ਟਰੰਪ ਨੇ ਐਫ.ਬੀ.ਆਈ. ਮੁਖੀ ਜੇਮਸ ਕੋਮੀ ਨੂੰ ਕੀਤਾ ਬਰਖ਼ਾਸਤ

0
363

d0418b2eab88af17770f6a7067007430
ਕੋਮੀ ਦੀ ਬਰਖ਼ਾਸਤਗੀ ਨੇ ਕਈ ਸ਼ੰਕੇ ਖੜ੍ਹੇ ਕੀਤੇ
ਵਾਸ਼ਿੰਗਟਨ/ਬਿਊਰੋ ਨਿਊਜ਼ :
ਅਮਰੀਕਾ ਦੇ ਰਾਸ਼ਟਰਪਤੀ ਡੋਨਲਡ ਟਰੰਪ ਨੇ ਸੰਘੀ ਜਾਂਚ ਏਜੰਸੀ ਐਫ.ਬੀ.ਆਈ. ਦੇ ਡਾਇਰੈਕਟਰ ਜੇਮਸ ਕੋਮੀ ਨੂੰ ਅਹੁਦੇ ਤੋਂ ਹਟਾ ਦਿੱਤਾ ਹੈ। ਵ੍ਹਾਈਟ ਹਾਊਸ ਮੁਤਾਬਕ ਜੇਮਸ ਕੋਮੀ ਨੂੰ ਅਟਾਰਨੀ ਜਨਰਲ ਜੇਫ਼ ਸੇਸ਼ਨਸ ਦੀ ਸਿਫ਼ਾਰਸ਼ ‘ਤੇ ਹਟਾਇਆ ਗਿਆ ਹੈ। ਜੇਮਸ ਕੋਮੀ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਵਿਚ ਟਰੰਪ ਦੇ ਚੋਣ ਪ੍ਰਚਾਰ ਦੇ ਰੂਸ ਨਾਲ ਕਥਿਤ ਸਬੰਧ ਦੀ ਜਾਂਚ ਦੀ ਅਗਵਾਈ ਕਰ ਰਹੇ ਸਨ। ਟਰੰਪ ਨੇ ਇਕ ਪੱਤਰ ਲਿਖ ਕੇ ਜੇਮਸ ਕੋਮੀ ਨੂੰ ਕਿਹਾ ਹੈ ਕਿ ਉਹ ਅਸਰਦਾਰ ਢੰਗ ਨਾਲ ਐਫ.ਬੀ.ਆਈ. ਦੀ ਅਗਵਾਈ ਨਹੀਂ ਕਰ ਰਹੇ। ਟਰੰਪ ਨੇ ਇਹ ਫ਼ੈਸਲਾ ਅਜਿਹੇ ਸਮੇਂ ਲਿਆ ਹੈ ਜਦੋਂ ਇਹ ਖ਼ਬਰ ਸਾਹਮਣੇ ਆਈ ਹੈ ਕਿ ਪਿਛਲੇ ਹਫ਼ਤੇ ਜੇਮਸ ਕੋਮੀ ਨੇ ਅਮਰੀਕੀ ਕਾਂਗਰਸ ਨੂੰ ਹਿਲੇਰੀ ਕਲਿੰਟਨ ਦੇ ਈਮੇਲ ਬਾਰੇ ਗ਼ਲਤ ਜਾਣਕਾਰੀ ਦਿੱਤੀ ਸੀ। ਜ਼ਿਕਰਯੋਗ ਹੈ ਕਿ ਪਿਛਲੇ ਸਾਲ ਨਵੰਬਰ ਵਿਚ ਰਾਸ਼ਟਰਪਤੀ ਚੋਣਾਂ ਤੋਂ ਪਹਿਲਾਂ ਡੈਮੋਕਰੈਟਿਕ ਉਮੀਦਵਾਰ ਹਿਲੇਰੀ ਕਲਿੰਟਨ ਦੇ ਵਿਦੇਸ਼ ਮੰਤਰੀ ਰਹਿੰਦਿਆਂ ਨਿੱਜੀ ਸਰਵਰ ਤੋਂ ਈਮੇਲ ਭੇਜਣ ਦੇ ਮਾਮਲੇ ਵਿਚ ਨਵੇਂ ਈਮੇਲਜ਼ ਮਿਲਣ ਦੀ ਜਾਣਕਾਰੀ ਦੇ ਕੇ ਜੇਮਸ ਕੋਮੀ ਨੇ ਮੁੜ ਜਾਂਚ ਸ਼ੁਰੂ ਕਰ ਦਿੱਤੀ ਸੀ। ਚੋਣਾਂ ਵਿਚ ਆਪਣੀ ਹਾਰ ਲਈ ਹਿਲੇਰੀ ਨੇ ਜੇਮਸ ਕੋਮੀ ਨੂੰ ਜ਼ਿੰਮੇਵਾਰ ਠਹਿਰਾਇਆ ਸੀ।
ਉਧਰ ਟਰੰਪ ਨੇ ਜੇਮਸ ਕੋਮੀ ਨੂੰ ਅਹੁਦੇ ਤੋਂ ਹਟਾ ਕੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ ਹੈ। ਇਸ ਦੀ ਸੂਹ ਨਾ ਤਾਂ ਕਾਂਗਰਸ ਨੂੰ ਸੀ, ਨਾ ਹੀ ਕੰਜ਼ਰਵੇਟਿਵ ਖੇਮੇ ਵਿਚ ਅਤੇ ਇਥੋਂ ਤੱਕ ਕਿ ਖ਼ੁਦ ਐਫ.ਬੀ.ਆਈ. ਨੂੰ ਵੀ ਨਹੀਂ। ਟਰੰਪ ਦੇ ਇਸ ਕਦਮ ਨਾਲ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਹੁੰਦੇ ਹਨ। ਇਥੇ ਕੁਝ ਵੱਡੇ ਸਵਾਲ ਹਨ, ਜਿਨ੍ਹਾਂ ‘ਤੇ ਸਭ ਦਾ ਧਿਆਨ ਜਾਂਦਾ ਹੈ। ਜਿਸ ਵਕਤ ਅਤੇ ਜਿੰਨੀ ਹੜਬੜੀ ਨਾਲ ਜੇਮਸ ਕੋਮੀ ਨੂੰ ਅਹੁਦੇ ਤੋਂ ਹਟਾਇਆ ਗਿਆ ਹੈ, ਉਸ ਨਾਲ ਮਾਮਲਾ ਕਾਫ਼ੀ ਸ਼ੱਕੀ ਹੋ ਗਿਆ ਹੈ। ਠੀਕ ਇਕ ਹਫ਼ਤੇ ਪਹਿਲਾਂ ਐਫ.ਬੀ.ਆਈ. ਡਾਇਰੈਕਟਰ ਨੇ ਅਮਰੀਕੀ ਰਾਸ਼ਟਰਪਤੀ ਦੀਆਂ ਚੋਣਾਂ ਵਿਚ ਰੂਸੀ ਦਖ਼ਲਅੰਦਾਜ਼ੀ ਦੀ ਜਾਂਚ ‘ਤੇ ਬਿਆਨ ਦਿੱਤਾ ਸੀ। ਇਸ ਮਾਮਲੇ ਵਿਚ ਟਰੰਪ ਦੀ ਚੋਣ ਮੁਹਿੰਮ ਦੇ ਰੂਸੀ ਅਧਿਕਾਰੀਆਂ ਦੇ ਕਥਿਤ ਸਬੰਧਾਂ ਦਾ ਖ਼ਦਸ਼ਾ ਪ੍ਰਗਟਾਇਆ ਗਿਆ ਹੈ।
ਕੋਮੀ ‘ਦੁਨੀਆ ਭਰ ਵਿਚ ਖ਼ਤਰੇ’ ਵਿਸ਼ੇ ‘ਤੇ ਸੰਬੋਧਨ ਲਈ ਕਾਂਗਰਸ ਵਿਚ ਪੇਸ਼ ਹੋਣ ਵਾਲੇ ਸਨ। ਆਪਣੀ ਚੋਣ ਮੁਹਿੰਮ ਦੇ ਕਥਿਤ ਰੂਸੀ ਗਠਜੋੜ ਨੂੰ ਲੈ ਕੇ ਟਰੰਪ ਨੇ ਲਗਾਤਾਰ ਟਵੀਟ ਕੀਤੇ ਹਨ। ਉਨ੍ਹਾਂ ਨੇ ਇਨ੍ਹਾਂ ਦੋਸ਼ਾਂ ਨੂੰ ਭਟਕਾਉਣ ਵਾਲਾ ਕਰਾਰ ਦਿੱਤਾ। ਟਰੰਪ ਨੇ ਕਿਹਾ ਕਿ ਇਹ ਕਰਦਾਤਾਵਾਂ ਦੇ ਪੈਸੇ ਨਾਲ ਇਕ ਢੋਂਗ ਰਚਣ ਵਰਗਾ ਹੈ। ਅਚਾਨਕ ਇਸ ਮਾਮਲੇ ਦੀ ਜਾਂਚ ਕਰਨ ਵਾਲੇ ਵਿਅਕਤੀ ਨੂੰ ਰਾਸ਼ਟਰਪਤੀ ਨੇ ਖ਼ੁਦ ਹੀ ਦਰਵਾਜ਼ਾ ਦਿਖਾ ਦਿੱਤਾ। ਹਾਲਾਂਕਿ ਇਸ ਮਾਮਲੇ ਵਿਚ ਵ੍ਹਾਈਟ ਹਾਊਸ ਦਾ ਕਹਿਣਾ ਹੈ ਕਿ ਕੋਮੀ ਨੂੰ ਹਿਲੇਰੀ ਕਲਿੰਟਨ ਦੀ ਈਮੇਲ ਸਰਵਰ ਨਾਲ ਜੁੜੀਆਂ ਜਾਂਚ ਦੀਆਂ ਚਿੰਤਾਵਾਂ ਕਾਰਨ ਹਟਾਇਆ ਗਿਆ ਹੈ। ਵ੍ਹਾਈਟ ਹਾਊਸ ਦੇ ਇਸ ਤਰਕ ਨੂੰ ਬਹੁਤ ਲੋਕ ਪਚਾ ਨਹੀਂ ਪਾ ਰਹੇ, ਖ਼ਾਸ ਕਰਕੇ ਡੈਮੋਕਰੈਟਸ ਲਈ ਇਹ ਤਰਕ ਬਿਲਕੁਲ ਸਮਝ ਤੋਂ ਪਰ੍ਹੇ ਹੈ।
ਟਰੰਪ ਕੋਮੀ ਦੇ ਮਾਮਲੇ ਵਿਚ ਪਿਛਲੇ ਸਾਲ ਨੂੰ ਯਾਦ ਕਰ ਸਕਦੇ ਹਨ, ਜਦੋਂ ਚੋਣਾਂ ਤੋਂ ਠੀਕ ਪਹਿਲਾਂ ਉਨ੍ਹਾਂ ਨੇ ਈਮੇਲ ਨਾਲ ਜੁੜੀ ਜਾਂਚ ਲਈ ਉਨ੍ਹਾਂ ਦੀ ਤਾਰੀਫ਼ ਕੀਤੀ ਸੀ। ਟਰੰਪ ਨੇ ਇਕ ਚੋਣ ਰੈਲੀ ਵਿਚ ਕਿਹਾ, ‘ਕੋਮੀ ਨੇ ਹਿਲੇਰੀ ਦੇ ਮਾਮਲੇ ਵਿਚ ਆਪਣੇ ਸਾਹਸ ਦਾ ਪਰਿਚੈ ਦਿੱਤਾ ਹੈ।’ ਉਦੋਂ ਟਰੰਪ ਨੂੰ ਕੋਮੀ ਵਿਚ ਕਾਫ਼ੀ ਸਾਹਸ ਨਜ਼ਰ ਆਇਆ। ਇੰਜ ਲਗ ਰਿਹਾ ਹੈ ਕਿ ਟਰੰਪ ਐਫ.ਬੀ.ਆਈ. ਡਾਇਰੈਕਟਰ ਤੋਂ ਨਾਖ਼ੁਸ਼ ਸੀ। ‘ਨਿਊ ਯਾਰਕ ਟਾਈਮਜ਼’ ਮੁਤਾਬਕ ਉਹ ਪਿਛਲੇ ਕੁਝ ਹਫ਼ਤਿਆਂ ਤੋਂ ਕੋਮੀ ਨੂੰ ਅਹੁਦੇ ਤੋਂ ਹਟਾਉਣ ਦਾ ਕਾਰਨ ਲੱਭ ਰਹੇ ਸਨ।
ਜੇਕਰ ਟਰੰਪ ਨੇ ਕੋਮੀ ਨੂੰ ਈਮੇਲ ਜਾਂਚ ਕਾਰਨ ਹਟਾਇਆ ਹੈ ਤਾਂ ਹੁਣੇ ਕਿਉਂ? ਆਖ਼ਰ ਵ੍ਹਾਈਟ ਹਾਊਸ ਇਨ੍ਹਾਂ ਸਵਾਲਾਂ ਦੇ ਜਵਾਬ ਕਿਵੇਂ ਦਏਗਾ? ਕੀ ਇਨ੍ਹਾਂ ਸਵਾਲਾਂ ਨੂੰ ਨਜ਼ਰਅੰਦਾਜ਼ ਕਰ ਦਿੱਤਾ ਜਾਵੇਗਾ ਜਾਂ ਫਿਰ ਇਹ ਵਕਤ ਦੇ ਨਾਲ ਨਾਲ ਖ਼ਤਮ ਹੋ ਜਾਣਗੇ? ਵ੍ਹਾਈਟ ਹਾਊਸ ਨੇ ਹੁਣ ਡੈਮੋਕਰੈਟਿਕ ਸੈਨੇਟ ਘੱਟ ਗਿਣਤੀ ਨੇਤਾ ਦਾ ਪੁਰਾਣਾ ਉਦਾਹਰਣ ਵੰਡਣਾ ਸ਼ੁਰੂ ਕਰ ਦਿੱਤਾ ਹੈ। ਪਿਛਲੇ ਸਾਲ ਨਵੰਬਰ ਵਿਚ ਡੈਮੋਕਰੈਟਿਕ ਨੇਤਾ ਚਕ ਸ਼ੁਮਰ ਨੇ ਹਿਲੇਰੀ ਦੀ ਜਾਂਚ ਦੇ ਤਰੀਕਿਆਂ ਨੂੰ ਲੈ ਕੇ ਐਫ.ਬੀ.ਆਈ. ਡਾਇਰੈਕਟਰ ਦੀ ਆਲਚੋਨਾ ਕੀਤੀ ਸੀ। ਚਕ ਸ਼ੁਮਰ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਕੋਮੀ ਵਿਚ ਹੁਣ ਭਰੋਸਾ ਨਹੀਂ ਰਿਹਾ। ਹਾਲਾਂਕਿ ਹੁਣ ਕਈ ਡੈਮੋਕਰੈਟਿਕਸ ਕੋਮੀ ਦੀ ਬਰਖ਼ਾਸਤਗੀ ਦਾ ਵਿਰੋਧ ਕਰ ਰਹੇ ਹਨ।
ਅਹਿਮ ਗੱਲ ਇਹੀ ਹੈ ਕਿ ਕੋਮੀ ਟਰੰਪ-ਰੂਸ ਸਬੰਧਾਂ ਦੀ ਜਾਂਚ ਕਿਵੇਂ ਕਰ ਰਹੇ ਸਨ। ਚੋਣਾਂ ਸਮੇਂ ਹਿਲੇਰੀ ਦੀ ਈਮੇਲ ਅਤੇ ਟਰੰਪ-ਰੂਸ ਸਬੰਧ ਨੂੰ ਲੈ ਕੇ ਕਾਫ਼ੀ ਬਹਿਸ ਹੋਈ ਸੀ। ਟਰੰਪ ਦੀ ਮੁਹਿੰਮ ਅਤੇ ਰੂਸੀ ਸਬੰਧਾਂ ਦੀ ਜਾਂਚ ਨੂੰ ਲੈ ਕੇ ਸ਼ੁਮਰ ਨੇ ਆਜ਼ਾਦ ਜਾਂਚ ਦੀ ਮੰਗ ਵੀ ਕੀਤੀ ਸੀ।