‘ਰੈਡੀਕਲ ਦੇਸੀ’ ਨੇ ਟਰੰਪ ਖ਼ਿਲਾਫ਼ ਸਰੀ ਵਿੱਚ ਕੀਤੀ ਰੈਲੀ

0
584

trump-khilaf-rally
ਸਰੀ/ਬਿਊਰੋ ਨਿਊਜ਼ :
ਅਮਰੀਕੀ ਰਾਸ਼ਟਰਪਤੀ ਦੀ ਚੋਣ ਵਿੱਚ ਰਿਪਬਲਿਕਨ ਉਮੀਦਵਾਰ ਡੋਨਲਡ ਟਰੰਪ ਵਿਰੁੱਧ ਇੱਥੇ ਹੋਈ ਰੈਲੀ ਵਿੱਚ ਠੰਢੇ ਮੌਸਮ ਦੇ ਬਾਵਜੂਦ ਦੱਖਣੀ ਏਸ਼ੀਆ ਦੇ ਦਰਜਨਾਂ ਕਾਰਕੁਨ ਸ਼ਾਮਲ ਹੋਏ। ਇਸ ਰੈਲੀ ਦਾ ਪ੍ਰਬੰਧ ‘ਰੈਡੀਕਲ ਦੇਸੀ’ ਨੇ ਕੀਤਾ ਸੀ। ਰੈਲੀ ਵਿੱਚ ਸ਼ਾਮਲ ਕਾਰਕੁਨਾਂ ਨੇ ‘ਟਰੰਪ ਨੂੰ ਤਿਲਾਂਜਲੀ’ ਅਤੇ ‘ਨਫ਼ਰਤ ਫੈਲਾਉਣਾ ਬੰਦ ਕਰੋ’ ਨਾਅਰਿਆਂ ਵਾਲੀਆਂ ਤਖ਼ਤੀਆਂ ਚੁੱਕੀਆਂ ਹੋਈਆਂ ਸਨ।
ਬੁਲਾਰਿਆਂ ਨੇ ਇਕਸੁਰ ਵਿੱਚ ਟਰੰਪ ਦੀਆਂ ਨਸਲੀ ਤੇ ਜਿਨਸੀ ਟਿੱਪਣੀਆਂ ਦੀ ਆਲੋਚਨਾ ਕੀਤੀ। ਰੈਲੀ ਦੇ ਪ੍ਰਬੰਧਕ ਉਨ੍ਹਾਂ ਸੱਜੇ ਪੱਖੀ ਹਿੰਦੂ ਜਥੇਬੰਦੀਆਂ ਨੂੰ ਸਖ਼ਤ ਸੁਨੇਹਾ ਦੇਣਾ ਚਾਹੁੰਦੇ ਸਨ, ਜਿਹੜੀਆਂ ਟਰੰਪ ਦੀਆਂ ਮੁਸਲਮਾਨ ਵਿਰੋਧੀ ਟਿੱਪਣੀਆਂ ਦੀ ਖੁੱਲ੍ਹੇਆਮ ਹਮਾਇਤ ਕਰ ਰਹੀਆਂ ਹਨ। ਇਨ੍ਹਾਂ ਵਿੱਚ ‘ਰਿਪਬਲਿਕਨ ਹਿੰਦੂ ਕੁਲੀਸ਼ਨ’ ਅਤੇ ‘ਹਿੰਦੂ ਸੈਨਾ’ ਸ਼ਾਮਲ ਹੈ। ਰੈਲੀ ਦੇ ਬੁਲਾਰਿਆਂ ਵਿੱਚ ਵਿਧਾਇਕ ਸੂ ਹੈਮਲ ਸ਼ਾਮਲ ਸੀ। ਉਨ੍ਹਾਂ ਟਰੰਪ ਵਿਰੁੱਧ ਦੱਖਣੀ ਏਸ਼ੀਆ ਭਾਈਚਾਰੇ ਨਾਲ ਇਕਮੁੱਠਤਾ ਜ਼ਾਹਰ ਕੀਤੀ।
ਇਸ ਮੌਕੇ ਉੱਘੇ ਸਮਾਜਿਕ ਨਿਆਂ ਕਾਰਕੁਨ ਤੇ ਆਜ਼ਾਦ ਪ੍ਰਸਾਰਕ ਇਮਤਿਆਜ਼ ਪੋਪਟ ਨੇ ਸੰਬੋਧਨ ਕੀਤਾ। ਉਹ ਪਹਿਲਾਂ ਵੀ ਵੈਨਕੂਵਰ ਵਿੱਚ ਟਰੰਪ ਟਾਵਰ ਬਾਹਰ ਦੋ ਪ੍ਰਦਰਸ਼ਨਾਂ ਦਾ ਪ੍ਰਬੰਧ ਕਰ ਚੁੱਕੇ ਹਨ। ਬੁਲਾਰਿਆਂ ਵਿੱਚ ਆਮ ਆਦਮੀ ਪਾਰਟੀ ਦੇ ਹਮਾਇਤੀ ਗਰੁੱਪ ਦੇ ਆਗੂ ਤਰਲੋਚਨ ਸਿੰਘ ਸੋਹਲ, ਸਰਕਾਰੀ ਮੁਲਾਜ਼ਮਾਂ ਦੀ ਜਥੇਬੰਦੀ ਦੀ ਤਰਜਮਾਨ ਰਚਨਾ ਸਿੰਘ ਅਤੇ ‘ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ’ ਦੇ ਸਾਬਕਾ ਕਾਰਕੁਨ ਹਰਦੇਵ ਸਿੰਘ ਸ਼ਾਮਲ ਹਨ। ਪ੍ਰਦਰਸ਼ਨਕਾਰੀਆਂ ਨੇ ਬਾਅਦ ਕਿੰਗ ਜਾਰਜ ਹਾਈਵੇਅ ਤੱਕ ਮਾਰਚ ਕੀਤਾ, ਜਿੱਥੇ ਰਾਹਗੀਰ ਵਾਹਨ ਸਵਾਰਾਂ ਨੇ ਆਪਣੇ ਵਾਹਨਾਂ ਦੇ ਹਾਰਨ ਵਜਾ ਕੇ ਰੈਲੀ ਦੀ ਹਮਾਇਤ ਕੀਤੀ।