿਦਿਆਰਥੀਆਂ ਨੂੰ ਸੁਰੱਖਿਅਤ ਸਿੱਖਿਆ ਮਾਹੌਲ ਦੇਣ ਲਈ ਸਕੂਲ ਅਧਿਕਾਰੀਆਂ ਨੂੰ ਧਰਮ ਤੇ ਅਕੀਦੇ ਦੇ ਨਾਂ ‘ਤੇ ਭੇਦ-ਭਾਵ ਬਿਨਾਂ ਤੁਰੰਤ ਕਾਰਵਾਈ ਕਰਨੀ ਚਾਹੀਦੀ ਹੈ। ਇਸ ਕਾਰਵਾਈ ਲਈ ਕਈ ਦਿਨ ਨਹੀਂ ਲੈਣੇ ਚਾਹੀਦੇ, ਜੋ ਸਪਸ਼ਟ ਤੌਰ ‘ਤੇ ਪੱਖਪਾਤ ਹੈ।’
ਦੱਸਣਯੋਗ ਹੈ ਕਿ ਪਿਛਲੇ ਹਫ਼ਤੇ ਮਿਸ਼ੀਗਨ ਯੂਨੀਵਰਸਿਟੀ ਦੀ ਇਕ ਮੁਸਲਿਮ ਵਿਦਿਆਰਥਣ ਕੋਲ ਅਣਪਛਾਤਾ ਵਿਅਕਤੀਆਂ ਆਇਆ, ਜਿਸ ਨੇ ਮੰਦਾ ਬੋਲਦਿਆਂ ਉਸ ਨੂੰ ਧਮਕੀ ਦਿੱਤੀ ਸੀ ਕਿ ਜੇਕਰ ਉਸ ਨੇ ਹਿਜਾਬ ਨਾ ਲਾਹਿਆ ਤਾਂ ਉਹ ਉਸ ਨੂੰ ਅੱਗ ਲਗਾ ਦੇਵੇਗਾ।
ਪਿਛਲੇ ਹਫ਼ਤੇ ਜੌਰਜੀਆ ਵਿੱਚ ਇਕ ਮੁਸਲਿਮ ਹਾਈ ਸਕੂਲ ਅਧਿਆਪਕਾ ਨੂੰ ਕਲਾਸਰੂਮ ਵਿੱਚ ਹੱਥ ਲਿਖਤ ਪੱਤਰ ਮਿਲਿਆ ਸੀ, ਜਿਸ ‘ਤੇ ਲਿਖਿਆ ਸੀ ਉਹ ਆਪਣੇ ਸਿਰ ਢਕਣ ਵਾਲੇ ਕੱਪੜੇ ਨਾਲ ਫਾਹਾ ਲੈ ਲਵੇ।